ਸਰਹੱਦ ''ਤੇ ਸੰਘਣੇ ਅਤੇ ਉੱਚੇ ਰੁੱਖਾਂ ਨਾਲ ਕੀਤੀ ਜਾਵੇਗੀ ਵਾੜ-ਵਿਨੇ ਝਾਅ

03/08/2020 12:24:40 PM

ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)— ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਲਈ ਹਰ ਦਿਨ ਸਿਵਿਆਂ ਦੀ ਰਾਖ 'ਚ ਝੁਲਸੇ ਸੁਪਨਿਆਂ ਦਾ ਸੇਕ ਲੈ ਕੇ ਚੜ੍ਹਦਾ ਹੈ। ਪਾਕਿਸਤਾਨ ਦੀ ਸ਼ਹਿ ਹੇਠ ਚਲਾਇਆ ਜਾ ਰਿਹਾ ਅੱਤਵਾਦ ਅਣਗਿਣਤ ਲੋਕਾਂ ਦੀਆਂ ਉਮੀਦਾਂ ਨੂੰ ਖਾ ਗਿਆ ਹੈ ਅਤੇ ਸਰਹੱਦ ਪਾਰ ਤੋਂ ਆਉਣ ਵਾਲੀ ਗੋਲੀਆਂ ਦੀ ਵਾਛੜ ਨੇ ਆਮ ਲੋਕਾਂ ਦੀਆਂ ਸੱਧਰਾਂ ਨੂੰ ਅੱਗ ਲਾਉਣ 'ਚ ਕੋਈ ਕਸਰ ਨਹੀਂ ਛੱਡੀ। ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਅਣਮਨੁੱਖੀ ਵਰਤਾਰੇ ਕਾਰਨ ਹਰ ਪਿੰਡ ਮੱਚ ਰਿਹਾ ਅਤੇ ਹਰ ਰੂਹ ਧੁਖ ਰਹੀ ਹੈ। ਇਸ ਕਹਿਰ ਨੇ ਮਾਪਿਆਂ ਦੇ ਕਮਾਊ ਪੁੱਤ ਖਾ ਲਏ ਅਤੇ ਅਣਗਿਣਤ ਸੁਹਾਗਣਾਂ ਨੂੰ ਚਿੱਟੀਆਂ ਚੁੰਨੀਆਂ ਦੀ ਬੁੱਕਲ ਹੇਠ ਆਪਣੀ ਹੋਂਦ ਛਿਪਾਉਣ ਲਈ ਮਜਬੂਰ ਕਰ ਦਿੱਤਾ। ਅਜਿਹੇ ਪੀੜਤ ਪਰਿਵਾਰਾਂ ਨੂੰ ਜਿਸ ਤਰ੍ਹਾਂ ਜ਼ਿੰਦਗੀ  ਦਾ ਪਲ-ਪਲ ਸੂਲੀ 'ਤੇ ਹੰਢਾਉਣਾ ਪੈਂਦਾ ਹੈ, ਉਸ ਦੀ ਥਾਹ ਨਹੀਂ ਪਾਈ ਜਾ ਸਕਦੀ।

