ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 510ਵੇਂ ਟਰੱਕ ਦੀ ਰਾਹਤ ਸਮੱਗਰੀ

05/21/2019 6:11:23 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਵੱਲੋਂ ਪਿਛਲੇ ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਘਿਨਾਉਣੀਆਂ ਕਾਰਵਾਈਆਂ ਕਾਰਨ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਅਣਗਿਣਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਘਰਾਂ ਦੇ ਚਿਰਾਗ ਅਤੇ ਕਮਾਊ ਪੁੱਤ ਅੱਤਵਾਦ ਦੀ ਹਨੇਰੀ ਨੇ ਖਾ ਲਏ ਹਨ, ਜਦੋਂਕਿ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਵੀ ਕਈ ਔਰਤਾਂ ਦੇ ਸੁਹਾਗ ਉਜਾੜ ਦਿੱਤੇ।
ਸਰਹੱਦੀ ਖੇਤਰਾਂ 'ਚ ਲੱਗੀਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਅਤੇ ਖਤਰਿਆਂ ਕਾਰਨ ਵੀ ਬਹੁਤ ਸਾਰੇ ਪਰਿਵਾਰਾਂ ਦੇ ਕੰਮ-ਧੰਦੇ ਠੱਪ ਹੋ ਗਏ ਜਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ। ਇਸ ਸਥਿਤੀ 'ਚ ਕਿਸਾਨਾਂ ਲਈ ਤਾਂ ਬਹੁਤ ਮੁਸ਼ਕਲ ਹਾਲਾਤ ਬਣੇ ਹੋਏ ਹਨ ਅਤੇ ਉਨ੍ਹਾਂ ਲਈ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਣਾ ਔਖਾ ਹੋ ਰਿਹਾ ਹੈ।ਇਨ੍ਹਾਂ ਪੀੜਤ ਪਰਿਵਾਰਾਂ ਦਾ ਦੁੱਖ-ਦਰਦ ਪਛਾਣਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 'ਚ ਇਕ ਵਿਸ਼ੇਸ਼ ਰਾਹਤ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਅਧੀਨ ਹੁਣ ਤੱਕ ਸੈਂਕੜੇ ਟਰੱਕਾਂ ਦੀ ਸਮੱਗਰੀ ਪ੍ਰਭਾਵਿਤ ਖੇਤਰਾਂ 'ਚ ਪਹੁੰਚਾਈ ਜਾ ਚੁੱਕੀ ਹੈ। ਇਸ ਮੁਹਿੰਮ ਅਧੀਨ 510ਵੇਂ ਟਰੱਕ ਦੀ ਸਮੱਗਰੀ ਬੀਤੇ ਦਿਨੀਂ ਆਰ. ਐੱਸ. ਪੁਰਾ ਸੈਕਟਰ ਦੇ ਸਰਹੱਦੀ ਪਿੰਡਾਂ ਲਈ ਭਿਜਵਾਈ ਗਈ ਸੀ।
ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਗਊ ਸੇਵਾ ਮਿਸ਼ਨ ਦੇ ਕੌਮੀ ਪ੍ਰਧਾਨ ਪਰਮ-ਪੂਜਨੀਕ ਸੁਆਮੀ ਕ੍ਰਿਸ਼ਨਾਨੰਦ ਜੀ ਮਹਾਰਾਜ ਭੂਰੀਵਾਲਿਆਂ ਵੱਲੋਂ ਬੀਨੇਵਾਲ (ਹੁਸ਼ਿਆਰਪੁਰ) ਤੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਪ੍ਰੇਰਨਾ ਸ੍ਰੋਤ ਬਣੇ ਬਲਾਚੌਰ-ਪੋਜੇਵਾਲ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਸ਼੍ਰੀ ਤਰਸੇਮ ਕਟਾਰੀਆ। ਇਸ ਵਿਚ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸ਼੍ਰੀ ਲਲਿਤ ਮੋਹਨ ਪਾਠਕ, ਠੇਕੇਦਾਰ ਸੁਭਾਸ਼ ਪੰਡੋਰੀ ਪ੍ਰਧਾਨ ਗਊ ਰੱਖਿਆ ਦਲ ਅਤੇ ਪੰਜਾਬ ਕੇਸਰੀ ਦਫਤਰ ਨਵਾਂਸ਼ਹਿਰ ਦੇ ਇੰਚਾਰਜ ਸੁਰਿੰਦਰ ਤ੍ਰਿਪਾਠੀ ਨੇ ਵੀ ਅਹਿਮ ਯੋਗਦਾਨ ਪਾਇਆ।
ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 10 ਕਿੱਲੋ ਚਾਵਲ, ਇਕ ਕੰਬਲ, ਇਕ ਕਿੱਲੋ ਦਾਲ ਅਤੇ ਦੋ ਟਿੱਕੀਆਂ ਸਾਬਣ ਸ਼ਾਮਲ ਸੀ। ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਬਲਾਚੌਰ ਦੇ ਤਰਸੇਮ ਕਟਾਰੀਆ, ਸੁਭਾਸ਼ ਪੰਡੋਰੀ, ਦਿੱਲੀ ਤੋਂ ਸੁਪਰੀਮ ਕੋਰਟ ਦੇ ਵਕੀਲ ਅਤੇ ਸਮਾਜ ਸੇਵੀ ਵਿਮਲ ਵਧਾਵਨ, ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ, ਆਰ. ਐੱਸ. ਪੁਰਾ ਦੇ ਪ੍ਰਤੀਨਿਧੀ ਮੁਕੇਸ਼, ਮੈਡਮ ਡੌਲੀ ਹਾਂਡਾ, ਕਮਲੇਸ਼ ਤੁਲੀ ਅਤੇ ਵੀਨਾ ਸ਼ਰਮਾ ਵੀ ਸ਼ਾਮਲ ਸਨ।


shivani attri

Content Editor

Related News