ਜੀਪ, ਟਰਾਲੀ ਤੇ ਪਰਾਲੀ ਨੂੰ ਲੱਗੀ ਅੱਗ
Tuesday, Apr 17, 2018 - 05:33 AM (IST)
ਲਾਂਬੜਾ, (ਵਰਿੰਦਰ)- ਪਿੰਡ ਤਾਜਪੁਰ ਕਾਲੋਨੀਆਂ ਨੇੜੇ ਅਚਾਨਕ ਪਰਾਲੀ, ਜੀਪ ਤੇ ਟਰਾਲੀ ਨੂੰ ਅੱਗ ਲੱਗ ਗਈ, ਜਿਸ ਕਾਰਨ ਭਾਰੀ ਨੁਕਸਾਨ ਹੋਇਆ। ਜਾਣਕਾਰੀ ਅਨੁਸਾਰ ਬੀਤੇ ਐਤਵਾਰ ਦੁਪਹਿਰ ਸਮੇਂ ਇਕ ਧਾਰਮਿਕ ਸਥਾਨ ਨੇੜੇ ਪਈ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ। ਇਸ ਤੋਂ ਬਾਅਦ ਫੈਲਦੀ ਅੱਗ ਨੇ ਨੇੜੇ ਖੜ੍ਹੀ ਇਕ ਟਰਾਲੀ ਤੇ ਫਿਰ ਇਕ ਬਲੈਰੋ ਜੀਪ ਨੂੰ ਆਪਣੀ ਲਪੇਟ 'ਚ ਲੈ ਲਿਆ। ਅੱਗ ਨਾਲ ਸਾਰੀ ਪਰਾਲੀ ਸੜ ਗਈ ਅਤੇ ਜੀਪ ਤੇ ਟਰਾਲੀ ਦਾ ਕਾਫੀ ਨੁਕਸਾਨ ਹੋ ਗਿਆ।

ਲੋਕਾਂ ਨੇ ਘਟਨਾ ਦੀ ਸੂਚਨਾ ਸਥਾਨਕ ਪੁਲਸ ਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਮੌਕੇ 'ਤੇ ਥਾਣਾ ਮੁਖੀ ਪੁਸ਼ਪ ਬਾਲੀ ਪੁਲਸ ਟੀਮ ਨਾਲ ਪਹੁੰਚ ਗਏ। ਪੁਲਸ ਨੇ ਆਸ-ਪਾਸ ਦੇ ਲੋਕਾਂ ਦੀ ਸਹਾਇਤਾ ਨਾਲ ਅੱਗ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਥਾਣਾ ਮੁਖੀ ਨੇ ਦੱਸਿਆ ਕਿ ਜੀਪ ਲਖਵੀਰ ਸਿੰਘ ਵਾਸੀ ਰਾਮਾਮੰਡੀ ਦੀ ਹੈ, ਜੋ ਇਥੇ ਸ਼ਰਧਾਲੂਆਂ ਨੂੰ ਲੈ ਕੇ ਆਇਆ ਸੀ। ਪਰਾਲੀ ਤੇ ਟਰਾਲੀ ਮੱਖਣ ਸਿੰਘ ਵਾਸੀ ਭਗਵਾਨਪੁਰ ਦੀ ਸੀ। ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਪੁਲਸ ਵਲੋਂ ਜਾਂਚ ਜਾਰੀ ਹੈ।
