ਸੰਕਟ ਦੇ ਚੱਕਰਵਿਊ 'ਚ ਉਲਝ ਗਏ ਸਰਹੱਦੀ ਖੇਤਰਾਂ ਦੇ ਲੋਕ

05/13/2020 1:47:51 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਨਾਲ ਲੱਗਦੀ ਸਰਹੱਦ ਕੰਢੇ ਸਥਿਤ ਭਾਰਤੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਦੀ ਹਾਲਤ ਇਨੀਂ ਦਿਨੀਂ ਬੇਹੱਦ ਤਰਸਯੋਗ ਅਤੇ ਦੁੱਖਦਾਈ ਬਣ ਗਈ ਹੈ। ਇਹ ਪਰਿਵਾਰ ਲਈ ਕਈ ਸਾਲਾਂ ਤੋਂ ਅੱਤਵਾਦ ਅਤੇ ਪਾਕਿਸਤਾਨੀ ਸੈਨਿਕਾਂ ਵੱਲੋਂ ਕੀਤੀ ਗਈ ਗੋਲੀਬਾਰੀ ਦੀ ਮਾਰ ਸਹਿਣ ਕਰਦੇ ਆ ਰਹੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਜਾਨੀ ਨੁਕਸਾਨ ਦੇ ਨਾਲ-ਨਾਲ ਰੋਜ਼ੀ-ਰੋਟੀ ਦਾ ਸੰਕਟ ਵੀ ਸਹਿਣ ਕਰਨਾ ਪਿਆ ਹੈ। ਜਿਹੜੇ ਪਿੰਡ ਸਰਹੱਦ ਦੇ ਐਨ ਕੰਢੇ ਸਥਿਤ ਹਨ, ਉਨ੍ਹਾਂ ਲਈ ਤਾਂ ਹਰ ਵੇਲੇ ਇਸ ਗੱਲ ਦਾ ਖੌਫ ਬਣਿਆ ਰਹਿੰਦਾ ਹੈ ਕਿ ਪਤਾ ਨਹੀਂ ਕਿਸ ਘੜੀ ਉਨ੍ਹਾਂ ਨੂੰ ਆਪਣੇ ਆਲ੍ਹਣੇ ਛੱਡ ਕੇ ਜਾਨਾਂ ਬਚਾਉਣ ਲਈ ਦੌੜਨਾ ਪਵੇ। ਜਦੋਂ ਵੀ ਪਾਕਿਸਤਾਨੀ ਸੈਨਿਕਾਂ ਵੱਲੋਂ ਬਿਨਾਂ ਕਾਰਨ ਗੋਲੀਬਾਰੀ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਲੋਕਾਂ ਦੀ ਜਾਨ ਮੁੱਠੀ 'ਚ ਆ ਜਾਂਦੀ ਹੈ। ਜੰਮੂ-ਕਸ਼ਮੀਰ ਨਾਲ ਸਬੰਧਤ ਪੁੰਛ, ਰਾਜੌਰੀ, ਸੁੰਦਰਬਨੀ, ਨੌਸ਼ਹਿਰਾ, ਆਰ. ਐੱਸ. ਪੁਰਾ, ਅਰਨੀਆ, ਹੀਰਾ ਨਗਰ ਅਤੇ ਕਈ ਇਲਾਕਿਆਂ ਨੂੰ ਪਿਛਲੇ ਸਾਲਾਂ 'ਚ ਹਜ਼ਾਰਾਂ ਵਾਰ ਗੋਲੀਬਾਰੀ ਦੀ ਮਾਰ ਸਹਿਣੀ ਪਈ ਹੈ। ਇਨ੍ਹਾਂ ਗੋਲੀਆਂ ਦੇ ਨਿਸ਼ਾਨ ਬਹੁਤ ਸਾਰੇ ਪਿੰਡ ਦੀਆਂ ਕੰਧਾਂ ਤੋਂ ਅੱਜ ਵੀ ਦੇਖੇ ਜਾ ਸਕਦੇ ਹਨ।

