ਨਹੀਂ ਪਾਇਆ ਅਕਾਲੀ ਸਰਕਾਰ ਨੇ ਅਣਮੁੱਲੇ ਨੇਤਾ ਦਾ ਮੁੱਲ

04/02/2018 10:00:34 AM

ਟੌਹੜਾ/ਪਟਿਆਲਾ (ਜੋਸਨ)-ਜਿਸ ਪਿੰਡ ਟੌਹੜਾ ਤੋਂ ਸਾਰੇ ਪੰਜਾਬ ਦੀ ਰਾਜਨੀਤੀ ਚਲਦੀ ਸੀ, ਸਵੇਰੇ 4 ਵਜੇ ਹੀ ਪੰਜਾਬ ਤੋਂ ਸੀਨੀਅਰ ਨੇਤਾ ਤੇ ਅਧਿਕਾਰੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਲਾਈਨਾਂ ਵਿਚ ਖੜ੍ਹੇ ਹੋ ਕੇ ਮਿਲਦੇ ਸਨ। ਅੱਜ ਉਹ ਪਿੰਡ ਟੌਹੜਾ ਉਦਾਸ ਹੈ ਤੇ ਆਪਣੇ ਨੇਤਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਯਾਦ ਕਰ ਰਿਹਾ ਹੈ। ਅੱਜ ਤੋਂ 14 ਸਾਲ ਪਹਿਲਾਂ ਜਥੇਦਾਰ ਟੌਹੜਾ ਉਸ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਸਨ। ਮੁੜ ਇਸ ਪਿੰਡ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਇਹ ਪਿੰਡ ਖਾਸ ਤੋਂ ਆਮ ਬਣ ਕੇ ਰਹਿ ਗਿਆ। 
ਪਟਿਆਲਾ, ਨਾਭਾ, ਭਾਦਸੋਂ ਤੋਂ ਜਦੋ ਕੋਈ ਪਿੰਡ ਟੌਹੜਾ ਨੂੰ ਮੁੜਦਾ ਸੀ ਤਾਂ ਸ਼ੀਸ਼ੇ ਵਾਂਗ ਚਮਕਦੀਆਂ ਸੜਕਾਂ ਉਸ ਦਾ ਸਵਾਗਤ ਕਰਦੀਆਂ ਸਨ। ਹਰ ਕਿਸੇ ਨੂੰ ਪਤਾ ਲੱਗ ਜਾਂਦਾ ਸੀ ਕਿ ਉਹ ਪਿੰਡ ਟੌਹੜਾ ਦੀ ਸੜਕ 'ਤੇ ਚੜ੍ਹ ਚੁੱਕਾ ਹੈ ਪਰ ਅੱਜ ਇਸ ਪਿੰਡ ਦੀਆਂ ਸੜਕਾਂ ਦੀ ਹਾਲਤ ਬਦਤਰ ਹੋ ਚੁੱਕੀ ਹੈ। 10 ਸਾਲ ਅਕਾਲੀ ਸਰਕਾਰ ਵੇਲੇ ਤੇ ਹੁਣ 1 ਸਾਲ ਵਿਚ ਇਸ ਪਿੰਡ ਦੀਆਂ ਸੜਕਾਂ ਦੀ ਕੋਈ ਸੁਣਵਾਈ ਨਹੀਂ ਹੋਈ। 
ਪਿੰਡ ਟੌਹੜਾ ਦੇ ਪ੍ਰਾਇਮਰੀ ਹੈਲਥ ਸੈਂਟਰ ਦੀ ਹਾਲਤ ਬੇਹੱਦ ਤਰਸਯੋਗ ਹੈ। ਇਥੇ ਐਮਰਜੈਂਸੀ ਸੇਵਾਵਾਂ ਨਹੀਂ ਹਨ। ਡਾਕਟਰ ਕੁਝ ਘੰਟਿਆਂ ਲਈ ਆਉਂਦਾ ਹੈ। ਬਿਲਡਿੰਗ ਦੀ ਹਾਲਤ ਵੀ ਤਰਸਯੋਗ ਹੈ । ਲੋਕ 24 ਘੰਟੇ ਐਮਰਜੈਂਸੀ ਸੇਵਾਵਾਂ ਦੀ ਮੰਗ ਕਰ ਰਹੇ ਹਨ। ਇਸ ਸਬੰਧ ਵਿਚ ਵੀ ਸਰਕਾਰਾਂ ਖਾਮੋਸ਼ ਹਨ। ਪਿੰਡ ਵਿਖੇ ਜਥੇਦਾਰ ਟੌਹੜਾ ਦੀ ਯਾਦ ਵਿਚ ਬਣੇ ਸਟੇਡੀਅਮ ਦੀ ਹਾਲਤ ਮੰਦੀ ਹੈ। ਇਥੇ ਇਕ ਛੋਟੀ ਜਿਹੀ ਬਿਲਡਿੰਗ ਤੋਂ ਬਿਨਾਂ ਹੋਰ ਕੁਝ ਨਹੀਂ ਹੋਇਆ। 10 ਸਾਲ ਅਕਾਲੀ ਸਰਕਾਰ ਦਾਅਵੇ ਕਰਦੀ ਰਹੀ ਪਰ ਇਸ ਸਟੇਡੀਅਮ ਦਾ ਪਰਨਾਲਾ ਉਥੇ ਦਾ ਉਥੇ ਹੀ ਹੈ ।   ਅਕਾਲੀ ਸਰਕਾਰ ਨੇ ਦਾਅਵਾ ਕੀਤਾ ਸੀ ਪਿੰਡ ਟੌਹੜਾ ਵਿਖੇ ਜਥੇਦਾਰ ਟੌਹੜਾ ਦੀ ਯਾਦ ਵਿਚ 20 ਕਿੱਲਿਆਂ ਅੰਦਰ ਆਦਰਸ਼ ਸਕੂਲ ਤੇ ਕਾਲਜ ਬਣਾਇਆ ਜਾਵੇਗਾ। 20 ਕਿੱਲੇ ਸਰਕਾਰ ਨੂੰ ਟਰਾਂਸਫਰ ਵੀ ਹੋ ਗਏ ਸਨ ਪਰ ਇਹ ਜ਼ਮੀਨ ਵੀਰਾਨ ਬਣਦੀ ਜਾ ਰਹੀ ਹੈ । ਪਿੰਡ ਨੂੰ ਜਾਣ-ਬੁੱਝ ਕੇ ਆਧੁਨਿਕ ਸਹੂਲਤਾਂ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ। 
ਬਾਲਿਆਂ ਵਾਲਾ ਘਰ ਅੱਜ ਵੀ ਹੈ ਮੌਜਦ 
ਪਿੰਡ ਟੌਹੜਾ ਵਿਚ ਅੱਜ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਬਾਲਿਆਂ ਵਾਲਾ ਘਰ ਮੌਜੂਦ ਹੈ। ਜਥੇਦਾਰ ਟੌਹੜਾ ਦੇ ਹਿੱਸੇ ਜੱਦੀ ਜ਼ਮੀਨ 10 ਕਿੱਲੇ ਆਈ ਸੀ। ਅੱਜ ਵੀ ਇਹ ਜ਼ਮੀਨ 10 ਕਿੱਲੇ ਹੀ ਹੈ। ਇਸ ਈਮਾਨਦਾਰ ਨੇਤਾ ਦਾ ਮੁੱਲ ਅਕਾਲੀ ਦਲ ਨਹੀਂ ਪਾ ਸਕਿਆ।
ਕਾਂਗਰਸ ਸਰਕਾਰ ਕਰੇ ਪਿੰਡ ਟੌਹੜਾ ਵਾਸੀਆਂ ਦੀਆਂ ਮੰਗਾਂ ਨੂੰ ਪੂਰਾ : ਜਥੇਦਾਰ ਲੰਗ 
ਜਥੇਦਾਰ ਟੌਹੜਾ ਨਾਲ ਸਾਰੀ ਜ਼ਿੰਦਗੀ ਲੰਘਾਉਣ ਵਾਲੇ ਜਥੇਦਾਰ ਹਰਬੰਸ ਸਿੰਘ ਲੰਗ ਨੇ ਕਿਹਾ ਕਿ 10 ਸਾਲਾਂ ਵਿਚ ਅਕਾਲੀ ਦਲ ਦੇ ਨੇਤਾਵਾਂ ਨੇ ਪਿੰਡ ਟੌਹੜਾ ਆ ਕੇ ਦਾਅਵੇ ਬਹੁਤ ਕੀਤੇ ਪਰ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਅੱਜ ਲੋੜ ਹੈ ਕਿ ਪਿੰਡ ਟੌਹੜਾ ਦੀਆਂ ਸਾਰੀਆਂ ਮੰਗਾਂ ਨੂੰ ਕਾਂਗਰਸ ਸਰਕਾਰ ਪੂਰਾ ਕਰੇ ਤਾਂ ਜੋ ਇਸ ਅਣਮੁੱਲੇ ਨੇਤਾ ਦਾ ਸਨਮਾਨ ਬਹਾਲ ਹੋ ਸਕੇ 
