ਸ਼ਰਨਾਰਥੀ ਪਰਿਵਾਰਾਂ ਲਈ ਭਿਜਵਾਈ 560ਵੇਂ ਟਰੱਕ ਦੀ ਰਾਹਤ ਸਮੱਗਰੀ

Monday, Mar 02, 2020 - 07:05 PM (IST)

ਸ਼ਰਨਾਰਥੀ ਪਰਿਵਾਰਾਂ ਲਈ ਭਿਜਵਾਈ 560ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)– ਪਾਕਿਸਤਾਨ ਦਾ ਕਹਿਰ ਭਾਰਤੀ ਨਾਗਰਿਕਾਂ 'ਤੇ ਲਗਾਤਾਰ ਵਰ੍ਹ ਰਿਹਾ ਹੈ। ਉਸ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਕਾਰਣ ਕਈ ਭਾਰਤੀ ਰਾਜਾਂ ਅਤੇ ਸ਼ਹਿਰਾਂ 'ਚ ਬੇਦੋਸ਼ਿਆਂ ਦਾ ਖੂਨ ਡੁੱਲ੍ਹਿਆ ਅਤੇ ਕਰੋੜਾਂ-ਅਰਬਾਂ ਦੀ ਜਾਇਦਾਦ ਫੂਕ ਦਿੱਤੀ ਗਈ। ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਹਜ਼ਾਰਾਂ ਪਰਿਵਾਰ ਤਬਾਹ ਕਰ ਦਿੱਤੇ। ਇਸ ਦੇ ਨਾਲ ਹੀ ਪਾਕਿਸਤਾਨ ਦੀ ਧਰਤੀ 'ਤੇ ਰਹਿਣ ਵਾਲੇ ਹਿੰਦੂ,  ਸਿੱਖ, ਈਸਾਈ ਅਤੇ ਹੋਰ ਘੱਟ ਗਿਣਤੀ ਨਾਗਰਿਕਾਂ 'ਤੇ ਵੀ ਅੰਨ੍ਹੇ ਜ਼ੁਲਮ ਢਾਹੇ ਗਏ। ਲੋਕਾਂ ਨੂੰ ਧਰਮ ਤਬਦੀਲ ਕਰਨ ਲਈ ਮਜਬੂਰ ਕੀਤਾ ਗਿਆ, ਧੀਆਂ-ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਲੁੱਟ ਲਈਆਂ।

ਪਾਕਿਸਤਾਨ ਦੇ ਅਸਹਿ ਜ਼ੁਲਮਾਂ ਦੇ ਸਤਾਏ  ਹੋਏ ਨਾਗਰਿਕਾਂ ਨੇ ਉਸ ਦੀ ਈਨ ਮੰਨਣ ਦੀ ਬਜਾਏ ਆਖਰਕਾਰ ਭਾਰਤ ਵੱਲ ਮੂੰਹ ਕਰ ਲਿਆ। ਹੁਣ ਤੱਕ ਹਜ਼ਾਰਾਂ ਪਰਿਵਾਰ ਪਾਕਿਸਤਾਨ ਤੋਂ ਪਲਾਇਨ  ਕਰ ਕੇ ਭਾਰਤ  ਦੇ ਵੱਖ-ਵੱਖ  ਸ਼ਹਿਰਾਂ  'ਚ ਸ਼ਰਨ ਲੈ  ਕੇ  ਬੇਹੱਦ ਮੁਸ਼ਕਲ ਸਥਿਤੀਆਂ ਵਿਚ ਗੁਜ਼ਾਰਾ ਕਰ ਰਹੇ ਹਨ। ਇਨ੍ਹਾਂ ਲੋਕਾਂ ਕੋਲ ਨਾ ਢੰਗ ਦੀ ਛੱਤ ਹੈ, ਨਾ ਖਾਣ ਲਈ  ਰੋਟੀ ਅਤੇ ਨਾ ਪਹਿਨਣ ਲਈ ਕੱਪੜੇ। ਪਾਕਿਸਤਾਨ ਤੋਂ ਦਿੱਲੀ 'ਚ ਆ ਕੇ  ਡੇਰਾ ਲਾਉਣ ਵਾਲੇ ਸ਼ਰਨਾਰਥੀ ਪਰਿਵਾਰਾਂ  ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਹੀ ਪੰਜਾਬ  ਕੇਸਰੀ ਪੱਤਰ ਸਮੂਹ ਵਲੋਂ ਅੱਤਵਾਦ ਪੀੜਤਾਂ ਅਤੇ  ਸਰਹੱਦੀ  ਖੇਤਰਾਂ  ਦੇ ਗੋਲੀਬਾਰੀ ਤੋਂ ਪ੍ਰਭਾਵਿਤ ਲੋਕਾਂ ਲਈ, ਚਲਾਈ ਜਾ ਰਹੀ ਵਿਸ਼ੇਸ਼ ਰਾਹਤ ਮੁਹਿੰਮ ਦਾ ਮੂੰਹ ਇਸ ਪਾਸੇ ਮੋੜਿਆ ਗਿਆ । ਇਸ ਸਿਲਸਿਲੇ 'ਚ 560ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਮਜਨੂੰ ਕਾ ਟੀਲਾ ਦਿੱਲੀ ਵਿਖੇ ਸਥਿਤ ਸ਼ਰਨਾਰਥੀਆਂ ਲਈ ਭਿਜਵਾਈ ਗਈ ਸੀ।

ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਲੁਧਿਆਣਾ ਬੈਵਰੇਜਜ਼ ਪ੍ਰਾਈਵੇਟ ਲਿਮਟਿਡ ਵਲੋਂ ਦਿੱਤਾ ਗਿਆ ਸੀ। ਸਮੱਗਰੀ  ਭਿਜਵਾਉਣ  ਦੇ ਇਸ ਪਵਿੱਤਰ ਕਾਰਜ ਵਿਚ ਕੰਪਨੀ  ਦੇ ਚੇਅਰਮੈਨ  ਸ਼੍ਰੀ ਕੈਲਾਸ਼  ਨਾਥ  ਗੋਇਨਕਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਮੂਹ ਮੈਂਬਰਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਨੋਬਲ ਫਾਊਂਡੇਸ਼ਨ  ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ ਦੀ ਇਸ ਕਾਰਜ ਵਿਚ ਵਿਸ਼ੇਸ਼ ਪ੍ਰੇਰਨਾ ਰਹੀ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਲੁਧਿਆਣਾ ਤੋਂ ਰਵਾਨਾ  ਕੀਤੇ ਗਏ। ਇਸ ਟਰੱਕ ਵਿਚ 250 ਪਰਿਵਾਰਾਂ ਲਈ ਰਸੋਈ ਦੀ ਵਰਤੋਂ ਦਾ ਸਾਮਾਨ ਸ਼ਾਮਲ ਸੀ। ਇਸ ਸਮੱਗਰੀ ਵਿਚ ਪ੍ਰਤੀ ਪਰਿਵਾਰ 10 ਕਿਲੋ ਚਾਵਲ, 10 ਕਿਲੋ ਆਟਾ, ਇਕ ਕਿਲੋ ਖੰਡ, ਇਕ ਕਿਲੋ ਰਿਫਾਈਂਡ, 250 ਗ੍ਰਾਮ ਚਾਹ-ਪੱਤੀ, ਇਕ ਕਿਲੋ ਨਮਕ, ਇਕ-ਇਕ ਪੈਕਟ ਨਹਾਉਣ ਵਾਲਾ ਅਤੇ ਕੱਪੜੇ ਧੋਣ  ਵਾਲਾ ਸਾਬਣ, 100-100 ਗ੍ਰਾਮ ਜੀਰਾ,ਹਲਦੀ ਅਤੇ ਮਿਰਚਾਂ, 200 ਗ੍ਰਾਮ ਧਨੀਆ, ਇਕ ਕਿਲੋ ਛੋਲਿਆਂ ਦੀ ਦਾਲ, ਇਕ ਕਿਲੋ ਮੂੰਗੀ ਸਾਬਤ, ਇਕ ਪੈਕਟ ਮਾਚਿਸ, 1 ਬੋਤਲ ਸਰੋਂ ਦਾ ਤੇਲ ਅਤੇ ਦੋ ਪੈਕਟ ਮੋਮਬੱਤੀਆਂ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਕਾਂਗਰਸ ਦੇ ਸੀਨੀਅਰ ਨੇਤਾ ਰਮੇਸ਼ ਜੋਸ਼ੀ, ਜਗਨਨਾਥ ਫੂਡ ਦੇ ਮੁਖੀ ਸਤੀਸ਼ ਗੁਪਤਾ, ਕੋਕਾ ਕੋਲਾ ਦੇ ਸੀ.ਈ.ਓ. ਸੋਮਦੱਤ ਛਾਬੜਾ, ਅਨਿਲ ਸਲੂਜਾ, ਪੰਜਾਬ ਕੇਸਰੀ ਦੇ ਪ੍ਰਤੀਨਿਧੀ ਸੰਦੀਪ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਪੰਜਾਬ ਕੇਸਰੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਲੁਧਿਆਣਾ ਬੈਵਰੇਜਜ਼ ਦੇ ਮੈਨੇਜਰ ਪ੍ਰਦੀਪ ਕੁਮਾਰ, ਡਿਪਟੀ ਮੈਨੇਜਰ ਐੱਮ.ਪੀ.ਵਰਮਾ ਅਤੇ ਸ਼੍ਰੀ ਰਜਿੰਦਰ ਸ਼ਰਮਾ ਵੀ ਸ਼ਾਮਲ ਸਨ।


author

shivani attri

Content Editor

Related News