ਪੁੰਛ ''ਚ ਸ਼ਹੀਦ ਹੋਏ ਜਸਵਿੰਦਰ ਸਿੰਘ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਪੁੱਤ ਦੀ ਸ਼ਹਾਦਤ ਤੋਂ ਮਾਂ ਅਣਜਾਣ

Wednesday, Oct 13, 2021 - 10:28 AM (IST)

ਪੁੰਛ ''ਚ ਸ਼ਹੀਦ ਹੋਏ ਜਸਵਿੰਦਰ ਸਿੰਘ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਪੁੱਤ ਦੀ ਸ਼ਹਾਦਤ ਤੋਂ ਮਾਂ ਅਣਜਾਣ

ਭੁਲੱਥ (ਰਜਿੰਦਰ)- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਅੱਤਵਾਦ ਰੋਕੂ ਮੁਹਿੰਮ ’ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਸੋਮਵਾਰ ਨੂੰ ਹੋਏ ਮੁਕਾਬਲੇ ’ਚ ਸ਼ਹੀਦ ਹੋਏ ਹਲਕਾ ਭੁਲੱਥ ਦੇ ਪਿੰਡ ਮਾਨਾਂ ਤਲਵੰਡੀ ਦੇ ਵਸਨੀਕ ਨਾਇਬ ਸੂਬੇਦਾਰ ਜਸਵਿੰਦਰ ਸਿੰਘ (39) ਸ਼ਹੀਦ ਹੋ ਗਿਆ ਸੀ। ਉਨ੍ਹਾਂ ਸ਼ਹਾਦਤ ਨੂੰ ਲੈ ਕੇ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਸ਼ਹੀਦ ਦੀ ਮਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਪਰਿਵਾਰ ਨੂੰ ਇਸ ਸ਼ਹਾਦਤ ਬਾਰੇ ਨਹੀਂ ਦੱਸਿਆ ਗਿਆ, ਜਦਕਿ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਨੂੰ ਗੋਲ਼ੀ ਲੱਗਣ ਕਰਕੇ ਗੰਭੀਰ ਹਾਲਤ ਹੋਣ ਬਾਰੇ ਹੀ ਦਸਿਆ ਗਿਆ ਹੈ।

ਸ਼ਹੀਦ ਫ਼ੌਜੀ ਦਾ ਭਰਾ ਰਾਜਿੰਦਰ ਸਿੰਘ, ਕੁਝ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਘਰ ਤੋਂ ਦੂਰੀ ਬਣਾ ਕੇ ਪਿੰਡ ਦੇ ਹੀ ਬੱਸ ਅੱਡੇ ਨੇੜਲੀ ਸੱਥ ’ਤੇ ਹੀ ਮੰਗਲਵਾਰ ਨੂੰ ਸਾਰਾ ਦਿਨ ਮੌਜੂਦ ਰਹੇ। ਜਿੱਥੇ ਪਿੰਡ ਵਿਚੋਂ ਅਤੇ ਇਲਾਕੇ ਭਰ ਤੋਂ ਪਹੁੰਚੇ ਲੋਕਾਂ ਨੇ ਸ਼ਹੀਦ ਫ਼ੌਜੀ ਦੇ ਭਰਾ ਅਤੇ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕੀਤਾ। ਜਦਕਿ ਸਵੇਰ ਤੋਂ ਸ਼ਾਮ ਤੱਕ ਕਪੂਰਥਲਾ ਦੇ ਜ਼ਿਲ੍ਹਾ ਪੱਧਰੀ ਉੱਚ ਅਧਿਕਾਰੀ ਪਿੰਡ ਮਾਨਾ ਤਲਵੰਡੀ ਵਿਖੇ ਪਿੰਡ ਦੀ ਸੱਥ ਤੱਕ ਵੀ ਸ਼ਹੀਦ ਦੇ ਪਰਿਵਾਰ ਕੋਲ ਨਹੀਂ ਪਹੁੰਚੇ। ਦੱਸਣਯੋਗ ਹੈ ਕਿ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਕਿਸਾਨ ਆਗੂ, ਕਾਂਗਰਸੀ ਆਗੂ ਪ੍ਰੀਤਮ ਸਿੰਘ ਚੀਮਾ ਦਮੂਲੀਆਂ, ਅਵਤਾਰ ਸਿੰਘ ਵਾਲੀਆ ਅਤੇ ਇਲਾਕੇ ਭਰ ਤੋਂ ਵੱਖ-ਵੱਖ ਸਖਸ਼ੀਅਤਾਂ ਪਿੰਡ ਮਾਨਾਂ ਤਲਵੰਡੀ ਪੁੱਜੀਆਂ।

ਇਹ ਵੀ ਪੜ੍ਹੋ: ਜਲੰਧਰ ਵਿਖੇ ਕਬਾੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਕਈ ਝੁੱਗੀਆਂ ਵੀ ਸੜੀਆਂ

PunjabKesari

ਸਿਰਫ਼ ਨਾਇਬ ਤਹਿਸੀਲਦਾਰ, ਡੀ. ਐੱਸ. ਪੀ. ਅਤੇ ਐੱਸ. ਐੱਚ. ਓ. ਭੁਲੱਥ ਹੀ ਪਹੁੰਚੇ ਹਮਦਰਦੀ ਪ੍ਰਗਟਾਉਣ
ਇਸ ਦੌਰਾਨ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਭੁਲੱਥ ਗੁਰਸੇਵਕ ਚੰਦ ਅਤੇ ਪੁਲਸ ਮਹਿਕਮੇ ਵੱਲੋਂ ਡੀ. ਐੱਸ. ਪੀ. ਭੁਲੱਥ ਅਮਰੀਕ ਸਿੰਘ ਚਾਹਲ ਅਤੇ ਐੱਸ. ਐੱਚ. ਓ. ਭੁਲੱਥ ਬੱਬਨਦੀਪ ਸਿੰਘ ਹੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਪਹੁੰਚੇ। ਹਾਲਾਂਕਿ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸੈਨਾ ਮੈਡਲ ਦੇ ਭਰਾ ਰਾਜਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਕੋਲ ਫੋਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਐੱਸ. ਡੀ. ਐੱਮ. ਭੁਲੱਥ ਨੇ ਵੀ ਅਫ਼ਸੋਸ ਪ੍ਰਗਟਾਇਆ ਹੈ।

ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ

ਅੱਜ ਪਿੰਡ ਪੁੱਜੇਗਾ ਤਿਰੰਗੇ ’ਚ ਲਿਪਟਿਆ ਸ਼ਹੀਦ ਜਸਵਿੰਦਰ ਸਿੰਘ
ਪਤਾ ਲੱਗਾ ਹੈ ਕਿ ਤਿਰੰਗੇ ’ਚ ਲਿਪਟੀ ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਦੇ ਦਰਮਿਆਨ ਪਿੰਡ ਮਾਨਾਂਤਲਵੰਡੀ ਵਿਖੇ ਪੁੱਜੇਗੀ। ਜਿਸ ਉਪਰੰਤ ਸ਼ਹੀਦ ਜਸਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News