ਸਰਹੱਦੀ ਖੇਤਰਾਂ ''ਚ ਸੰਕਟ ਦੇ ਬੱਦਲ ਹੋ ਰਹੇ ਨੇ ਗੂੜ੍ਹੇ

10/09/2019 6:16:17 PM

ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)— ਪਾਕਿਸਤਾਨ ਵੱਲੋਂ ਭਾਰਤ ਦੇ ਖਿਲਾਫ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਉਨ੍ਹਾਂ ਕਾਰਨ ਸਰਹੱਦੀ ਖੇਤਰਾਂ 'ਚ ਨਾ ਸਿਰਫ ਸੰਕਟ ਦੇ ਬੱਦਲ ਗੂੜ੍ਹੇ ਹੋ ਰਹੇ ਹਨ ਸਗੋਂ ਪੰਜਾਬ, ਜੰਮੂ-ਕਸ਼ਮੀਰ ਆਦਿ ਨਾਲ ਸਬੰਧਤ ਸਰਹੱਦੀ ਪਿੰਡਾਂ ਦੇ ਲੋਕਾਂ 'ਚ ਡਰ ਅਤੇ ਸਹਿਮ ਦਾ ਮਾਹੌਲ ਵੀ ਬਣ ਰਿਹਾ ਹੈ। ਪਿਛਲੇ ਕੁਝ ਦਿਨਾਂ 'ਚ ਜਿਸ ਤਰ੍ਹਾਂ ਕਠੂਆ ਤੋਂ ਲੈ ਕੇ ਪੁੰਛ ਤੱਕ ਦੀ ਸਰਹੱਦ 'ਤੇ ਪਾਕਿਸਤਾਨੀ ਸੈਨਿਕਾਂ ਵੱਲੋਂ ਅਣਗਿਣਤ ਵਾਰ ਫਾਇਰਿੰਗ ਕੀਤੀ ਗਈ ਹੈ, ਉਸ ਕਾਰਨ ਲੋਕਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਬਣਨੀਆਂ ਸੁਭਾਵਿਕ ਹੀ ਹਨ।

