ਦਿੱਲੀ ਦਰਬਾਰ ਦੇ ਨੱਕ ਹੇਠ ਰੁਲ ਰਹੇ ਨੇ ਪਾਕਿ ਤੋਂ ਆਏ ਸ਼ਰਨਾਰਥੀ

Tuesday, Mar 03, 2020 - 10:10 AM (IST)

ਦਿੱਲੀ ਦਰਬਾਰ ਦੇ ਨੱਕ ਹੇਠ ਰੁਲ ਰਹੇ ਨੇ ਪਾਕਿ ਤੋਂ ਆਏ ਸ਼ਰਨਾਰਥੀ

ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ 'ਚ ਰਹਿਣ ਵਾਲੇ ਘੱਟ-ਗਿਣਤੀ ਲੋਕਾਂ 'ਤੇ ਕਈ ਦਹਾਕਿਆਂ ਤੋਂ ਤਸ਼ੱਦਦ ਢਾਹਿਆ ਜਾਂਦਾ ਰਿਹਾ ਹੈ। ਹਿੰਦੂ, ਸਿੱਖ, ਜੈਨੀ, ਬੋਧੀ ਅਤੇ ਈਸਾਈ ਭਾਈਚਾਰਿਆਂ ਨਾਲ ਸਬੰਧਤ ਪਰਿਵਾਰਾਂ ਨੂੰ ਤਾਂ ਜ਼ੁਲਮ ਦੇ ਸ਼ਿਕਾਰ ਹੋਣਾ ਹੀ ਪਿਆ, ਮੁਸਲਿਮ ਸ਼ੀਆ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਅਣਗਿਣਤ ਲੋਕਾਂ ਦੀਆਂ ਜਾਨਾਂ ਦੀ ਬਲੀ ਕਤਲੋਗਾਰਤ ਦੀ ਹਨੇਰੀ ਨੇ ਲੈ ਲਈ। ਪਿਛਲੇ ਕੁਝ ਸਮੇਂ ਤੋਂ ਹਿੰਦੂਆਂ ਅਤੇ ਸਿੱਖਾਂ ਨੂੰ  ਸਿੱਧਾ ਨਿਸ਼ਾਨਾ ਬਣਾਇਆ ਗਿਆ, ਜਿਸ ਦੌਰਾਨ ਉਨ੍ਹਾਂ ਦੀਆਂ ਬੇਟੀਆਂ ਦਾ ਜਬਰੀ ਧਰਮ ਤਬਦੀਲ ਕਰਵਾ ਕੇ ਮੁਸਲਿਮ ਲੜਕਿਆਂ ਨਾਲ ਨਿਕਾਹ ਪੜ੍ਹ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ 'ਤੇ ਜਜ਼ੀਆ ਵਸੂਲਣ, ਜਾਇਦਾਦਾਂ ਹੜੱਪਣ ਅਤੇ ਦਹਿਸ਼ਤ ਵਰਗੇ ਜ਼ੁਲਮ ਵੀ ਢਾਹੇ ਗਏ। ਇਹੀ ਉਹ ਸਮਾਂ ਸੀ ਜਦੋਂ ਬਹੁਤ ਸਾਰੇ ਘੱਟ-ਗਿਣਤੀ ਲੋਕਾਂ ਦਾ ਆਪਣੇ  ਖਾਨਦਾਨੀ ਘਰਾਂ ਅਤੇ ਮਾਤ-ਭੂਮੀ 'ਤੇ ਰਹਿਣਾ ਦੁੱਭਰ ਹੋ ਗਿਆ। ਉਨ੍ਹਾਂ ਨੇ ਆਪਣੀਆਂ ਇੱਜ਼ਤਾਂ, ਜਾਨਾਂ ਅਤੇ ਧਰਮ ਬਚਾਉਣ ਲਈ ਭਾਰਤ 'ਚ ਸ਼ਰਨ ਲੈਣਾ ਮੁਨਾਸਿਬ ਸਮਝਿਆ।

ਹਜ਼ਾਰਾਂ ਲੋਕ ਜਦੋਂ ਆਪਣੇ ਘਰ-ਘਾਟ, ਜ਼ਮੀਨਾਂ ਅਤੇ ਨਿੱਕੇ-ਮੋਟੇ ਕੰਮ-ਧੰਦੇ ਛੱਡ ਕੇ ਭਾਰਤ ਦੇ ਰਾਹ ਪੈ ਗਏ ਤਾਂ ਇਕ ਵਾਰ ਫਿਰ ਉਨ੍ਹਾਂ ਲਈ 1947 ਵਾਲਾ ਦਰਦਨਾਕ ਦ੍ਰਿਸ਼ ਬਣ ਗਿਆ। ਇਨ੍ਹਾਂ ਵਿਚ ਬਹੁਤ ਸਾਰੇ ਪਰਿਵਾਰ ਦਿੱਲੀ ਦੇ ਵੱਖ-ਵੱਖ ਖੇਤਰਾਂ 'ਚ ਦਿਨ  ਗੁਜ਼ਾਰ ਰਹੇ ਹਨ। ਉਨ੍ਹਾਂ ਦੀਆਂ ਇੱਜ਼ਤਾਂ ਅਤੇ ਧਰਮ ਜ਼ਰੂਰ ਮਹਿਫੂਜ਼ ਹੋ ਗਏ ਪਰ ਜ਼ਿੰਦਗੀ ਕੱਖਾਂ ਤੋਂ ਹੌਲੀ ਹੋ ਗਈ। ਦਿੱਲੀ ਦਰਬਾਰ ਦੇ ਨੱਕ ਹੇਠ ਡੇਰੇ ਲਾਈ ਬੈਠੇ ਸ਼ਰਨਾਰਥੀ ਪਰਿਵਾਰ ਘੱਟੇ ਕੌਡੀਆਂ ਰੁਲ ਰਹੇ ਹਨ। ਇਨ੍ਹਾਂ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਦੀ ਵਿਸ਼ੇਸ਼ ਰਾਹਤ ਮੁਹਿੰਮ ਅਧੀਨ ਪਿਛਲੇ ਦਿਨੀਂ 560ਵੇਂ ਟਰੱਕ ਦੀ ਰਾਹਤ ਸਮੱਗਰੀ 'ਮਜਨੂੰ ਕਾ ਟੀਲਾ ਦਿੱਲੀ' ਦੇ ਕੈਂਪ 'ਚ ਬੈਠੇ ਉਨ੍ਹਾਂ ਲੋਕਾਂ ਨੂੰ ਵੰਡੀ ਗਈ,  ਜਿਹੜੇ 'ਆਪਣੇ ਘਰਾਂ' ਨੂੰ ਅਲਵਿਦਾ ਕਹਿ ਕੇ ਨੰਗੇ ਧੜ ਇੱਥੇ ਆਣ ਬੈਠੇ ਹਨ।

