ਰਾਜੌਰੀ ਦੇ ਨੌਸ਼ਹਿਰਾ ਸੈਕਟਰ ਦੇ ਸਰਹੱਦੀ ਪਰਿਵਾਰਾਂ ’ਚ ਵੰਡੀ ਗਈ 603ਵੇਂ ਟਰੱਕ ਦੀ ਰਾਹਤ ਸਮੱਗਰੀ

Sunday, Sep 05, 2021 - 11:31 AM (IST)

ਰਾਜੌਰੀ ਦੇ ਨੌਸ਼ਹਿਰਾ ਸੈਕਟਰ ਦੇ ਸਰਹੱਦੀ ਪਰਿਵਾਰਾਂ ’ਚ ਵੰਡੀ ਗਈ 603ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਨਿੱਤ ਦਿਨ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਨੇ ਜਿੱਥੇ ਸਰਹੱਦੀ ਪਿੰਡਾਂ ਦੇ ਲੋਕਾਂ ਦੇ ਕੱਚੇ ਮਕਾਨਾਂ ਨੂੰ ਛਲਣੀ ਕੀਤਾ ਹੈ, ਉਥੇ ਇਥੋਂ ਦੇ ਨਿਵਾਸੀਆਂ ਦੇ ਦਿਲ ਵੀ ਛਲਣੀ ਕੀਤੇ ਹਨ। ਵਿਕਾਸ ਅਤੇ ਜ਼ਿੰਦਗੀ ਲਈ ਜ਼ਰੂਰੀ ਚੀਜ਼ਾਂ ਦੀ ਕਮੀ ਵੀ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣ ਗਈ ਹੈ। ਕਮੀਆਂ ਨਾਲ ਭਰਿਆ ਜੀਵਨ ਬਿਤਾ ਰਹੇ ਉਨ੍ਹਾਂ ਲੋਕਾਂ ਦੇ ਦੁੱਖਾਂ ਨੂੰ ਸਮਝਦੇ ਹੋਏ ਹੀ ਪੰਜਾਬ ਕੇਸਰੀ ਗਰੁੱਪ ਨੇ ਪਿਛਲੇ 21 ਸਾਲਾਂ ਤੋਂ ਸਰਹੱਦੀ ਇਲਾਕਿਆਂ ਦੇ ਲੋੜਵੰਦ ਲੋਕਾਂ ਦੀ ਮਦਦ ਲਈ ਇਕ ਰਾਹਤ ਮੁਹਿੰਮ ਚਲਾ ਰੱਖੀ ਹੈ। ਇਸੇ ਕੜੀ ’ਚ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਦੇ ਦੱਬਨ ਪਿੰਡ ’ਚ 603ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ, ਜੋ ਲੁਧਿਆਣਾ ਦੇ ਐੱਮ. ਐੱਮ. ਓਸਵਾਲ ਪਰਿਵਾਰ ਅਤੇ ਭਗਵਾਨ ਮਹਾਵੀਰ ਸੇਵਾ ਸੰਸਥਾਨ ਵੱਲੋਂ ਭਿਜਵਾਈ ਗਈ ਸੀ। ਇਸ ਟਰੱਕ ’ਚ ਲੋੜਵੰਦ ਲੋਕਾਂ ਲਈ ਕੰਬਲ, ਕੱਪੜੇ ਅਤੇ ਭਾਂਡੇ ਵੀ ਭਿਜਵਾਏ ਗਏ ਸਨ।

ਮਹਿਲਾ ਸਰਪੰਚ ਸੁਨੀਤਾ ਕੁਮਾਰੀ ਦੀ ਦੇਖਰੇਖ ’ਚ ਆਯੋਜਿਤ ਰਾਹਤ ਵੰਡ ਸਮਾਰੋਹ ’ਚ ਸੁੰਦਰਬਣੀ ਬੀ. ਡੀ. ਸੀ. ਦੇ ਚੇਅਰਮੈਨ ਅਰੁਣ ਸ਼ਰਮਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਉਨ੍ਹਾਂ ਨੇ ਪੰਜਾਬ ਕੇਸਰੀ ਗਰੁੱਪ ਵੱਲੋਂ ਕੀਤੇ ਜਾ ਰਹੇ ਇਸ ਪੁੰਨ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਕੇਸਰੀ ਭਾਰਤ ਦੀ ਇਕਲੌਤੀ ਅਜਿਹੀ ਸੰਸਥਾ ਹੈ, ਜੋ ਲਗਾਤਾਰ ਇੰਨੇ ਲੰਬੇ ਸਮੇਂ ਤੋਂ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੀ ਹੈ।

ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਰਾਕੇਸ਼ ਜੈਨ ਨੇ ਕਿਹਾ,‘ਨਰ ਸੇਵਾ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੈ। ਲੋੜਵੰਦ ਲੋਕਾਂ ਦੀ ਮਦਦ ਦਾ ਫਲ ਹੋਰ ਵੀ ਜ਼ਿਆਦਾ ਮਿਲਦਾ ਹੈ।’ ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਇਲਾਕੇ ਦੇ ਲੋਕ ਜਿਨ੍ਹਾਂ ਤਕਲੀਫਾਂ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਦੀ ਹਕੀਕਤ ਦਾ ਪਤਾ ਇਥੇ ਆ ਕੇ ਹੀ ਲੱਗਦਾ ਹੈ ਅਤੇ ਦਾਨੀ ਸੱਜਣਾਂ ਦਾ ਇਨ੍ਹਾਂ ਬਹਾਦਰ ਲੋਕਾਂ ਦੀ ਮਦਦ ਨੂੰ ਵਾਰ-ਵਾਰ ਮਨ ਕਰਦਾ ਹੈ। ਇਸ ਮੌਕੇ ’ਤੇ ਵਿਪਨ ਜੈਨ ਅਤੇ ਸਰਬਜੀਤ ਸਿੰਘ ਗਿਲਜੀਆਂ ਨੇ ਵੀ ਵਿਚਾਰ ਪ੍ਰਗਟ ਕੀਤੇ। ਰਮਾ ਜੈਨ, ਰੇਣੂ ਜੈਨ ਅਤੇ ਗੁਰਵਿੰਦਰ ਸਿੰਘ ਵੀ ਇਸ ਮੌਕੇ ’ਤੇ ਹਾਜ਼ਰ ਸਨ।


author

shivani attri

Content Editor

Related News