ਕੇਂਦਰ ਹਕੂਮਤ ਨੇ ਜੰਮੂ-ਕਸ਼ਮੀਰ ''ਚ ਸਿੱਖਾਂ ਨੂੰ ਕਰਵਾਇਆ ਬੇਗਾਨਗੀ ਦਾ ਅਹਿਸਾਸ : ਜਥੇਦਾਰ ਹਰਪ੍ਰੀਤ ਸਿੰਘ

Tuesday, Sep 15, 2020 - 02:23 AM (IST)

ਪਟਿਆਲਾ,(ਮਨਦੀਪ ਸਿੰਘ ਜੋਸਨ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਗ਼ੁੱਸਾ ਕੱਢਦਿਆਂ ਕਿਹਾ ਹੈ ਕਿ ਜੰਮੂ-ਕਸ਼ਮੀਰ ਭਾਸ਼ਾਵਾਂ ਬਿੱਲ 2020 'ਚੋਂ ਸਿੱਖਾਂ ਨੂੰ ਪੰਜਾਬੀ ਭਾਸ਼ਾ ਤੋਂ ਮਰਹੂਮ ਤੇ ਵਿਰਵਾ ਕਰਨਾ ਸੋਚੀ ਸਮਝੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹਕੂਮਤ ਨੇ ਅਜਿਹਾ ਕਦਮ ਚੁੱਕ ਕੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਥਾਪਨਾ ਦਿਵਸ ਤੋਂ ਬਾਅਦ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਹਕੂਮਤ ਅਜਿਹਾ ਭੁਲੇਖਾ ਨਾ ਰੱਖੇ ਕਿ ਸਿੱਖਾਂ ਨੂੰ ਪੰਜਾਬੀ ਭਾਸ਼ਾ ਤੋਂ ਮਰਹੂਮ ਰੱਖ ਕੇ ਸਿੱਖ ਜਮਾਤ ਨੂੰ ਖ਼ਤਮ ਕੀਤਾ ਜਾ ਸਕਦਾ। ਉਨ੍ਹਾਂ ਜ਼ਿਕਰ ਕਰਦਿਆਂ ਕਿਹਾ ਕਿ ਗੁਆਂਢੀ ਸੂਬਿਆਂ 'ਚ ਵੀ ਦੂਸਰੀ ਭਾਸ਼ਾਵਾਂ ਨੂੰ ਲਾਗੂ ਕਰਕੇ ਪੰਜਾਬੀ ਭਾਸ਼ਾ ਨੂੰ ਖ਼ਤਮ ਕਰਨ ਦੇ ਯਤਨ ਕੀਤੇ ਗਏ ਪਰ ਸਿੱਖਾਂ ਨੂੰ ਮੁਕਾ ਦੇਣ ਵਾਲੇ ਭਰਮ ਭੁਲੇਖਿਆਂ ਦੀ ਮਿਸਾਲ ਜੰਮੂ-ਕਸ਼ਮੀਰ ਤੋਂ ਲਈ ਜਾ ਸਕਦੀ ਹੈ, ਜਿੱਥੇ ਅੱਜ ਸੱਤ ਲੱਖ ਤੋਂ ਵੱਧ ਸਿੱਖਾਂ ਦੀ ਵਸੋਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਨਾ ਤਾਂ ਸਿੱਖ ਮੁੱਕੇ ਹਨ ਅਤੇ ਨਾ ਪੰਜਾਬੀ ਭਾਸ਼ਾ ਖ਼ਤਮ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਆਪਣੇ ਮਨਸੂਬਿਆਂ 'ਚ ਕਦੇ ਵੀ ਸਫਲ ਨਹੀਂ ਹੋਣਗੀਆਂ।

ਸ਼ਬਦੀ ਬੰਦੂਕਾਂ ਨਾਲ ਦਿੱਲੀ ਵੱਲ ਸੇਧਤ ਹੋਣ ਸਿੱਖ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਿੱਖ ਜਮਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਆਪਸ 'ਚ ਉਲਝਣ ਦੀ ਬਜਾਏ ਸ਼ਬਦੀ ਬੰਦੂਕਾਂ ਨਾਲ ਦਿੱਲੀ ਵੱਲ ਸੇਧਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੌਮਾਂ ਅਤੇ ਕਬੀਲਿਆਂ 'ਚ ਮੱਤਭੇਦ ਹੁੰਦੇ ਹਨ ਅਤੇ ਸਿੱਖਾਂ 'ਚ ਸਿਧਾਂਤਕ ਵਖਰੇਵਾਂ ਆਉਣ ਨਾਲ ਬੇਵਿਸ਼ਵਾਸੀ ਅਤੇ ਬੇਭਰੋਸਗੀ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਸਥਾਵਾਂ ਅਤੇ ਸੰਸਥਾਪਕ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਸਵੈ ਪੜਚੋਲ ਕਰਕੇ ਕਮੀਆਂ ਅਤੇ ਗ਼ਲਤੀਆਂ ਨਾਲ ਸੰਗਤੀ ਸੁਝਾਅ ਨਾਲ ਭਰਮ-ਭੁਲੇਖੇ ਦੂਰ ਕੀਤੇ ਜਾਣ ਤਾਂ ਕਿ ਅਸੀਂ ਇਕ ਦੂਜੇ ਦੇ ਨੇੜੇ ਆ ਸਕੀਏ। ਉਨ੍ਹਾਂ ਕਿਹਾ ਕਿ ਕੌਮਾਂ ਅਤੇ ਕਬੀਲਿਆਂ 'ਚ ਅਕਸਰ ਮੱਤਭੇਦ ਹੁੰਦੇ ਹਨ ਪਰ ਸਿਧਾਂਤਕ ਵਖਰੇਵਿਆਂ ਕਾਰਨ ਵੱਡਾ ਨੁਕਸਾਨ ਹੋ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਫੈਡਰੇਸ਼ਨਾਂ ਵੀ ਇਸ ਮਾਹੌਲ 'ਚ ਵੰਡੀਆਂ ਗਈਆਂ ਹਨ ਪਰ ਅੱਜ ਫੈਡਰੇਸ਼ਨ ਦੇ ਇਸ ਸਥਾਪਨਾ ਦਿਵਸ ਮੌਕੇ ਸਾਰਿਆਂ ਨੂੰ ਫੈਡਰੇਸ਼ਨ ਦੇ ਪਲੇਟਫ਼ਾਰਮ 'ਤੇ ਇਕੱਤਰ ਹੋ ਕੇ ਸਿੱਖ ਸਿਆਸਤ 'ਚ ਯੋਗਦਾਨ ਪਾਉਣਾ ਚਾਹੀਦਾ ਹੈ।


Deepak Kumar

Content Editor

Related News