ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਹੱਕ ’ਚ ਆਇਆ ਜੈਜ਼ੀ ਬੀ, ਕਿਸਾਨ ਜਥੇਬੰਦੀਆਂ ਨੂੰ ਦਿੱਤੀ ਸਲਾਹ (ਵੀਡੀਓ)

Tuesday, Feb 02, 2021 - 01:43 PM (IST)

ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਹੱਕ ’ਚ ਆਇਆ ਜੈਜ਼ੀ ਬੀ, ਕਿਸਾਨ ਜਥੇਬੰਦੀਆਂ ਨੂੰ ਦਿੱਤੀ ਸਲਾਹ (ਵੀਡੀਓ)

ਚੰਡੀਗੜ੍ਹ (ਬਿਊਰੋ)– 26 ਜਨਵਰੀ ਮੌਕੇ ਲਾਲ ਕਿਲੇ ਦੇ ਘਟਨਾਕ੍ਰਮ ਤੋਂ ਬਾਅਦ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੇ ਵਿਰੋਧ ’ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਲੋਕ ਆ ਗਏ ਹਨ। ਇਸ ਸਭ ਵਿਚਾਲੇ ਪੰਜਾਬੀ ਗਾਇਕ ਜੈਜ਼ੀ ਬੀ ਨੇ ਲੱਖਾ ਸਿਧਾਣਾ ਤੇ ਦੀਪ ਸਿੱਧੂ ਦੀ ਸੁਪੋਰਟ ਕੀਤੀ ਹੈ। ਜੈਜ਼ੀ ਬੀ ਨੇ ਕੁਝ ਘੰਟੇ ਪਹਿਲਾਂ ਹੀ ਇੰਸਟਾਗ੍ਰਾਮ ’ਤੇ ਇਕ ਲਾਈਵ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਇਸ ਪੂਰੇ ਮਾਮਲੇ ’ਤੇ ਖੁੱਲ੍ਹ ਕੇ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।

ਜੈਜ਼ੀ ਬੀ ਨੇ ਕਿਹਾ ਕਿ ਦਿੱਲੀ ’ਚ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਹ ਮੁਸ਼ਕਿਲਾਂ ਅਜੇ ਹੋਰ ਆਉਣੀਆਂ ਹਨ। ਸਰਕਾਰਾਂ ਪਾਵਰ ਦੇ ਗਰੂਰ ’ਚ ਅੰਨ੍ਹੀਆਂ ਹੋ ਗਈਆਂ ਹਨ। ਬੈਰੀਕੇਡ ਲਗਾ ਕੇ ਤੇ ਸੜਕਾਂ ਪੁੱਟ ਕੇ ਉਹ ਤਿਆਰੀ ਕਰਕੇ ਬੈਠੀਆਂ ਹਨ। ਇਕ ਟੇਬਲ ’ਤੇ ਗੱਲਬਾਤ ਕਰਕੇ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ।

 
 
 
 
 
 
 
 
 
 
 
 
 
 
 
 

A post shared by Jazzy B (@jazzyb)

ਜੈਜ਼ੀ ਬੀ ਨੇ ਲਾਈਵ ਦੌਰਾਨ ਕਿਹਾ, ‘26 ਜਨਵਰੀ ਦੀ ਘਟਨਾ ਨੂੰ ਭਾਵੇਂ ਤੁਸੀਂ ਚੰਗਾ ਕਹੋ ਜਾਂ ਮਾੜਾ, ਇਸ ਚੀਜ਼ ਨੂੰ ਭੁੱਲ ਕੇ ਸਾਨੂੰ ਇਕ ਰਹਿਣਾ ਚਾਹੀਦਾ ਹੈ। ਮੈਨੂੰ ਬਹੁਤ ਦੁੱਖ ਲੱਗਾ ਜਦੋਂ ਜਥੇਬੰਦੀਆਂ ਵਲੋਂ ਲੱਖਾ ਸਿਧਾਣਾ ਤੇ ਦੀਪ ਸਿੱਧੂ ਖ਼ਿਲਾਫ਼ ਨਾਅਰੇ ਲਗਾਏ ਗਏ। ਬਹੁਤ ਦਿਲ ਦੁਖਿਆ ਕਿਉਂਕਿ ਜਿੰਨੀ ਵੀ ਕਿਸੇ ਬੰਦੇ ਦੀ ਇਸ ਅੰਦੋਲਨ ’ਚ ਦੇਣ ਹੈ, ਉਸ ਨੂੰ ਇਕ ਗੱਲ ਕਰਕੇ ਅੰਦੋਲਨ ਤੋਂ ਅਲੱਗ ਨਹੀਂ ਕਰਨਾ ਚਾਹੀਦਾ। ਖਾਲਸਾ ਏਡ ਵਾਲੇ ਰਵੀ ਸਿੰਘ ਵੀ ਹਮੇਸ਼ਾ ਇਹ ਗੱਲ ਕਹਿੰਦੇ ਹਨ ਕਿ ਸਾਨੂੰ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਨੌਜਵਾਨੀ ਨੂੰ ਅੰਦੋਲਨ ’ਚ ਇਕ ਪਾਸੇ ਨਹੀਂ ਕੀਤਾ ਜਾ ਸਕਦਾ।’ 

ਜੈਜ਼ੀ ਬੀ ਨੇ ਸਰਕਾਰਾਂ ਦੀ ਚਾਲ ਦਾ ਜ਼ਿਕਰ ਕਰਦਿਆਂ ਆਖਿਆ, ‘ਇਤਿਹਾਸ ’ਚ ਵੀ ਇੰਝ ਹੀ ਹੁੰਦਾ ਆਇਆ ਹੈ। ਸਰਕਾਰਾਂ ਵਲੋਂ ਹਮੇਸ਼ਾ ਲੋਕਾਂ ਨੂੰ ਇਕ-ਦੂਜੇ ਤੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਤਾਂ ਜੋ ਆਵਾਜ਼ ਨੂੰ ਦਬਾਇਆ ਜਾ ਸਕੇ। ਜਥੇਬੰਦੀਆਂ ਨੂੰ ਮੇਰੀ ਸਲਾਹ ਹੈ ਕਿ ਉਹ ਬੋਲਣ ਤੋਂ ਪਹਿਲਾਂ ਸ਼ਬਦ ਤੋਲ ਲੈਣ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਕਿਸਾਨਾਂ ਦੀ ਸੁਰੱਖਿਆ ਲਈ ਪੰਜਾਬ ਪੁਲਸ ਨੂੰ ਉਥੇ ਭੇਜਿਆ ਜਾਵੇ ਤਾਂ ਜੋ ਸਾਡੇ ਪੰਜਾਬੀ ਜੋ ਉਥੇ ਬੈਠੇ ਹਨ, ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਕੇਂਦਰ ਸਰਕਾਰ ਦੀ ਨੀਤੀ ਸਾਫ ਹੈ, ਉਹ ਧੱਕਾ ਕਰਨਾ ਚਾਹੁੰਦੀ ਹੈ ਤੇ ਉਹੀ ਉਹ ਕਰ ਰਹੀ ਹੈ।’

ਨੋਟ– ਜੈਜ਼ੀ ਬੀ ਦੀ ਇਸ ਗੱਲ ਨਾਲ ਤੁਸੀਂ ਕਿੰਨੇ ਸਹਿਮਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News