ਪਾਕਿਸਤਾਨੀ ਗੋਲੀਬਾਰੀ ਕਾਰਣ ਉੱਜੜ ਗਏ ਧਰਾਟੀ ਅਤੇ ਡੱਬੀ

12/05/2019 2:53:48 PM

ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਗੋਲੀਬਾਰੀ ਕਾਰਨ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸਰਹੱਦੀ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਜਿਹੜਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ, ਉਸ ਦੀ ਪੂਰਤੀ ਸ਼ਾਇਦ ਕਦੇ ਨਹੀਂ ਹੋ ਸਕਦੀ। ਹੀਰਾ ਨਗਰ ਸੈਕਟਰ, ਆਰ. ਐੈੱਸ. ਪੁਰਾ, ਅਖਨੂਰ, ਰਾਜੌਰੀ ਅਤੇ ਪੁੰਛ ਤਾਂ ਅਜਿਹੇ ਖੇਤਰ ਹਨ, ਜਿਨ੍ਹਾਂ 'ਚ ਫਾਇਰਿੰਗ ਕਾਰਣ ਸਭ ਤੋਂ ਵੱਧ ਤਬਾਹੀ ਹੋਈ ਹੈ। ਪੁੰਛ ਜ਼ਿਲੇ ਦੀ ਤਹਿਸੀਲ ਮੇਂਢਰ 'ਚ ਸਥਿਤ ਦੋ ਪਿੰਡ ਧਰਾਟੀ ਅਤੇ ਡੱਬੀ ਕਿਸੇ ਵੇਲੇ ਰੌਣਕ ਭਰੇ ਅਤੇ ਹੱਸਦੇ-ਵੱਸਦੇ ਸਨ, ਜਿੱਥੇ ਰਹਿਣ ਵਾਲੇ ਲੋਕ ਮਿਹਨਤ-ਮਜ਼ਦੂਰੀ ਕਰ ਕੇ ਆਪਣਾ ਪੇਟ ਪਾਲਦੇ ਅਤੇ ਆਪਣੇ ਹੀ ਰੰਗ ਵਿਚ ਰੰਗੇ ਹੁੰਦੇ  ਸਨ। ਪਹਾੜੀ ਇਲਾਕਾ ਹੋਣ ਕਰਕੇ ਇਨ੍ਹਾਂ ਪਿੰਡਾਂ ਦੀ ਸਥਿਤੀ ਕੁਝ ਅਜਿਹੀ ਹੈ ਕਿ ਇਹ ਪਾਕਿਸਤਾਨੀ ਬੰਦੂਕਾਂ ਦੇ ਮੂੰਹ ਅੱਗੇ ਸਥਿਤ ਹਨ। ਪਾਕਿਸਤਾਨ ਨੇ ਵੀ ਇਨ੍ਹਾਂ ਪਿੰਡਾਂ ਨੂੰ ਬਰਬਾਦ ਕਰਨ 'ਚ ਕੋਈ ਕਸਰ ਨਹੀਂ ਛੱਡੀ ਅਤੇ ਆਖਰਕਾਰ ਇਥੋਂ ਦੇ ਲੋਕਾਂ ਨੂੰ ਜਾਨ ਬਚਾਉਣ ਲਈ ਸੁਰੱਖਿਅਤ ਟਿਕਾਣਿਆਂ ਦੀ ਭਾਲ ਵਿਚ ਦੌੜਣਾ ਪਿਆ। ਅੱਜ ਇਨ੍ਹਾਂ ਦੋਹਾਂ ਪਿੰਡਾਂ ਦੇ ਬਹੁਤੇ ਘਰ ਉੱਜੜ ਗਏ ਹਨ ਅਤੇ ਉਥੇ ਸਿਰਫ 5-7 ਫੀਸਦੀ ਲੋਕ ਹੀ ਰਹਿ ਗਏ ਹਨ। ਜਿਹੜੇ ਲੋਕ ਬਾਕੀ ਬਚੇ ਹਨ, ਉਹ ਸਿਰਫ ਆਪਣੇ ਘਰਾਂ ਅਤੇ ਸਾਮਾਨ ਦੀ ਰਖਵਾਲੀ ਲਈ ਹੀ ਦਹਿਸ਼ਤ ਦੇ ਪ੍ਰਛਾਵਿਆਂ ਹੇਠ ਡੇਰਾ ਲਾਈ ਬੈਠੇ ਹਨ, ਜਦੋਂਕਿ ਉਨ੍ਹਾਂ ਦੇ ਕੰਮ-ਧੰਦੇ ਤਾਂ ਪੂਰੀ ਤਰ੍ਹਾਂ ਠੱਪ ਹੋ ਗਏ ਹਨ।