ਵੱਖ-ਵੱਖ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਹੇ ਸਰਹੱਦੀ ਪਰਿਵਾਰਾਂ ਦੀ ਵਿਥਿਆ ਜਾਣਨ ਦਾ ਮੌਕਾ ਉਦੋਂ ਮਿਲਿਆ ਜਦੋਂ ਪੰਜਾਬ ਕੇਸਰੀ ਦੀ ਰਾਹਤ ਟੀਮ 562ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਅਖਨੂਰ ਸੈਕਟਰ ਦੇ ਪਿੰਡ ਗਜ਼ਨਸੂ (ਮੜ੍ਹ ਬਲਾਕ) ਵਿਖੇ ਗਈ ਸੀ। ਇਹ ਸਮੱਗਰੀ ਸ਼੍ਰਮਣ ਜੈਨ ਸਵੀਟਸ ਲੁਧਿਆਣਾ ਦੇ ਸ਼੍ਰੀ ਵਿਪਨ ਜੈਨ ਅਤੇ ਪਰਿਵਾਰ ਵੱਲੋਂ ਭਿਜਵਾਈ ਗਈ ਸੀ। ਇਸ ਮੌਕੇ 'ਤੇ 325 ਲੋੜਵੰਦ ਪਰਿਵਾਰਾਂ ਨੂੰ ਰਜਾਈਆਂ ਦੀ ਵੰਡ ਕੀਤੀ ਗਈ। ਸੀਮਾ ਸੁਰੱਖਿਆ ਬਲ ਦੇ ਪ੍ਰਬੰਧਾਂ ਅਧੀਨ ਕੀਤੇ ਗਏ ਇਸ ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ, ਆਮਦਨ ਟੈਕਸ ਵਿਭਾਗ ਦੇ ਚੀਫ ਕਮਿਸ਼ਨਰ, ਸ਼੍ਰੀ ਵਿਨੇ ਕੁਮਾਰ ਝਾਅ ਨੇ ਕਿਹਾ ਕਿ ਪਾਕਿਸਤਾਨ ਵਲੋਂ ਕੀਤੀ ਜਾਂਦੀ ਗੋਲੀਬਾਰੀ ਅਤੇ ਹੋਰ ਹਮਲਿਆਂ ਦਾ ਜੁਆਬ ਜਿੱਥੇ ਸਾਡੇ ਸੁਰੱਖਿਆ ਜਵਾਨ ਬਹੁਤ ਬਹਾਦਰੀ ਅਤੇ ਠੀਕ ਢੰਗ ਨਾਲ ਦੇ ਰਹੇ ਹਨ, ਉਥੇ ਸਾਡਾ ਵੀ ਕੁਝ ਫਰਜ਼ ਬਣਦਾ ਹੈ ਕਿ ਦੁਸ਼ਮਣ ਤੋਂ ਆਪਣੀ ਸੁਰੱਖਿਆ ਲਈ ਅਸੀਂ ਵੀ ਕੁਝ ਉਪਰਾਲੇ ਕਰੀਏ। ਉਨ੍ਹਾਂ ਕਿਹਾ ਕਿ ਇਸ ਨਜ਼ਰੀਏ ਤੋਂ ਇਕ ਵੱਡੀ ਮੁਹਿੰਮ ਦੀ ਰੂਪ-ਰੇਖਾ ਤਿਆਰ ਕੀਤੀ ਗਈ ਹੈ, ਜਿਸ ਅਧੀਨ ਸਰਹੱਦ ਦੇ ਕੰਢੇ 'ਤੇ ਲੱਖਾਂ ਰੁੱਖਾਂ ਦੀ ਸੰਘਣੀ ਅਤੇ ਉੱਚੀ ਵਾੜ ਕੀਤੀ ਜਾਵੇਗੀ। ਇਹ ਉੱਚੇ ਰੁੱਖ ਪਾਕਿਸਤਾਨੀ ਗੋਲੀਬਾਰੀ ਨੂੰ ਰੋਕਣ 'ਚ ਵੀ ਸਹਾਈ ਹੋਣਗੇ ਅਤੇ ਨਾਲ ਹੀ ਸਰਹੱਦੀ ਖੇਤਰ ਦੇ ਮਾਹੌਲ ਨੂੰ ਪ੍ਰਦੂਸ਼ਣ ਮੁਕਤ ਰੱਖਣ 'ਚ ਵੀ ਕੰਮ ਆਉਣਗੇ।

