ਮੌਤ ਦੀ ਬੁੱਕਲ ''ਚ ਰਹਿ ਕੇ ਜੀਵਨ ਤਲਾਸ਼ਦੇ ਲੋਕ

Monday, Jul 08, 2019 - 06:38 PM (IST)

ਮੌਤ ਦੀ ਬੁੱਕਲ ''ਚ ਰਹਿ ਕੇ ਜੀਵਨ ਤਲਾਸ਼ਦੇ ਲੋਕ

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਨਾਲ ਸਬੰਧਤ ਕੁਝ ਪਿੰਡਾਂ ਦੀ ਭੂਗੋਲਿਕ ਸਥਿਤੀ ਅਜਿਹੀ ਹੈ, ਜਿਵੇਂ ਉਹ ਮੌਤ ਦੀ ਵਲਗਣ 'ਚ ਵੱਸੇ ਹੋਣ। ਕੁਝ ਪਿੰਡ ਦੋ ਪਾਸਿਆਂ ਤੋਂ ਅਤੇ ਕੁਝ ਤਿੰਨ ਪਾਸਿਆਂ ਤੋਂ ਪਾਕਿਸਤਾਨ ਦੀ ਸਰਹੱਦ ਵਿਚ ਘਿਰੇ ਹੋਏ ਹਨ। ਇਹ ਸਾਰਾ ਪਹਾੜੀ ਇਲਾਕਾ ਹੈ ਅਤੇ ਨਕਸ਼ਾ ਕੁਝ ਅਜਿਹਾ ਹੈ, ਜਿਸ 'ਚ ਭਾਰਤੀ ਪਿੰਡ ਨੀਵੇਂ ਥਾਵਾਂ 'ਤੇ ਹਨ, ਜਦੋਂਕਿ ਪਾਕਿਸਤਾਨ ਵੱਲ ਉੱਚੀਆਂ ਪਹਾੜੀਆਂ ਹਨ। ਪਹਾੜੀਆਂ ਅਤੇ ਰੁੱਖਾਂ 'ਚ ਘਿਰੇ ਇਸ ਇਲਾਕੇ 'ਤੇ ਪਾਕਿਸਤਾਨੀ ਸੈਨਿਕਾਂ ਵੱਲੋਂ ਬਿਨਾਂ ਨਾਗਾ ਫਾਇਰਿੰਗ ਕੀਤੀ ਜਾਂਦੀ ਹੈ। ਇਸ ਗੋਲੀਬਾਰੀ ਨੇ ਕਈ ਲੋਕਾਂ ਦੀ ਜਾਨ ਲੈ ਲਈ ਅਤੇ ਕਈ ਹੋਰ ਜ਼ਖਮੀ ਹੋ ਗਏ।

ਪਾਕਿਸਤਾਨੀ ਸਰਹੱਦ ਵੱਲੋਂ ਘੁਸਪੈਠ ਕਰਨ ਲਈ ਅੱਤਵਾਦੀ ਵੀ ਇਸ ਇਲਾਕੇ ਨੂੰ ਆਪਣੇ ਰਸਤੇ ਵਜੋਂ ਇਸਤੇਮਾਲ ਕਰਦੇ ਹਨ। ਪਹਾੜੀ ਖੇਤਰ 'ਚ ਤਾਰ-ਵਾੜ ਬਹੁਤੀ ਅਸਰਦਾਰ ਨਹੀਂ ਹੈ। ਕਈ ਜਗ੍ਹਾ ਤਾਂ ਇਹ ਤਾਰ-ਵਾੜ ਸਰਹੱਦ ਤੋਂ 2 ਕਿਲੋਮੀਟਰ ਪਿੱਛੇ ਲਗਾਈ ਗਈ ਹੈ ਅਤੇ ਇਸ ਦੇ ਅੰਦਰ ਵੀ ਕੁਝ ਭਾਰਤੀ ਪਿੰਡ ਹਨ, ਜਿਹੜੇ ਹਰ ਵੇਲੇ ਖਤਰੇ 'ਚ ਘਿਰੇ ਰਹਿੰਦੇ ਹਨ। ਇਥੋਂ ਦੇ ਨਾਗਰਿਕਾਂ ਨੂੰ ਆਪਣੀ ਜੀਵਨ ਗੱਡੀ ਚਲਾਉਣ ਲਈ ਭਾਰੀ ਖਤਰਿਆਂ 'ਚ ਹੀ ਰੋਜ਼ੀ-ਰੋਟੀ ਕਮਾਉਣ ਲਈ ਕੰਮ-ਕਾਰ ਕਰਨੇ ਪੈਂਦੇ ਹਨ। ਇਕ ਪਾਸੇ ਮੌਤ ਦਾ ਖੌਫ ਅਤੇ ਦੂਜੇ ਪਾਸੇ ਪੇਟ ਦੀ ਭੁੱਖ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਹਰ ਘੜੀ ਸਖਤ ਸੰਘਰਸ਼ ਕਰਨਾ ਪੈਂਦਾ ਹੈ। 

