ਬਮਿਆਲ ਦੇ ਮੰਦੇ ਹਾਲ, ਜੂਝਦੇ ਨੇ ਲੋਕ ਮੁਸੀਬਤਾਂ ਨਾਲ
Monday, May 20, 2019 - 06:05 PM (IST)

ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸਿੰਘ ਸੰਧੂ)— ਬਮਿਆਲ ਪਹਿਲਾਂ ਜ਼ਿਲਾ ਗੁਰਦਾਸਪੁਰ ਦਾ ਹਿੱਸਾ ਹੁੰਦਾ ਸੀ ਪਰ ਹੁਣ ਇਹ ਨਵੇਂ ਬਣੇ ਜ਼ਿਲਾ ਪਠਾਨਕੋਟ ਦੀ ਸਬ-ਤਹਿਸੀਲ ਹੈ, ਜਿਸ 'ਚ 19 ਪਿੰਡ ਸ਼ਾਮਲ ਹਨ। ਰਾਵੀ ਦਰਿਆ ਦੇ ਕੰਢੇ ਸਥਿਤ ਇਸ ਇਲਾਕੇ ਨਾਲੋਂ ਪਾਕਿਸਤਾਨ ਦੀ ਸਰਹੱਦ ਵੀ ਖਹਿ ਕੇ ਲੰਘਦੀ ਹੈ। ਬਮਿਆਲ ਕਸਬੇ ਅਤੇ ਸਬੰਧਤ ਪਿੰਡਾਂ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਲੋਕ ਹਰ ਵੇਲੇ ਮੁਸੀਬਤਾਂ ਨਾਲ ਜੂਝਦੇ ਰਹਿੰਦੇ ਹਨ। ਵਿਕਾਸ ਨਾਂ ਦੇ ਪੰਛੀ ਨੇ ਇਸ ਖੇਤਰ ਦਾ ਗੇੜਾ ਹੀ ਨਹੀਂ ਮਾਰਿਆ।
ਪਿੰਡਾਂ ਦੀ ਹਾਲਤ ਅਤਿ-ਨਿੱਘਰੀ ਹੋਈ ਹੈ, ਜਿਨ੍ਹਾਂ ਕੋਲ ਵਧੀਆ ਤਾਂ ਕੀ, ਪੱਕੀਆਂ ਸੜਕਾਂ ਵੀ ਨਹੀਂ ਹਨ। ਖੇਤਰ 'ਚ ਮਾਈਨਿੰਗ ਦਾ ਕੰਮ ਧੜੱਲੇ ਨਾਲ (ਪਤਾ ਨਹੀਂ ਜਾਇਜ਼ ਕਿ ਨਾਜਾਇਜ਼) ਚੱਲ ਰਿਹਾ ਹੈ। ਰੇਤਾ ਵਾਲੇ ਟਿੱਪਰਾਂ ਅਤੇ ਟਰਾਲਿਆਂ ਦੇ ਟਾਇਰਾਂ ਨੇ ਖੇਤਰ ਦੇ ਕੱਚੇ ਰਾਹਾਂ ਦੇ ਚੀਥੜੇ ਉਡਾ ਦਿੱਤੇ ਹਨ। ਕਿਸੇ ਵੀ ਵਿਅਕਤੀ ਨਾਲ ਗੱਲ ਕਰੋ ਤਾਂ ਉਸ ਦਾ ਇਹੀ ਕਹਿਣਾ ਹੁੰਦਾ ਹੈ ਕਿ ਸਰਕਾਰ ਨੂੰ ਕਹੋ ਇਥੇ ਸੜਕਾਂ ਤਾਂ ਬਣਵਾ ਦੇਵੇ।
ਮਹਿੰਗਾਈ ਅਤੇ ਬੇਰੋਜ਼ਗਾਰੀ ਵੀ, ਸਹੂਲਤਾਂ ਤੋਂ ਵਾਂਝੇ ਲੋਕਾਂ ਦਾ ਜਿਊਣਾ ਮੁਸ਼ਕਲ ਕਰ ਰਹੀ ਹੈ। ਸਿਹਤ ਅਤੇ ਸਿੱਖਿਆ ਸਬੰਧੀ ਉਲੀਕੇ ਸੁਪਨੇ ਖੇਤਰ ਵਾਸੀਆਂ ਦੀਆਂ ਆਸਾਂ ਅਨੁਸਾਰ ਕਦੇ ਪੂਰੇ ਨਹੀਂ ਹੁੰਦੇ। ਲੋਕ ਸਭਾ ਅਤੇ ਵਿਧਾਨ ਸਭਾ ਦੇ ਪ੍ਰਤੀਨਿਧੀ ਚੁਣਨ ਲਈ ਇਸ ਇਲਾਕੇ ਦੇ ਲੋਕ ਵੀ ਬਾਕੀ ਦੇਸ਼ਵਾਸੀਆਂ ਵਾਂਗ ਵੋਟ ਤਾਂ ਪਾਉਂਦੇ ਹਨ ਪਰ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਕਈ ਦਹਾਕਿਆਂ ਤੋਂ ਉਸੇ ਤਰ੍ਹਾਂ ਮੌਜੂਦ ਹਨ।
