'ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ' ਕਰਤਾਰਪੁਰ ਦੀ ਉਸਾਰੀ 'ਚ ਘਪਲੇ ਦੇ ਸਬੂਤ! ਜਾਂਚ 'ਚ ਜੁੱਟੀ ਵਿਜੀਲੈਂਸ
Wednesday, Mar 15, 2023 - 02:15 PM (IST)
ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੇ ਨਜ਼ਦੀਕ ਕਰਤਾਰਪੁਰ 'ਚ ਬਣੇ ਜੰਗ-ਏ-ਆਜ਼ਾਦੀ ਵਾਰ ਮੈਮੋਰੀਅਲ ਦੇ ਸਬੰਧ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਵਲੋਂ ਇਸ ਦੇ ਨਿਰਮਾਣ ਤੱਥ ਇਕੱਠੇ ਕੀਤੇ ਜਾ ਰਹੇ ਹਨ ਅਤੇ ਸੰਭਾਵਨਾ ਹੈ ਕਿ ਵਿਜੀਲੈਂਸ ਇਸ ਦੇ ਨਿਰਮਾਣ 'ਚ ਗੜਬੜੀਆਂ ਸਬੰਧੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਜਲੰਧਰ ਦਫ਼ਤਰ ਨੇ ਜੰਗ-ਏ-ਆਜ਼ਾਦੀ ਮੈਮੋਰੀਅਲ ਦੇ ਪ੍ਰਬੰਧਨ 'ਚ ਲੱਗੇ ਹੋਏ ਲਖਵਿੰਦਰ ਸਿੰਘ ਜੌਹਲ ਕੋਲੋਂ ਸੋਮਵਾਰ ਨੂੰ ਢਾਈ ਘੰਟੇ ਸਵਾਲ-ਜਵਾਬ ਕੀਤੇ।
ਇਹ ਵੀ ਪੜ੍ਹੋ : ਮਨੀਸ਼ਾ ਗੁਲਾਟੀ ਨੇ ਫਿਰ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਅੱਜ ਹੋਵੇਗੀ ਅਦਾਲਤ 'ਚ ਸੁਣਵਾਈ
ਪਤਾ ਲੱਗਾ ਹੈ ਕਿ ਵਿਜੀਲੈਂਸ ਬਿਊਰੋ ਵਲੋਂ ਇਸ ਦੇ ਸੀ. ਈ. ਓ. ਵਿਨੈ ਬੁਬਲਾਨੀ, ਜੋ ਕਿ ਆਈ. ਏ. ਐੱਸ. ਅਧਿਕਾਰੀ ਹਨ, ਨੂੰ ਵੀ ਬੁਲਾਇਆ ਗਿਆ ਸੀ ਪਰ ਮੈਡੀਕਲ ਦੇ ਆਧਾਰ ’ਤੇ ਬੁਬਲਾਨੀ ਨਹੀਂ ਪਹੁੰਚੇ। ਦੱਸਣਯੋਗ ਹੈ ਕਿ ਇਹ ਯਾਦਗਾਰ ਜਲੰਧਰ ਤੋਂ ਕੁੱਝ ਦੂਰੀ 'ਤੇ ਕਰਤਾਰਪੁਰ 'ਚ ਸ਼ਹੀਦਾਂ ਦੀ ਯਾਦ 'ਚ ਬਣਾਈ ਗਈ ਹੈ।
ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟ ਤੋਂ 1989 'ਚ ਸੋਨ ਤਮਗਾ ਹਾਸਲ ਕਰਨ ਵਾਲੇ ਰਾਜ ਰਵੇਲ ਨੇ ਇਸ ਇਮਾਰਤ ਨੂੰ ਡਿਜ਼ਾਇਨ ਕੀਤਾ ਹੈ ਅਤੇ 25 ਏਕੜ 'ਚ ਇਸ ਨੂੰ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ। ਇਹ ਵੀ ਦੱਸ ਦੇਈਏ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਬਣਾਈ ਗਈ ਇਸ ਯਾਦਗਾਰ ਦੀ ਉਸਾਰੀ 'ਚ ਵੱਡੇ ਘਪਲੇ ਹੋਣ ਦਾ ਖ਼ਦਸ਼ਾ ਹੈ। ਇਸ ਦੇ ਚੱਲਦਿਆਂ ਹੁਣ ਮਾਨ ਸਰਕਾਰ ਦੇ ਹੁਕਮਾਂ ਤਹਿਤ ਹੁਣ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