‘ਜਲਿਆਂਵਾਲਾ ਬਾਗ ਯਾਦਗਾਰ ਭਵਿੱਖੀ ਪੀੜ੍ਹੀਆਂ ਨੂੰ ਸ਼ਾਂਤਮਈ ਰੋਸ ਪ੍ਰਗਟਾਉਣ ਦਾ ਅਧਿਕਾਰ ਯਾਦ ਕਰਵਾਉਂਦੀ ਰਹੇਗੀ’

08/28/2021 11:58:05 PM

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੜ ਮੁਰੰਮਤ ਕੀਤੇ ਗਏ ਜਲਿਆਂਵਾਲਾ ਬਾਗ ਸਮਾਰਕ ਨੂੰ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਪ੍ਰਤੀਕ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਯਾਦਗਾਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਮਹੂਰੀ ਢੰਗ ਨਾਲ ਸ਼ਾਂਤਮਈ ਰੋਸ ਪ੍ਰਗਟਾਉਣ ਦੇ ਅਵਾਮ ਦੇ ਅਧਿਕਾਰ ਬਾਰੇ ਯਾਦ ਕਰਵਾਉਂਦੀ ਰਹੇਗੀ।
ਸ਼ਾਂਤਮਈ ਤਰੀਕੇ ਨਾਲ ਸੰਘਰਸ਼ੀਲ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦਾ ਸਪੱਸ਼ਟ ਰੂਪ ਵਿਚ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮਾਰਕ ਦੇ ਨਾਲ-ਨਾਲ ਸੂਬਾ ਸਰਕਾਰ ਵੱਲੋਂ ਹਾਲ ਹੀ ਵਿਚ ਲੋਕਾਂ ਨੂੰ ਸਮਰਪਿਤ ਕੀਤੀ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਨੂੰ ਸਾਡੇ ਨੇਤਾਵਾਂ ਨੂੰ ਇਹ ਯਾਦ ਦਿਵਾਉਣਾ ਚਾਹੀਦਾ ਹੈ ਕਿ ਸ਼ਾਂਤਮਈ ਰਹਿ ਕੇ ਜਮਹੂਰੀ ਢੰਗ ਨਾਲ ਰੋਸ ਪ੍ਰਗਟਾਉਣਾ ਭਾਰਤੀਆਂ ਦਾ ਅਨਿੱਖੜਵਾਂ ਅਧਿਕਾਰ ਹੈ ਜਿਸ ਨੂੰ ਕੁਚਲਿਆ ਨਹੀਂ ਜਾ ਸਕਦਾ ਕਿਉਂਕਿ ਅੰਗੇਰਜਾਂ ਨੇ ਵੀ ਜਲਿਆਂਵਾਲਾ ਬਾਗ ਦੀ ਘਟਨਾ ਤੋਂ ਸਬਕ ਸਿੱਖਿਆ ਸੀ।

ਇਹ ਵੀ ਪੜ੍ਹੋ- ਆਖ਼ਿਰਕਾਰ ਕੈਪਟਨ ਸਰਕਾਰ ਨੂੰ ਮੰਨਣਾ ਹੀ ਪਿਆ ਕਿ ਬਿਜਲੀ ਸਮਝੌਤੇ ਮਾਰੂ ਹਨ : ਅਰੋੜਾ
ਪ੍ਰਧਾਨ ਮੰਤਰੀ ਵੱਲੋਂ ਜਲਿਆਂਵਾਲਾ ਬਾਗ ਕੌਮੀ ਯਾਦਗਾਰ (ਸਮਾਰਕ) ਨੂੰ  ਰਿਮੋਟ ਰਾਹੀਂ ਰਾਸ਼ਟਰ ਨੂੰ ਸਮਰਪਿਤ ਕਰਨ ਤੋਂ ਪਹਿਲਾਂ ਆਪਣੇ ਸੰਖੇਪ ਭਾਸ਼ਣ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਰਕ ਅਤੇ ਸੂਬਾ ਸਰਕਾਰ ਵੱਲੋਂ ਸਥਾਪਤ ਕੀਤੀ ਸ਼ਤਾਬਦੀ ਯਾਦਗਾਰ ਸਾਡੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਨਿਮਾਣੀ ਕੋਸ਼ਿਸ਼ ਹੈ ਤਾਂ ਕਿ ਇਤਿਹਾਸ ਹਮੇਸ਼ਾ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੇ ਅਤੇ ਸਾਡੀਆਂ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਵਤਨਪ੍ਰਸਤੀ ਤੋਂ ਪ੍ਰੇਰਨਾ ਲੈ ਸਕਦੀਆਂ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਨੂੰ ਆਪਣਾ ਅਸਰ-ਰਸੂਖ ਵਰਤ ਕੇ ਸ਼ਹੀਦ ਊਧਮ ਸਿੰਘ ਜਿਨ੍ਹਾਂ ਨੇ ਇਸ ਕਤਲੇਆਮ ਦੀ ਬੇਇਨਸਾਫੀ ਦਾ ਬਦਲਾ ਲਿਆ ਸੀ, ਦੇ ਪਿਸਤੌਲ ਅਤੇ ਨਿੱਜੀ ਡਾਇਰੀ ਵਰਗੀਆਂ ਨਿਸ਼ਾਨੀਆਂ ਨੂੰ ਯੂ.ਕੇ. ਤੋਂ ਭਾਰਤ ਲਿਆਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਹ ਇਸ ਸਬੰਧ ਵਿਚ ਪਹਿਲਾਂ ਹੀ ਕੇਂਦਰੀ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਡਾ. ਜੈਸ਼ੰਕਰ ਨੂੰ ਪੱਤਰ ਲਿਖ ਚੁੱਕੇ ਹਨ।

