ਸੀ. ਐੱਮ. ਮਾਨ ਦੇ ਮੁਰੀਦ ਹੋਏ ਗਾਇਕ ਜਸਬੀਰ ਜੱਸੀ, ਕਿਹਾ- ‘ਇਹ ਉਹ ਬੰਦਾ ਜੋ ਪੰਜਾਬ ਦੇ...’
Friday, May 13, 2022 - 01:25 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਬੀਤੇ ਦਿਨੀਂ ਜਸਬੀਰ ਜੱਸੀ ਨੇ ਟਵਿਟਰ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਜਸਬੀਰ ਜੱਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ।
ਆਪਣੀ ਪੋਸਟ ’ਚ ਜਸਬੀਰ ਜੱਸੀ ਲਿਖਦੇ ਹਨ, ‘‘ਮੈਂ ਸੋਚਿਆ ਸੀ ਇਸ ਵਾਰ ਜੋ ਵੀ ਸੀ. ਐੱਮ. ਬਣੇਗਾ, ਉਸ ਤੋਂ ਆਪਣੇ ਨਿੱਜੀ ਕੰਮ ਕਰਾਵਾਂਗਾ ਕਿਉਂਕਿ ਘਰਦਿਆਂ ਦੇ ਨਾਲ-ਨਾਲ ਮਿੱਤਰ ਵੀ ਕਹਿੰਦੇ ਹਨ ਕਿ ਇੰਨੀ ਜਾਣ-ਪਛਾਣ ਹੋਣ ਦੇ ਬਾਵਜੂਦ ਤੂੰ ਕਿਸੇ ਤੋਂ ਕੰਮ ਨਹੀਂ ਲੈਂਦਾ ਪਰ ਦੇਖੋ ਮੇਰੀ ਕਿਸਮਤ ਕਿ ਸੀ. ਐੱਮ. ਬਣਿਆ ਤਾਂ ਆਪਣਾ ਯਾਰ ਹੀ ਪਰ ਇਹ ਉਹ ਬੰਦਾ, ਜੋ ਪੰਜਾਬ ਦੇ ਹਿੱਤ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਸੁਣਦਾ।’’
ਇਹ ਖ਼ਬਰ ਵੀ ਪੜ੍ਹੋ : ਗੰਨ ਕਲਚਰ ਤੇ ਗੈਂਗਸਟਰਵਾਦ ਪ੍ਰਮੋਟ ਕਰਨ ਵਾਲੇ ਗਾਇਕਾਂ ਦੀ ਹੁਣ ਖੈਰ ਨਹੀਂ, CM ਮਾਨ ਨੇ ਦਿੱਤੀ ਚਿਤਾਵਨੀ
ਦੱਸ ਦੇਈਏ ਕਿ ਸੀ. ਐੱਮ. ਮਾਨ ਨੇ ਬੀਤੇ ਦਿਨੀਂ ਪੰਜਾਬੀ ਗਾਇਕਾਂ ਨੂੰ ਚਿਤਾਵਨੀ ਵੀ ਦਿੱਤੀ ਹੈ। ਪੰਜਾਬੀ ਗਾਇਕਾਂ ਵਲੋਂ ਫੈਲਾਏ ਜਾ ਰਹੇ ਗੰਨ ਕਲਚਰ ਤੇ ਗੈਂਗਸਟਰਵਾਦ ਦੇ ਰੁਝਾਨ ਦੀ ਨਿਖੇਧੀ ਕਰਦਿਆਂ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪਣੇ ਗੀਤਾਂ ਰਾਹੀਂ ਸਮਾਜ ’ਚ ਹਿੰਸਾ, ਨਫ਼ਰਤ ਤੇ ਦੁਸ਼ਮਣੀ ਨੂੰ ਭੜਕਾਉਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਗਾਇਕਾਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਗੀਤਾਂ ਰਾਹੀਂ ਸਮਾਜ-ਵਿਰੋਧੀ ਗਤੀਵਿਧੀਆਂ ਨੂੰ ਤੂਲ ਦੇਣ ਦੀ ਬਜਾਏ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀਆਂ ਕਦਰਾਂ-ਕੀਮਤਾਂ ’ਤੇ ਚੱਲਦਿਆਂ ਭਾਈਚਾਰਕ ਸਾਂਝ, ਸ਼ਾਂਤੀ ਤੇ ਸਦਭਾਵਨਾ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਯੋਗਦਾਨ ਪਾਉਣ।
ਭਗਵੰਤ ਮਾਨ ਨੇ ਇਨ੍ਹਾਂ ਗਾਇਕਾਂ ਨੂੰ ਕਿਹਾ ਕਿ ਉਹ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁੱਲਿਤ ਕਰਨ ਲਈ ਉਸਾਰੂ ਭੂਮਿਕਾ ਨਿਭਾਉਣ, ਜਿਸ ਬਾਰੇ ਇਸ ਨੂੰ ਵਿਸ਼ਵ ਭਰ ’ਚ ਜਾਣਿਆ ਜਾਂਦਾ ਹੈ। ਇਹ ਸਾਡਾ ਫਰਜ਼ ਬਣਦਾ ਹੈ ਕਿ ਅਜਿਹੇ ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਹਿੰਸਾ ਫੈਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ, ਜੋ ਅਕਸਰ ਨੌਜਵਾਨਾਂ ਖ਼ਾਸ ਕਰਕੇ ਛੇਤੀ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਨੂੰ ਵਿਗਾੜਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਹਿਲਾਂ ਤਾਂ ਉਨ੍ਹਾਂ ਨੂੰ ਅਜਿਹੇ ਰੁਝਾਨ ਨੂੰ ਅੱਗੇ ਨਾ ਵਧਾਉਣ ਦੀ ਅਪੀਲ ਕਰਦੇ ਹਾਂ, ਨਹੀਂ ਤਾਂ ਸਰਕਾਰ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।