ਗੋਲੀਬਾਰੀ ਤੋਂ ਬਚਾਅ ਲਈ ਭਾਰਤ ਸਰਕਾਰ ਨੇ ਸਰਹੱਦੀ ਪਿੰਡਾਂ ਦੇ ਘਰਾਂ 'ਚ ਕਿਸੇ ਹੱਦ ਤੱਕ ਬੰਕਰਾਂ ਦੀ ਉਸਾਰੀ ਤਾਂ ਕਰਵਾ ਦਿੱਤੀ ਹੈ ਅਤੇ ਖਤਰੇ ਸਮੇਂ ਲੋਕ ਉਨ੍ਹਾਂ ਬੰਕਰਾਂ ਦਾ ਸਹਾਰਾ ਵੀ ਲੈ ਲੈਂਦੇ ਹਨ ਪਰ ਇਸ ਦੇ ਬਾਵਜੂਦ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਪਿਛਲੇ ਇਕ ਹਫਤੇ 'ਚ ਸਰਹੱਦੀ ਕਿਸਾਨਾਂ ਦੇ ਦਰਜਨਾਂ ਪਸ਼ੂ ਗੋਲੀਬਾਰੀ ਕਾਰਨ ਮਾਰੇ ਗਏ ਅਤੇ ਕਈ ਪਿੰਡਾਂ ਦੇ ਮਕਾਨਾਂ ਨੂੰ ਨੁਕਸਾਨ ਪੁੱਜਾ। ਦਰਜਨਾਂ ਪਿੰਡਾਂ 'ਚ ਸਕੂਲ ਬੰਦ ਕਰਨੇ ਪਏ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ।
ਇਸ ਤਰ੍ਹਾਂ ਦੇ ਹਾਲਾਤ ਦੇਖਣ ਅਤੇ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਉਦੋਂ ਮਿਲਿਆ ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਟੀਮ 526ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਜੰਮੂ ਖੇਤਰ ਦੇ ਆਰ. ਐੈੱਸ. ਪੁਰਾ ਸੈਕਟਰ ਨਾਲ ਸਬੰਧਤ ਸਰਹੱਦੀ ਪਿੰਡ ਕਲਿਆਣਾ 'ਚ ਗਈ ਸੀ। ਇਸ ਮੌਕੇ ਵੱਖ-ਵੱਖ ਸਰਹੱਦੀ ਪਿੰਡਾਂ ਤੋਂ ਜੁੜੇ 300 ਪਰਿਵਾਰਾਂ ਨੂੰ ਮਾਨਵ ਭਲਾਈ ਮੰਚ (ਰਜਿ.) ਅਮਲੋਹ ਵੱਲੋਂ ਭਿਜਵਾਈ ਸਮੱਗਰੀ (ਆਟਾ, ਚਾਵਲ, ਦਾਲ, ਖੰਡ, ਨਮਕ, ਸੂਟ ਅਤੇ ਕੰਬਲ) ਵੰਡੀ ਗਈ। ਇਸ ਸਮੱਗਰੀ ਦੀ ਵੰਡ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਮੰਚ ਦੇ ਪ੍ਰਧਾਨ ਸ਼੍ਰੀ ਸੋਮਨਾਥ ਲੁਟਾਵਾ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਸੈਨਿਕਾਂ ਵੱਲੋਂ ਬਿਨਾਂ ਕਾਰਣ ਕੀਤੀ ਜਾਂਦੀ ਗੋਲੀਬਾਰੀ ਦੇ ਨਤੀਜੇ ਵਜੋਂ ਲੋਕਾਂ ਦੇ ਘਰਾਂ 'ਚ ਸੱਥਰ ਵਿਛ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਔਰਤ ਦਾ ਸੁਹਾਗ ਉਜੜ ਰਿਹਾ ਹੈ, ਕਿਸੇ ਮਾਂ-ਬਾਪ ਤੋਂ ਬੇਟਾ ਖੁੱਸ ਗਿਆ ਹੈ ਅਤੇ ਕਿਤੇ ਬੱਚਿਆਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ ਹੈ।