ਸ਼੍ਰੀ ਝਾਅ ਨੇ ਕਿਹਾ ਕਿ ਸਰਹੱਦੀ ਪਿੰਡਾਂ 'ਚ ਰਹਿਣ ਵਾਲੇ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਣਾ ਚਾਹੀਦਾ ਹੈ ਤਾਂ ਜੋ ਰੁੱਖ ਲਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਵਿਚ ਉਹ ਆਪਣਾ ਯੋਗਦਾਨ  ਪਾ ਸਕਣ। ਇਸ ਕਾਰਜ ਵਿਚ ਬੀ. ਐੱਸ. ਐੱਫ. ਦੀ ਮੋਹਰੀ ਭੂਮਿਕਾ ਹੋਵੇਗੀ ਅਤੇ ਇਸ ਮੁਹਿੰਮ ਦੀ ਸ਼ੁਰੂਆਤ  ਵਜੋਂ ਫੋਰਸ ਦੇ ਅਧਿਕਾਰੀਆਂ ਨੂੰ ਕੁਝ ਪੌਦੇ ਸੌਂਪੇ ਜਾ ਰਹੇ ਹਨ ਅਤੇ ਇਕ ਵੱਡੀ ਖੇਪ ਬਹੁਤ ਜਲਦੀ ਹੀ ਭਿਜਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਵਿਗੜ ਰਹੇ ਵਾਤਾਵਰਣ ਨੂੰ ਬਚਾਉਣ ਲਈ ਵੀ ਵੱਡੇ ਪੱਧਰ 'ਤੇ ਰੁੱਖ ਲਾਏ ਜਾਣ ਦੀ ਲੋੜ ਹੈ। ਰਾਹਤ ਵੰਡ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੇ ਕਿਹਾ ਕਿ ਸਰਹੱਦੀ ਲੋਕ ਸਹੀ ਅਰਥਾਂ 'ਚ ਬਹਾਦਰ ਅਤੇ ਦੇਸ਼ ਦੇ ਰਖਵਾਲੇ ਹਨ, ਜਿਹੜੇ ਵਰ੍ਹਦੀਆਂ ਗੋਲੀਆਂ 'ਚ ਸੀਨਾ ਤਾਣ ਕੇ ਦੁਸ਼ਮਣ ਦੇ ਸਾਹਮਣੇ ਡਟ ਕੇ ਬੈਠੇ ਹਨ। ਇਸ ਦੇ ਨਾਲ ਹੀ ਇਹ ਲੋਕ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਹੂਲਤਾਂ ਤੋਂ ਵੀ ਵਾਂਝੇ ਰਹਿ ਜਾਂਦੇ ਹਨ। ਸ਼੍ਰੀ ਚੋਪੜਾ ਨੇ ਕਿਹਾ ਕਿ ਅਜਿਹੇ ਬਹਾਦਰ ਅਤੇ ਲੋੜਵੰਦ ਪਰਿਵਾਰਾਂ ਲਈ ਰਾਹਤ ਸਮੱਗਰੀ ਭਿਜਵਾਉਣ ਵਾਲੇ ਦਾਨਵੀਰ ਧੰਨਵਾਦ ਦੇ ਪਾਤਰ ਹਨ। ਇਹ ਮਨੁੱਖਤਾ ਦੀ ਸੱਚੀ ਸੇਵਾ ਹੈ। ਉਨ੍ਹਾਂ ਸਰਹੱਦੀ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿਚ ਉਨ੍ਹਾਂ ਲਈ ਹੋਰ ਸਮੱਗਰੀ ਜਲਦੀ ਹੀ ਭਿਜਵਾਈ ਜਾਵੇਗੀ।

PunjabKesari

ਸਰਹੱਦੀ ਪੱਟੀ 'ਚ ਹਾਲਾਤ ਬੇਹੱਦ ਖਰਾਬ ਹਨ : ਸੁਖਨੰਦਨ ਚੌਧਰੀ
ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਸ਼੍ਰੀ ਸੁਖਨੰਦਨ ਚੌਧਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਪੱਟੀ ਵਿਚ ਹਾਲਾਤ ਬੇਹੱਦ ਖਰਾਬ ਹਨ। ਪਾਕਿਸਤਾਨ ਕਈ ਸਾਲਾਂ ਤੋਂ ਸਰਹੱਦੀ ਪਰਿਵਾਰਾਂ 'ਤੇ ਜ਼ੁਲਮ ਢਾਹ ਰਿਹਾ ਹੈ। ਨਾ ਇਨ੍ਹਾਂ ਲੋਕਾਂ ਨੂੰ ਦਿਨ ਦਾ ਚੈਨ ਹੈ ਅਤੇ ਨਾ ਰਾਤ ਦੀ ਨੀਂਦ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਇਹ ਲੋਕ ਖਤਰਿਆਂ ਦਾ ਸਾਹਮਣਾ ਕਰਦੇ ਹਨ ਅਤੇ ਨਾਲ ਹੀ ਭਾਰੀ ਮੁਸ਼ਕਲਾਂ ਵਾਲਾ ਜੀਵਨ ਗੁਜ਼ਾਰਦੇ ਹਨ। ਸਰਹੱਦੀ ਖੇਤਰਾਂ 'ਚ ਕੰਮ-ਧੰਦੇ ਅਤੇ ਕਾਰੋਬਾਰ ਵੀ ਬੁਰੀ ਤਰ੍ਹਾਂ ਨਾਲ ਤਬਾਹ ਹੋ ਗਏ ਹਨ, ਜਿਸ ਕਾਰਨ ਰੋਜ਼ੀ-ਰੋਟੀ ਦੀ ਵੀ ਮੁਸੀਬਤ ਬਣ ਜਾਂਦੀ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਕਠਿਨ ਸਥਿਤੀਆਂ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਲਈ ਪੰਜਾਬ ਕੇਸਰੀ ਪੱਤਰ ਸਮੂਹ ਨੇ ਕਈ ਸਾਲਾਂ ਤੋਂ ਰਾਹਤ ਮੁਹਿੰਮ ਚਲਾ ਕੇ ਮਨੁੱਖਤਾ ਦੀ ਸੇਵਾ ਦੇ ਖੇਤਰ 'ਚ ਵੱਡਾ  ਇਤਿਹਾਸ ਸਿਰਜਿਆ ਹੈ। ਉਨ੍ਹਾਂ ਨੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸਰਹੱਦਾਂ ਦੀ ਰਾਖੀ ਕਰਦੇ ਹਨ ਤਾਂ ਹੀ ਸਮਾਜ ਦੇ ਲੋਕ ਸੁਖ-ਚੈਨ ਦੀ ਨੀਂਦ ਸੌਂ ਸਕਦੇ ਹਨ।