ਇਹ ਰਾਹਤ ਸਮੱਗਰੀ ਲੁਧਿਆਣਾ ਬੈਵਰੇਜਜ਼ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ  ਸ਼੍ਰੀ ਕੈਲਾਸ਼ ਗੋਇਨਕਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਭਿਜਵਾਈ ਗਈ ਸੀ। ਰਾਹਤ ਵੰਡ ਆਯੋਜਨ ਦੌਰਾਨ 250 ਪਰਿਵਾਰਾਂ ਨੂੰ ਰਸੋਈ ਦੀ ਵਰਤੋਂ  ਦਾ ਸਾਮਾਨ  ਵੰਡਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਆਪਣਾ ਘਰ-ਬਾਹਰ ਛੱਡ ਕੇ ਜਦੋਂ ਕਿਸੇ ਨੂੰ ਸ਼ਰਨਾਰਥੀ ਬਣਨ ਲਈ ਮਜਬੂਰ ਹੋਣਾ ਪਵੇ ਤਾਂ ਇਸਦਾ ਦਰਦ ਉਹੀ ਵਿਅਕਤੀ ਸਮਝ ਸਕਦਾ ਹੈ, ਜਿਸ ਨੇ ਇਹ ਸੇਕ ਆਪਣੇ ਪਿੰਡੇ 'ਤੇ ਹੰਢਾਇਆ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਸਮੇਂ 1947 'ਚ ਜਿਹੜੇ ਲੋਕ ਪਾਕਿਸਤਾਨ 'ਚ ਆਪਣੇ ਘਰ-ਕਾਰੋਬਾਰ ਛੱਡ ਕੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਬਲੀ ਦੇ ਕੇ ਭਾਰਤ ਆਏ ਸਨ, ਉਨ੍ਹਾਂ ਨੂੰ ਅੱਜ ਵੀ ਜ਼ਖਮਾਂ  ਦੀ ਚੀਸ ਰੜਕਦੀ ਰਹਿੰਦੀ ਹੈ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੇ ਪਰਿਵਾਰ ਨੇ ਵੀ ਦੇਸ਼ ਦੀ ਵੰਡ ਦੇ ਸੰਤਾਪ ਨੂੰ ਸਹਿਣ ਕੀਤਾ ਸੀ। ਉਹ ਵੀ  ਹੋਰ ਲੱਖਾਂ ਲੋਕਾਂ ਵਾਂਗ ਖਾਲੀ ਹੱਥ ਭਾਰਤ ਪਹੁੰਚੇ ਸਨ। ਇਹੋ ਕਾਰਣ ਹੈ ਕਿ ਅੱਜ ਜਿੱਥੇ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਕਸ਼ਟ ਜਾਂ ਸੇਕ ਪਹੁੰਚਦਾ ਹੈ ਤਾਂ ਸ਼੍ਰੀ ਵਿਜੇ ਜੀ ਉਸਦਾ ਦਰਦ ਆਪਣੇ ਦਿਲ 'ਚ ਮਹਿਸੂਸ ਕਰਦੇ ਹਨ। ਇਸ ਗੱਲ ਦਾ ਸਬੂਤ ਹਨ ਵੱਖ-ਵੱਖ ਤ੍ਰਾਸਦੀਆਂ ਵੇਲੇ ਚਲਾਏ ਗਏ ਸਹਾਇਤਾ ਫੰਡ ਅਤੇ ਹੋਰ ਰਾਹਤ ਮੁਹਿੰਮਾਂ, ਜਿਨ੍ਹਾਂ ਅਧੀਨ ਕਰੋੜਾਂ ਰੁਪਏ  ਦੀ ਰਾਹਤ ਪੀੜਤ ਪਰਿਵਾਰਾਂ ਨੂੰ ਪਹੁੰਚਾਈ ਗਈ। ਅੱਜ ਜਦੋਂ ਪਾਕਿਸਤਾਨ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਬਹੁਤ ਸਾਰੇ ਪਰਿਵਾਰ ਭਾਰਤ 'ਚ ਆ ਕੇ ਸਿਰ ਛੁਪਾਉਣ ਲਈ ਮਜਬੂਰ ਹੋਏ ਹਨ ਤਾਂ ਵਿਜੇ ਜੀ ਨੇ ਅੱਗੇ ਹੋ ਕੇ ਇਨ੍ਹਾਂ ਦੇ ਸਿਰ 'ਤੇ ਆਸ਼ੀਰਵਾਦ ਦਾ ਹੱਥ ਰੱਖਿਆ ਹੈ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਨੇ ਪਹਿਲਾਂ ਅੱਤਵਾਦ ਨੂੰ ਸ਼ਹਿ ਦੇ ਕੇ ਭਾਰਤ ਦੇ ਵੱਖ-ਵੱਖ ਖੇਤਰਾਂ 'ਚ ਖੂਨ ਦੀਆਂ ਨਦੀਆਂ ਵਹਾਈਆਂ, ਜੰਮੂ-ਕਸ਼ਮੀਰ 'ਚ ਲੱਖਾਂ ਲੋਕਾਂ ਨੂੰ ਦਰ-ਦਰ ਦੀਆਂ ਠੋਹਕਰਾਂ ਖਾਣ ਲਈ ਮਜਬੂਰ ਹੋਣਾ ਪਿਆ ਅਤੇ ਫਿਰ ਪਾਕਿਸਤਾਨੀ  ਸੈਨਿਕਾਂ ਨੇ ਗੋਲੀਬਾਰੀ ਕਰ ਕੇ ਭਾਰਤ ਦੇ ਸਰਹੱਦੀ ਖੇਤਰਾਂ 'ਚ ਹਾਲਾਤ ਜੰਗ ਵਰਗੇ ਬਣਾ ਦਿੱਤੇ। ਹੁਣ ਸਦੀਆਂ ਤੋਂ ਪਾਕਿਸਤਾਨ 'ਚ ਵੱਸਦੇ ਘੱਟ-ਗਿਣਤੀ ਲੋਕਾਂ ਨੂੰ ਪਲਾਇਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸਰਕਾਰਾਂ ਵੀ ਇਨ੍ਹਾਂ ਸ਼ਰਨਾਰਥੀ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ।

