ਬੇਅਦਬੀ ਕਾਂਡ ਦੀਆਂ ਜਾਂਚ ਟੀਮਾਂ 'ਤੇ ਭਰੋਸਾ ਪਰ ਕੈਪਟਨ ਦੀ ਨੀਅਤ 'ਤੇ ਸ਼ੱਕ : ਜਥੇਦਾਰ ਦਾਦੂਵਾਲ
Tuesday, May 18, 2021 - 05:28 PM (IST)
ਤਲਵੰਡੀ ਸਾਬੋ (ਮੁਨੀਸ਼): ਬੇਅਦਬੀ ਕਾਂਡ ਦੀ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਐੱਲ.ਕੇ.ਯਾਦਵ ਦੀ ਅਗਵਾਈ ’ਚ ਨਵੀਂ ਸਿੱਟ ਦਾ ਗਠਨ ਕੀਤਾ ਗਿਆ ਹੈ। ਇਸੇ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਦਾਦੂਵਾਲ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਵਿਨ੍ਹਦਿਆਂ ਆਖਿਆ ਕਿ ਗੁਰੂ ਮਹਾਰਾਜ ਦੀ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਟੀਮਾਂ ’ਤੇ ਤਾਂ ਭਰੋਸਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਸਾਫ਼ ਨਜ਼ਰ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਪਹਿਲੀਆਂ ਟੀਮਾਂ ਨੇ ਵੀ ਜਾਂਚ ਦੌਰਾਨ ਦੋਸ਼ੀਆਂ ਦੇ ਨਾਂ ਨਸ਼ਰ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਸੀ ਪਰ ਰਾਜੀਨਿਤਕ ਘੁੰਮਣਘੇਰੀਆਂ ਕਾਰਨ ਇਹ ਜਾਂਚ ਪੜਤਾਲ ਕਿਸੇ ਤਣ-ਪੱਤਣ ਨਾ ਲੱਗ ਸਕੀ। ਉਨ੍ਹਾਂ ਨਵੀਂ ਬਣਾਈ ਸਿੱਟ ’ਤੇ ਪੂਰਾ ਭਰੋਸਾ ਹੈ ਕਿ ਦੋਸ਼ੀਆਂ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਜਾਵੇਗਾ ਪਰ ਪੰਜਾਬ ਸਰਕਾਰ ਦੇ ਪਿਛਲੇ ਫ਼ੈਸਲਿਆਂ ਦੇ ਮੱਦੇਨਜ਼ਰ ਭਰੋਸਾ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੂੰ ਘੇਰਨ ਦੀ ਤਿਆਰੀ! ਵਿਜੀਲੈਂਸ ਦੀ ਰਾਡਾਰ 'ਤੇ ਦੋ ਕਰੀਬੀ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੀਡੀਆ ਨੂੰ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਬਹੁਤ ਹੀ ਦੁਖਦਾਈ ਹੈ ਅਤੇ ਇਸ ਨਾਲ ਸਾਡੇ ਸਮੇਤ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਕਾਂਡ ਦਾ ਇਨਸਾਫ਼ ਹੋਣਾ ਬਹੁਤ ਜ਼ਰੂਰੀ ਹੈ ਨਹੀ ਤਾਂ ਇਹ ਜ਼ਖ਼ਮ ਸਦਾ ਰਿਸਦੇ ਰਹਿਣਗੇ। ਬਹੁਤਾਤ ਰਾਜਨੀਤਕ ਪਾਰਟੀਆਂ ਅਤੇ ਸਰਕਾਰਾਂ ਇਸ ਮਸਲੇ ’ਤੇ ਸਿਰਫ਼ ਸਿਆਸਤ ਕਰ ਰਹੀਆਂ ਹਨ ਜੋ ਕਿ ਪੀਡ਼ਤਾਂ ਨੂੰ ਇਨਸਾਫ ਨਹੀਂ ਦੇਣਾ ਚਾਹੁੰਦੀਆਂ। ਬਰਗਾੜੀ ਕਾਂਡ ਤੇ ਪੰਜਾਬ ਦੀ ਬਾਦਲ ਸਰਕਾਰ ਵੱਲੋਂ ਵੀ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਾਇਆ ਗਿਆ ਸੀ ਜਦੋਂ ਜਾਂਚ ਵਿੱਚ ਬਾਦਲਾਂ ਦਾ ਯਾਰ ਸੌਦਾ ਸਾਧ ਅਤੇ ਉਸ ਦੇ ਪੈਰੋਕਾਰ ਫਸਦੇ ਨਜ਼ਰ ਆ ਰਹੇ ਸਨ ਤਾਂ ਆਪਣੇ ਬਣਾਏ ਕਮਿਸ਼ਨ ਦੀ ਹੀ ਰਿਪੋਰਟ ਰਸੀਵ ਨਹੀ ਕੀਤੀ ਸੀ ਅਤੇ ਆਪਣੀ ਬਣਾਈ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਵਾਲੀ ਸਿੱਟ ਨੂੰ ਵੀ ਸਿਆਸੀ ਘੁੰਮਣਘੇਰੀਆਂ ’ਚ ਪਾਈ ਰੱਖਿਆ।
ਇਹ ਵੀ ਪੜ੍ਹੋ: ਸਰਕਾਰ ਖ਼ੁਦ ਆਈ.ਸੀ.ਯੂ. ’ਚ, ਪਤਾ ਨਹੀਂ ਕਦੋਂ ਡਿੱਗ ਜਾਵੇ : ਬਿਕਰਮ ਮਜੀਠੀਆ
ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੇ ਭਰੋਸਾ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਾਈ ਪਰ ਕੈਪਟਨ ਨੇ ਵੀ ਇਨਸਾਫ਼ ਨੂੰ ਸਿਆਸੀ ਘੁੰਮਣਘੇਰੀਆਂ ’ਚ ਪਾਈ ਰੱਖਿਆ। ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਤੇ ਵਿਧਾਨ ਸਭਾ ਵਿੱਚ ਦੋ ਦਿਨ ਦਾ ਸਪੈਸ਼ਲ ਸੈਸ਼ਨ ਹੋਇਆ। ਫ਼ਿਰ ਜਾਂਚ ਟੀਮਾਂ ਦੀਆਂ ਰਿਪੋਰਟਾਂ ਆਈਆਂ ਪਰ ਕਿਸੇ ਨੂੰ ਵੀ ਕੰਢੇ ਵੱਟੇ ਨਹੀਂ ਲਾਇਆ ਗਿਆ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਕਾਂਡ ਦੀ ਜਾਂਚ ਨੂੰ ਸਿਆਸੀ ਘੁੰਮਣਘੇਰੀਆਂ ਵਿਚ ਪਾ ਕੇ ਇਨਸਾਫ਼ ਤੋਂ ਦੂਰ ਕਰਨ ਦਾ ਅਸਲ ਕਾਰਨ ਬਾਦਲ ਅਤੇ ਕੈਪਟਨ ਦੀ ਸੌਦਾ ਸਾਧ ਡੇਰੇ ਦੀ ਵੋਟ ਬੈਂਕ ਤੇ ਨਜ਼ਰ ਹੈ, ਜਿਸ ਕਰਕੇ ਪਹਿਲਾਂ ਬਾਦਲ ਸਰਕਾਰ ਨੇ ਇਨਸਾਫ਼ ਨਹੀਂ ਕੀਤਾ ਅਤੇ ਸੌਦਾ ਸਾਧ ਅਤੇ ਉਸ ਦੇ ਪੈਰੋਕਾਰਾਂ ਦੀ ਪੁਸ਼ਤ ਪਨਾਹੀ ਕਰਕੇ ਉਨ੍ਹਾਂ ਨੂੰ ਬਚਾਉਂਦੇ ਰਹੇ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਡੇਰੇ ਦੀ ਵੋਟ ਬੈਂਕ ਤੇ ਝਾਕ ਰੱਖਦਾ। ਬਰਗਾੜੀ ਬੇਅਦਬੀ ਕਾਂਡ ਦਾ ਇਨਸਾਫ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਸ ਬੇਅਦਬੀ ਕਾਂਡ ਪਿੱਛੇ ਸਿੱਧੇ ਤੌਰ ’ਤੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਤੇ ਉਸ ਦੇ ਪੈਰੋਕਾਰਾਂ ਦਾ ਹੱਥ ਜਾਂਚ ਟੀਮਾਂ ਨੇ ਕੱਢ ਕੇ ਸਰਕਾਰ ਦੇ ਮੇਜ਼ ਉੱਤੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ: ਸਾਵਧਾਨ! ਜਲੰਧਰ ਜ਼ਿਲ੍ਹੇ 'ਚ 1 ਸਾਲ ’ਤੇ ਭਾਰੀ ਪਏ 54 ਦਿਨ, ਕੋਰੋਨਾ ਮਾਮਲਿਆਂ ਨੇ ਤੋੜੇ ਰਿਕਾਰਡ
ਉਨ੍ਹਾਂ ਕਿਹਾ ਕਿ ਸਰਕਾਰਾਂ ਜਿੰਨੀਆਂ ਮਰਜ਼ੀ ਜਾਂਚ ਕਮੇਟੀਆਂ ਬਣਾ ਲੈਣ ਜੋ ਵੀ ਅਫ਼ਸਰ ਨਿਰਪੱਖ ਜਾਂਚ ਕਰਨਗੇ ਸਿੱਧੇ ਤੌਰ ਤੇ ਸੌਦਾ ਸਾਧ ਤੇ ਉਹਦੇ ਪੈਰੋਕਾਰ ਬੇਅਦਬੀ ਪਿੱਛੇ ਦੋਸ਼ੀ ਨਿਕਲਣਗੇ ਅਤੇ ਗੋਲੀ ਕਾਂਡ ਪਿੱਛੇ ਉੱਚ ਅਫ਼ਸਰ ਅਤੇ ਮੌਕੇ ਦੇ ਹਾਕਮ ਨਜ਼ਰ ਪੈਣਗੇ। ਅਜਿਹੀ ਜਾਂਚ ਵਿੱਚ ਉਨ੍ਹਾਂ ਨੂੰ ਕਦੇ ਵੀ ਬਚਾਇਆ ਨਹੀਂ ਜਾ ਸਕੇਗਾ ਪਰ ਇਹ ਸਭ ਉਨ੍ਹਾਂ ਨੂੰ ਬਚਾਉਣ ਦਾ ਹੀ ਯਤਨ ਹੋ ਰਿਹਾ ਹੈ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਡੇਰਾ ਸਰਸਾ ਦੇ ਵੋਟ ਬੈਂਕ ’ਤੇ ਨਜ਼ਰ ਰੱਖ ਕੇ ਹੀ ਮੌੜ ਕਲਾਂ ਬੰਬ ਧਮਾਕੇ ਦੀ ਜਾਂਚ ਵੀ ਨਹੀਂ ਹੋ ਰਹੀ, ਜਿਸ ਵਿੱਚ ਕੀਮਤੀ 6 ਜਾਨਾਂ ਚਲੀਆਂ ਗਈਆਂ ਸਨ। ਕੈਪਟਨ ਸਰਕਾਰ ਨੇ ਮੌੜ ਬੰਬ ਧਮਾਕੇ ਦੀ ਜਾਂਚ ਨੂੰ ਵੀ ਕਿਸੇ ਸਿਰੇ ਨਹੀਂ ਲਾਇਆ ਅਤੇ ਪੀਡ਼ਤਾਂ ਨੂੰ ਇਨਸਾਫ਼ ਨਹੀਂ ਦਿੱਤਾ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਨਵੀਆਂ ਬਣਾਈਆਂ ਜਾਂਚ ਟੀਮਾਂ ਬਰਗਾੜੀ ਬੇਅਦਬੀ ਕਾਂਡ ਆਈ.