ਵਿਸ਼ਵ ਭਰ 'ਚ ਪੱਸਰੇ ਕੋਰੋਨਾ ਦੇ ਖੌਫ ਅਤੇ ਉਸ ਤੋਂ ਬਚਾਅ ਲਈ ਦੇਸ਼ 'ਚ ਲਾਗੂ ਕੀਤੇ ਗਏ ਕਰਫਿਊ ਕਾਰਨ ਸਰਹੱਦੀ ਪਰਿਵਾਰਾਂ ਦੀਆਂ ਮੁਸ਼ਕਿਲਾਂ ਅਤਿ-ਦੁੱਖਦਾਈ ਰੂਪ ਧਾਰਨ ਕਰ ਗਈਆਂ ਹਨ। ਉਹ ਸੰਕਟ ਦੇ ਚੱਕਰਵਿਊ 'ਚ ਇਸ ਤਰ੍ਹਾਂ ਉਲਝ ਗਏ ਹਨ, ਜਿੱਥੋਂ ਨਿਕਲਣ ਲਈ ਉਨ੍ਹਾਂ ਨੂੰ ਕੋਈ ਰਾਹ ਦਿਖਾਈ ਨਹੀਂ ਦੇ ਰਿਹਾ। ਦਹਿਸ਼ਤ ਦੇ ਪਰਛਾਵੇਂ ਹੇਠ ਜੀਅ ਰਹੇ ਲੋਕਾਂ ਦੀ ਚਿੰਤਾ ਆਪਣੇ ਪਰਿਵਾਰਾਂ ਦਾ ਪੇਟ ਪਾਲਣ 'ਤੇ ਕੇਂਦਰਤ ਹੋ ਗਈ ਹੈ। ਅਰਨੀਆ ਨੇੜਲੇ ਪਿੰਡ ਤਰੇੜਾ 'ਚ ਅਜਿਹੇ ਮੁਸੀਬਤ ਮਾਰੇ ਲੋਕਾਂ ਦਾ ਦੁੱਖ ਦਰਦ ਵੰਡਾਉਣ ਲਈ 565ਵੇਂ ਟਰੱਕ ਦੀ ਰਾਹਤ ਸਮੱਗਰੀ ਘਰ-ਘਰ ਦਾ ਕੇ ਵੰਡੀ ਗਈ ਸੀ। ਇਹ ਸਮੱਗਰੀ ਕਰਫਿਊ ਤੋਂ ਕਾਫੀ ਦਿਨ ਪਹਿਲਾਂ ਫਿਰੋਜ਼ਪੁਰ ਭਾਈ ਤੋਂ ਸ਼੍ਰੀ ਰਾਕੇਸ਼ ਕੁਮਾਰ ਗੁਪਤਾ, ਕੇਸ਼ਵ ਨਾਰਾਇਣ ਗੁਪਤਾ ਦੇ ਪਰਿਵਾਰ ਅਤੇ ਹੋਰ ਸ਼ਹਿਰੀਆਂ ਵੱਲੋਂ ਭਿਜਵਾਈ ਗਈ।

ਸਮੱਗਰੀ ਵੰਡੇ ਜਾਣ ਮੌਕੇ 'ਤੇ ਮਹਿਲਾ ਸਰਪੰਚ ਬਲਬੀਰ ਕੌਰ ਨੇ ਪਿੰਡ ਤਰੇੜਾ ਅਤੇ ਲੋਕਾਂ ਦੀ ਹਾਲਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਥੋਂ ਦੇ ਪਰਿਵਾਰ ਕਈ ਸਾਲਾਂ ਤੋਂ ਪਾਕਿਸਤਾਨੀ ਗੋਲੀਬਾਰੀ ਦਾ ਸੰਤਾਪ ਹੰਢਾ ਰਹੇ ਹਨ। ਉਹ ਕਦੇ ਵੀ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਅਤੇ ਨਾ ਹੀ ਦੋ ਵਕਤ ਦੀ ਰੋਟੀ ਤੋਂ ਕਦੇ ਨਿਸ਼ਚਿੰਤ ਹੋ ਸਕੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਅਤੇ ਕਰਫਿਊ ਸਰਹੱਦੀ ਪਰਿਵਾਰਾਂ ਦੇ ਜ਼ਖਮਾਂ 'ਤੇ ਮਿਰਚਾਂ ਛਿੜਕਣ ਦਾ ਕੰਮ ਕਰ ਰਿਹਾ ਹੈ। ਪਿੰਡ ਦੇ ਲੋਕ ਆਪਣੇ ਘਰਾਂ 'ਚ ਕੈਦ ਹੋ ਕੇ ਰਹਿ ਗਏ ਹਨ, ਜਿਹੜੇ ਕਿਸੇ ਵੀ ਦੁੱਖ, ਭੁੱਖ ਜਾਂ ਰੋਗ ਦੀ ਸਥਿਤੀ 'ਚ ਲਾਲਾਰਗੀ ਦੀਆਂ ਸਿਸਕੀਆਂ ਭਰਨ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। ਬਲਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਬਲਬੂਤੇ 'ਤੇ ਮੋਢਿਆਂ 'ਤੇ ਪੰਪ ਚੁੱਕ ਕੇ ਪਹਿਲਾਂ ਪਿੰਡ 'ਚ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਅਤੇ ਫਿਰ ਪੰਜਾਬ ਕੇਸਰੀ ਸਮੂਹ ਦੇ ਯਤਨਾਂ ਅਧੀਨ ਭਿਜਵਾਇਆ ਗਿਆ ਰਾਸ਼ਨ ਲੋਕਾਂ ਦੇ ਘਰ-ਘਰ ਜਾ ਕੇ ਵੰਡਿਆ। ਉਨ੍ਹਾਂ ਅਪੀਲ ਕੀਤੀ ਕਿ ਪਿੰਡ ਲਈ ਹੋਰ ਰਾਸ਼ਨ ਸਮੱਗਰੀ ਭਿਜਵਾਈ ਜਾਣੀ ਚਾਹੀਦੀ ਹੈ।