ਬਮਿਆਲ ਖੇਤਰ ਦੀ ਤਿੜਕੀ ਹੋਈ ਤਸਵੀਰ ਅਤੇ ਲੋਕਾਂ ਦੀ ਖਸਤਾਹਾਲੀ ਦੇਖਣ/ਸੁਣਨ ਦਾ ਮੌਕਾ ਉਦੋਂ ਮਿਲਿਆ ਜਦੋਂ ਇਥੋਂ ਦੇ ਪਿੰਡ ਢੀਂਡੇ ਵਿਚ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਮੁਹਿੰਮ ਅਧੀਨ 509ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਜਾਣ ਦਾ ਮੌਕਾ ਮਿਲਿਆ। ਇਹ ਸਮੱਗਰੀ ਬਾਲਯੋਗੀ ਸੁੰਦਰਮੁਨੀ ਜੀ ਬੋਰੀ ਵਾਲੇ ਮਹਾਰਾਜ ਦੇ ਆਸ਼ੀਰਵਾਦ ਸਦਕਾ ਭਿਜਵਾਈ ਗਈ ਸੀ। ਰਾਹਤ ਵੰਡ ਆਯੋਜਨ ਮੌਕੇ ਵੱਖ-ਵੱਖ ਪਿੰਡਾਂ ਤੋਂ ਇਕੱਠੇ ਹੋਏ 300 ਪਰਿਵਾਰਾਂ ਨੂੰ ਆਟਾ, ਚਾਵਲ ਅਤੇ ਕੰਬਲ ਮੁਹੱਈਆ ਕਰਵਾਏ ਗਏ।
ਰਾਹਤ ਸਮੱਗਰੀ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਰਾਹਤ ਮੁਹਿੰਮ ਦੇ ਮੁਖੀ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਅਕਸਰ ਸਰਕਾਰਾਂ ਨਜ਼ਰਅੰਦਾਜ਼ ਕਰਦੀਆਂ ਹਨ, ਜਿਸ ਕਾਰਨ ਉਨ੍ਹਾਂ ਤੱਕ ਲੋੜੀਂਦੀਆਂ ਸਹੂਲਤਾਂ ਨਹੀਂ ਪਹੁੰਚ ਸਕਦੀਆਂ। ਉਨ੍ਹਾਂ ਕਿਹਾ ਕਿ ਇਕ ਤਾਂ ਇਨ੍ਹਾਂ ਲੋਕਾਂ ਨੂੰ ਹਾਲਾਤ ਦੀ ਮਾਰ ਪੈਂਦੀ ਹੈ, ਦੂਜਾ ਪਾਕਿਸਤਾਨ ਦਾ ਖਤਰਾ ਹਰ ਵੇਲੇ ਸਿਰ 'ਤੇ ਬਣਿਆ ਰਹਿੰਦਾ ਹੈ ਅਤੇ ਤੀਜਾ ਸਹੂਲਤਾਂ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ।
ਸ਼ਰਮਾ ਨੇ ਕਿਹਾ ਕਿ ਇਨ੍ਹਾਂ ਸੰਕਟ ਮਾਰੇ ਲੋਕਾਂ ਦਾ ਦੁੱਖ-ਦਰਦ ਵੰਡਾਉਣ ਲਈ ਸਾਰੇ ਦੇਸ਼ ਵਾਸੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਵੱਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮਕਸਦ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਪਿਛਲੇ 20 ਸਾਲਾਂ ਤੋਂ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਹਾਲਾਤ ਦੇ ਮਾਰੇ ਲੋਕਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਾਈ ਜਾ ਸਕੇ।