ਇਸ ਸਮਾਗਮ ਵਿਚ ਕਈ ਕੇਂਦਰੀ ਮੰਤਰੀ, ਪੰਜਾਬ ਦੇ ਰਾਜਪਾਲ, ਵਿਰੋਧੀ ਧਿਰ ਦੇ ਨੇਤਾ ਅਤੇ ਜਲਿਆਂਵਾਲਾ ਬਾਗ ਦੇ ਟਰੱਸਟੀ ਤੋਂ ਇਲਾਵਾ ਕੁਝ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਵੀ ਸ਼ਿਰਕਤ ਕੀਤੀ। ਜਲਿਆਂਵਾਲਾ ਬਾਗ ਕਤਲੇਆਮ ਦੇ ਸ਼ਹੀਦਾਂ ਦੇ ਪਰਿਵਾਰ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- ਕਿਸਾਨਾਂ ਨਾਲ ਹੋਏ ਅਣਮਨੁੱਖੀ ਵਤੀਰੇ ਲਈ ਹਰਿਆਣਾ CM ਕਿਸਾਨਾਂ ਤੋਂ ਮੰਗਣ ਮੁਆਫੀ : ਕੈਪਟਨ

ਜਲਿਆਂਵਾਲਾ ਬਾਗ਼ ਯਾਦਗਾਰ ਨੂੰ “ਭਾਰਤ ਦੀ ਆਜ਼ਾਦੀ ਲਈ ਅਹਿੰਸਕ ਅਤੇ ਸ਼ਾਂਤਮਈ ਸੰਘਰਸ਼ ਦਾ ਸਦੀਵੀ ਪ੍ਰਤੀਕ” ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ “ਦੂਜੇ ਪਾਸੇ ਇਹ ਸ਼ਾਂਤੀ ਪੂਰਨ ਢੰਗ ਨਾਲ ਇਕੱਤਰ ਹੋਏ ਲੋਕਾਂ ਖ਼ਿਲਾਫ਼ ਹਿੰਸਾ ਅਤੇ ਸਟੇਟ ਦੇ ਸਭ ਤੋਂ ਵਹਿਸ਼ੀ ਕਾਰਿਆਂ ਵਿੱਚੋਂ ਸਭ ਤੋਂ ਘਿਨਾਉਣੀ ਕਾਰਵਾਈ ਦੀ ਗਵਾਹੀ ਭਰਦਾ ਹੈ।"

ਉਨ੍ਹਾਂ ਕਿਹਾ ਕਿ 13 ਅਪ੍ਰੈਲ, 1919 ਨੂੰ ਵਿਸਾਖੀ ਮੌਕੇ ਸੈਂਕੜੇ ਨਿਰਦੋਸ਼ ਲੋਕਾਂ ਦੀ ਹੱਤਿਆ ਨੇ ਨਾ ਸਿਰਫ਼ ਦੇਸ਼ ਬਲਕਿ ਸਮੁੱਚੇ ਵਿਸ਼ਵ ਦੀ ਨੈਤਿਕ ਜ਼ਮੀਰ ਨੂੰ ਹਲੂਣ ਕੇ ਰੱਖ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉੱਘੇ ਪੰਜਾਬੀ ਕਵੀ ਨਾਨਕ ਸਿੰਘ, ਜੋ ਇਸ ਸਾਕੇ ਵਿੱਚ ਖੁਸ਼ਕਿਸਮਤੀ ਨਾਲ ਬਚ ਗਿਆ ਸੀ, ਮੁਤਾਬਿਕ ਇਹ "ਖੂਨੀ ਵਿਸਾਖੀ" ਬਰਤਾਨਵੀ ਸਾਮਰਾਜ ਦੀ ਤਾਬੂਤ ਵਿੱਚ ਆਖਰੀ ਕਿੱਲ ਸਾਬਿਤ ਹੋਈ ਸੀ। ਮੁੱਖ ਮੰਤਰੀ ਨੇ ਕਿਹਾ ਇਸ ਅਣਮਨੁੱਖੀ ਕਾਰੇ ਦੇ ਰੋਸ ਵਿੱਚ ਗੁਰੂਦੇਵ ਰਾਬਿੰਦਰਨਾਥ ਟੈਗੋਰ ਨੇ 'ਨਾਈਟਹੁਡ' ਦੀ ਉਪਾਧੀ ਵਾਪਸ ਕਰ ਦਿੱਤੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਜਲਿਆਂਵਾਲਾ ਬਾਗ, ਪਵਿੱਤਰ ਨਗਰੀ ਵਿਖੇ ਆਉਣ ਵਾਲੇ ਲੱਖਾਂ ਸੈਲਾਨੀਆਂ ਅਤੇ ਸ਼ਰਧਾਲੂਆਂ ਲਈ ਅੰਮ੍ਰਿਤਸਰ ਦੀਆਂ ਇਤਿਹਾਸਕ ਥਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਇਸ ਗੱਲ `ਤੇ ਖੁਸ਼ੀ ਜ਼ਾਹਰ ਕੀਤੀ ਕਿ ਜਦੋਂ ਦੇਸ਼ ਇਸ ਦੁਖਾਂਤ ਦੀ ਸ਼ਤਾਬਦੀ ਮਨਾ ਰਿਹਾ ਹੈ, ਸੱਭਿਆਚਾਰ ਮੰਤਰਾਲੇ ਨੇ ਇਸ ਯਾਦਗਾਰ ਦੇ ਨਵੀਨੀਕਰਨ ਲਈ ਵੱਡੇ ਪੱਧਰ `ਤੇ ਕਾਰਜ ਕੀਤੇ ਹਨ ਅਤੇ ਇਸ ਨੂੰ ਵਧੇਰੇ ਤਕਨਾਲੋਜੀ-ਅਧਾਰਤ ਦਿੱਖ ਦਿੱਤੀ ਹੈ, ਜਿਸ ਵਿੱਚ ਸਾਊਂਡ ਐਂਡ ਲਾਈਟ ਸ਼ੋਅ ਸ਼ਾਮਲ ਹੈ ਜਿਸ ਨਾਲ ਵਧੇਰੇ ਲੋਕ ਆਕਰਸ਼ਿਤ ਹੋਣਗੇ।

