ਜੰਮੂ ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 537ਵੇਂ ਟਰੱਕ ਦੀ ਰਾਹਤ ਸਮੱਗਰੀ

12/03/2019 5:32:27 PM

ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ਨਾਲ ਸਬੰਧਤ ਮੇਂਢਰ ਦਾ ਇਲਾਕਾ ਪਿਛਲੇ 3 ਦਹਾਕਿਆਂ ਤੋਂ ਅੱਤਵਾਦ ਦੀ ਮਾਰ ਸਹਿਣ ਕਰ ਰਿਹਾ ਹੈ। ਅੱਜਕਲ੍ਹ ਇਸ ਖੇਤਰ ਦੇ ਪਿੰਡਾਂ 'ਤੇ ਪਾਕਿਸਤਾਨੀ ਸੈਨਿਕਾਂ ਵੱਲੋਂ ਗੋਲੀਬਾਰੀ ਕੀਤੀ ਜਾ ਰਹੀ ਹੈ। ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਮੇਂਢਰ ਦੀਆਂ ਪਹਾੜੀਆਂ ਗੋਲੀਆਂ ਦੀ ਆਵਾਜ਼ ਨਾਲ ਨਾ ਗੂੰਜਦੀਆਂ ਹੋਣ। ਇਸ ਇਲਾਕੇ ਦੇ ਪਿੰਡਾਂ ਨੇ ਅੱਤਵਾਦ ਅਤੇ ਗੋਲੀਬਾਰੀ ਕਾਰਨ ਵੱਡਾ ਨੁਕਸਾਨ ਝੱਲਿਆ ਹੈ। 

ਪਾਕਿਸਤਾਨ ਨੇ ਜਿੱਥੇ ਇਸ ਖੇਤਰ ਦੇ ਲੋਕਾਂ ਨੂੰ ਡੂੰਘੇ ਜ਼ਖਮ ਲਾਏ ਹਨ, ਉਥੇ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਸੈਂਕੜੇ ਪਰਿਵਾਰਾਂ ਲਈ ਰੋਜ਼ੀ-ਰੋਟੀ ਦਾ ਵੀ ਵੱਡਾ ਸੰਕਟਟ ਬਣ ਗਿਆ ਹੈ। ਸਰਹੱਦ ਦੇ ਐਨ ਇਲਾਕੇ 'ਤੇ ਬੈਠੇ ਅਣਗਿਣਤ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਇਸ ਇਲਾਕੇ ਦੇ ਪ੍ਰਭਾਵਿਤ ਪਰਿਵਾਰਾਂ ਅਤੇ ਸੂਬੇ ਦੇ ਹੋਰ ਖੇਤਰਾਂ ਨਾਲ ਸਬੰਧਤ ਲੋਕਾਂ ਦਾ ਦੁੱਖ-ਦਰਦ ਵੰਡਾਉਣ ਦੇ ਮਕਸਦ ਨਾਲ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ 20 ਸਾਲਾਂ ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੇਵਾ ਦੇ ਇਸ ਕੁੰਭ ਅਧੀਨ ਹੁਣ ਤੱਕ ਕਰੋੜਾਂ ਰੁਪਏ ਦੀ ਸਮੱਗਰੀ ਵੱਖ-ਵੱਖ ਦਾਨੀ ਸ਼ਖਸੀਅਤਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਲੋੜਵੰਦਾਂ ਤੱਕ ਭਿਜਵਾਈ ਜਾ ਚੁੱਕੀ ਹੈ। 

ਇਸ ਰਾਹਤ ਮੁਹਿੰਮ ਅਧੀਨ 537ਵੇਂ ਟਰੱਕ ਦੀ ਰਾਹਤ ਸਮੱਗਰੀ ਪਿਛਲੇ ਦਿਨੀਂ ਮੇਂਢਰ ਤਹਿਸੀਲ ਨਾਲ ਸਬੰਧਤ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਸ਼੍ਰੀ ਸੁਰੇਸ਼ ਕੁਮਾਰ ਧੀਰ (ਰਾਜਾ) ਪ੍ਰਧਾ ਦਾਲ ਬਾਜ਼ਾਰ ਮਰਚੈਂਟ ਐਸੋਸੀਏਸ਼ਨ (ਰਜਿ.) ਲੁਧਿਆਣਾ ਵੱਲੋਂ ਦਿੱਤਾ ਗਿਆ ਹੈ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਸ਼੍ਰੀ ਕੁਲਦੀਪ ਕੁਮਾਰ ਜੈਨ ਨੇ ਵੀ ਵੱਢਮੁੱਲਾ ਸਹਿਯੋਗ ਦਿੱਤਾ। ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ ਸਰਦੀਆਂ ਦੀ ਰੁੱਤ ਨੂੰ ਧਿਆਨ 'ਚ ਰੱਖਦੇ 360 ਰਜਾਈਆਂ ਸ਼ਾਮਲ ਹਨ। ਟਰੱਕ ਰਵਾਨਾ ਕਰਨ ਮੌਕੇ ਲੁਧਿਆਣਾ ਤੋਂ ਰਾਜ ਕੁਮਾਰ ਭੱਲਾ, ਲਲਿਤ ਕੁਮਾਰ ਕੌਂਸਲਰ ਅਨਿਲ ਪਾਰਤੀ ਅਤੇ ਲਾਇਨ ਜੇ. ਬੀ. ਸਿੰਘ ਵੀ ਮੌਜੂਦ ਸਨ। ਮੇਂਢਰ ਦੇ ਪਹਾੜੀ ਖੇਤਰਾਂ 'ਚ ਸਮੱਗਰੀ ਦੀ ਵੰਡ ਲਈ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਰਾਹਤ ਟੀਮ 'ਚ ਜੰਮੂ ਕਸ਼ਮੀਰ ਦੀ ਭਾਜਪਾ ਨੇਤਰੀ ਸ਼੍ਰੀਮਤੀ ਮੁਨੀਰਾ ਬੇਗਮ ਵੀ ਸ਼ਾਮਲ ਸਨ। 


shivani attri

Content Editor

Related News