ਜੱਥਾ ਰੰਧਾਵਾ ਤੇ ਬਾਬਾ ਹਰਨਾਮ ਸਿੰਘ ਧੁੰਮਾਂ ਹੋਏ ਆਹਮੋ-ਸਾਹਮਣੇ

Tuesday, Oct 24, 2017 - 10:36 AM (IST)

ਜੱਥਾ ਰੰਧਾਵਾ ਤੇ ਬਾਬਾ ਹਰਨਾਮ ਸਿੰਘ ਧੁੰਮਾਂ ਹੋਏ ਆਹਮੋ-ਸਾਹਮਣੇ

ਫਤਿਹਗੜ੍ਹ ਸਾਹਿਬ (ਜੱਜੀ)-ਜਿਸ ਵਿਦਿਆਰਥੀ ਕੋਲ ਟਕਸਾਲ ਦੀ ਗੁਰਮਤਿ ਵਿੱਦਿਆ ਦਾ ਖਜ਼ਾਨਾ ਹੈ, ਭਾਵੇਂ ਉਸ ਨੇ ਕਿਸੇ ਵੀ ਟਕਸਾਲੀ ਵਿਦਵਾਨ ਕੋਲੋਂ ਵਿੱਦਿਆ ਪ੍ਰਾਪਤ ਕੀਤੀ ਹੋਵੇ, ਉਸ ਨੂੰ ਸੰਪ੍ਰਦਾਇ ਦਮਦਮੀ ਟਕਸਾਲ ਅਖਵਾਉਣ ਦਾ ਪੂਰਨ ਹੱਕ ਹੈ। ਇਸ ਸਬੰਧ ਵਿਚ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਇਹ ਪ੍ਰਗਟਾਵਾ ਗੁਰਮਤਿ ਵਿਦਿਆਲਾ ਜੱਥਾ ਰੰਧਾਵਾ ਫਤਿਹਗੜ੍ਹ ਸਾਹਿਬ ਵੱਲੋਂ ਜਾਰੀ ਇਕ ਬਿਆਨ 'ਚ ਗਿਆਨੀ ਹਰਨਾਮ ਸਿੰਘ ਧੁੰਮਾਂ ਨੂੰ ਮੋੜਵਾਂ ਜਵਾਬ ਦਿੰਦਿਆ ਕੀਤਾ ਗਿਆ। 
ਜੱਥਾ ਰੰਧਾਵਾ ਵੱਲੋਂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਭਾਈ ਦਰਸ਼ਨ ਸਿੰਘ ਜੱਥੇਦਾਰ ਨੇ ਸਵਾਲ ਕਰਦਿਆਂ ਪੁੱਛਿਆ ਕਿ ਪਿਛਲੇ ਸਮਿਆਂ ਵਿਚ ਪੰਥਕ ਸਟੇਜਾਂ 'ਤੇ ਆਪਣੇ ਮੂੰਹ ਤੋਂ ਬਾਬਾ ਹਰੀ ਸਿੰਘ ਨੂੰ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਸ਼ਬਦਾਂ ਨਾਲ ਸੰਬੋਧਨ ਕੀਤਾ ਗਿਆ ਅਤੇ ਨਾਲ ਹੀ ਜਥਾ ਰੰਧਾਵਾ ਵੱਲੋਂ ਪਹਿਲਾਂ ਛਪੇ ਗ੍ਰੰਥਾਂ 'ਗੁਰਵਾਕ ਚਾਨਣ' ਤੇ 'ਗੁਰਪ੍ਰਕਰਣ ਚਾਨਣ' ਵਿਚ ਲਿਖੇ ਆਪਣੇ ਸੰਦੇਸ਼ਾਂ ਵਿਚ ਸਪੱਸ਼ਟ ਤੌਰ 'ਤੇ ਆਪਣੀਆਂ ਲਿਖਤਾਂ ਰਾਹੀਂ ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਦੱਸਣ ਵਾਲੇ ਬਾਬਾ ਹਰਨਾਮ ਸਿੰਘ ਸਿੱਖ ਪੰਥ ਨੂੰ ਸਪੱਸ਼ਟ ਕਰਨ ਕਿ ਹਕੀਕਤ ਕੀ ਹੈ।
ਉਨ੍ਹਾਂ ਕਿਹਾ ਕਿ ਸਾਡੀ ਸੰਪ੍ਰਦਾਇ ਦੇ ਦਮਦਮੀ ਟਕਸਾਲ ਨਾਲ ਸਬੰਧਾਂ ਬਾਰੇ ਕਿਸੇ ਨੂੰ ਸਬੂਤ ਦੇਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਸਮੁੱਚਾ ਸਿੱਖ ਪੰਥ ਜਾਣਕਾਰੀ ਰੱਖਦਾ ਹੈ ਕਿ ਸਾਡਾ ਸਬੰਧ ਟਕਸਾਲ ਨਾਲ ਹੈ ਜਾਂ ਨਹੀਂ, ਫਿਰ ਵੀ ਲਿਖਤਾਂ 'ਤੇ ਆਧਾਰਿਤ ਹਕੀਕਤ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ।  
ਉਨ੍ਹਾਂ ਕਿਹਾ ਕਿ ਟਕਸਾਲ ਦੀ ਆੜ ਹੇਠ ਗਿਆਨੀ ਹਰਨਾਮ ਸਿੰਘ ਨੂੰ ਸਿੱਖ ਪ੍ਰਚਾਰਕਾਂ ਨੂੰ ਧਮਕੀਆਂ ਦੇਣੀਆਂ ਬੰਦ ਕਰਨੀਆਂ ਚਾਹੀਦੀਆਂ ਹਨ। ਜੱਥਾ ਰੰਧਾਵਾ ਨੇ ਦੱਸਿਆ ਕਿ ਸਟੀਕ 'ਤੇ ਲੱਖਾਂ ਰੁਪਏ ਖਰਚ ਕੀਤੇ ਹਨ ਅਤੇ ਸਟੀਕਾਂ ਦੀ ਅਰਦਾਸ ਸ੍ਰੀ ਹਰਿਮੰਦਰ ਸਾਹਿਬ ਵਿਚ ਹੋ ਚੁੱਕੀ ਹੈ ਅਤੇ 24 ਅਕਤੂਬਰ ਨੂੰ ਵਿਸ਼ੇਸ਼ ਪ੍ਰਕਾਸ਼ਨ ਅਰਦਾਸ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਵੇਗੀ। ਉਪਰੰਤ 25 ਅਕਤੂਬਰ ਨੂੰ ਸਟੀਕ ਸਿੱਖ ਕੌਮ ਨੂੰ ਸਮਰਪਿਤ ਹੋ ਜਾਵੇਗਾ ਅਤੇ ਪੰਥਕ ਵਿਦਵਾਨਾਂ ਵਿਚ ਵੰਡਿਆ ਜਾਵੇਗਾ।


Related News