ਲੋੜਵੰਦਾਂ ਦੀ ਸਹਾਇਤਾ ਸਭ ਤੋਂ ਉੱਤਮ ਸੇਵਾ–ਤਰਸੇਮ ਕਟਾਰੀਆ
ਬੋਰੀ ਵਾਲੇ ਮਹਾਰਾਜ ਵੱਲੋਂ ਸਮੱਗਰੀ ਭਿਜਵਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ, ਬਲਾਚੌਰ-ਪੋਜੇਵਾਲ ਤੋਂ 'ਜਗ ਬਾਣੀ' ਦੇ ਪ੍ਰਤੀਨਿਧੀ ਤਰਸੇਮ ਕਟਾਰੀਆ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਕਰਨਾ ਮਨੁੱਖੀ ਜੀਵਨ ਲਈ ਸਭ ਤੋਂ ਉੱਤਮ ਕਾਰਜ ਹੈ। ਸਾਨੂੰ ਅਜਿਹੇ ਯਤਨ ਕਰਨੇ ਚਾਹੀਦੇ ਹਨ ਕਿ ਇਸ ਸੰਸਾਰ 'ਚ ਕੋਈ ਵੀ ਵਿਅਕਤੀ ਭੁੱਖੇ ਪੇਟ ਨਾ ਰਹੇ।
ਕਟਾਰੀਆ ਨੇ ਕਿਹਾ ਕਿ ਬਾਲਯੋਗੀ ਸੁਆਮੀ ਸੁੰਦਰਮੁਨੀ ਜੀ ਬੋਰੀ ਵਾਲੇ ਮਹਾਰਾਜ ਨੇ ਆਪਣਾ ਜੀਵਨ ਹੀ ਵਿਸ਼ਵ ਸ਼ਾਂਤੀ ਅਤੇ ਲੋੜਵੰਦਾਂ ਦੀ ਮਦਦ ਲੇਖੇ ਲਾਇਆ ਹੋਇਆ ਹੈ। ਇਨ੍ਹਾਂ ਯਤਨਾਂ ਅਧੀਨ ਹੀ ਉਨ੍ਹਾਂ ਵੱਲੋਂ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ 'ਚ ਕਈ ਟਰੱਕਾਂ ਦੀ ਸਮੱਗਰੀ ਦਾ ਯੋਗਦਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰਾਂ ਲਈ ਭਵਿੱਖ ਵਿਚ ਹੋਰ ਵੀ ਸਹਾਇਤਾ ਭਿਜਵਾਈ ਜਾਵੇਗੀ।
ਸੀ. ਆਰ. ਪੀ. ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ. ਸੁਲਿੰਦਰ ਸਿੰਘ ਕੰਡੀ ਨੇ ਕਿਹਾ ਕਿ ਸਰਹੱਦੀ ਲੋਕਾਂ ਦੇ ਦੁੱਖਾਂ ਦਾ ਕੋਈ ਅੰਤ ਨਹੀਂ ਹੈ। ਇਸ ਗੱਲ ਦਾ ਅਹਿਸਾਸ ਇਸ ਖੇਤਰ 'ਚ ਵਿਚਰ ਕੇ ਹੀ ਹੁੰਦਾ ਹੈ ਕਿ ਇਥੇ ਰਹਿਣ ਵਾਲੇ ਪਰਿਵਾਰ ਕਿਸ ਤਰ੍ਹਾਂ ਜੀਵਨ ਬਸਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਕਟ ਮਾਰੇ ਪਰਿਵਾਰਾਂ ਦੀ ਮਦਦ ਕਰ ਕੇ ਪੰਜਾਬ ਕੇਸਰੀ ਪਰਿਵਾਰ ਬਹੁਤ ਵੱਡਾ ਕਾਰਜ ਕਰ ਰਿਹਾ ਹੈ।
ਰਾਹਤ ਨਾਲ ਮਿਲਦੈ ਵੱਡਾ ਹੌਸਲਾ–ਗਣੇਸ਼ ਜੀ