ਜਥੇਦਾਰ ਹਰਬੰਸ ਸਿੰਘ ਲੰਗ
ਲੋੜ ਹੈ ਪਿੰਡ ਟੌਹੜਾ ਨੂੰ ਪੰਜਾਬ ਦਾ ਨਮੂਨੇ ਦਾ ਪਿੰਡ ਬਣਾਉਣ ਦੀ : ਸਰਪੰਚ ਟੌਹੜਾ
ਟੌਹੜਾ ਪਿੰਡ ਦੇ ਸਰਪੰਚ ਬਹਾਦਰ ਸਿੰਘ ਟੌਹੜਾ ਨੇ ਭਰੇ ਮਨ ਨਾਲ ਕਿਹਾ ਕਿ ਜੇਕਰ ਬਾਪੂ ਟੌਹੜਾ ਜੀ ਅੱਜ ਹੁੰਦੇ ਤਾਂ ਪਿੰਡ ਟੌਹੜਾ ਪੰਜਾਬ ਦਾ ਨੰਬਰ ਇਕ ਪਿੰਡ ਹੁੰਦਾ। ਅੱਜ ਲੋੜ ਹੈ ਕਿ ਕਾਂਗਰਸ ਸਰਕਾਰ ਇਸ ਪਿੰਡ ਲਈ ਵਿਸ਼ੇਸ਼ ਗਰਾਂਟ ਜਾਰੀ ਕਰੇ ਤੇ ਟੌਹੜਾ ਸਾਹਿਬ ਦੀਆਂ ਯਾਦਗਾਰਾਂ ਨੂੰ ਕਾਇਮ ਕਰੇ ਤਾਂ ਜੋ ਪਿੰਡ ਦੀ ਸਾਖ ਬਹਾਲ ਹੋ ਸਕੇ ।
ਮੇਰੇ ਪਿਤਾ ਦੀ ਵਿਰਾਸਤ ਨੂੰ ਰੋਲਣ ਦਾ ਯਤਨ  ਕੀਤਾ : ਬੀਬੀ ਟੌਹੜਾ
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਪੁੱਤਰੀ ਬੀਬੀ ਕੁਲਦੀਪ ਕੌਰ ਟੌਹੜਾ ਨੇ ਕਿਹਾ ਕਿ ਅਕਾਲੀ ਦਲ ਦੇ ਨੇਤਾਵਾਂ ਨੇ ਮੇਰੇ ਪਿਤਾ ਦੀਆਂ ਹੁਣ ਤੱਕ ਦੀਆਂ ਹਰ ਸਾਲ ਮਨਾਈਆਂ ਗਈਆਂ ਦਰਜਨ ਬਰਸੀਆਂ 'ਤੇ ਆ ਕੇ ਸਿਆਸੀ ਰੋਟੀਆਂ ਤਾਂ ਸੇਕੀਆਂ ਪਰ ਪਿੰਡ ਤੇ ਟੌਹੜਾ ਪਰਿਵਾਰ ਦੀ ਬਾਂਹ ਨਹੀਂ ਫੜੀ। ਉਨ੍ਹਾਂ ਕਿਹਾ ਕਿ ਮੇਰੇ ਪਿਤਾ ਦੀ ਵਿਰਾਸਤ ਨੂੰ ਰੋਲਣ ਦਾ ਯਤਨ ਕੀਤਾ ਗਿਆ ਜਿਸ ਕਾਰਨ ਅੱਜ ਜਥੇਦਾਰ ਟੌਹੜਾ ਦੇ ਪ੍ਰੇਮੀ ਪੂਰੀ ਤਰਾਂ ਉਦਾਸ ਹਨ । ਉਨ੍ਹਾਂ ਕਿਹਾ ਕਿ ਹੁਣ ਸਮੇ ਦੀ ਸਰਕਾਰ ਸ਼ਾਇਦ ਮੇਰੇ ਪਿਤਾ ਦੀਆਂ ਕੁਰਬਾਨੀਆਂ ਦਾ ਮੁੱਲ ਪਾਵੇ । 
ਬੀਬੀ ਕੁਲਦੀਪ ਕੌਰ ਟੌਹੜਾ


Related News