ਵਿਕਾਸ ਦੀ ਪੌੜੀ ਦਾ ਇਕ ਡੰਡਾ ਵੀ ਨਹੀਂ ਚੜ੍ਹ ਸਕੇ ਸਰਹੱਦੀ ਪਿੰਡ

01/21/2020 5:24:15 PM

ਜੰਮੂ-ਕਸ਼ਮੀਰ/ਜਲੰਧਰ— ਗੁਰਦਾਸਪੁਰ ਜ਼ਿਲੇ ਦੇ ਸਰਹੱਦੀ ਪਿੰਡਾਂ ਵੱਲ ਜਾਓ ਤਾਂ ਟੋਇਆਂ ਨਾਲ ਭਰੀਆਂ, ਖਸਤਾਹਾਲ 'ਅਸੜਕਾਂ' ਤੁਹਾਡਾ ਸਵਾਗਤ ਕਰਨਗੀਆਂ, ਜਿਨ੍ਹਾਂ ਦੀ ਹਾਲਤ ਬਰਸਾਤ ਦੇ ਦਿਨਾਂ 'ਚ ਨਰਕ ਨੂੰ ਵੀ ਮਾਤ ਪਾਉਂਦੀ ਹੈ। ਸਕੂਲਾਂ ਦੀ ਹਾਲਤ ਯਤੀਮਾਂ ਵਰਗੀ, ਰੋਜ਼ਗਾਰ ਦੇ ਸਾਧਨ ਇਥੇ ਲੱਭਦੇ ਹੀ ਨਹੀਂ, ਲੋਕਾਂ ਦੀ ਹਾਲਤ 1947 ਤੋਂ ਪਹਿਲਾਂ ਵਰਗੀ ਤੋਂ ਨਿੱਘਰੀ ਹੋਈ ਹੈ। ਇਹ ਖੇਤਰ ਆਜ਼ਾਦੀ ਪ੍ਰਾਪਤੀ ਦੇ 72 ਸਾਲਾਂ ਬਾਅਦ ਵਿਕਾਸ ਦੀ ਪੌੜੀ ਦਾ ਇਕ ਡੰਡਾ ਵੀ ਨਹੀਂ ਚੜ੍ਹ ਸਕੇ। ਪੜ੍ਹਾਈ-ਲਿਖਾਈ ਦੇ ਢੁੱਕਵੇਂ ਪ੍ਰਬੰਧ ਨਹੀਂ, ਸਰਕਾਰੀ ਸਕੂਲਾਂ ਦੀ ਹਾਲਤ ਤਰਸਯੋਗ ਹੈ ਅਤੇ ਜੇ ਦੂਰ-ਦੁਰਾਡੇ ਕੋਈ ਪਬਲਿਕ ਸਕੂਲ ਖੁੱਲ੍ਹਿਆ ਹੈ ਤਾਂ ਉਸ ਦੀਆਂ ਫੀਸਾਂ ਦਿਹਾੜੀ-ਮਜ਼ਦੂਰੀ ਕਰਨ ਵਾਲਿਆਂ ਦੀ ਜੇਬ ਤੋਂ ਬਹੁਤ ਭਾਰੀਆਂ ਹਨ। ਫਟੇਹਾਲ ਜ਼ਿੰਦਗੀ ਦੀ ਬੁੱਕਲ ਮਾਰੀ ਬੈਠੇ ਲੋਕ, ਜੋ ਮਿਲ ਜਾਵੇ, ਉਸੇ ਦੇ ਆਸਰੇ ਘੜੀ ਦੀਆਂ ਸੂਈਆਂ ਨਾਲ ਘੁੰਮ ਰਹੇ ਹਨ।

ਇਸ ਤਰ੍ਹਾਂ ਦੀ ਦਰਦਨਾਕ ਹਾਲਤ ਵੇਖਣ ਨੂੰ ਉਦੋਂ ਮਿਲੀ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਟੀਮ 549ਵੇਂ ਟਰੱਕ ਦੀ ਸਮੱਗਰੀ ਲੈ ਕੇ ਜ਼ਿਲੇ ਦੇ ਪਿੰਡ ਸ਼੍ਰੀ ਰਾਮਪੁਰ ਪੁੱਜੀ ਸੀ, ਜੋ ਕਿ ਸਰਹੱਦ ਦੇ ਕੰਢੇ ਸਥਿਤ ਹੈ। ਇਹ ਸਮੱਗਰੀ ਸ਼੍ਰੀ ਜਗਦੰਬਾ ਆਸ਼ਰਮ ਅੰਧ ਵਿੱਦਿਆਲਿਆ ਸਮਿਤੀ ਸ਼੍ਰੀਗੰਗਾਨਗਰ ਅਤੇ ਡਾ. ਹਰੀਚੰਦ ਪਿੰਗਲਾ ਆਸ਼ਰਮ ਸਮਾਣਾ ਵੱਲੋਂ ਭਿਜਵਾਈ ਗਈ ਸੀ। ਪਿੰਡ ਦੇ ਪ੍ਰਾਇਮਰੀ ਸਕੂਲ 'ਚ ਜੁੜੇ 300 ਦੇ ਕਰੀਬ ਪਰਿਵਾਰਾਂ ਨੂੰ ਆਟਾ, ਚਾਵਲ, ਕੰਬਲ ਅਤੇ ਰਜਾਈਆਂ ਮੁਹੱਈਆ ਕਰਵਾਈਆਂ ਗਈਆਂ।

ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦੇ ਰਾਹਤ ਟੀਮ ਦੇ ਮੁਖੀ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਗੱਲ ਹੈ ਕਿ ਸਾਡੀਆਂ ਸਰਕਾਰਾਂ ਨੇ ਸਰਹੱਦੀ ਪਿੰਡਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ। ਇਨ੍ਹਾਂ ਇਲਾਕਿਆਂ ਦੀ ਦੁਰਦਸ਼ਾ ਲਈ ਜਿੱਥੇ ਸਬੰਧਤ ਵਿਧਾਇਕ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੈ, ਉਥੇ ਪਾਕਿਸਤਾਨ ਦੀਆਂ ਘਟੀਆ ਹਰਕਤਾਂ ਵੀ ਹਾਲਾਤ ਨੂੰ ਹੋਰ ਵਿਗਾੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਨਰਕ ਇਥੋਂ ਦੇ ਲੋਕ ਭੋਗ ਰਹੇ ਹਨ, ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਕਿਸਾਨਾਂ ਕੋਲ ਜ਼ਮੀਨਾਂ ਤਾਂ ਹਨ ਪਰ ਮੁੱਲ ਕੋਈ ਨਹੀਂ ਪੈਂਂਦਾ। ਗੰਨਾ ਅਤੇ ਹੋਰ ਫਸਲਾਂ ਬਹੁਤ ਵਧੀਆ ਹਨ ਪਰ ਉਨ੍ਹਾਂ ਦੇ ਢੁੱਕਵੇਂ ਮੰਡੀਕਰਨ ਦਾ ਪ੍ਰਬੰਧ ਨਹੀਂ। ਮਿੱਲਾਂ ਵਾਲੇ ਕਿਸਾਨਾਂ ਦੇ ਗੰਨੇ ਦੇ ਭਾਅ 'ਚੋਂ ਇਕ ਤੋਂ ਦੋ ਫੀਸਦੀ ਤਕ ਕਟੌਤੀ ਕਰ ਰਹੇ ਹਨ। ਦੋ-ਦੋ ਸਾਲ ਤੋਂ ਕਿਸਾਨਾਂ ਨੂੰ ਵੇਚੇ ਹੋਏ ਗੰਨੇ ਦੇ ਪੈਸੇ ਨਹੀਂ ਮਿਲੇ। ਇਲਾਕੇ ਦੇ ਮਜ਼ਦੂਰਾਂ ਕੋਲ ਕੰਮ ਦੀ ਘਾਟ ਹੈ ਅਤੇ ਜੇ ਕਿਤੇ ਕੰਮ ਮਿਲਦਾ ਹੈ ਤਾਂ ਉਸ ਦੀ ਪੂਰੀ ਮਿਹਨਤ ਨਹੀਂ ਮਿਲਦੀ। ਔਰਤਾਂ ਲਈ ਤਾਂ ਰੋਜ਼ਗਾਰ ਦੇ ਮੌਕੇ ਬਿਲਕੁਲ ਨਹੀਂ ਹਨ। ਉਨ੍ਹਾਂ ਦੀ ਜ਼ਿੰਦਗੀ ਚੁੱਲ੍ਹੇ-ਚੌਂਕੇ 'ਚ ਹੀ ਗੁਜ਼ਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ, ਜਿਸ ਵੱਲ ਸਰਕਾਰ ਨੂੰ ਤਰਜੀਹ ਦੇ ਆਧਾਰ 'ਤੇ ਧਿਆਨ ਦੇਣਾ ਚਾਹੀਦਾ ਹੈ।

