4 ਮਿੰਟ 'ਚ ਜਾਣੋ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਬਾਰੇ (ਵੀਡੀਓ)

Monday, Mar 02, 2020 - 05:17 PM (IST)

ਜਲੰਧਰ : ਜੱਸਾ ਸਿੰਘ ਅਹੁਲੂਵਾਲੀਆ 18ਵੀਂ ਸਦੀ ਦੇ ਇਕ ਮਹਾਨ ਜਰਨੈਲ ਸਨ। ਤਕਰੀਬਨ 48 ਸਾਲ ਦਾ ਪੰਜਾਬ ਦਾ ਇਤਿਹਾਸ ਬਾਬਾ ਜੱਸਾ ਸਿੰਘ ਦੇ ਜੀਵਨ ਦੇ ਮਹਾਨ ਕੰਮਾਂ ਦੀ ਕਥਾ ਬਿਆਨ  ਕਰਦਾ ਹੈ। ਜੱਸਾ ਸਿੰਘ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਨਾਲ ਸਰਦਾਰ ਬਦਰ ਸਿੰਘ ਦੇ ਘਰ 3 ਮਈ 1718 ਈਸਵੀਂ ਨੂੰ ਹੋਇਆ ਸੀ। ਆਪ ਮਾਤਾ ਸੁੰਦਰੀ ਜੀ ਕੋਲ 7 ਸਾਲ ਦਿੱਲੀ 'ਚ ਰਹੇ ਅਤੇ ਇਥੇ ਹੀ ਫਾਰਸੀ ਅਰਬੀ, ਗੁਰਮੁਖੀ ਅਤੇ ਹਥਿਆਰ ਚਲਾਉਣ ਦੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਨਵਾਬ ਕਪੂਰ ਸਿੰਘ ਜੋ ਕਿ ਪੰਥ ਦੇ ਮੁਖੀ ਸਰਦਾਰਾਂ 'ਚੋਂ ਸਨ, ਉਨ੍ਹਾਂ ਨੇ ਪਹਿਲੀ ਵਾਰ ਜੱਸਾ ਸਿੰਘ ਨੂੰ ਕੀਰਤਨ ਕਰਦਿਆਂ ਸੁਣਿਆ। ਉਨ੍ਹਾਂ ਨੇ ਜੱਸਾ ਸਿੰਘ ਦੇ ਪਰਿਵਾਰ ਨੂੰ ਬੇਨਤੀ ਕੀਤੀ ਕਿ ਉਹ ਜੱਸਾ ਸਿੰਘ ਨੂੰ ਮੈਨੂੰ ਸੌਂਪ ਦੇਣ।