ਪਿਛਲੇ ਦਿਨੀਂ ਮੇਂਢਰ ਤਹਿਸੀਲ ਦੇ ਬਾਲਾਕੋਟ ਇਲਾਕੇ 'ਚ ਸਥਿਤ ਪਿੰਡ ਬਸੂਨੀ ਵਿਖੇ 537ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਗਏ ਤਾਂ ਇਸ ਖੇਤਰ ਦੇ ਹਾਲਾਤ ਨੂੰ ਨੇੜਿਓਂ ਦੇਖਣ ਅਤੇ ਸਮਝਣ ਦਾ ਮੌਕਾ ਮਿਲਿਆ। ਇਸ ਟਰੱਕ ਦੀ ਰਾਹਤ ਸਮੱਗਰੀ ਸ਼੍ਰੀ ਸੁਰੇਸ਼ ਕੁਮਾਰ ਧੀਰ (ਰਾਜਾ) ਪ੍ਰਧਾਨ ਦਾਲ ਬਾਜ਼ਾਰ ਮਰਚੈਂਟਸ ਐਸੋਸੀਏਸ਼ਨ (ਰਜਿ.) ਲੁਧਿਆਣਾ ਦੇ ਉੱਦਮ ਸਦਕਾ ਭਿਜਵਾਈ ਗਈ ਸੀ। ਬਸੂਨੀ ਵਿਖੇ ਹੋਏ ਰਾਹਤ ਵੰਡ ਆਯੋਜਨ ਦੌਰਾਨ ਮੇਂਢਰ ਦੇ ਭਾਜਪਾ ਨੇਤਾ ਸ਼੍ਰੀ ਜ਼ੁਲਿਫਕਾਰ ਪਠਾਣ ਦੇ ਪ੍ਰਬੰਧਾਂ ਅਧੀਨ ਵੱਖ-ਵੱਖ ਪਿੰਡਾਂ ਤੋਂ ਆਏ 360 ਪਰਿਵਾਰਾਂ ਨੂੰ ਰਜਾਈਆਂ ਦੀ ਵੰਡ ਕੀਤੀ ਗਈ। ਬਾਰਸ਼ ਅਤੇ ਜ਼ਮੀਨ 'ਤੇ ਚਿੱਕੜ ਕਾਰਨ ਇਨ੍ਹਾਂ ਲੋਕਾਂ ਨੂੰ ਖੜ੍ਹੇ ਰਹਿ ਕੇ ਹੀ ਸਮੱਗਰੀ ਮਿਲਣ ਦਾ ਇੰਤਜ਼ਾਰ ਕਰਨਾ ਪਿਆ।

ਸਮੱਗਰੀ ਲੈਣ ਲਈ ਜੁੜੇ ਪਰਿਵਾਰਾਂ ਨੂੰ ਸੰਬੋਧਨ ਕਰਦੇ ਸ਼੍ਰੀ ਜ਼ੁਲਿਫਕਾਰ ਪਠਾਣ ਨੇ ਕਿਹਾ ਕਿ ਮੇਂਢਰ ਇਲਾਕੇ ਦੇ ਲੋਕ ਦਿਨ-ਰਾਤ ਗੋਲੀਆਂ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਵੀ ਰੁਕ-ਰੁਕ ਕੇ ਗੋਲੀਆਂ ਦੀ ਆਵਾਜ਼ ਆ ਰਹੀ ਸੀ ਅਤੇ ਜੇ ਇਹ ਫਾਇਰਿੰਗ ਵਧ ਜਾਂਦੀ ਤਾਂ ਸ਼ਾਇਦ ਸਮੱਗਰੀ ਵੰਡ ਸਕਣ 'ਚ ਰੁਕਾਵਟ ਬਣ ਜਾਂਦੀ। ਇਸ ਇਲਾਕੇ ਦੇ ਲੋਕਾਂ ਦੀ ਤਕਦੀਰ ਅਜਿਹੀ ਹੈ ਕਿ ਇਕ ਪਾਸੇ ਉਹ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਅਤੇ ਘੋਰ ਗਰੀਬੀ ਦਾ ਸਾਹਮਣਾ ਕਰ ਰਹੇ ਹਨ, ਜਦੋਂਕਿ ਦੂਜੇ ਪਾਸੇ ਪਾਕਿਸਤਾਨ ਵਾਰ-ਵਾਰ ਇਨ੍ਹਾਂ ਪਿੰਡਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ।