ਲੋਕ ਖੁਦ ਜਾਗਰੂਕ ਹੋਣ : ਰਾਮ ਲੁਭਾਇਆ
ਮੁਕੇਰੀਆਂ ਤੋਂ ਬ੍ਰਾਹਮਣ ਸਭਾ ਦੇ ਸਾਬਕਾ ਪ੍ਰਧਾਨ ਸ਼੍ਰੀ ਰਾਮ ਤਿਲਕ ਲੁਭਾਇਆ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਗੁਰਬਤ ਭਰੇ ਮੁਸ਼ਕਲ ਹਾਲਾਤ 'ਚ ਰਹਿ ਰਹੇ ਲੋਕਾਂ ਨੂੰ ਖੁਦ ਜਾਗਰੂਕ ਹੋਣਾ ਚਾਹੀਦਾ ਹੈ। ਆਪਣੇ ਬੱਚਿਆਂ ਨੂੰ ਔਖੇ ਹੋ ਕੇ ਵੀ ਪੜ੍ਹਾਓ ਅਤੇ ਨਸ਼ਿਆਂ ਤੋਂ ਬਚਾਓ। ਇਸ ਦੇ ਨਾਲ ਹੀ ਸਮਾਜਕ ਬੁਰਾਈਆਂ ਦਾ ਡਟ ਕੇ ਮੁਕਾਬਲਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੁਰੀਆਂ ਰਵਾਇਤਾਂ ਤਿਆਗ ਕੇ ਅਤੇ ਸਖਤ ਮਿਹਨਤ ਨਾਲ ਲੋਕ ਆਪਣੀ ਜ਼ਿੰਦਗੀ ਸੁਧਾਰ ਸਕਦੇ ਹਨ।
ਬ੍ਰਾਹਮਣ ਸਭਾ ਦੇ ਜਨਰਲ ਸਕੱਤਰ ਸ਼੍ਰੀ ਵਿਪਨ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਕੇਸਰੀ ਪਰਿਵਾਰ ਵੱਲੋਂ ਪੀੜਤਾਂ ਲਈ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ, ਉਸ ਤੋਂ ਹੋਰ ਲੋਕਾਂ ਨੂੰ ਵੀ ਪ੍ਰੇਰਨਾ ਲੈਣੀ  ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੁਖੀ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਤੋਂ ਵੱਡਾ ਪੁੰਨ ਦਾ ਕਾਰਜ ਕੋਈ ਨਹੀਂ ਹੈ। ਸਾਨੂੰ ਸਭ ਨੂੰ ਇਸ ਮੁਹਿੰਮ 'ਚ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

ਸਰਹੱਦੀ ਲੋਕਾਂ ਦੀ ਬਹਾਦਰੀ ਦਾ ਜੁਆਬ ਨਹੀਂ : ਸੁਲਿੰਦਰ ਕੰਡੀ
ਸੀ. ਆਰ. ਪੀ. ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਸ. ਸੁਲਿੰਦਰ ਸਿੰਘ ਕੰਡੀ ਨੇ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਦੀ ਬਹਾਦਰੀ ਦਾ ਕੋਈ ਜਵਾਬ ਨਹੀਂ। ਇਹ ਲੋਕ ਜਿਸ ਤਰ੍ਹਾਂ ਦੇ ਖਤਰਿਆਂ ਭਰੇ ਹਾਲਾਤ 'ਚ  ਸੰਘਰਸ਼ ਕਰ ਰਹੇ ਹਨ, ਆਮ ਆਦਮੀ ਉਸ ਦੀ ਕਲਪਨਾ ਵੀ ਨਹੀਂ ਕਰ ਸਕਦਾ। ਸ. ਕੰਡੀ ਨੇ ਕਿਹਾ ਕਿ ਸਰਹੱਦੀ ਪਰਿਵਾਰਾਂ ਦੀ ਹਾਲਤ ਸੁਧਾਰਨ ਲਈ ਜਿੱਥੇ ਸਰਕਾਰ ਨੂੰ ਵੱਡੇ ਪੱਧਰ 'ਤੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ, ਉਥੇ ਸਾਨੂੰ ਵੀ ਵਧ-ਚੜ੍ਹ ਕੇ ਇਨ੍ਹਾਂ ਦੀ ਸੇਵਾ-ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਰਾਹਤ ਵੰਡ ਪ੍ਰੋਗਰਾਮ ਦੀ ਦੇਖ-ਰੇਖ ਕਰ ਰਹੇ ਸੀ. ਆਰ. ਪੀ. ਐੱਫ. ਦੇ ਰਿਟਾਇਰਡ ਇੰਸਪੈਕਟਰ ਸ. ਰਾਜ ਸਿੰਘ ਨੇ ਕਿਹਾ ਕਿ ਇਸ ਇਲਾਕੇ ਦੇ ਪਿੰਡਾਂ ਨੂੰ ਰਾਵੀ ਦਰਿਆ ਕਾਰਣ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਦਰਿਆ ਕੰਢੇ ਮਿਰਜ਼ਾਪੁਰ ਨਾਂ ਦਾ ਇਕ ਪਿੰਡ ਹੁੰਦਾ ਸੀ, ਜਿਸ ਦੀ ਹੋਂਦ ਹੀ ਪਾਣੀ ਨੇ ਖਤਮ ਕਰ ਦਿੱਤੀ। ਉਸ ਪਿੰਡ ਦੇ ਲੋਕ ਉੱਜੜ ਕੇ ਹੋਰ ਥਾਈਂ ਜਾ ਵੱਸੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦਰਿਆ ਦੇ ਦੋਹੀਂ ਪਾਸੀਂ ਬੰਨ੍ਹ ਪੱਕੇ ਕਰਨੇ ਚਾਹੀਦੇ ਹਨ ਤਾਂ ਜੋ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ।