ਪਾਕਿ 'ਚ ਸਾਡੇ ਧਰਮ ਲਈ ਖਤਰਾ ਬਣ ਗਿਆ ਸੀ: ਸੁਖਾਨੰਦ
ਮਜਨੂੰ ਕਾ ਟੀਲਾ ਸ਼ਰਨਾਰਥੀ ਕੈਂਪ ਦੇ ਪ੍ਰਧਾਨ ਸੁਖਾਨੰਦ ਨੇ ਆਪਣੀ ਵਿਥਿਆ ਸੁਣਾਉਂਦਿਆਂ ਕਿਹਾ ਕਿ ਪਾਕਿਸਤਾਨ 'ਚ ਸਾਡੇ ਧਰਮ ਲਈ ਖਤਰਾ ਬਣ ਗਿਆ ਸੀ।  ਧੀਆਂ-ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਜਾ ਰਹੀਆਂ ਸਨ। ਸਾਡੇ ਕੋਲੋਂ ਰੋਟੀ ਖੋਹਣ ਲਈ  ਵੀ ਹਮਲੇ ਕੀਤੇ ਜਾਂਦੇ ਸਨ। ਅਜਿਹੀ ਹਾਲਤ 'ਚ ਅਸੀਂ ਆਪਣੀਆਂ  ਜ਼ਮੀਨਾਂ, ਜਾਇਦਾਦਾਂ, ਘਰ-ਕਾਰੋਬਾਰ ਸਭ ਕੁਝ ਹਾਰ ਕੇ ਧਰਮ ਅਤੇ ਇੱਜ਼ਤ ਬਚਾਉਣ ਲਈ ਭਾਰਤ ਆ ਗਏ। ਉਨ੍ਹਾਂ ਕਿਹਾ ਕਿ ਦਿੱਲੀ 'ਚ ਸ਼ਰਨਾਰਥੀ ਪਰਿਵਾਰਾਂ ਦੇ ਕਈ ਕੈਂਪ ਹਨ ਅਤੇ ਮਜਨੂੰ ਕਾ ਟੀਲਾ ਵਿਖੇ 150 ਪਰਿਵਾਰ ਅਤੇ 700 ਦੇ ਕਰੀਬ ਮੈਂਬਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਾਨੂੰ ਭਾਰਤ ਦੀ ਨਾਗਰਿਕਤਾ ਦੇਣ ਦੇ ਨਾਲ-ਨਾਲ ਘਰ ਬਣਵਾ ਕੇ ਦੇਵੇ ਅਤੇ ਰੋਜ਼ੀ-ਰੋਟੀ ਦਾ ਪ੍ਰਬੰਧ ਵੀ ਕਰੇ। ਸੁਖਾਨੰਦ ਨੇ ਕਿਹਾ ਕਿ ਲੋਕ ਆਪਣੇ ਬਲਬੂਤੇ 'ਤੇ ਦਿਹਾੜੀ-ਮਜ਼ਦੂਰੀ ਕਰ ਕੇ 200-250 ਰੁਪਏ ਕਮਾ ਲੈਂਦੇ ਹਨ ਪਰ ਇਸ ਨਾਲ ਪਰਿਵਾਰ ਦਾ ਗੁਜ਼ਾਰਾ ਨਹੀਂ ਚੱਲਦਾ। ਉਨ੍ਹਾਂ ਕਿਹਾ ਕਿ ਸ਼ਰਨਾਰਥੀ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਵੀ ਪ੍ਰਬੰਧ ਕੀਤਾ ਜਾਵੇ।