ਸ਼੍ਰੀ ਲੁਟਾਵਾ ਨੇ ਕਿਹਾ ਕਿ ਅਜਿਹੇ ਪੀੜਤ ਪਰਿਵਾਰਾਂ ਦਾ ਦਰਦ ਵੰਡਾਉਣਾ ਮਾਨਵਤਾ ਦੀ ਵੱਡੀ ਸੇਵਾ ਹੈ ਅਤੇ ਇਸ ਖੇਤਰ 'ਚ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਬਹੁਤ ਵੱਡਾ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਉਹ ਵੀ ਵਿਜੇ ਜੀ ਤੋਂ ਪ੍ਰੇਰਨਾ ਲੈ ਕੇ ਇਸ ਰਸਤੇ 'ਤੇ ਤੁਰੇ ਹਨ ਅਤੇ ਆਪਣੇ ਇਲਾਕੇ 'ਚ ਲੋੜਵੰਦਾਂ ਦੀ ਸੇਵਾ ਕਰਨ ਤੋਂ ਇਲਾਵਾ ਇਸ ਰਾਹਤ ਮੁਹਿੰਮ ਵਿਚ ਵੀ 10 ਟਰੱਕਾਂ ਦਾ ਯੋਗਦਾਨ ਦੇ ਚੁੱਕੇ ਹਨ। ਸ਼੍ਰੀ ਸੋਮਨਾਥ ਨੇ ਕਿਹਾ ਕਿ ਉਹ ਭਵਿੱਖ 'ਚ ਵੀ ਸਰਹੱਦੀ ਪਰਿਵਾਰਾਂ ਦੀ ਸੇਵਾ-ਸਹਾਇਤਾ ਲਈ ਯਤਨਸ਼ੀਲ ਰਹਿਣਗੇ।
ਬਲਾਚੌਰ ਤੋਂ 'ਜਗ ਬਾਣੀ' ਦੇ ਪ੍ਰਤੀਨਿਧੀ ਤਰਸੇਮ ਕਟਾਰੀਆ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਦਿਨ ਉਨ੍ਹਾਂ ਦੀ ਕਾਲੀ ਰਾਤ ਦਾ ਅੰਤ ਜ਼ਰੂਰ ਹੋਵੇਗਾ ਅਤੇ ਉਨ੍ਹਾਂ ਦੇ ਜੀਵਨ 'ਚ ਸ਼ਾਂਤੀ ਅਤੇ ਖੁਸ਼ਹਾਲੀ ਦਾ ਚਾਨਣ ਪੱਸਰ ਜਾਵੇਗਾ। ਮਾਨਵ ਭਲਾਈ ਮੰਚ ਅਮਲੋਹ ਦੀਆਂ ਸੇਵਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਮੰਚ ਵੱਲੋਂ ਸਥਾਨਕ ਪੱਧਰ 'ਤੇ ਹਰ ਮਹੀਨੇ 100 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ, ਲੋੜਵੰਦ ਲੜਕੀਆਂ ਦੇ ਵਿਆਹ ਕਰਵਾਏ ਜਾਂਦੇ ਹਨ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਵੀ ਸਮੱਗਰੀ ਭਿਜਵਾਈ ਜਾ ਰਹੀ ਹੈ।

