ਬਿਜਲੀ ਤੇ ਪਾਣੀ ਦੀ ਸਪਲਾਈ ਠੱਪ ਹੋਣ ’ਤੇ JCT ਮਿੱਲ ਦੇ ਮਜ਼ਦੂਰਾਂ ਨੇ ਕੀਤਾ ਰੋਸ ਮੁਜ਼ਾਹਰਾ
Sunday, Dec 01, 2024 - 05:24 AM (IST)
ਫਗਵਾੜਾ (ਜਲੋਟਾ) - ਜੇ. ਸੀ. ਟੀ. ਮਿੱਲ ਦੇ ਮਜ਼ਦੂਰਾਂ ਨੇ ਮਿੱਲ ਅੰਦਰਲੀ ਕਾਲੋਨੀ ਨੂੰ ਬਿਜਲੀ ਸਪਲਾਈ ਕੱਟੇ ਜਾਣ ਦੇ ਵਿਰੋਧ ’ਚ ਜਬਰਦਸਤ ਰੋਸ ਮੁਜ਼ਾਹਰਾ ਕੀਤਾ। ਯੂਨੀਅਨ ਦੇ ਚੇਅਰਮੈਨ ਸੁਨੀਲ ਪਾਂਡੇ ਅਤੇ ਪ੍ਰਧਾਨ ਰਵੀ ਸਿੱਧੂ ਦੀ ਅਗਵਾਈ ਹੇਠ ਹਜ਼ਾਰਾਂ ਮਜ਼ਦੂਰ ਮਿੱਲ ਦੇ ਮੁੱਖ ਗੇਟ ’ਤੇ ਇਕੱਠੇ ਹੋਏ, ਸ਼ਿਵ ਸੈਨਾ (ਯੂ. ਬੀ. ਟੀ.) ਦੇ ਸੂਬਾ ਪ੍ਰੈੱਸ ਸਕੱਤਰ ਕਮਲ ਸਰੋਜ ਅਤੇ ਸਾਬਕਾ ਮਹਿਲਾ ਕੌਂਸਲਰ ਤ੍ਰਿਪਤਾ ਸ਼ਰਮਾ ਵੀ ਮਜ਼ਦੂਰਾਂ ਦੇ ਸਮਰਥਨ ’ਚ ਪੁੱਜੇ।
ਯੂਨੀਅਨ ਦੇ ਪ੍ਰਧਾਨ ਰਵੀ ਸਿੱਧੂ ਨੇ ਦੱਸਿਆ ਕਿ ਥਾਪਰ ਕਲੋਨੀ ਦੀ ਆਬਾਦੀ ਚਾਰ ਹਜ਼ਾਰ ਦੇ ਕਰੀਬ ਹੈ ਅਤੇ ਜੇ. ਸੀ. ਟੀ. ਮਿੱਲ ਫਗਵਾੜਾ ਵਿਚ ਕਰੀਬ 25 ਸਾਲਾਂ ਤੋਂ ਮਜ਼ਦੂਰ ਕੰਮ ਕਰ ਰਹੇ ਹਨ। ਹੁਣ ਦੂਜੀ ਵਾਰ ਥਾਪਰ ਕਾਲੋਨੀ ਨੂੰ ਬਿਜਲੀ ਸਪਲਾਈ ਬੰਦ ਕੀਤੀ ਗਈ ਹੈ, ਜਿਸ ਕਾਰਨ ਬਜ਼ੁਰਗਾਂ ਤੇ ਬੱਚਿਆਂ ਨੂੰ ਬਿਜਲੀ ਤੇ ਪਾਣੀ ਨਹੀਂ ਮਿਲ ਰਿਹਾ। ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਦੇ ਕਰੋੜਾਂ ਰੁਪਏ ਦੇ ਬਿੱਲ ਬਕਾਇਆ ਹਨ ਪਰ ਮਿੱਲ ਮਾਲਕਾਂ ਨੂੰ ਸਪਲਾਈ ਕੱਟੇ ਜਾਣ ਨਾਲ ਕੋਈ ਫਰਕ ਨਹੀਂ, ਜਦਕਿ ਮਜ਼ਦੂਰ ਪ੍ਰੇਸ਼ਾਨ ਹੋ ਰਹੇ ਹਨ। ਮਿੱਲ ਮਾਲਕਾਂ ਵੱਲੋਂ ਮਜ਼ਦੂਰਾਂ ਦੇ ਬੈਂਕ ਖਾਤਿਆਂ ਵਿਚੋਂ ਬਿਜਲੀ ਬਿੱਲ ਦੇ ਪੈਸੇ ਕੱਟੇ ਜਾਣ ਕਾਰਨ ਉਨ੍ਹਾਂ ਦਾ ਕੋਈ ਬਿਜਲੀ ਦਾ ਬਕਾਇਆ ਨਹੀਂ ਹੈ।