ਸ਼੍ਰੀ ਪਠਾਣ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਸਰਕਾਰ ਜਾਂ ਕੇਂਦਰ ਵਲੋਂ ਇਸ ਇਲਾਕੇ ਦੇ ਮਸਲੇ ਹੱਲ ਕਰਨ ਲਈ ਕੋਈ ਤਵੱਜੋਂ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਗੋਲੀਬਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਕੋਈ ਸਹੂਲਤ ਮਿਲਦੀ ਹੈ। ਉਨ੍ਹਾਂ ਕਿਹਾ ਕਿ ਗੋਲੀਬਾਰੀ ਕਾਰਣ ਲੋਕਾਂ ਦੇ ਕੰਮ-ਧੰਦੇ ਅਤੇ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਇਥੋਂ ਤਕ ਕਿ ਲੋਕ ਆਪਣੀ ਇੱਛਾ ਅਨੁਸਾਰ ਖੁਸ਼ੀਆਂ-ਗਮੀਆਂ 'ਚ ਸ਼ਾਮਲ ਵੀ ਨਹੀਂ ਹੋ ਸਕਦੇ।
ਭਾਜਪਾ ਨੇਤਾ ਨੇ ਕਿਹਾ ਕਿ ਪਹਾੜੀ ਖੇਤਰਾਂ ਦੇ ਪਿੰਡਾਂ 'ਚ ਆਉਣ- ਜਾਣ ਲਈ ਸੜਕਾਂ ਨਹੀਂ ਹਨ। ਬਿਜਲੀ ਸਪਲਾਈ ਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਦਿਨ ਵਿਚ ਕਿੰਨਾ ਸਮਾਂ ਆਵੇਗੀ। ਸਿਹਤ-ਸਹੂਲਤਾਂ ਤਾਂ ਇਨ੍ਹਾਂ ਇਲਾਕਿਆਂ ਤੱਕ ਪੁੱਜਦੀਆਂ ਹੀ ਨਹੀਂ। ਉਨ੍ਹਾਂ ਕਿਹਾ ਕਿ ਇਲਾਕੇ ਦੇ ਪੜ੍ਹੇ- ਲਿਖੇ ਨੌਜਵਾਨ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਸਵੈ- ਰੋਜ਼ਗਾਰ ਲਈ ਲੋੜੀਂਦੀ ਸਿਖਲਾਈ ਜਾਂ ਘੱਟ-ਵਿਆਜ ਦਰਾਂ 'ਤੇ ਕਰਜ਼ਿਆਂ ਦਾ ਕੋਈ ਪ੍ਰਬੰਧ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਦੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਗੋਲੀਬਾਰੀ ਤੋਂ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਭਿਜਵਾ ਕੇ ਪੁੰਨ ਦਾ ਕਾਰਜ ਕੀਤਾ ਹੈ।

PunjabKesari

ਜੰਮੂ-ਕਸ਼ਮੀਰ ਦੀ ਤਸਵੀਰ ਵਿਗਾੜਣ ਲਈ ਪਾਕਿ ਜ਼ਿੰਮੇਵਾਰ : ਵਰਿੰਦਰ ਸ਼ਰਮਾ
ਰਾਹਤ ਵੰਡ ਟੀਮ ਦੇ ਆਗੂ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੇ ਹਾਲਾਤ ਜਿਸ ਤਰ੍ਹਾਂ ਬਦਤਰ ਹੋ ਗਏ ਹਨ ਅਤੇ ਇਸ ਸੂਬੇ ਦੀ ਤਸਵੀਰ ਜਿਸ ਤਰ੍ਹਾਂ ਵਿਗੜ ਗਈ ਹੈ, ਉਸ ਲਈ ਪੂਰੀ ਤਰ੍ਹਾਂ ਪਾਕਿਸਤਾਨ ਜ਼ਿੰਮੇਵਾਰ ਹੈ। ਇਸ ਗੁਆਂਢੀ ਦੀ ਮਾੜੀ ਨਜ਼ਰ ਦੇਸ਼ ਦੀ ਵੰਡ ਵੇਲੇ ਹੀ ਜੰਮੂ-ਕਸ਼ਮੀਰ ਨੂੰ ਲੱਗ ਗਈ ਸੀ ਅਤੇ ਉਸ ਨੇ ਧਰਤੀ ਦੇ ਇਸ ਸਵਰਗ ਨੂੰ ਨਰਕ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਅਤੇ ਸਰਹੱਦੀ ਖੇਤਰਾਂ 'ਚ ਕੀਤੀ ਜਾ ਰਹੀ ਗੋਲੀਬਾਰੀ ਕਾਰਣ ਜਿਥੇ ਲੱਖਾਂ ਲੋਕ ਆਪਣੇ ਘਰਾਂ 'ਚੋਂ ਉੱਜੜਣ ਲਈ ਮਜਬੂਰ ਹੋਏ ਹਨ, ਉਥੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਵੀ ਗਈਆਂ ਹਨ। ਅਜਿਹੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਅਤੇ ਉਨ੍ਹਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਅਧੀਨ ਸੈਂਕੜੇ ਟਰੱਕਾਂ ਦੀ ਸਮੱਗਰੀ ਭਿਜਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਦਾਨਵੀਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਸਾਧੂ ਸਮਾਜ ਦਾ ਇਸ ਮੁਹਿੰਮ ਨੂੰ ਭਾਰੀ ਸਹਿਯੋਗ ਮਿਲਿਆ ਹੈ। ਯੋਗ ਗੁਰੂ ਸ਼੍ਰੀ ਸ਼ਰਮਾ ਨੇ ਕਿਹਾ ਕਿ ਅੱਤਵਾਦ ਅਤੇ ਗੋਲੀਬਾਰੀ ਕਾਰਣ ਸ਼ਹੀਦ ਹੋਣ ਵਾਲੇ ਨਾਗਰਿਕਾਂ ਅਤੇ ਸੁਰੱਖਿਆ ਜਵਾਨਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਹਾਲਾਂਕਿ ਸਰਕਾਰਾਂ ਦਾ ਕੰਮ ਹੈ ਪਰ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਉੱਚੀ ਸੋਚ ਸਦਕਾ ਪੱਤਰ ਸਮੂਹ ਵਲੋਂ ਇਨ੍ਹਾਂ ਦਾ ਦੁੱਖ-ਸੁੱਖ ਵੰਡਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਹਾਲਾਤ ਠੀਕ ਨਹੀਂ ਹੋ ਜਾਂਦੇ, ਉਦੋਂ ਤਕ ਇਹ ਰਾਹਤ-ਕਾਫਲਾ ਚੱਲਦਾ ਰਹੇਗਾ।

