ਚੋਣਾਂ ਦੀ ਤਾਰੀਖ਼ ਬਦਲੇ ਜਾਣ ਦੇ ਫ਼ੈਸਲੇ ਦਾ ਬਸਪਾ ਪ੍ਰਧਾਨ ਜਸਬੀਰ ਗੜ੍ਹੀ ਵਲੋਂ ਸਵਾਗਤ
Monday, Jan 17, 2022 - 06:39 PM (IST)
ਜਲੰਧਰ (ਬਿਊਰੋ) : ਪੰਜਾਬ ਵਿਚ 14 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਹੁਣ ਇਹ ਚੋਣਾਂ 14 ਫਰਵਰੀ ਦੀ ਬਜਾਏ 20 ਫਰਵਰੀ ਨੂੰ ਹੋਣਗੀਆਂ। ਇਹ ਫੈ਼ਸਲਾ ਅੱਜ ਚੋਣ ਕਮਿਸ਼ਨ ਦੀ ਹੋਈ ਬੈਠਕ ’ਚ ਲਿਆ ਗਿਆ ਹੈ। ਇਸ ਦੌਰਾਨ ਜਸਬੀਰ ਗੜ੍ਹੀ ਵਲੋਂ ਚੋਣ ਕਮਿਸ਼ਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਗਿਆ ਹੈ। ‘ਜਗਬਾਣੀ’ ਨਾਲ ਫੋਨ ’ਤੇ ਗੱਲਬਾਤ ਦੌਰਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੂਰੇ ਦੋਆਬੇ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਧਾਮ ਕਾਸ਼ੀ ਜਾਣ ਵਾਲੀ ਵੱਡੀ ਗਿਣਤੀ ਸੰਗਤ ਹੈ। ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਵੀ ਦਰਜ ਹੈ। ਸ੍ਰੀ ਗੁਰੂ ਰਵੀਦਾਸ ਜੀ ਨੂੰ ਮੰਣਨ ਵਾਲੀ ਸੰਗਤ ਦੀ ਇਹ ਮੰਗ ਸੀ ਕਿ 14 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਦੀ ਤਾਰੀਖ਼ ਬਦਲੀ ਜਾਵੇ ਅਤੇ ਬਹੁਜਨ ਸਮਾਜ ਪਾਰਟੀ ਦੀ ਇਕਾਈ ਨੇ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਐੱਸ. ਡੀ. ਐੱਮ. ਫਗਵਾੜਾ ਦੇ ਮਾਧਿਅਮ ਤੋਂ ਚੋਣ ਕਮਿਸ਼ਨ ਨੂੰ ਮੰਗ ਪੱਤਰ ਭੇਜਿਆ ਸੀ। ਅੱਜ ਚੋਣ ਕਮਿਸ਼ਨ ਨੇ ਇਸ ਮੰਗ ਪੱਤਰ ’ਤੇ ਕਾਰਵਾਈ ਕਰਦੇ ਹੋਏ ਪੂਰੇ ਭਾਈਚਾਰੇ ਨੂੰ ਆਪਣੇ ਧੰਨਵਾਦ ਦੇ ਪਾਤਰ ਬਣਾਇਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੀਆਂ ਚੋਣਾਂ ਮੁਲਤਵੀ, ਹੁਣ ਇਸ ਦਿਨ ਹੋਵੇਗੀ ਵੋਟਿੰਗ
ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਅਤੇ ਚੋਣ ਕਮਿਸ਼ਨ ਦਾ ਧੰਨਵਾਦ ਕਰਦੇ ਹਾਂ। ਪੰਜਾਬ ’ਚ ਚੋਣਾਂ ਰੈਲੀਆਂ ’ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ’ਤੇ ਬਸਪਾ ਪ੍ਰਧਾਨ ਜਸਬੀਰ ਗੜ੍ਹੀ ਨੇ ਕਿਹਾ ਕਿ ਚੋਣ ਪ੍ਰਚਾਰ ਦੀ ਇਨਡੋਰ ਗਿਣਤੀ 300 ਰੱਖੀ ਹੈ, ਉਸ ਨਾਲ ਪਿੰਡਾਂ ’ਚ ਮੀਟਿੰਗਾਂ ਤਾਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ ਜਸਬੀਰ ਗੜ੍ਹੀ ਨੇ ਕਿਹਾ ਕਿ ਅਸੀਂ ਚੋਣ ਕਮਿਸ਼ਨ ਅੱਗੇ ਇਹ ਵੀ ਮੰਗ ਰਖਾਂਗੇ ਕਿ ਜਿਹੜਾ ਸੋਸ਼ਲ ਮੀਡੀਆ ਰਾਹੀਂ ਚੋਣ ਕਰਨ ਦਾ ਤਰੀਕਾ ਉਲਕਿਆ ਹੈ ਉਹ ਤਰੀਕਾ ਪਿਛਲੇ ਵਰਗ ਦੇ ਲੋਕਾਂ ਲਈ ਬਹੁਤ ਹੀ ਔਖਾ ਹੈ, ਜਿਨ੍ਹਾਂ ਦੇ ਘਰਾਂ ’ਚ ਐਂਡਰਾਇਡ ਫੋਨ ਜਾਂ ਹੋਰ ਫੋਨ ਨਹੀਂ ਹਨ ਜਾਂ ਜਿਨ੍ਹਾਂ ਦੇ ਘਰਾਂ ’ਚ ਇੰਟਰਨੈੱਟ ਦੇ ਕੁਨੈਕਸ਼ਨ ਨਹੀਂ ਹਨ, ਉਹ ਲੋਕ ਡਿਜੀਟਲ ਕੈਂਪੇਨ ਦਾ ਹਿੱਸਾ ਕਿਵੇਂ ਬਣਨਗੇ? ਦੱਸਣਯੋਗ ਹੈ ਕਿ ਰਵਿਦਾਸੀਆ ਸਮਾਜ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਸੀ ਕਿ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 645ਵਾਂ ਪ੍ਰਕਾਸ਼ ਉਤਸਵ ਹੋਣ ਕਰ ਕੇ 14 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਅੱਗੇ ਕੀਤੀਆਂ ਜਾਣ ਤਾਂ ਜੋ ਸੰਗਤਾਂ ਭਾਰੀ ਉਤਸ਼ਾਹ ਨਾਲ ਗੁਰਪੁਰਬ ਸਮਾਗਮਾਂ ਵਿਚ ਹਿੱਸਾ ਲੈ ਸਕਣ। ਇਹ ਵੀ ਕਿਹਾ ਜਾ ਰਿਹਾ ਸੀ ਕਿ ਬਹੁਤ ਵੱਡੀ ਗਿਣਤੀ ਵਿਚ ਪੰਜਾਬ ਦੀਆਂ ਸੰਗਤਾਂ ਸਤਿਗੁਰਾਂ ਦਾ ਜਨਮ ਦਿਹਾੜਾ ਮਨਾਉਣ ਲਈ 13 ਫਰਵਰੀ ਨੂੰ ਹੀ ਕਾਂਸ਼ੀ ਬਨਾਰਸ ਵਿਖੇ ਚਲੀਆਂ ਜਾਣਗੀਆਂ ਅਤੇ ਉਨ੍ਹਾਂ ਦੀ ਵਾਪਸੀ 16 ਫਰਵਰੀ ਤੋਂ ਬਾਅਦ ਹੋਵੇਗੀ। ਅਜਿਹੇ ਵਿਚ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰ ਸਕਣਗੀਆਂ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