ਔਰਤ ਦੀ ਮਾਂਗ ਉੱਜੜਦੀ ਹੈ ਤਾਂ ਉਸਦਾ ਦੁੱਖ ਕੋਈ ਹੋਰ ਨਹੀਂ ਸਮਝ ਸਕਦਾ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਪਾਕਿਸਤਾਨੀ ਗੋਲੀਬਾਰੀ ਕਾਰਣ ਜਦੋਂ ਕਿਸੇ ਔਰਤ ਦੀ ਮਾਂਗ ਉੱਜੜਦੀ ਹੈ ਤਾਂ ਉਸ ਦਾ ਦੁੱਖ ਕੋਈ ਹੋਰ ਨਹੀਂ ਸਮਝ ਸਕਦਾ। ਉਸ ਔਰਤ ਲਈ ਜ਼ਿੰਦਗੀ ਬੋਝ ਬਣ ਜਾਂਦੀ ਹੈ। ਜੰਮੂ-ਕਸ਼ਮੀਰ ਦੇ ਵੱਖ-ਵੱਖ ਖੇਤਰਾਂ 'ਚ ਅੱਜ ਹਜ਼ਾਰਾਂ ਔਰਤਾਂ ਅਜਿਹੀ ਦਰਦਨਾਕ ਸਥਿਤੀ ਨੂੰ ਹੰਢਾਅ ਰਹੀਆਂ ਹਨ। ਸਮਾਜ ਨੂੰ ਇਨ੍ਹਾਂ ਔਰਤਾਂ ਦਾ ਦੁੱਖ-ਦਰਦ ਵੰਡਾਉਣ ਲਈ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਔਰਤਾਂ ਦੇ ਨਾਲ-ਨਾਲ ਸਰਹੱਦੀ ਖੇਤਰਾਂ 'ਚ ਅਣਗਿਣਤ ਪਰਿਵਾਰ  ਹਨ, ਜਿਹੜੇ ਬਹੁਤ ਮੁਸ਼ਕਲ ਹਾਲਾਤ ਵਿਚ ਗੁਜ਼ਾਰਾ ਕਰ ਰਹੇ ਹਨ। ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਇਨ੍ਹਾਂ ਦਾ ਦਰਦ ਪਛਾਣਿਆ ਅਤੇ ਰਾਹਤ ਸਮੱਗਰੀ ਦੇ ਸੈਂਕੜੇ  ਟਰੱਕ ਭਿਜਵਾ ਦਿੱਤੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕ ਸੰਕਟ ਦਾ ਸਾਹਮਣਾ ਕਰਦੇ ਰਹਿਣਗੇ ਇਹ ਮੁਹਿੰਮ ਚੱਲਦੀ ਰਹੇਗੀ।
ਇਸ ਮੌਕੇ 'ਤੇ ਲੁਧਿਆਣਾ ਤੋਂ ਆਏ ਸ਼੍ਰੀਮਤੀ ਰਮਾ ਜੈਨ ਨੇ ਆਪਣੀ 'ਪੈਗਾਮ' ਕਵਿਤਾ ਪੜ੍ਹੀ, ਜਿਸ ਵਿਚ ਸੁਨੇਹਾ ਦਿੱਤਾ ਗਿਆ ਸੀ ਕਿ ਜਦੋਂ ਇਕ ਬਾਪ ਦੇਸ਼-ਦੁਸ਼ਮਣਾਂ ਹੱਥੋਂ ਸ਼ਹੀਦ ਹੋ ਜਾਂਦਾ ਹੈ ਤਾਂ ਉਸਦੇ ਪਰਿਵਾਰ 'ਤੇ ਕੀ ਬੀਤਦੀ ਹੈ ਅਤੇ ਕਿਵੇਂ ਉਸ ਦਾ ਨੰਨ੍ਹਾ ਬੇਟਾ ਉਸ ਨੂੰ ਯਾਦ ਕਰਦਾ ਹੈ। ਰਮਾ ਜੀ ਨੇ ਮਾਹੌਲ ਕਾਫੀ ਭਾਵੁਕ ਕਰ ਦਿੱਤਾ।

