ਜੰਮੂ-ਕਸ਼ਮੀਰ ਦੀ ਵੰਡ ਖਿਲਾਫ਼ ਪੰਜਾਬ ਦੇ ਖੱਬੇ-ਪੱਖੀ ਦਲ ਸੜਕਾਂ 'ਤੇ ਉਤਰੇ
Wednesday, Aug 07, 2019 - 03:56 PM (IST)

ਚੰਡੀਗੜ੍ਹ (ਭੁੱਲਰ) : ਜੰਮੂ-ਕਸ਼ਮੀਰ 'ਚੋਂ ਧਾਰਾ 370 ਖਤਮ ਕਰਨ ਅਤੇ ਸੂਬੇ ਨੂੰ ਦੋ ਭਾਗਾਂ 'ਚ ਵੰਡਣ ਖਿਲਾਫ਼ ਪੰਜਾਬ ਭਰ 'ਚ ਖੱਬੇ-ਪੱਖੀ ਦਲਾਂ ਦੇ ਮੈਂਬਰ ਸੜਕਾਂ 'ਤੇ ਉਤਰੇ। ਪੁਲਸ ਦੀਆਂ ਰੋਕਾਂ ਦੇ ਬਾਵਜੂਦ ਰੋਸ ਮੁਜ਼ਾਹਰੇ ਕੀਤੇ ਅਤੇ ਨਵਾਂ ਸ਼ਹਿਰ 'ਚ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਵੀ ਕੀਤਾ ਕਿਉਂਕਿ ਪੰਜਾਬ ਸਰਕਾਰ ਨੇ ਜੰਮੂ ਕਸ਼ਮੀਰ ਦੇ ਮੁੱਦੇ 'ਤੇ ਹੱਕ ਜਾਂ ਵਿਰੋਧ 'ਚ ਰੋਸ ਮੁਜ਼ਾਹਰੇ ਕਰਨ 'ਤੇ ਰੋਕ ਲਾਈ ਹੈ। ਸੀ. ਪੀ. ਆਈ., ਆਰ. ਐੱਮ. ਪੀ. ਆਈ., ਸੀ. ਪੀ. ਆਈ. (ਲਿਬਰੇਸ਼ਨ) ਅਤੇ ਐੱਮ. ਸੀ. ਪੀ. ਆਈ. ਦੇ ਸੱਦੇ 'ਤੇ ਮਾਨਸਾ, ਗੁਰਦਾਸਪੁਰ, ਪਟਿਆਲਾ, ਤਰਨਤਾਰਨ, ਬਠਿੰਡਾ, ਜਲੰਧਰ, ਸੰਗਰੂਰ, ਫਾਜ਼ਿਲਕਾ ਆਦਿ ਕੇਂਦਰਾਂ 'ਤੇ ਰੈਲੀਆਂ ਆਯੋਜਿਤ ਕਰਕੇ ਕੇਂਦਰੀ ਸਰਕਾਰ ਦੇ ਪੁਤਲੇ ਵੀ ਸਾੜੇ ਗਏ। ਇਸ ਮੌਕੇ ਰੋਸ ਮੁਜ਼ਾਹਰਿਆਂ ਦੀ ਅਗਵਾਈ ਕਰਨ ਵਾਲਿਆਂ 'ਚ ਖੱਬੇ-ਪੱਖੀ ਦਲਾਂ ਦੇ ਪ੍ਰਮੁੱਖ ਆਗੂ ਬੰਤ ਸਿੰਘ ਬਰਾੜ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਬਖਤੂਪੁਰਾ ਅਤੇ ਕਿਰਨਜੀਤ ਸੇਖੋਂ ਦੇ ਨਾਮ ਜ਼ਿਕਰਯੋਗ ਹਨ। ਖੱਬੇ-ਪੱਖੀ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਦੋਸ਼ ਲਾਇਆ ਕਿ ਇਹ ਤਾਨਾਸ਼ਾਹੀ ਵਾਲਾ ਰੂਪ ਅਖਤਿਆਰ ਕਰਦੀ ਜਾ ਰਹੀ ਹੈ ਅਤੇ ਸਰਕਾਰ ਨੇ ਨਾ ਤਾਂ ਵਿਰੋਧੀ ਪਾਰਟੀਆਂ ਨੂੰ ਅਤੇ ਨਾ ਹੀ ਚਲ ਰਹੀ ਪਾਰਲੀਮੈਂਟ ਨੂੰ ਭਰੋਸੇ 'ਚ ਲਿਆ, ਨਾ ਹੀ ਜੰਮੂ-ਕਸ਼ਮੀਰ ਦੇ ਜਮਹੂਰੀਅਤ ਪੱਖੀ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤਾ।
ਇਸੇ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਵਲੋਂ ਦਿੱਤੇ ਸੱਦੇ ਉਪਰ ਪੰਜਾਬ ਜ਼ਿਲਾ ਕੇਂਦਰਾਂ ਉੱਪਰ ਪਾਰਟੀ ਨੇ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਬਦਲਣ ਲਈ ਧਾਰਾ 370 ਅਤੇ 35-ਏ ਖਤਮ ਕਰਨ ਖ਼ਿਲਾਫ਼ ਪੁਲਸ ਰੋਕਾਂ ਦੇ ਬਾਵਜੂਦ ਰੋਸ ਪ੍ਰਦਰਸ਼ਨ ਕੀਤੇ। ਰਿਪੋਰਟਾਂ ਮੁਤਾਬਕ ਇਹ ਮੁਜ਼ਾਹਰੇ ਜਲੰਧਰ, ਨਵਾਂਸ਼ਹਿਰ ਅਤੇ ਮੋਗਾ ਆਦਿ ਵਿਖੇ ਕੀਤੇ ਗਏ। ਪਾਰਟੀ ਦੀ ਸੂਬਾ ਕਮੇਟੀ ਦੇ ਆਗੂ ਅਜਮੇਰ ਸਿੰਘ ਨੇ ਨਵਾਂਸ਼ਹਿਰ ਵਿਖੇ ਪਾਰਟੀ ਆਗੂ ਕੁਲਵਿੰਦਰ ਸਿੰਘ ਵੜੈਚ, ਐਡਵੋਕੇਟ ਦਲਜੀਤ ਸਿੰਘ, ਜ਼ਮਹੂਰੀ ਅਧਿਕਾਰਾਂ ਦੇ ਕਾਰਕੁੰਨ ਜਸਬੀਰ ਦੀਪ, ਇਸਤਰੀ ਜਾਗਰਿਤੀ ਮੰਚ ਦੀ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਪੇਂਡੂ ਮਜ਼ਦੂਰ ਆਗੂ ਮਹਿੰਦਰ ਸਿੰਘ ਖੈਰੜ, ਕੁਲਵਿੰਦਰ ਸਿੰਘ ਚਾਹਲ ਸਮੇਤ ਵੱਡੀ ਗਿਣਤੀ ਮੁਜ਼ਾਹਰਾਕਾਰੀਆਂ ਨੂੰ ਗ੍ਰਿਫਤਾਰ ਕਰਕੇ ਥਾਣੇ ਬੰਦ ਕਰਨ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ।