ਚੁੱਘ ਵਲੋਂ ਲਿਖੀ ਕਿਤਾਬ ‘ਜੀਤ ਮੋਦੀ ਸ਼ਾਸਨ ਕੀ’ ਪੰਜਾਬ ’ਚ ਰਿਲੀਜ਼

Saturday, Oct 12, 2024 - 12:55 AM (IST)

ਜਲੰਧਰ, (ਵਿਸ਼ੇਸ਼)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਲਿਖੀ ਪੁਸਤਕ ‘ਜੀਤ ਮੋਦੀ ਸ਼ਾਸਨ ਕੀ, ਭਾਰਤ ਖੁਸ਼ਹਾਲੀ ਦੇ ਨਿਵੇਕਲੇ ਮਾਰਗ ’ਤੇ’ ਉੱਤਰੀ ਭਾਰਤ ਦੀ ਵਿਸ਼ਵ ਪ੍ਰਸਿੱਧ ਵਿੱਦਿਅਕ ਸੰਸਥਾ ਖਾਲਸਾ ਕਾਲਜ ਦੇ ਆਡੀਟੋਰੀਅਮ ਵਿਚ ਰਿਲੀਜ਼ ਕੀਤੀ ਗਈ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਹਰ ਯੋਜਨਾ ਅਤੇ ਨੀਤੀ ਦੇ ਕੇਂਦਰ ਵਿਚ ਦੇਸ਼ ਦੀਆਂ ਔਰਤਾਂ, ਨੌਜਵਾਨ ਕਿਸਾਨਾਂ ਅਤੇ ਗਰੀਬਾਂ ਨੂੰ ਰੱਖਿਆ ਹੈ। ਅਜਿਹੀਆਂ ਤਬਦੀਲੀਆਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਸਮਾਜ ਦੇ ਸਭ ਤੋਂ ਕਮਜ਼ੋਰ ਅਤੇ ਗਰੀਬ ਵਰਗਾਂ ਨੂੰ ਮਜ਼ਬੂਤ ਕੀਤਾ ਹੈ।

ਚੁੱਘ ਨੇ ਕਿਹਾ ਕਿ ਇਹ ਕਿਤਾਬ ਪ੍ਰਧਾਨ ਮੰਤਰੀ ਦੇ ਦਹਾਕਿਆਂ ਦੇ ਜਨਤਕ ਜੀਵਨ ਤੋਂ ਪ੍ਰੇਰਿਤ ਹੈ, ਜਿਨ੍ਹਾਂ ਦਾ ਜੀਵਨ ਹਮੇਸ਼ਾ ਦੇਸ਼ ਨੂੰ ਸਮਰਪਿਤ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੰਤੋਦਿਆ ਦੇ ਮੰਤਰ ਨੂੰ ਆਪਣਾ ਟੀਚਾ ਬਣਾਇਆ ਹੈ ਅਤੇ ਵਿਕਾਸ ਦੀਆਂ ਯੋਜਨਾਵਾਂ ਨੂੰ ਕਤਾਰ ’ਚ ਖੜ੍ਹੇ ਆਖਰੀ ਵਿਅਕਤੀ ਤੱਕ ਪਹੁੰਚਾਇਆ ਹੈ। ਵੱਖ-ਵੱਖ ਸਕੀਮਾਂ ਤਹਿਤ 50 ਕਰੋੜ ਤੋਂ ਵੱਧ ਗਰੀਬਾਂ ਦੇ ਬੈਂਕ ਖਾਤੇ ਖੋਲ੍ਹੇ ਗਏ ਹਨ ਅਤੇ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ, ਜਿਸ ਨਾਲ ਦੇਸ਼ ਅੱਜ ਦੁਨੀਆ ਦੀ ਸਭ ਤੋਂ ਮਜ਼ਬੂਤ ​​ਅਰਥ-ਵਿਵਸਥਾ ਬਣ ਗਿਆ ਹੈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਬਦੌਲਤ ਹੀ ਲੰਗਰ ਨੂੰ ਜੀ. ਐੱਸ. ਟੀ. ਤੋਂ ਛੋਟ ਮਿਲੀ ਹੈ। ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਰਹੇ ਹਨ। ਸ੍ਰੀ ਹੇਮਕੁੰਟ ਸਾਹਿਬ ਨੂੰ ਜਾਣ ਵਾਲੇ ਰਸਤੇ ’ਤੇ ਰੋਪਵੇਅ ਬਣਾਇਆ ਗਿਆ ਹੈ। ਇਸ ਮੌਕੇ ਖ਼ਾਲਸਾ ਕਾਲਜ ਦੇ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਅਜਮੇਰ ਸਿੰਘ ਆਦਿ ਵੀ ਹਾਜ਼ਰ ਸਨ।


Rakesh

Content Editor

Related News