ਇਹ ਵੀ ਪੜ੍ਹੋ- ਹਰਿਆਣਾ 'ਚ ਕਿਸਾਨਾਂ 'ਤੇ ਲਾਠੀਚਾਰਜ ਦੇ ਵਿਰੋਧ 'ਚ ਪੰਜਾਬ ਦੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ

ਇਹ ਚੇਤੇ ਕਰਦਿਆਂ ਕਿ ਇਸ ਪਵਿੱਤਰ ਯਾਦਗਾਰ ਦੀ ਕਹਾਣੀ ਦੁਖਾਂਤ ਤੋਂ ਬਾਅਦ ਸ਼ੁਰੂ ਹੋਈ ਸੀ, ਜਦੋਂ 1920 ਵਿੱਚ ਇਸ ਸਥਾਨ `ਤੇ ਯਾਦਗਾਰ ਬਣਾਉਣ ਦਾ ਮਤਾ ਪਾਸ ਕੀਤਾ ਗਿਆ ਸੀ ਅਤੇ ਫਿਰ ਟਰੱਸਟੀਆਂ ਦੁਆਰਾ ਜ਼ਮੀਨ ਖਰੀਦੀ ਗਈ ਸੀ, ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ 1951 ਵਿੱਚ ਸਰਕਾਰ ਨੇ ਇਸਨੂੰ "ਕੌਮੀ ਯਾਦਗਾਰ" ਐਲਾਨ ਦਿੱਤਾ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਦੁਖਾਂਤ ਦੀ ਸ਼ਤਾਬਦੀ ਨੂੰ ਮਨਾਉਣ ਦੇ ਹਿੱਸੇ ਵਜੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਹਾਲ ਹੀ ਵਿੱਚ 14 ਅਗਸਤ, 2021 ਨੂੰ ਅੰਮ੍ਰਿਤਸਰ ਵਿੱਚ ਇੱਕ ਵੱਖਰੇ ਸਥਾਨ `ਤੇ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਸਮਰਪਿਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਯਾਦਗਾਰ `ਤੇ ਰਿਕਾਰਡ ਅਨੁਸਾਰ ਉਪਲਬਧ ਸਾਰੇ 488 ਸ਼ਹੀਦਾਂ ਦੇ ਨਾਮ ਉੱਕਰੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀ ਇੱਕ ਵਿਸ਼ੇਸ਼ ਖੋਜ ਟੀਮ ਵੀ ਗਠਿਤ ਕੀਤੀ ਸੀ ਤਾਂ ਜੋ ਉਨ੍ਹਾਂ ਸ਼ਹੀਦਾਂ ਦੇ ਲਾਪਤਾ ਨਾਵਾਂ ਦਾ ਪਤਾ ਲਗਾਇਆ ਜਾ ਸਕੇ ਜਿਨ੍ਹਾਂ ਨੂੰ ਇਸ ਯਾਦਗਾਰ `ਤੇ ਦਰਸਾਏ ਜਾਣ ਦੀ ਲੋੜ ਹੈ ਜਿਸ ਲਈ ਲੋੜੀਂਦੀ ਜਗ੍ਹਾ ਛੱਡੀ ਗਈ ਹੈ।


Bharat Thapa

Content Editor

Related News