ਜਲੰਧਰ 'ਚ ਹੋਵੇਗੀ ਪੰਜਾਬ ਭਵਨ ਸਰੀ, ਕੈਨੇਡਾ ਦੇ ਉਪ ਦਫ਼ਤਰ ਦੀ ਸ਼ੁਰੂਆਤ

Tuesday, Nov 30, 2021 - 11:11 PM (IST)

ਜਲੰਧਰ 'ਚ ਹੋਵੇਗੀ ਪੰਜਾਬ ਭਵਨ ਸਰੀ, ਕੈਨੇਡਾ ਦੇ ਉਪ ਦਫ਼ਤਰ ਦੀ ਸ਼ੁਰੂਆਤ

ਜਲੰਧਰ(ਪੱਤਰ ਪ੍ਰੇਰਕ)- ਪੰਜਾਬ ਭਵਨ ਸਰੀ, ਕੈਨੇਡਾ ਵੱਲੋਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਦੇ ਮਨਸੂਬੇ ਨਾਲ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਤੇ ਸੱਭਿਆਚਾਰਕ ਸਮਾਗਮ 2 ਦਸੰਬਰ 2021 ਨੂੰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਗ੍ਰੀਨ ਕਾਉਂਟੀ, ਲੱਦੇਵਾਲੀ ਰੋਡ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ  ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦੀ ਅਗਵਾਈ 'ਚ ਪੰਜਾਬ ਭਵਨ ਦੇ ਨਵੇਂ ਉਪ ਦਫ਼ਤਰ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਮਾਂ ਬੋਲੀ ਨੂੰ ਸਮਰਪਤ ਇਸ ਸਮਾਗਮ 'ਚ ਪੰਜਾਬ ਭਰ ਦੇ ਪ੍ਰਸਿੱਧ ਕਵੀ, ਲੇਖਕ, ਵਿਦਵਾਨ,  ਬੁੱਧੀਜੀਵੀ, ਪੱਤਰਕਾਰ, ਸਮਾਜਸੇਵੀ ਤੇ ਵਿੱਦਿਅਕ ਅਦਾਰਿਆਂ ਦੇ ਮੁਖੀ ਉਚੇਚੇ ਤੌਰ 'ਤੇ ਸ਼ਿਰਕਤ ਕਰ ਰਹੇ ਹਨ ਜਿਸ 'ਚ ਪਹੁੰਚਣ ਲਈ ਸਾਹਿਤਕ ਪ੍ਰੇਮੀਆਂ ਨੂੰ ਵੀ ਸੁੱਖੀ ਬਾਠ ਨੇ ਪੁਰਜ਼ੋਰ ਅਪੀਲ ਕੀਤੀ।

ਦੱਸਣ ਯੋਗ ਹੈ ਕਿ ਸਮੁੱਚੇ ਪੰਜਾਬੀ ਭਾਈਚਾਰੇ ਵਲੋਂ ਮਿਲੇ ਹੌਸਲੇ, ਪਿਆਰ ਅਤੇ ਸਤਿਕਾਰ ਸਦਕਾ ਅਕਤੂਬਰ 2021 'ਚ ਪੰਜਾਬ ਭਵਨ, ਸਰੀ ਕੈਨੇਡਾ ਨੇ ਆਪਣੇ ਪੰਜ ਸਾਲ ਮੁਕੰਮਲ ਕਰ ਲਏ ਹਨ।  ਪ੍ਰੈਸ ਨੋਟ ਜਾਰੀ ਕਰਦਿਆਂ ਸੁੱਖੀ ਬਾਠ ਨੇ ਦੱਸਿਅ ਕਿ ਪੰਜਾਬ ਭਵਨ ਦੀਆਂ ਸਾਹਿਤਕ ਸਰਗਰਮੀਆਂ ਨੂੰ ਹੋਰ ਹੁਲਾਰਾ ਦੇਣ ਦੇ ਮਨੋਰਥ ਨਾਲ ਉਪ ਦਫ਼ਤਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜੋ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪ੍ਰਫੁੱਲਤਾ ਲਈ ਹਮੇਸ਼ਾ ਵਚਨਬੱਧ ਰਹੇਗਾ। ਬਾਠ ਨੇ ਦੱਸਿਆ ਕਿ ਜਲਦੀ ਹੀ ਇਸ ਦਫ਼ਤਰ ਦੇ ਮਾਧਿਅਮ ਨਾਲ ਸਾਹਿਤਕ ਸਰਗਰਮੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ ਜੋ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਕਾਰਗਰ ਸਾਬਤ ਹੋਵੇਗਾ। ਸੁੱਖੀ ਬਾਠ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਭਵਨ ਵੱਲੋਂ ਆਰੰਭੀਆਂ ਸਾਹਿਤਕ ਤੇ ਸਮਾਜਿਕ ਗਤੀਵਿਧੀਆਂ ਨੂੰ ਜ਼ਮੀਨੀ ਪੱਧਰ 'ਤੇ ਪਹੁੰਚਾਉਣ ਲਈ ਸਫ਼ਲ ਭੂਮਿਕਾ ਨਿਭਾਏਗਾ।


author

Bharat Thapa

Content Editor

Related News