ਦੇਸ਼ ਦੀ ਰਾਖੀ ਲਈ ਹਰ ਕੁਰਬਾਨੀ ਨੂੰ ਤਿਆਰ ਹਾਂ : ਰਾਕੇਸ਼ ਨੇਗੀ
ਬੀ. ਐੱਸ. ਐੱਫ. ਦੇ ਡੀ. ਆਈ. ਜੀ. ਸ਼੍ਰੀ ਰਾਕੇਸ਼ ਨੇਗੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਮਾਤਾ ਦਾ ਸਰੂਪ ਸਰਹੱਦੀ ਰੇਖਾਵਾਂ ਨਾਲ ਹੀ ਬਣਦਾ ਹੈ ਅਤੇ ਇਨ੍ਹਾਂ ਰੇਖਾਵਾਂ ਦੀ ਰਾਖੀ ਕਰਨ ਲਈ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀਆਂ ਸਰਹੱਦਾਂ ਉਦੋਂ ਤੱਕ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੋ ਸਕਦੀਆਂ ਜਦ ਤੱਕ ਫੋਰਸਾਂ ਦੇ ਨਾਲ-ਨਾਲ ਆਮ ਲੋਕ ਵੀ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕਾਂ ਵੱਲੋਂ ਦਿੱਤੀਆਂ ਜਾਂਦੀਆਂ ਸੂਚਨਾਵਾਂ ਦੇ ਆਧਾਰ 'ਤੇ ਹੀ ਅਸੀਂ ਅਤੀਤ ਵਿਚ ਦੁਸ਼ਮਣ ਦੀਆਂ ਕਈ ਚਾਲਾਂ ਅਤੇ ਹਮਲੇ ਅਸਫਲ ਬਣਾ ਸਕੇ ਹਾਂ। ਇਸ ਮੌਕੇ 'ਤੇ ਸੀਮਾ ਸੁਰੱਖਿਆ ਬਲ ਦੇ ਆਈ. ਜੀ. ਸ਼੍ਰੀ ਜਮਵਾਲ ਨੇ ਰਾਹਤ ਸਮੱਗਰੀ ਭਿਜਵਾਉਣ  ਵਾਲੇ ਦਾਨੀ ਸੱਜਣਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਪ੍ਰੋਗਰਾਮ ਵਿਚ ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ, ਵਿਪਨ-ਰੇਨੂ ਜੈਨ, ਸੁਦਰਸ਼ਨ ਜੈਨ, ਕਾਂਤਾ ਜੈਨ, ਰਾਕੇਸ਼ ਜੈਨ ਬੌਬੀ, ਰਾਜ ਕੁਮਾਰ, ਰਾਕੇਸ਼ ਜੈਨ ਨੀਟਾ, ਰਾਜਨ ਚੋਪੜਾ, ਸੰਜੀਵ ਮੋਹਣੀ, ਸਾਰਿਕਾ ਜੈਨ, ਸ਼੍ਰੇਆ ਜੈਨ, ਆਮੀਆ ਜੈਨ, ਰਾਘਵ ਭੂੰਬਲਾ, ਅੰਜੂ ਜੈਨ, ਨੀਰਜ ਜੈਨ, ਮੋਨਿਕਾ ਜੈਨ, ਸੋਨਲ, ਟੀਟੂ, ਰਜਨੀਸ਼ ਸੇਠੀ, ਜੈ ਕੁਮਾਰ, ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ, ਬਲਾਕ ਸੰਮਤੀ ਸੁੰਦਰਬਨੀ ਦੇ ਚੇਅਰਮੈਨ ਅਰੁਣ ਸ਼ਰਮਾ ਸੂਦਨ, ਕਮਾਂਡੈਂਟ ਅਰੁਣ ਸਿੰਘ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ।


shivani attri

Content Editor

Related News