ਮੌਤ ਦੀ ਬੁੱਕਲ 'ਚ ਰਹਿ ਕੇ ਜੀਵਨ ਤਲਾਸ਼ਦੇ ਇਨ੍ਹਾਂ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੇ ਹਾਲਾਤ ਜਾਣਨ ਦਾ ਮੌਕਾ ਪਿਛਲੇ ਦਿਨੀਂ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਟੀਮ 517ਵੇਂ ਟਰੱਕ ਦੀ ਰਾਹਤ ਸਮੱਗਰੀ ਲੈ ਕੇ ਉਪਰੋਕਤ ਇਲਾਕੇ ਦੇ ਪਿੰਡ ਸੇਰੀ 'ਚ ਪੁੱਜੀ ਸੀ। ਇਹ ਸਮੱਗਰੀ ਪੰਜਾਬ ਤੋਂ ਪਿੰਡੋਰੀ ਧਾਮ (ਗੁਰਦਾਸਪੁਰ) ਦੇ ਪੀਠਾਧੀਸ਼ਵਰ ਮਹੰਤ ਰਘੁਬੀਰ ਦਾਸ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ ਭਿਜਵਾਈ ਗਈ ਸੀ। ਪਿੰਡ ਸੇਰੀ 'ਚ ਵੱਖ-ਵੱਖ ਸਰਹੱਦੀ ਪਿੰਡਾਂ ਨਾਲ ਸਬੰਧਤ 300 ਪਰਿਵਾਰਾਂ ਨੂੰ ਆਟਾ, ਚਾਵਲ, ਕੰਬਲ, ਕੱਪੜੇ ਅਤੇ ਨਮਕ ਦੀ ਵੰਡ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਇਲਾਕੇ ਦੇ ਪ੍ਰਮੁੱਖ ਸਮਾਜ ਸੇਵੀ ਅਤੇ ਭਜਵਾਲ (ਸੁੰਦਰਬਨੀ) ਦੇ ਸਰਪੰਚ ਅਰੁਣ ਸ਼ਰਮਾ ਸੂਦਨ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਤੇ ਹਰ ਵੇਲੇ ਮੁਸੀਬਤਾਂ ਦੇ ਪਹਾੜ ਟੁੱਟਦੇ ਰਹਿੰਦੇ ਹਨ। ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਇਥੇ ਰਹਿਣ ਵਾਲਿਆਂ ਦੀ ਹੋਣੀ ਬਣ ਗਈ ਹੈ। ਅਜਿਹੇ ਹਾਲਾਤ 'ਚ ਲੋਕਾਂ ਨੂੰ ਆਪਣੇ ਕੰਮ-ਧੰਦੇ ਕਰਨ 'ਚ ਵੀ ਭਾਰੀ ਮੁਸ਼ਕਲ ਆਉਂਦੀ ਹੈ ਅਤੇ ਹਰ ਵੇਲੇ ਖਤਰਿਆਂ ਦਾ ਸਾਹਮਣਾ ਕਰਦੇ ਹਨ। 
ਸ਼ਰਮਾ ਨੇ ਕਿਹਾ ਕਿ ਪਹਾੜੀ ਖੇਤਰ 'ਚ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਹੈ। ਦੂਰ-ਦੁਰਾਡੇ ਸਥਿਤ ਪਿੰਡਾਂ ਤੱਕ ਲੋਕਾਂ ਨੂੰ ਤੁਰ ਕੇ ਜਾਣਾ  ਪੈਂਦਾ ਹੈ। ਕਈ ਵਾਰ ਤਾਂ ਪਹਾੜੀ ਪਗਡੰਡੀਆਂ ਤੋਂ ਲੰਘਣ ਵੇਲੇ ਮਾੜਾ ਜਿਹਾ ਪੈਰ ਤਿਲਕਣ ਨਾਲ ਲੱਤ-ਬਾਂਹ ਟੁੱਟ ਜਾਂਦੀ ਹੈ। ਇਨ੍ਹਾਂ ਇਲਾਕਿਆਂ 'ਚ ਬਿਜਲੀ ਦੀ ਹਾਲਤ ਬੜੀ ਤਰਸਯੋਗ ਹੈ ਅਤੇ ਸਿੱਖਿਆ ਜਾਂ ਸਿਹਤ ਸਹੂਲਤਾਂ ਦੇ ਪ੍ਰਬੰਧ ਵੀ ਤਸੱਲੀਬਖਸ਼ ਨਹੀਂ। ਉਨ੍ਹਾਂ ਕਿਹਾ ਕਿ ਇਸ ਆਯੋਜਨ 'ਚ ਜਿਹੜੇ ਲੋਕ ਰਾਸ਼ਨ-ਕੰਬਲ ਵਗੈਰਾ ਲੈਣ ਆਏ ਹਨ, ਉਨ੍ਹਾਂ ਨੂੰ ਕਈ ਕਿਲੋਮੀਟਰ ਪੈਦਲ ਤੁਰਨਾ ਪਿਆ ਹੈ। ਇਨ੍ਹਾਂ ਦੀ ਜ਼ਰੂਰਤ ਇੰਨੀ ਵੱਡੀ ਹੈ ਕਿ ਉਸ ਦੇ ਮੁਕਾਬਲੇ ਤੁਰਨ ਦੀ ਥਕਾਵਟ ਕੁਝ ਵੀ ਨਹੀਂ। 

PunjabKesari

ਕਦੋਂ ਹੋਵੇਗਾ ਕਾਲੀ ਰਾਤ ਦਾ ਅੰਤ: ਵਰਿੰਦਰ ਸ਼ਰਮਾ
ਰਾਹਤ ਟੀਮ ਦੇ ਆਗੂ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਪੀੜਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦ ਕੰਢੇ ਵੱਸਦੇ ਲੋਕ ਖਤਰਿਆਂ ਭਰੀ ਜਿਸ ਭਿਆਨਕ ਕਾਲੀ ਰਾਤ ਵਿਚ ਜੀਵਨ ਬਸਰ ਕਰ ਰਹੇ ਹਨ, ਉਸ ਦਾ ਅੰਤ ਕਦੋਂ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤਕ ਪਾਕਿਸਤਾਨ ਨੂੰ ਸੁਮੱਤ ਨਹੀਂ ਆ ਜਾਂਦੀ, ਉਦੋਂ ਤੱਕ ਇਹ ਪਰਿਵਾਰ ਸੁੱਖ-ਚੈਨ ਦੀ ਜ਼ਿੰਦਗੀ ਨਹੀਂ ਗੁਜ਼ਾਰ ਸਕਦੇ। ਅੱਤਵਾਦ ਅਤੇ ਗੋਲੀਬਾਰੀ ਦੀ ਮਾਰ ਸਹਿਣ ਕਰ ਰਹੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਦੀ ਚਿੰਤਾ ਵੀ ਹੁੰਦੀ ਹੈ ਅਤੇ ਪੇਟ ਪਾਲਣ ਲਈ ਵੀ ਭੱਜ-ਦੌੜ ਕਰਨੀ ਪੈਂਦੀ ਹੈ। 
ਸ਼ਰਮਾ ਨੇ ਇਸ ਗੱਲ 'ਤੇ ਅਫਸੋਸ ਜ਼ਾਹਰ ਕੀਤਾ ਕਿ ਜੰਮੂ-ਕਸ਼ਮੀਰ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ, ਕਈ ਦਹਾਕਿਆਂ ਤੋਂ ਸੰਤਾਪ ਹੰਢਾ ਰਹੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਕੋਈ ਵਿਸ਼ੇਸ਼ ਨੀਤੀ ਅਮਲ ਵਿਚ ਨਹੀਂ ਲਿਆ ਸਕੀ। ਜਿਸ ਬਹਾਦਰੀ ਨਾਲ ਇਹ ਲੋਕ ਸਰਹੱਦਾਂ ਕੰਢੇ ਡਟੇ ਬੈਠੇ ਹਨ, ਉਸ ਦਾ ਮੁੱਲ ਸਿਰਫ 'ਪੰਜਾਬ ਕੇਸਰੀ' ਪੱਤਰ ਸਮੂਹ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਹੀ ਪਾਇਆ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਕਰੋੜਾਂ ਰੁਪਏ ਦੀ ਸਮੱਗਰੀ ਭਿਜਵਾਈ ਹੈ। 
ਇਲਾਕੇ ਦੇ ਰਿਟਾਇਰਡ ਆਰਮੀ ਕੈਪਟਨ ਬਲਵੰਤ ਰਾਜ ਨੇ ਕਿਹਾ ਕਿ ਸਰਹੱਦੀ ਲੋਕ ਵੀ ਇਕ ਤਰ੍ਹਾਂ ਨਾਲ ਦੇਸ਼ ਦੀ ਲੜਾਈ ਲੜ ਰਹੇ ਹਨ, ਇਸ ਕਰ ਕੇ ਇਨ੍ਹਾਂ ਲਈ ਵਿਸ਼ੇਸ਼ ਫੰਡ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਇਨ੍ਹਾਂ ਦਾ ਚੁੱਲ੍ਹਾ ਬਿਨਾਂ ਰੁਕਾਵਟ ਬਲਦਾ ਰਹਿ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਬੱਚਿਆਂ ਲਈ ਮੁਫਤ ਵਿੱਦਿਆ ਦਾ ਪ੍ਰਬੰਧ ਹੋਵੇ ਅਤੇ ਸਾਰੇ ਪਰਿਵਾਰਾਂ ਨੂੰ ਮੁਫਤ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। 