ਸਰਹੱਦੀ ਖੇਤਰਾਂ 'ਚ ਔਰਤਾਂ ਦੀ ਹਾਲਤ ਬੇਹੱਦ ਤਰਸਯੋਗ : ਮੁਨੀਰਾ ਬੇਗਮ
ਜੰਮੂ ਤੋਂ ਭਾਜਪਾ ਮਹਿਲਾ ਵਿੰਗ ਦੀ ਆਗੂ ਸ਼੍ਰੀਮਤੀ ਮੁਨੀਰਾ ਬੇਗਮ ਨੇ ਇਸ ਮੌਕੇ 'ਤੇ ਸੰਬੋਧਨ ਕਰਦੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਪਰਿਵਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਥੋਂ ਦੀਆਂ ਔਰਤਾਂ ਦੀ ਹਾਲਤ ਬੇਹੱਦ ਤਰਸਯੋਗ ਹੈ। ਆਰਥਕ ਮੰਦਹਾਲੀ ਅਤੇ ਮਹਿੰਗਾਈ ਦੀ ਮਾਰ ਦੇ ਨਾਲ-ਨਾਲ ਨਿੱਤ ਦਿਨ ਦੀ ਗੋਲੀਬਾਰੀ ਕਾਰਣ ਔਰਤਾਂ ਲਈ ਆਪਣਾ ਚੁੱਲ੍ਹਾ ਬਾਲਣਾ ਅਤੇ ਪਰਿਵਾਰ ਪਾਲਣਾ ਬਹੁਤ ਔਖਾ ਕੰਮ ਹੋ ਜਾਂਦਾ ਹੈ, ਉਨ੍ਹਾਂ ਨੂੰ ਘਰਾਂ ਦੇ ਹੋਰ ਕੰਮਾਂ-ਧੰਦਿਆਂ 'ਚ ਆਦਮੀਆਂ ਦਾ ਹੱਥ ਵੀ ਵਟਾਉਣਾ ਪੈਂਦਾ ਹੈ। ਸ਼੍ਰੀਮਤੀ ਮੁਨੀਰਾ ਬੇਗਮ ਨੇ ਕਿਹਾ ਕਿ ਬੀਮਾਰੀ ਜਾਂ ਜਣੇਪੇ ਆਦਿ ਦੀ ਸਥਿਤੀ ਵਿਚ ਪਹਾੜੀ ਖੇਤਰਾਂ ਦੀਆਂ ਔਰਤਾਂ ਨੂੰ ਜਿਸ ਕਸ਼ਟ ਦਾ ਸਾਹਮਣਾ ਕਰਨਾ ਪੈਂਦਾ ਹੈ, ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਘਰ ਦਾ ਕੋਈ ਮੈਂਬਰ ਬੀਮਾਰ ਹੋ ਜਾਵੇ ਤਾਂ ਵੀ ਔਰਤ ਲਈ ਮੁਸੀਬਤ ਬਣ ਜਾਂਦੀ ਹੈ ਅਤੇ ਜੇ ਉਹ ਆਪ ਬੀਮਾਰ ਹੋ ਜਾਵੇ ਤਾਂ ਰੋਟੀ-ਟੁੱਕ ਕਰਨਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਾੜੀ ਖੇਤਰਾਂ 'ਚ ਸਿਹਤ-ਸਹੂਲਤਾਂ ਨਾਮਾਤਰ ਹੀ ਹਨ। ਸਰਕਾਰ ਨੂੰ ਇਸ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਇਸ ਮੌਕੇ 'ਤੇ ਪਿੰਡ ਦੇ ਨੰਬਰਦਾਰ ਸ਼੍ਰੀ ਮੁਹੰਮਦ ਆਰਿਫ ਖਾਨ ਨੇ ਵੀ ਸੰਬੋਧਨ ਕੀਤਾ ਅਤੇ ਸਮੱਗਰੀ ਭਿਜਵਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਅਤੇ ਦਾਨਵੀਰ ਸ਼ਖਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਸ ਇਲਾਕੇ ਵਿਚ ਰਿਸ਼ਤੇਦਾਰ ਵੀ ਮਿਲਣ ਲਈ ਆਉਣ ਤੋਂ ਕੰਨੀ ਕਤਰਾਉਂਦੇ ਹਨ, ਉਥੇ ਪੰਜਾਬ ਵਾਸੀਆਂ ਨੇ ਸਹਾਇਤਾ ਸਮੱਗਰੀ ਦਾ ਟਰੱਕ ਭਿਜਵਾ ਕੇ ਇਕ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ 'ਤੇ ਸ਼੍ਰੀ ਜ਼ਫਰ ਇਕਬਾਲ ਖਾਨ, ਅਬਦੁੱਲ ਰਹਿਮਾਨ, ਨਿਸਾਰ ਖਾਨ ਅਤੇ ਹੋਰ ਨਾਮਵਰ ਸ਼ਖਸੀਅਤਾਂ ਮੌਜੂਦ ਸਨ। ਰਾਹਤ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਸੰਦੋੜ, ਬਸੂਨੀ, ਬਹਿਰੋਟ, ਧਰਾਟੀ ਅਤੇ ਡੱਬੀ ਆਦਿ ਪਿੰਡਾਂ ਨਾਲ ਸਬੰਧਤ ਸਨ।


shivani attri

Content Editor

Related News