PunjabKesari

ਬਿਨਾਂ ਭੇਦਭਾਵ ਤੋਂ ਵੰਡੀ ਜਾ ਰਹੀ ਹੈ ਸਮੱਗਰੀ: ਵਰਿੰਦਰ ਸ਼ਰਮਾ
ਰਾਹਤ ਟੀਮ ਦੇ ਆਗੂ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ 20 ਸਾਲਾਂ ਤੋਂ ਚਲਾਈ ਜਾ ਰਹੀ ਇਸ ਮੁਹਿੰਮ ਦੌਰਾਨ ਬਿਨਾਂ ਕਿਸੇ ਭੇਦਭਾਵ ਤੋਂ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇਸ ਮੁਹਿੰਮ ਦਾ ਕਿਸੇ ਵੀ ਸਿਆਸੀ ਪਾਰਟੀ ਜਾਂ ਨੇਤਾ ਨਾਲ ਕੋਈ ਸਬੰਧ ਨਹੀਂ, ਉਥੇ ਇਸ 'ਚ ਕਿਸੇ ਵਿਸ਼ੇਸ਼ ਵਰਗ, ਇਲਾਕੇ ਨੂੰ ਧਿਆਨ 'ਚ ਰੱਖੇ ਬਿਨਾਂ ਹਰ ਜਗ੍ਹਾ ਅਤੇ ਹਰ ਧਰਮ ਨਾਲ ਸਬੰਧਤ ਲੋੜਵੰਦਾਂ ਨੂੰ ਸਹਾਇਤਾ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਪੂਰੀ ਤਰ੍ਹਾਂ ਪਾਰਦਰਸ਼ਤਾ 'ਤੇ ਆਧਾਰਤ ਹੈ।
ਸ਼ਰਮਾ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕ ਇਕ ਪਾਸੇ ਅੱਤਵਾਦ ਅਤੇ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਦੇ ਨਾਲ ਦੀ ਗਰੀਬੀ, ਮਹਿੰਗਾਈ, ਬੇਰੋਜ਼ਗਾਰੀ ਅਤੇ ਆਰਥਕ ਮੰਦਹਾਲੀ ਨਾਲ ਜੂਝ ਰਹੇ ਹਨ। ਇਸ ਸਭ ਦੇ ਬਾਵਜੂਦ ਉਹ ਸਰਹੱਦੀ ਖੇਤਰਾਂ 'ਚ ਡਟ ਕੇ ਬੈਠੇ ਹਨ ਅਤੇ ਦੇਸ਼ ਦੇ ਰਖਵਾਲਿਆਂ ਦੀ ਭੂਮਿਕਾ ਨਿਭਾਅ ਰਹੇ ਹਨ। ਸਾਰੇ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਸੰਕਟ ਭੋਗ ਰਹੇ ਇਨ੍ਹਾਂ ਪਰਿਵਾਰਾਂ ਦੀ ਮਦਦ ਲਈ ਚਲਾਈ ਜਾ ਰਹੀ ਮੁਹਿੰਮ 'ਚ ਵਧ-ਚੜ੍ਹ ਕੇ ਯੋਗਦਾਨ ਦੇਣ। ਜ਼ਿਲਾ ਜੰਮੂ ਭਾਜਪਾ ਦੇ ਪ੍ਰਧਾਨ ਸ਼੍ਰੀ ਬ੍ਰਜੇਸ਼ਵਰ ਰਾਣਾ ਨੇ 'ਪੰਜਾਬ ਕੇਸਰੀ' ਪੱਤਰ ਸਮੂਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪਰਿਵਾਰ ਨੇ ਜਿੱਥੇ ਖੁਦ ਅੱਤਵਾਦ ਵਿਰੁੱਧ ਲੜਾਈ ਲੜਦਿਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ, ਉਥੇ ਦੇਸ਼ ਭਰ ਦੇ ਅੱਤਵਾਦ ਪੀੜਤਾਂ ਦੀ ਮਦਦ ਵੀ ਕੀਤੀ ਅਤੇ ਉਨ੍ਹਾਂ ਨੂੰ ਕਰੋੜਾਂ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ। ਉਨ੍ਹਾਂ ਕਿਹਾ ਕਿ ਰਾਹਤ ਸਮੱਗਰੀ ਭਿਜਵਾ ਕੇ ਜਿਸ ਤਰ੍ਹਾਂ ਪ੍ਰਭਾਵਿਤ ਪਰਿਵਾਰਾਂ ਦੇ ਸਿਰ 'ਤੇ ਹੱਥ ਰੱਖਿਆ ਹੈ, ਇਹ ਵੀ ਸੇਵਾ ਦਾ ਮਹਾਨ ਕਾਰਜ ਹੈ।