ਨਵਾਬ ਕਪੂਰ ਸਿੰਘ ਦੀ ਬੇਨਤੀ 'ਤੇ ਜੱਸਾ ਸਿੰਘ ਨੂੰ ਉਨ੍ਹਾਂ ਕੋਲ ਰਹਿਣ ਦਿੱਤਾ ਗਿਆ। ਇਸ ਦੌਰਾਨ ਜੱਸਾ ਸਿੰਘ ਨਵਾਬ ਕਪੂਰ ਸਿੰਘ ਕੋਲ ਰਹਿ ਕੇ ਉਨ੍ਹਾਂ ਕੋਲੋਂ ਘੋੜ ਸਵਾਰੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ ਅਤੇ ਤੀਰ ਕਮਾਨ ਦੀ ਸਿੱਖਿਆ ਵੱਡੇ-ਵੱਡੇ ਮਾਹਿਰਾਂ ਤੋਂ ਹਾਸਲ ਕੀਤੀ।
ਜਦੋਂ 1739 'ਚ ਨਾਦਰ ਸ਼ਾਹ ਹਿੰਦੁਸਤਾਨ ਨੂੰ ਲੁੱਟ ਕੇ ਜਾ ਰਿਹਾ ਸੀ ਤਾਂ ਬਾਬਾ ਜੱਸਾ ਸਿੰਘ ਦੀ ਅਗਵਾਈ 'ਚ ਦਿੱਲੀ ਦੀ ਲੁੱਟ ਦਾ ਬਹੁਤ ਸਾਰਾ ਮਾਲ ਇਰਾਨ ਜਾਣ ਤੋਂ ਬਚਾ ਲਿਆ ਗਿਆ। ਉਸ ਸਮੇਂ  ਨਾਦਰ ਸ਼ਾਹ ਨੇ ਜ਼ਕਰੀਆਂ ਖਾਨ ਨੂੰ ਸਿੱਖਾਂ ਬਾਰੇ ਪੁੱਛਿਆ ਸੀ ਕਿ ਇਹ ਕੌਣ ਹਨ ਅਤੇ ਨਾਲ ਹੀ ਕਿਹਾ ਸੀ ਉਹ ਸਮਾਂ ਨੇੜੇ ਹੀ ਹੈ, ਜਦੋਂ ਇਹ ਸਿਰ ਕੱਢਣਗੇ ਅਤੇ ਇਸ ਮੁਲਕ ਦੇ ਵਾਲੀ ਬਣ ਜਾਣਗੇ। ਅਹਿਮਦ ਸ਼ਾਹ ਅਬਦਾਲੀ ਨੇ 1747 'ਚ ਭਾਰਤ 'ਤੇ ਪਹਿਲਾ ਹਮਲਾ ਕੀਤਾ ਤਾਂ ਸਰਦਾਰ ਸ਼ੁਕਰਚਕੀਆ ਅਤੇ ਜੱਸਾ ਸਿੰਘ ਅਹੁਲੂਵਾਲੀਆ ਨੇ ਅਬਦਾਲੀ ਅਤੇ ਫੌਜ ਦਾ ਪਿੱਛਾ ਕਰਕੇ ਉਸ ਨੂੰ ਭਾਜੜ ਪਾ ਦਿੱਤੀ ਅਤੇ ਬਹੁਤ ਸਾਰਾ ਖਜਾਨਾ ਲੁੱਟ ਲਿਆ। 1748 ਤੋਂ 1753 ਤਕ ਸਿੱਖਾਂ 'ਤੇ ਮੀਰ ਮੰਨੂ ਵਲੋਂ ਬਹੁਤ ਅੱਤਿਆਚਾਰ ਕੀਤੇ ਗਏ, ਜਿਸ ਬਾਰੇ ਇਕ ਕਹਾਵਤ ਵੀ ਹੈ “ਮੰਨੂ ਅਸਾਂ ਦੀ ਦਾਤਰੀ, ਅਸੀਂ ਮੰਨੂ ਦੇ ਸੋਏ। ਜਿਓਂ-ਜਿਓਂ ਮੰਨੂ ਵੱਢਦਾ ਅਸੀਂ ਦੂਣੇ ਚੌਣੇ ਹੋਏ।'' ਪਰ ਜੱਸਾ ਸਿੰਘ ਦੀ ਅਗਵਾਈ 'ਚ ਸਿੰਘ ਹਿੰਮਤ ਨਹੀਂ ਹਾਰੇ ਅਤੇ ਗੁਰਬਾਣੀ 'ਤੇ ਅਟੁੱਟ ਵਿਸ਼ਵਾਸ ਰੱਖਿਆ।

