ਅਮਰੀਕਾ 'ਚ ਜ਼ਖਮੀ ਪੰਜਾਬੀ ਨੇ ਤੋੜਿਆ ਦਮ, ਦੋ ਭੈਣਾਂ ਦਾ ਸੀ ਇਕਲੌਤਾ ਭਰਾ

05/23/2018 3:10:22 PM

ਸਿਨਸਿਨਾਤੀ— ਅਮਰੀਕਾ ਦੇ ਸ਼ਹਿਰ ਸਿਨਸਿਨਾਤੀ ਤੋਂ ਇਕ ਬੁਰੀ ਖਬਰ ਆਈ ਹੈ, ਇੱਥੇ ਇਕ ਜ਼ਖਮੀ ਪੰਜਾਬੀ ਵਿਅਕਤੀ ਜਸਪ੍ਰੀਤ ਸਿੰਘ ਉੱਪਲ ਨੇ ਦਮ ਤੋੜ ਦਿੱਤਾ ਹੈ। ਉਹ ਲਗਭਗ 10 ਦਿਨਾਂ ਤੋਂ ਜ਼ਿੰਦਗੀ ਤੇ ਮੌਤ ਵਿਚਕਾਰ ਲੜ ਰਿਹਾ ਸੀ। ਉਹ ਪੰਜਾਬ ਤੋਂ ਨਡਾਲਾ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ 10 ਮਈ, 2018 ਨੂੰ ਜਸਪ੍ਰੀਤ ਸਿੰਘ ਉੱਪਲ ਪੁੱਤਰ ਮੇਵਾ ਸਿੰਘ ਆਪਣੇ ਘਰ ਦੇ ਬਾਹਰ ਸੈਰ ਕਰ ਰਿਹਾ ਸੀ ਕਿ ਇਕ ਕਾਲੇ ਵਿਅਕਤੀ ਨੇ ਗੋਲੀ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ  ਉਸ ਦੀ ਮੌਤ ਹੋ ਗਈ। ਜਸਪ੍ਰੀਤ ਸਿੰਘ ਤਕਰੀਬਨ 8 ਸਾਲਾਂ ਤੋਂ ਆਪਣੀ ਪਤਨੀ, 2 ਲੜਕੇ ਅਤੇ 2 ਲੜਕੀਆਂ ਨਾਲ ਅਮਰੀਕਾ ਵਿੱਚ ਰਹਿ ਰਿਹਾ ਸੀ। ਹਮਿਲਟਨ ਪੁਲਸ ਨੇ ਬਰੋਡਰਿਕ ਮਲਿਕ ਨਾਂ ਦੇ ਕਾਲੇ ਵਿਅਕਤੀ ਨੂੰ ਇਸ ਮਾਮਲੇ ਵਿੱਚ ਹਿਰਾਸਤ 'ਚ ਲੈ ਕੇ ਜੇਲ ਭੇਜ ਦਿੱਤਾ ਹੈ। ਜਸਪ੍ਰੀਤ ਦੇ ਜ਼ਖਮੀ ਹੋਣ ਦੀ ਖਬਰ ਸੁਣਦਿਆਂ ਹੀ ਉਸ ਦੇ ਮਾਤਾ ਜੀ ਅਮਰੀਕਾ ਲਈ ਰਵਾਨਾ ਹੋ ਗਏ ਸਨ। ਜਸਪ੍ਰੀਤ ਦਾ ਸਸਕਾਰ ਅਮਰੀਕਾ ਵਿੱਚ ਹੀ ਕੀਤਾ ਜਾਵੇਗਾ।
ਜਸਪ੍ਰੀਤ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕਪੂਰਥਲਾ ਦੇ ਕਸਬਾ ਨਡਾਲੇ ਲਾਗੇ ਪੈਂਦੇ ਪਿੰਡ ਪਸੀਏਵਾਲ ਦਾ ਦੋਹਤਰਾ ਸੀ। ਦੱਸਣਯੋਗ ਹੈ ਕਿ ਜਸਪ੍ਰੀਤ ਦੇ ਪਿਤਾ ਮੇਵਾ ਸਿੰਘ ਜੋ ਸਾਬਕਾ ਫੌਜੀ ਸਨ, ਦੀ ਮੌਤ ਤਿੰਨ ਕੁ ਸਾਲ ਪਹਿਲਾਂ ਕਰਤਾਰਪੁਰ ਨੇੜੇ ਮੋਟਰਸਾਈਕਲ ਹਾਦਸੇ 'ਚ ਹੋ ਗਈ ਸੀ। ਉਹ ਵੀ ਆਪਣੇ ਮਾਂ-ਪਿਓ ਦੇ ਇਕੱਲੇ ਪੁੱਤਰ ਸਨ। ਇਸ ਸਮੇਂ ਪਰਿਵਾਰ ਡੂੰਘੇ ਸਦਮੇ 'ਚ ਹੈ। ਭਾਰਤੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ।


Related News