PunjabKesari

ਸਰਹੱਦੀ ਲੋਕਾਂ ਦੇ ਦੁੱਖਾਂ ਦਾ ਕੋਈ ਅੰਤ ਨਹੀਂ: ਸ਼ਬੀਰ ਖਾਨ
ਜੰਮੂ-ਕਸ਼ਮੀਰ ਪੁਲਸ ਦੇ ਡੀ. ਐੱਸ. ਪੀ. ਜਨਾਸ਼ ਸ਼ਬੀਰ ਖਾਨ ਨੇ ਲੋਕਾਂ ਨੂੰ ਘਰ-ਘਰ ਰਾਸ਼ਨ ਵੰਡੇ ਜਾਣ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ ਦੇ ਦੁੱਖਾਂ ਦਾ ਕੋਈ ਅੰਤ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮੌਤ ਦੇ ਸਾਏ ਹੇਠ ਜੀਵਨ ਗੁਜ਼ਾਰ ਰਹੇ ਲੋਕਾਂ ਲਈ ਕੋਰੋਨਾ ਇਕ ਕਹਿਰ ਬਣ ਕੇ ਡਿੱਗਾ ਹੈ। ਲੋਕਾਂ ਦੇ ਕੰਮ-ਧੰਦੇ ਸਭ ਠੱਪ ਹੋ ਗਏ ਹਨ ਅਤੇ ਜੀਵਨ-ਗੱਡੀ ਨੂੰ ਬਰੇਕਾਂ ਲੱਗ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸਰਹੱਦੀ ਲੋਕ ਮਿਹਨਤ-ਮੁਸ਼ੱਕਤ ਕਰਕੇ ਰੁੱਖੀ-ਸੁੱਕੀ ਦਾ ਪ੍ਰਬੰਧ ਕਰ ਲੈਂਦੇ ਸਨ ਪਰ ਕਰਫਿਊ ਦੌਰਾਨ ਤਾਂ ਦੋ-ਵਕਤ ਚੁੱਲ੍ਹਾ ਬਾਲਣਾ ਵੀ ਔਖਾ ਹੋ ਗਿਆ ਹੈ। ਡੀ. ਐੱਸ. ਪੀ. ਖਾਨ ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿਮ ਦਾ ਸਰਹੱਦੀ ਪਰਿਵਾਰਾਂ ਨੂੰ ਬਹੁਤ ਵੱਡਾ ਆਸਰਾ ਹੈ ਅਤੇ ਇਨ੍ਹਾਂ ਯਤਨਾਂ ਅਧੀਨ ਹੀ ਤਰੇਵਾ ਪਿੰਡ ਨਾਲ ਸਬੰਧਤ 300 ਪਰਿਵਾਰਾਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਘੋਰ ਸੰਕਟ ਵਾਲੇ ਸਮੇਂ 'ਚ ਹੋਰ ਸੰਸਥਾਵਾਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