ਬਾਬਾ ਜੱਸਾ ਸਿੰਘ ਨੂੰ ਨਵਾਬ ਦਾ ਖਿਤਾਬ ਬਖਸ਼ਿਆ
ਖਾਲਸੇ ਨੇ 1754 ਨੂੰ ਬਾਬਾ ਜੱਸਾ ਸਿੰਘ ਨੂੰ ਨਵਾਬ ਦਾ ਖਿਤਾਬ ਬਖਸ਼ਿਆ। ਦਲ ਖਾਲਸਾ ਜਿਸ ਦੀ ਕਮਾਂਡ ਜੱਸਾ ਸਿੰਘ ਦੇ ਹੱਥ 'ਚ ਸੀ, ਸਾਰੇ ਸਰਦਾਰ ਮਿਲ ਕੇ ਦਲ ਖਾਲਸਾ ਦੇ ਰੂਪ 'ਚ ਬਾਹਰੀ ਹਮਲਾਵਰ ਦਾ ਮੁਕਾਬਲਾ ਕਰਦੇ ਸਨ। 5 ਫਰਵਰੀ 1762 ਨੂੰ 30 ਹਜ਼ਾਰ  ਸਿੰਘਾਂ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਘੇਰ ਲਿਆ। ਇਥੇ ਸਰਦਾਰ ਚੜਤ ਸਿੰਘ, ਸਰਦਾਰ ਸ਼ਾਮ ਸਿੰਘ ਅਤੇ ਜੱਸਾ ਸਿੰਘ ਨੇ ਵੀਰਤਾ ਦੇ ਜੌਹਰ ਦਿਖਾਏ ਅਤੇ ਅਫਗਾਨਾ ਦੀ ਪੇਸ਼ ਨਾ ਜਾਣ ਦਿੱਤੀ। ਇਸ ਇਕ ਹੀ ਦਿਨ 'ਚ 15 ਤੋਂ 20 ਹਜ਼ਾਰ ਸਿੰਘ-ਸਿੰਘਣੀਆਂ ਸ਼ਹੀਦ ਹੋ ਗਏ, ਜਿਸ ਨੂੰ ਵੱਡਾ ਘਲੂਘਾਰੇ ਦਾ ਨਾਮ ਦਿੱਤਾ ਜਾਂਦਾ ਹੈ ਇਸ 'ਚ ਬਹੁਤ ਸਿੰਘ ਮਾਰੇ ਗਏ।

ਜੱਸਾ ਸਿੰਘ ਨੂੰ ਇਸ ਯੁੱਧ 'ਚ 22 ਜ਼ਖ਼ਮ ਆਏ ਪਰ ਅੰਤ ਅਹਿਮਦ ਸ਼ਾਹ ਅਬਦਾਲੀ ਪੇਸ਼ ਨਾ ਚਲਦੀ ਦੇਖ ਵਾਪਸ ਮੁੜ ਗਿਆ। ਜੱਸਾ ਸਿੰਘ ਸਿੱਖਾਂ ਦੇ ਨਾਲ-ਨਾਲ ਹਿੰਦੂਆਂ ਦੀ ਰਾਖੀ ਵੀ ਕਰਦੇ ਸਨ।  ਅਹਿਮਦ  ਸ਼ਾਹ ਅਬਦਾਲੀ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਨੂੰ ਢਾਹ ਦਿੱਤੇ ਜਾਣ ਤੋਂ ਬਾਅਦ ਪੁਨਰ ਉਸਾਰੀ ਲਈ ਜੱਸਾ ਸਿੰਘ ਨੇ 9 ਲੱਖ ਰੁਪਏ ਸੇਵਾ 'ਤੇ ਲਗਾਏ। 1783 'ਚ ਜੱਸਾ ਸਿੰਘ ਦਿੱਲੀ 'ਤੇ ਕਬਜਾ ਕਰਨ 'ਚ ਸਫਲ ਹੋ ਗਏ ਅਤੇ ਇਸੇ ਹੀ ਸਾਲ ਅੰਮ੍ਰਿਤਸਰ ਜਾਂਦੇ ਅਚਾਨਕ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਹੀ ਇਕ ਵੱਡੇ ਰਾਜਨੀਤਕ ਆਗੂ ਦਾ ਅੰਤ ਹੋ ਗਿਆ।


author

Anuradha

Content Editor

Related News