ਖੇਤੀ ਕਾਰਜ ਹੋ ਰਹੇ ਨੇ ਪ੍ਰਭਾਵਿਤ: ਸਰਬਜੀਤ ਜੌਹਲ
ਰਾਮਗੜ੍ਹ ਪਿੰਡ ਨਾਲ ਸਬੰਧਤ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ ਨੇ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਵੱਲੋਂ ਰੋਜ਼ਾਨਾ ਫਾਇਰਿੰਗ ਕੀਤੀ ਜਾ ਰਹੀ ਹੈ, ਉਸ ਨਾਲ ਸਰਹੱਦੀ ਪਿੰਡਾਂ 'ਚ ਖੇਤੀ ਕਾਰਜ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਹਨ। ਕਿਸਾਨਾਂ ਲਈ ਆਪਣੀਆਂ ਜ਼ਮੀਨਾਂ 'ਚ ਜਾ ਕੇ ਫਸਲਾਂ ਦਾ ਪਾਲਣ-ਪੋਸ਼ਣ ਮੁਸ਼ਕਲ ਹੋ ਗਿਆ ਹੈ, ਜਿਸ ਦਾ ਅਸਰ ਉਤਪਾਦਨ 'ਤੇ ਪੈ ਸਕਦਾ ਹੈ। ਸ. ਜੌਹਲ ਨੇ ਕਿਹਾ ਕਿ ਕਈ ਵਾਰ ਤਾਂ ਕਿਸਾਨ ਆਪਣੇ ਪਸ਼ੂਆਂ ਲਈ ਖੇਤਾਂ 'ਚੋਂ ਚਾਰਾ ਵੀ ਨਹੀਂ ਲਿਆ ਸਕਦੇ, ਜਿਸ ਕਾਰਨ ਪਸ਼ੂਆਂ ਨੂੰ ਲੋੜੀਂਦੀ ਖੁਰਾਕ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਸਰਹੱਦੀ ਕਿਸਾਨਾਂ ਲਈ ਸਰਕਾਰ ਨੂੰ ਵਿਸ਼ੇਸ਼ ਨੀਤੀ ਬਣਾ ਕੇ ਉਨ੍ਹਾਂ ਨੂੰ ਆਰਥਕ ਸਹਾਇਤਾ ਮੁਹੱਈਆ ਕਰਵਾਉਣੀ ਚਾਹੀਦੀ ਹੈ।
ਹਲਕੇ ਦੇ ਸਾਬਕਾ ਵਿਧਾਇਕ ਪ੍ਰੋ. ਘਾਰੂ ਰਾਮ ਨੇ ਰਾਹਤ ਸਮੱਗਰੀ ਵੰਡੇ ਜਾਣ ਦੇ ਮੌਕੇ 'ਤੇ ਪੰਜਾਬ ਕੇਸਰੀ ਪੱਤਰ ਸਮੂਹ ਅਤੇ ਸਮੂਹ ਦਾਨੀ ਸ਼ਖਸੀਅਤਾਂ, ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਰਾਹਤ ਮੁਹਿੰਮ ਪ੍ਰਭਾਵਿਤ ਪਰਿਵਾਰਾਂ ਲਈ ਸਿਰਫ ਸਹਾਇਤਾ-ਯਤਨ ਹੀ ਨਹੀਂ ਸਗੋਂ ਇਕ ਭਰੋਸੇ ਦਾ ਪ੍ਰਗਟਾਵਾ ਹੈ। ਇਸ ਤੋਂ ਇਹ ਸੁਨੇਹਾ ਮਿਲਦਾ ਹੈ ਕਿ ਮੁਸ਼ਕਲ ਹਾਲਾਤ 'ਚ ਸਾਰਾ ਦੇਸ਼ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸੈਂਕੜੇ ਟਰੱਕਾਂ ਦੀ ਸਮੱਗਰੀ ਭਿਜਵਾਉਣਾ ਕੋਈ ਆਸਾਨ ਕਾਰਜ ਨਹੀਂ, ਇਹ ਇਕ ਬਹੁਤ ਵੱਡੀ ਯੋਜਨਾਬੱਧ ਮੁਹਿੰਮ ਹੈ। ਇਸ ਮੌਕੇ 'ਤੇ ਭਾਜਪਾ ਦੇ ਬਲਾਕ ਪ੍ਰਧਾਨ ਨੱਥਾ ਰਾਮ, ਅਸ਼ੋਕ ਸ਼ਰਮਾ, ਸੂਰਤ ਸਿੰਘ ਚਾੜਕ, ਜਲੰਧਰ ਤੋਂ ਸ਼੍ਰੀ ਰਾਜੇਸ਼ ਭਗਤ, ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ, ਆਰ. ਐੈੱਸ. ਪੁਰਾ ਤੋਂ ਮੁਕੇਸ਼ ਰੈਣਾ, ਮਾਨਵ ਭਲਾਈ ਮੰਚ ਦੇ ਮਾਸਟਰ ਮਨੋਹਰ ਲਾਲ ਵਰਮਾ, ਮਨਦੀਪ ਅੱਤਰੀ, ਵਿਨੋਦ ਸ਼ਰਮਾ ਅਤੇ ਕਈ ਪਿੰਡਾਂ ਦੇ ਪੰਚ-ਸਰਪੰਚ ਵੀ ਮੌਜੂਦ ਸਨ।


shivani attri

Content Editor

Related News