ਸਾਬਕਾ ਚੇਅਰਮੈਨ ਸ. ਗੁਰਿੰਦਰ ਜੀਤ ਸਿੰਘ ਕਾਹਲੋਂ ਨੇ ਸਮੱਗਰੀ ਭਿਜਵਾਉਣ ਲਈ ਪੰਜਾਬ ਕੇਸਰੀ ਪਰਿਵਾਰ ਦੇ ਸ੍ਰੀ ਵਿਜੇ ਕੁਮਾਰ ਚੋਪੜਾ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਇਲਾਕੇ ਦੇ ਲੋਕ ਹਰ ਵੇਲੇ ਖਤਰਿਆਂ ਦਾ ਸਾਹਮਣਾ ਕਰਦੇ ਰਹਿੰਦੇ ਹਨ। ਅਤੀਤ 'ਚ ਉਹ ਬਹੁਤ ਨੁਕਸਾਨ ਸਹਿਣ ਕਰ ਚੁੱਕੇ ਹਨ ਪਰ ਅਜੇ ਵੀ ਉਨ੍ਹਾਂ ਦੇ ਬੁਰੇ ਸਮੇਂ ਦਾ ਅੰਤ ਨਹੀਂ ਹੋ ਰਿਹਾ। ਕਿਸਾਨਾਂ ਲਈ ਖੇਤਾਂ 'ਚ ਹਲ ਚਲਾਉਣਾ ਔਖਾ ਹੋ ਗਿਆ ਹੈ ਅਤੇ ਦਿਹਾੜੀ-ਮਜ਼ਦੂਰੀ ਕਰਨ ਵਾਲਿਆਂ ਨੂੰ ਪੇਟ ਭਰਨ ਲਈ ਵੀ ਕੰਮ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਰਹੱਦੀ ਪਰਿਵਾਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ।

ਪਾਕਿਸਤਾਨ ਨਿਹੱਥੇ ਲੋਕਾਂ 'ਤੇ ਗੋਲੀਬਾਰੀ ਕਰਦਾ ਹੈ: ਅਮਿਤ ਕੁਮਾਰ
ਪਿੰਡ ਵਾਲਿਆਂ ਨੂੰ ਰਾਹਤ ਸਮੱਗਰੀ ਵੰਡਣ 'ਚ ਵਿਸ਼ੇਸ਼ ਸਹਿਯੋਗ ਕਰ ਰਹੇ ਬੀ. ਐੱਸ. ਐੱਫ. ਦੇਕੰਪਨੀ ਕਮਾਂਡਰ ਸ੍ਰੀ ਅਮਿਤ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਬੁਜ਼ਦਿਲਾਂ ਵਾਲੀਆਂ ਕਾਰਵਾਈਆਂ ਕਰਕੇ ਭਾਰਤ ਦੇ ਨਿਹੱਥੇ ਲੋਕਾਂ 'ਤੇ ਗੋਲੀਬਾਰੀ ਕਰਦਾ ਰਹਿੰਦਾ ਹੈ। ਪਾਕਿਸਤਾਨ ਦੀਆਂ ਅਜਿਹੀਆਂ ਘਟੀਆ ਹਰਕਤਾਂ ਕਾਰਨ ਸਰਹੱਦੀ ਲੋਕਾਂ ਨੂੰ ਬਹੁਤ ਨੁਕਸਾਨ ਸਹਿਣ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਦੁੱਖ-ਭੁੱਖ ਦੇ ਸਤਾਏ ਹੋਏ ਲੋਕਾਂ ਲਈ ਸਮੱਗਰੀ ਭਿਜਵਾ ਕੇ ਪੰਜਾਬ ਵਾਸੀ ਜੋ ਪੁੰਨ ਦਾ ਕਾਰਜ ਕਰ ਰਹੇ ਹਨ, ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਇਸ ਮੌਕੇ 'ਤੇ ਪਿੰਡ ਦੇ ਨੰਬਰਦਾਰ ਜਤਿੰਦਰ ਪਾਲ ਸਿੰਘ, ਅਰਨੀਆ ਦੇ ਸਮਾਜ ਸੇਵੀ ਬਸੰਤ ਸੈਣੀ, ਬਲਵੰਤ ਕੁਮਾਰ , ਜੱਸ ਬੁੱਧਾ ਅਰਨੀਆ, ਆਰ. ਐੱਸ. ਪੁਰਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਮੁਕੇਸ਼ ਰੈਣਾ, ਬਿਸ਼ਨਾਹ ਤੋਂ ਪ੍ਰਵੀਨ ਕਾਟਲ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ।


shivani attri

Content Editor

Related News