ਸਵੇਰੇ ਕਰੀਬ 10 ਵਜੇ ਸ਼ੁਰੂ ਹੋਇਆ ਇਹ ਧਰਨਾ ਸ਼ਾਮ 4 ਵਜੇ ਤੋਂ ਬਾਅਦ ਉਸ ਸਮੇਂ ਸਮਾਪਤ ਹੋਇਆ ਜਦੋਂ ਮਜ਼ਦੂਰ ਪਰਿਵਾਰਾਂ ਦੀਆਂ ਔਰਤਾਂ ਨੇ ਮਿੱਲ ਦੇ ਮੁੱਖ ਗੇਟ ਨੂੰ ਤਾਲਾ ਲਾ ਦਿੱਤਾ ਅਤੇ ਯੂਨੀਅਨ ਨੇ ਮਿੱਲ ਮਾਲਕਾਂ ਨੂੰ ਬਿਜਲੀ ਤੁਰੰਤ ਬਹਾਲ ਕਰਨ ਦੀ ਮੰਗ ਕਰਨ ਦੇ ਨਾਲ ਬਕਾਏ ਦੀ ਪੂਰੀ ਅਤੇ ਅੰਤਿਮ ਅਦਾਇਗੀ ਕਰਨ ਲਈ 10 ਦਿਨਾਂ ਦਾ ਅਲਟੀਮੈਟਮ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਪੁਲਸ ਫੋਰਸ ਮੌਕੇ ’ਤੇ ਮੌਜੂਦ ਰਹੀ। ਇਸ ਦੌਰਾਨ ਸ਼ਿਵ ਸੈਨਾ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਪੁਲਸ ’ਤੇ ਮਿੱਲ ਮਾਲਕ ਸਮੀਰ ਥਾਪਰ ਦਾ ਪੱਖ ਪੂਰਨ ਦਾ ਦੋਸ਼ ਲਾਇਆ।
ਯੂਨੀਅਨ ਦੇ ਪ੍ਰਧਾਨ ਰਵੀ ਸਿੱਧੂ ਨੇ ਕਿਹਾ ਕਿ ਜੇਕਰ ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਜਿਸ ਤਰ੍ਹਾਂ ਮਿੱਲ ਦੇ ਗੇਟ ਨੂੰ ਤਾਲਾ ਲਗਾਇਆ ਗਿਆ ਹੈ, ਉਸੇ ਤਰ੍ਹਾਂ ਪਾਵਰਕਾਮ ਸਮੇਤ ਹੋਰ ਸਰਕਾਰੀ ਦਫ਼ਤਰਾਂ ਨੂੰ ਵੀ ਤਾਲਾ ਲਗਾਇਆ ਜਾਵੇਗਾ। ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਸ਼ਰਧਾਨੰਦ ਸਿੰਘ, ਨਵਲ ਕਿਸ਼ੋਰ ਸਿੰਘ ਜਨਰਲ ਸਕੱਤਰ, ਅਨਿਲ ਮਿਸ਼ਰਾ ਸਕੱਤਰ, ਧਰਮਿੰਦਰ ਸਿੰਘ ਕੈਸ਼ੀਅਰ, ਮਦਨ ਕੁਮਾਰ ਮਿਸ਼ਰਾ ਮੀਡੀਆ ਇੰਚਾਰਜ ਤੋਂ ਇਲਾਵਾ ਤਰੁਣ ਸ਼ਰਮਾ ਲੱਕੀ, ਜਸਵੀਰ ਜੱਸੀ, ਰਾਮ ਈਸ਼ਵਰ ਕੁਮਾਰ, ਜਤਿੰਦਰ ਕੁਮਾਰ, ਰਾਮ ਭਰੋਸੇ ਯਾਦਵ, ਸੰਤੋਸ਼ ਕੁਮਾਰ, ਸਾਗਰ ਸ਼ਰਮਾ, ਬੱਚੂ ਸਿੰਘ, ਸੰਤੋਸ਼ ਪਾਂਡੇ, ਰਜਿੰਦਰ ਯਾਦਵ, ਸਤਿਆਨਾਰਾਇਣ ਸਿੰਘ, ਸੀਟੀਬੀਐਮਸੀ ਦੇ ਪ੍ਰਧਾਨ ਅਜੈ ਯਾਦਵ, ਜਨਰਲ ਸਕੱਤਰ ਹਰਿੰਦਰ ਪ੍ਰਤਾਪ ਸਿੰਘ, ਹਰੀਸ਼ਚੰਦਰ ਯਾਦਵ, ਗਮ ਯਾਦਵ, ਉਮੇਸ਼ ਗਿਰੀ, ਰਾਮਰੀਕੀ, ਰੋਸ਼ਨ ਲਾਲ, ਸ਼ਤਰੂਘਨ ਸ਼ਾਹ, ਪੁਸ਼ਪਾ ਦੇਵੀ, ਗੀਤਾ ਤਿਵਾੜੀ, ਰਿਧੀ ਦੇਵੀ ਸਮੇਤ ਵੱਡੀ ਗਿਣਤੀ ਵਿਚ ਮਿੱਲ ਮਜਦੂਰ ਹਾਜ਼ਰ ਸਨ।