ਇਸ ਮੌਕੇ 'ਤੇ ਇਲਾਕੇ ਦੇ ਭਾਜਪਾ ਆਗੂ ਸਰਵਣ ਕੁਮਾਰ ਨੇ ਵੀ ਸੰਬੋਧਨ ਕੀਤਾ ਅਤੇ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ 'ਚ ਇਲਾਕੇ ਦੇ ਸਮਾਜ ਸੇਵੀ ਗੁਰਬਖਸ਼ ਸਿੰਘ ਨੌਸ਼ਹਿਰਾ, ਕਸ਼ਮੀਰ ਸਿੰਘ, ਮੁਕੇਰੀਆਂ ਤੋਂ ਸਤੀਸ਼ ਕੁਮਾਰ, ਕਮਲ ਸਾਗਰ ਮਹਿਤਾ, ਪੰਡਤ ਦੇਸ ਰਾਜ, ਮੰਗਤ  ਰਾਏ ਸ਼ਾਰਦਾ, ਰਾਜਨ ਸ਼ਰਮਾ, ਸੁਮੇਸ਼ ਸ਼ਰਮਾ, ਕੇਸ਼ਵ ਸ਼ਰਮਾ ਅਤੇ ਸਤਨਾਮ ਸਿੰਘ ਵੀ ਮੌਜੂਦ ਸਨ।

ਸਨੇਹਾ ਦਾ ਦਰਦ ਭਰਿਆ ਸੁਨੇਹਾ
ਰਾਹਤ ਵੰਡ ਆਯੋਜਨ ਦੌਰਾਨ 16-17 ਸਾਲਾਂ ਦੀ ਇਕ ਲੜਕੀ ਸਨੇਹਾ ਵੀ ਸਮੱਗਰੀ ਲੈਣ ਲਈ ਪਹੁੰਚੀ ਸੀ, ਜਿਸ ਦੀ ਵਿੱਥਿਆ ਬੇਹੱਦ ਦਰਦ ਭਰੀ ਅਤੇ ਰੂਹ ਨੂੰ ਕਾਂਬਾ ਛੇੜਨ ਵਾਲੀ ਸੀ। ਉਸ ਨੇ ਦੱਸਿਆ ਕਿ ਉਹ ਮਸਾਂ 5-6 ਸਾਲ ਦੀ ਸੀ ਕਿ ਉਸ ਦੇ ਮਾਤਾ-ਪਿਤਾ (ਵੀਨਾ ਦੇਵੀ-ਤੀਰਥ ਰਾਮ) ਦਾ ਦਿਹਾਂਤ ਹੋ ਗਿਆ। ਉਹ ਰੰਗੜ ਪਿੰਡੀ 'ਚ ਆਪਣਾ ਘਰ ਛੱਡ ਕੇ ਮਾਸੀ ਦੇ ਪਿੰਡ ਸ਼੍ਰੀ ਰਾਮਪੁਰ ਆ ਗਈ, ਜਿੱਥੇ ਮਾਸੀ-ਮਾਸੜ ਵੀ ਸਵਰਗਵਾਸ ਹੋ ਗਏ। ਮਾਸੀ ਦੇ ਪੁੱਤਰ ਉਸ ਨੂੰ ਰੁੱਖੀ-ਮਿੱਸੀ ਰੋਟੀ ਤਾਂ ਦੇ ਸਕਦੇ ਹਨ ਪਰ ਉਹ ਆਰਥਕ ਮਜਬੂਰੀਆਂ ਕਾਰਨ 10ਵੀਂ ਤੋਂ ਬਾਅਦ ਆਪਣੀ ਪੜ੍ਹਾਈ ਜਾਰੀ ਨਹੀਂ ਰੱਖ ਸਕੀ। ਗੁਰਬਤ ਨਾਲ ਸੰਘਰਸ਼ ਹੀ ਉਸ ਦਾ ਮੁਕੱਦਰ ਬਣ ਗਿਆ ਹੈ।


shivani attri

Content Editor

Related News