ਪੀੜਤ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਦਾ ਯਤਨ ਕਰਾਂਗੇ: ਰਜਿੰਦਰ ਸ਼ਰਮਾ
ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ ਨੇ ਪਾਕਿਸਤਾਨ ਤੋਂ ਆਏ ਪਰਿਵਾਰਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਪੀੜਤਾਂ ਦਾ ਦੁੱਖ-ਦਰਦ ਵੰਡਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਲੋਕ 73 ਸਾਲਾਂ ਤੋਂ  ਪਾਕਿਸਤਾਨ ਦੇ ਜ਼ੁਲਮ ਸਹਿਣ ਕਰਦੇ ਰਹੇ ਹਨ, ਫਿਰ ਵੀ ਇਨ੍ਹਾਂ ਨੇ ਆਪਣਾ ਧਰਮ ਨਹੀਂ ਹਾਰਿਆ। ਆਖਰਕਾਰ ਕੋਈ ਹੀਲਾ-ਵਸੀਲਾ ਨਾ ਹੋਣ 'ਤੇ ਜੇ ਇਹ ਪਰਿਵਾਰ ਇੱਥੇ ਆ ਗਏ ਹਨ, ਤਾਂ ਭਾਰਤ ਮਾਤਾ ਆਪਣੇ ਬੱਚਿਆਂ ਨੂੰ ਛਾਤੀ ਨਾਲ ਲਾ ਕੇ ਰੱਖੇਗੀ। ਸ਼੍ਰੀ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਰਾਸ਼ਨ ਅਤੇ ਹੋਰ ਸਮੱਗਰੀ ਪਹੁੰਚਾਉਣ ਦੇ ਨਾਲ-ਨਾਲ ਰੋਜ਼ਗਾਰ ਦੇ ਪ੍ਰਬੰਧ ਵੀ ਕੀਤੇ ਜਾਣਗੇ। ਉਨ੍ਹਾਂ ਨੇ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ  ਕਿ ਸ਼ਰਨਾਰਥੀ ਪਰਿਵਾਰਾਂ ਦੀ ਮਦਦ ਲਈ ਉਹ ਰਾਹਤ ਮੁਹਿੰੰਮ ਵਿਚ ਵਧ-ਚੜ੍ਹ ਕੇ ਯੋਗਦਾਨ ਪਾਉਣ।

ਹਨੇਰੇ 'ਚ ਭਟਕ ਰਹੇ ਹਾਂ: ਲਕਸ਼ਮੀ
ਪਾਕਿਸਤਾਨ ਦੇ ਸਿੰਧ ਇਲਾਕੇ ਤੋਂ ਆਈ ਲਕਸ਼ਮੀ ਪਤਨੀ ਸ਼੍ਰੀ ਸੋਭਾ ਰਾਮ ਨੇ ਕਿਹਾ ਕਿ ਸ਼ਰਨਾਰਥੀ ਪਰਿਵਾਰ ਹਨੇਰੇ 'ਚ ਭਟਕ ਰਹੇ ਹਨ, ਕਿਉਂਕਿ ਇੱਥੇ ਬਿਜਲੀ ਦਾ ਕੋਈ ਪ੍ਰਬੰਧ ਨਹੀਂ ਹੈ। ਰਾਤ ਸਮੇਂ  ਕੁਝ ਦਿਖਾਈ ਨਹੀਂ ਦਿੰਦਾ ਅਤੇ ਬਜ਼ੁਰਗਾਂ ਦੀ ਤਾਂ ਜੂਨ ਖਰਾਬ ਹੈ। ਉਨ੍ਹਾਂ ਤਰਲੇ ਭਰੀ ਆਵਾਜ਼ 'ਚ ਮੰਗ ਕੀਤੀ ਕਿ ਸ਼ਰਨਾਰਥੀ ਕੈਂਪ ਵਿਚ ਬਿਜਲੀ ਦਾ ਪ੍ਰਬੰਧ ਤੁਰੰਤ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਦੱਸਿਆ ਕਿ ਬੀਤੇ ਸਾਲ ਗਰਮੀ 'ਚ 3-4 ਬਜ਼ੁਰਗਾਂ ਦੀ ਮੌਤ ਹੋ ਗਈ ਸੀ। ਲਕਸ਼ਮੀ ਨੇ ਦੱਸਿਆ ਕਿ ਔਰਤਾਂ ਨੂੰ ਵੀ ਬਹੁਤ ਮੁਸ਼ਕਲ ਆਉਂਦੀ ਹੈ ਅਤੇ ਛੋਟੇ ਬੱਚੇ ਗਰਮੀ 'ਚ ਰੋਂਦੇ-ਕੁਰਲਾਉਂਦੇ ਰਹਿੰਦੇ ਹਨ। ਇਸ ਮੌਕੇ 'ਤੇ ਲੁਧਿਆਣਾ ਬੈਵਰੇਜਜ਼ ਦੇ ਸ਼੍ਰੀ ਪ੍ਰਦੀਪ ਕੁਮਾਰ, ਐੱਮ. ਪੀ. ਵਰਮਾ,  ਦਿਆਲ ਦਾਸ, ਮਹਾਦੇਵ, ਜੋਨਾ ਦਾਸ ਅਤੇ ਧਰਮਵੀਰ ਵੀ ਮੌਜੂਦ ਸਨ।


author

shivani attri

Content Editor

Related News