ਲੋੜਵੰਦਾਂ ਦੀ ਮਦਦ ਕਰਨਾ ਪਵਿੱਤਰ ਕਾਰਜ: ਕੁਲਦੀਪ ਭੁੱਲਰ
ਇਸ ਮੌਕੇ ਫਿਰੋਜ਼ਪੁਰ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਕੁਲਦੀਪ ਭੁੱਲਰ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਕੇਸਰੀ ਪਰਿਵਾਰ ਸਰਹੱਦੀ ਖੇਤਰਾਂ ਦੇ ਲੋੜਵੰਦਾਂ ਲਈ ਸਹਾਇਤਾ ਸਮੱਗਰੀ ਭਿਜਵਾ ਰਿਹਾ ਹੈ, ਇਹ ਇਕ ਪਵਿੱਤਰ ਕਾਰਜ ਹੈ। ਅੱਜ ਵੀ ਹਜ਼ਾਰਾਂ ਪਰਿਵਾਰ ਅਜਿਹੇ ਹਨ, ਜਿਹੜੇ ਇਸ ਗੱਲ ਦੀ ਉਡੀਕ ਕਰ ਰਹੇ ਹਨ ਕਿ ਕੋਈ ਉਨ੍ਹਾਂ ਦਾ ਦੁੱਖ-ਦਰਦ ਸੁਣਨ ਅਤੇ ਵੰਡਾਉਣ ਲਈ ਬਹੁੜੇ। ਉਨ੍ਹਾਂ ਕਿਹਾ ਕਿ ਦਾਨੀ ਸ਼ਖਸੀਅਤਾਂ ਅਤੇ ਸੰਸਥਾਵਾਂ ਨੂੰ ਪ੍ਰਭਾਵਿਤ ਪਰਿਵਾਰਾਂ ਲਈ ਵੱਧ ਤੋਂ ਵੱਧ ਰਾਹਤ ਸਮੱਗਰੀ ਭਿਜਵਾਉਣ ਲਈ ਇਸ ਮੁਹਿੰਮ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। 

ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਨੌਸ਼ਹਿਰਾ ਸੈਕਟਰ ਦੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ ਲਈ ਪੰਜਾਬ ਤੋਂ ਰਾਹਤ ਸਮੱਗਰੀ ਪਹੁੰਚੀ ਹੈ। ਇਹ ਲੋਕ ਅਕਸਰ ਨਜ਼ਰਅੰਦਾਜ਼ ਹੀ ਰਹਿੰਦੇ ਹਨ ਅਤੇ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਰਹੱਦੀ ਖੇਤਰਾਂ ਦੀ ਭਲਾਈ ਲਈ ਵਿਸ਼ੇਸ਼ ਨੀਤੀ ਬਣਾਉਣੀ ਚਾਹੀਦੀ ਹੈ। 
ਇਸ ਮੌਕੇ 'ਤੇ ਸਰਪੰਚ ਡਿੰਪਲ ਸ਼ਰਮਾ, ਰਮੇਸ਼ ਕੁਮਾਰ, ਸਰਪੰਚ ਨੀਨਾ ਸ਼ਰਮਾ, ਬਲਦੇਵ ਸ਼ਰਮਾ, ਸ਼੍ਰੀਮਤੀ ਕੁਲਦੀਪ ਭੁੱਲਰ, ਆਸਥਾ ਸ਼ੋਰੀ, ਮੁਨੀਸ਼ ਸ਼ੋਰੀ, ਨੇਹਾ ਸ਼ਰਮਾ, ਨਿਤਿਨ ਸਚਦੇਵਾ, ਰਾਹੁਲ ਸ਼ਰਮਾ, ਉਜਾਲਾ ਸ਼ਰਮਾ, ਸੁੰਦਰਬਨੀ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਰਜਿੰਦਰ ਰੈਣਾ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਰਾਹਤ ਸਮੱਗਰੀ ਪ੍ਰਾਪਤ ਕਰਨ ਵਾਲੇ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰ ਧਲਾਟ, ਮੰਗਲਾ ਦੇਵੀ, ਦੱਬੜ, ਸੇਰੀ, ਸਿਹਾਲ, ਗੰਗਿਓਟ ਆਦਿ ਪਿੰਡਾਂ ਨਾਲ ਸਬੰਧਤ ਸਨ।


author

shivani attri

Content Editor

Related News