ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ 494ਵੇਂ ਟਰੱਕ ਦੀ ਰਾਹਤ ਸਮੱਗਰੀ

01/30/2019 11:43:58 AM

ਜਲੰਧਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ 'ਤੇ ਹਰ ਵੇਲੇ ਸੰਕਟ ਦੇ ਬੱਦਲ ਮੰਡਰਾਉਂਦੇ ਰਹਿੰਦੇ ਹਨ। ਜਦੋਂ ਵੀ ਪਾਕਿਸਤਾਨ ਵੱਲੋਂ ਅੱਤਵਾਦੀਆਂ ਦੀ ਘੁਸਪੈਠ ਹੁੰਦੀ ਹੈ ਤਾਂ ਸਰਹੱਦ ਕੰਢੇ ਵਸੇ ਲੋਕ ਅਕਸਰ ਉਨ੍ਹਾਂ ਦਾ ਨਿਸ਼ਾਨਾ ਬਣ ਜਾਂਦੇ ਹਨ। ਸਰਹੱਦ ਪਾਰ ਤੋਂ ਕੀਤੀ ਜਾਣ ਵਾਲੀ ਫਾਇਰਿੰਗ ਵੀ ਇਨ੍ਹਾਂ ਪਰਿਵਾਰਾਂ ਦੇ ਜਾਨੀ-ਮਾਲੀ ਨੁਕਸਾਨ ਦਾ ਕਾਰਨ ਬਣਦੀ ਹੈ। ਪਿਛਲੇ ਸਾਲਾਂ 'ਚ ਇਸ ਦੋਹਰੀ ਮਾਰ ਨਾਲ ਅਣਗਿਣਤ ਪਰਿਵਾਰਾਂ ਦਾ ਸਿੱਧੇ ਤੌਰ 'ਤੇ ਨੁਕਸਾਨ ਹੋਇਆ ਹੈ। ਲੱਖਾਂ ਹੋਰ ਲੋਕ ਅਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਹਨ, ਜਿਨ੍ਹਾਂ ਨੂੰ ਆਪਣੇ ਘਰ-ਬਾਹਰ ਛੱਡ ਕੇ ਪਲਾਇਨ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ।

ਇਹ ਗੱਲ ਮੀਡੀਆ 'ਚ ਬਹੁਤ ਵਾਰ ਉਠਾਈ ਗਈ ਕਿ ਸਰਹੱਦੀ ਖੇਤਰਾਂ 'ਚੋਂ ਉਜੜਣ ਵਾਲੇ ਪਰਿਵਾਰਾਂ ਲਈ ਸਰਕਾਰਾਂ ਕੋਲ ਨਾ ਕੋਈ ਸਪਸ਼ਟ ਨੀਤੀ ਹੈ ਅਤੇ ਨਾ ਹੀ ਕੋਈ ਅਜਿਹਾ ਫਾਰਮੂਲਾ ਹੈ, ਜਿਸ ਅਧੀਨ ਇਨ੍ਹਾਂ ਦੇ ਮੁੜ-ਵਸੇਬੇ ਅਤੇ ਨੁਕਸਾਨ ਦੀ ਪੂਰਤੀ ਲਈ ਅਮਲੀ ਤੌਰ 'ਤੇ ਕੁਝ ਕੀਤਾ ਜਾ ਸਕੇ। ਅਜਿਹੇ ਬੇਬਸ, ਲਾਚਾਰ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਪਿਛਲੇ 20 ਸਾਲਾਂ ਤੋਂ ਚਲਾਈ ਜਾ ਰਹੀ ਹੈ।

ਇਸ ਮੁਹਿੰਮ ਅਧੀਨ ਪਿਛਲੇ ਦਿਨੀਂ 494ਵੇਂ ਟਰੱਕ ਦੀ ਰਾਹਤ ਸਮੱਗਰੀ ਸਾਂਬਾ ਸੈਕਟਰ ਨਾਲ ਸਬੰਧਤ ਪਿੰਡਾਂ ਦੇ ਲੋੜਵੰਦ ਅਤੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਸਲਾਹਕਾਰ ਸ਼੍ਰੀ ਕਰੁਣ ਕੌੜਾ ਵੱਲੋਂ ਦਿੱਤਾ ਗਿਆ ਸੀ। ਪਦਮ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ ਕੜਾਕੇ ਦੀ ਠੰਡ ਨੂੰ ਧਿਆਨ 'ਚ ਰੱਖਦਿਆਂ 250 ਰਜਾਈਆਂ ਸ਼ਾਮਲ ਸਨ।

ਪ੍ਰਭਾਵਿਤ ਖੇਤਰਾਂ 'ਚ ਸਮੱਗਰੀ ਦੀ ਵੰਡ ਲਈ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿੱਲ ਦੀ ਅਗਵਾਈ ਹੇਠ ਜਾਣ ਵਾਲੀ ਟੀਮ 'ਚ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ, ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਸ਼੍ਰੀ ਅਵਨੀਸ਼ ਅਰੋੜਾ, ਲੁਧਿਆਣਾ ਤੋਂ ਹਰਦਿਆਲ ਸਿੰਘ ਅਮਨ, ਜਨਹਿਤ ਵੈੱਲਫੇਅਰ ਸੋਸਾਇਟੀ ਪੰਜਾਬ ਦੀ ਚੇਅਰਪਰਸਨ ਸ਼੍ਰੀਮਤੀ ਡੌਲੀ ਹਾਂਡਾ, ਜੰਮੂ ਦੇ ਸਮਾਜ ਸੇਵੀ ਸ਼੍ਰੀਮਤੀ ਸੁਰਜੀਤ ਕੌਰ, ਮੈਡਮ ਸ਼ਵੇਤਾ, ਸਰਬਜੀਤ ਕੌਰ, ਰਾਜੇਸ਼ ਮਹਾਜਨ, ਸ਼੍ਰੀਮਤੀ ਵੀਨਾ ਮਹਾਜਨ ਅਤੇ ਪੰਜਾਬ ਕੇਸਰੀ ਦੇ ਕ੍ਰਿਸ਼ਨ ਭਨੋਟ ਵੀ ਸ਼ਾਮਲ ਸਨ।


shivani attri

Content Editor

Related News