ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਸਿੱਖ ਭਾਵਨਾਵਾਂ ਨੂੰ ਪਹੁੰਚਾਈ ਭਾਰੀ ਠੇਸ, ਦਿੱਤਾ ਵਿਵਾਦਿਤ ਬਿਆਨ
Thursday, Aug 06, 2020 - 01:40 AM (IST)
ਮੋਹਾਲੀ,(ਪਰਦੀਪ)-ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਵਲੋਂ ਰਾਮ ਜਨਮ ਭੂਮੀ ਪੂਜਨ ਮੌਕੇ ਪ੍ਰੈੱਸ ਨੂੰ ਇਕ ਵਿਵਾਦਿਤ ਬਿਆਨ ਦਿੱਤਾ ਗਿਆ, ਜਿਸ ਕਾਰਨ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ ਨੇ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਕਬਾਲ ਸਿੰਘ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਮ ਚੰਦਰ ਤੇ ਲਵ ਤੇ ਕੁਸ਼ ਦੇ ਵੰਸਜ਼ ਆਖ ਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਗਈ ਹੈ ਅਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਫੈੱਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਇਕਬਾਲ ਸਿੰਘ ਖਿਲਾਫ ਤੁਰੰਤ ਧਾਰਮਿਕ ਕਾਰਵਾਈ ਕਰ ਕੇ ਸਿੱਖਾਂ ਦੇ ਇਤਿਹਾਸ ਨੂੰ ਵਿਗਾੜ ਕੇ ਕਹਿਣ ਦੇ ਦੋਸ਼ 'ਚ ਅਕਾਲ ਤਖਤ ਸਾਹਿਬ ਵਿਖੇ ਵੀ ਤਲਬ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਗਿਆਨੀ ਇਕਬਾਲ ਸਿੰਘ ਹੈ, ਜਿਸ ਦੇ ਲੜਕੇ ਗੁਰਪ੍ਰਸ਼ਾਦ ਸਿੰਘ ਦੀ ਸਿਗਰਟ ਪੀਣ ਦੀ ਵੀਡੀਓ ਜਾਰੀ ਹੋਈ ਸੀ, ਜਿਸ ਤੋਂ ਬਾਅਦ ਇਸ ਨੇ ਆਪਣੀ ਅਤੇ ਸਿੱਖ ਕੌਮ ਦੀ ਭਾਰੀ ਨਮੋਸ਼ੀ ਕਰਾਈ ਸੀ। ਇਸ ਨੇ ਤਿੰਨ ਵਿਆਹ ਕਰਾਏ ਹਨ ਤੇ ਇਸ ਦੀ ਪਟਨਾ ਸਾਹਿਬ ਵਾਲੀ ਪਤਨੀ ਨੇ ਕਈ ਗੰਭੀਰ ਦੋਸ਼ ਵੀ ਇਸ 'ਤੇ ਲਗਾਏ ਸਨ । ਇਸ ਤੋਂ ਪਹਿਲਾਂ ਵੀ ਇਕਬਾਲ ਸਿੰਘ ਨੇ ਕਈ ਘੋਰ ਗਲਤੀਆਂ ਕਰ ਕੇ ਸਿੱਖ ਕੌਮ ਨਾਲ ਧ੍ਰੋਹ ਕਮਾਇਆ ਹੈ । ਫੈੱਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਇਕਬਾਲ ਸਿੰਘ ਇਕ ਅਗਿਆਨੀ ਬੰਦਾ ਹੈ ਪਰ ਅਖਵਾਉਂਦਾ ਖੁਦ ਨੂੰ ਗਿਆਨੀ ਹੈ, ਇਸ ਤੋਂ ਇਸ ਦੇ ਨਾਮ ਨਾਲ ਗਿਆਨੀ ਵਰਗਾ ਪਵਿੱਤਰ ਸ਼ਬਦ ਸ਼ੋਭਦਾ ਨਹੀਂ । ਉਨ੍ਹਾਂ ਕਿਹਾ ਕਿ ਸਿੱਖ ਇਕ ਵੱਖਰੀ ਪਹਿਚਾਣ ਵਾਲੀ ਵਿਲੱਖਣ ਕੌਮ ਹੈ, ਜਿਸ ਨੂੰ ਹਿੰਦੂ ਧਰਮ ਨਾਲ ਜੋੜਨਾ ਬਜਰ ਗੁਨਾਹ ਹੈ । ਇਕਬਾਲ ਸਿੰਘ ਦੀ ਗਲਤ ਬਿਆਨੀ ਉਸ ਦਾ ਲੋਭ ਲਾਲਚ ਹੈ, ਇਸੇ ਕਰ ਕੇ ਉਸ ਨੇ ਅਜਿਹੀ ਗਲਤ ਬਿਆਨੀ ਕੀਤੀ ਹੈ ।