ਇਲਾਕੇ ਦੇ ਸਮਾਜ ਸੇਵੀ ਸ਼੍ਰੀ ਗਣੇਸ਼ ਜੀ ਨੇ ਕਿਹਾ ਕਿ ਮੁਸੀਬਤਾਂ ਦਾ ਦਿਨ-ਰਾਤ ਸਾਹਮਣਾ ਕਰਨ ਵਾਲੇ ਸਰਹੱਦੀ ਲੋਕਾਂ ਨੂੰ ਰਾਹਤ-ਮੁਹਿੰਮ ਨਾਲ ਵੀ ਵੱਡਾ ਹੌਸਲਾ ਮਿਲਦਾ ਹੈ। ਇਸ ਨਾਲ ਸਰਕਾਰ ਵੱਲੋਂ ਨਜ਼ਰਅੰਦਾਜ਼ ਕੀਤੇ ਗਏ ਖੇਤਰ 'ਚ ਰਹਿਣ ਵਾਲਿਆਂ ਨੂੰ ਅਹਿਸਾਸ ਹੁੰਦਾ ਹੈ ਕਿ ਸੰਕਟ ਦੇ ਸਮੇਂ 'ਚ ਦੇਸ਼ਵਾਸੀ ਉਨ੍ਹਾਂ ਨਾਲ ਖੜ੍ਹੇ ਹਨ। ਇਸ ਅਤਿ-ਪੱਛੜੇ ਇਲਾਕੇ 'ਚ ਰਹਿਣ ਵਾਲੇ ਅਤੇ ਮਿਹਨਤ-ਮਜ਼ਦੂਰੀ ਆਸਰੇ ਗੁਜ਼ਾਰਾ ਕਰ ਰਹੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਮਦਦ ਪਹੁੰਚਾਈ ਜਾਣੀ ਚਾਹੀਦੀ ਹੈ। ਇਲਾਕੇ ਦੇ ਦੁੱਖ-ਦਰਦ ਦਾ ਜ਼ਿਕਰ ਕਰਦਿਆਂ ਸ. ਅਰਪਣ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਇਲਾਜ ਦੇ ਮਾਮਲੇ 'ਚ ਵੱਡੀ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਤਰ ਵਿਚ ਇਕ ਹੀ ਡਿਸਪੈਂਸਰੀ ਬਮਿਆਲ 'ਚ ਸਥਿਤ ਹੈ, ਜਿਹੜੀ ਸਿਰਫ 2-3 ਘੰਟੇ ਹੀ ਖੁੱਲ੍ਹਦੀ ਹੈ ਅਤੇ ਉਥੋਂ ਵੀ ਸਾਧਾਰਨ ਇਲਾਜ ਹੀ ਸੰਭਵ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਗੰਭੀਰ ਬੀਮਾਰੀ ਜਾਂ ਸੱਟ ਆਦਿ ਲੱਗਣ ਦੀ ਸਥਿਤੀ 'ਚ ਪਠਾਨਕੋਟ ਜਾਂ ਗੁਰਦਾਸਪੁਰ ਜਾਣਾ ਪੈਂਦਾ ਹੈ। ਅਜਿਹੀ ਹਾਲਤ 'ਚ ਕਈ ਲੋਕ ਤਾਂ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਸ ਖੇਤਰ ਲਈ ਵਿਸ਼ੇਸ਼ ਕਦਮ ਚੁੱਕਣੇ ਚਾਹੀਦੇ ਹਨ।
ਇਸ ਮੌਕੇ 'ਤੇ ਬਲਾਚੌਰ ਦੇ ਯੋਗੇਸ਼ ਕਟਾਰੀਆ, ਮੁਕੇਰੀਆਂ ਤੋਂ ਸ. ਜਸਵਿੰਦਰ ਸਿੰਘ ਠੇਕੇਦਾਰ, ਆਰ. ਐੱਸ. ਐੱਸ. ਦੇ ਆਗੂ ਸ਼ਾਮ ਸੁੰਦਰ ਸ਼ਰਮਾ, ਦੀਨਾਨਗਰ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਦੀਪਕ ਕੁਮਾਰ, ਬਮਿਆਲ ਦੇ ਮੁਨੀਸ਼ ਗੁਪਤਾ, ਮਾਂ ਵੈਸ਼ਣੋ ਦੇਵੀ ਕਲੱਬ ਬਮਿਆਲ ਦੇ ਪ੍ਰਧਾਨ ਯਸ਼ਪਾਲ ਵਰਮਾ, ਪਿੰਡ ਕਾਲਵਾਨ ਦੇ ਸਰਪੰਚ ਸੁਮਿਤ ਸ਼ਰਮਾ, ਮੁਨੀਸ਼ ਮਹਾਜਨ ਅਤੇ ਇਲਾਕੇ ਦੇ ਪੰਚ-ਸਰਪੰਚ ਵੀ ਮੌਜੂਦ ਸਨ।