ਜੀ. ਸੁਰਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਕੋਟਕਪੂਰਾ ਕਾਂਡ ਤੇ ਐਲ ਕੇ ਯਾਦਵ ਦੀਆਂ ਅਗਵਾਈ ਅਤੇ ਬਹਿਬਲ ਕਲਾਂ ਗੋਲੀ ਕਾਂਡ ਤੇ ਆਈ ਜੀ ਨੌਨਿਹਾਲ ਸਿੰਘ ਦੀ ਅਗਵਾਈ ਵਿਚ ਬਣਾਈਆਂ ਗਈਆਂ ਹਨ। ਅਸੀਂ ਪਹਿਲੀਆਂ ਜਾਂਚ ਟੀਮਾਂ ਨੂੰ ਵੀ ਪੂਰਾ ਸਹਿਯੋਗ ਦਿੱਤਾ ਅਤੇ ਹੁਣ ਵੀ ਨਾ ਚਾਹੁੰਦੇ ਹੋਏ ਵੀ ਪੂਰਾ ਸਹਿਯੋਗ ਦੇਵਾਂਗੇ। ਸਰਕਾਰ ਨੂੰ ਇਹ ਕਹਿਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਕਿ ਕਿਸੇ ਵੀ ਪੀਡ਼ਤ ਨੇ ਸਾਨੂੰ ਬਿਆਨ ਦਰਜ ਨਹੀਂ ਕਰਵਾਏ। ਸਾਨੂੰ ਪਹਿਲਾਂ ਜਾਂਚ ਕਰ ਰਹੇ ਪੁਲਸ ਅਫਸਰਾਂ ਤੇ ਵੀ ਭਰੋਸਾ ਸੀ ਤੇ ਹੁਣ ਜਾਂਚ ਆਗੂ ਬਣਾਏ ਪੁਲਸ ਅਫਸਰਾਂ ਤੇ ਵੀ ਕੋਈ ਸ਼ੱਕ ਨਹੀ ਹੈ।
ਇਹ ਵੀ ਪੜ੍ਹੋ: ਦੁਖ਼ਦਾਇਕ ਖ਼ਬਰ: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਾਮਾ ਗੁਰਰਾਜ ਸਿੰਘ ਫੱਤਣਵਾਲਾ ਦਾ ਦਿਹਾਂਤ
ਉਹ ਕਾਬਲ ਅਫਸਰ ਹਨ ਪਰ ਕੈਪਟਨ ਦੀ ਨੀਅਤ ਠੀਕ ਨਹੀਂ ਹੈ ਮੈਨੂੰ ਪੂਰੀ ਆਸ ਹੈ ਕਿ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰ ਜ਼ਖ਼ਮੀ ਹੋਏ ਪੀੜਤ ਅਤੇ ਗਵਾਹ ਨਵੀਆਂ ਜਾਂਚ ਟੀਮਾਂ ਦਾ ਵੀ ਪੂਰਾ ਸਹਿਯੋਗ ਕਰਨਗੇ। ਸਾਡੇ ਵੱਲੋਂ ਕੋਈ ਕਮੀ ਨਹੀਂ ਰਹੇਗੀ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਸਾਨੂੰ ਕੋਈ ਭਰੋਸਾ ਨਹੀਂ ਹੈ ਕਿ ਉਹ ਇਸ ’ਤੇ ਇਨਸਾਫ਼ ਦੇਵੇਗਾ ਕਿਉਂਕਿ ਪਹਿਲੀ ਜਾਂਚ ਟੀਮਾਂ ਨੇ ਵੀ ਪੂਰੀ ਤਨਦੇਹੀ ਦੇ ਨਾਲ ਬਰਗਾੜੀ ਬਹਿਬਲ ਕਾਂਡ ਦੀ ਜਾਂਚ ਕੀਤੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਸਿਆਸੀ ਘੁੰਮਣਘੇਰੀਆਂ ’ਚ ਪਾ ਦਿੱਤਾ ਤੇ ਹੁਣ ਵੀ ਕੇਵਲ ਕੈਪਟਨ ਅਮਰਿੰਦਰ ਸਿੰਘ ਵਲੋਂ ਗੋਂਗਲੂਆਂ ਤੋਂ ਮਿੱਟੀ ਝਾੜੀ ਜਾ ਰਹੀ ਹੈ। ਉਹ ਇਸ ਕਾਂਡ ਵਿਚ ਇਨਸਾਫ ਨਹੀਂ ਕਰਨਾ ਚਾਹੁੰਦਾ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਬਾਦਲਾਂ ਨੇ ਆਪਣੇ ਯਾਰ ਸੌਦਾ ਅਸਾਧ ਨੂੰ ਬਚਾਉਂਦਿਆਂ ਆਪਣਾ ਪਤਨ ਕਰਵਾ ਲਿਆ ਅਤੇ ਹੁਣ ਬਾਦਲਾਂ ਨੂੰ ਬਚਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਦਾ ਪਤਨ ਸਾਫ਼ ਨਜ਼ਰ ਆ ਰਿਹਾ ਹੈ।