ਟ੍ਰੈਫਿਕ ਪੁਲਸ ਮੁਲਾਜ਼ਮ ਨੂੰ ਬੋਲਿਆ ਕੰਡਕਟਰ, 'ਤੁਹਾਨੂੰ ਹਰ ਗੇੜੇ ਦੇ ਸੌ ਰੁਪਏ ਦਿੰਦੇ ਹਾਂ'
Tuesday, Aug 07, 2018 - 07:02 PM (IST)

ਜਲੰਧਰ— ਪ੍ਰਸ਼ਾਸਨ ਦੇ ਹੁਕਮਾਂ ਨੂੰ ਛਿੱਕੇ ਟੰਗਦੇ ਹੋਏ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਬੱਸਾਂ ਨੂੰ ਰੋਕ ਕੇ ਡਰਾਈਵਰਾਂ ਵੱਲੋਂ ਸਵਾਰੀਆਂ ਚੜ੍ਹਾਈਆਂ ਜਾ ਰਹੀਆਂ ਹਨ। ਬੀਤੇ ਦਿਨ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ। ਜਦੋਂ ਟ੍ਰੈਫਿਕ ਪੁਲਸ ਨੇ ਡਰਾਈਵਰ ਨੂੰ ਸਵਾਰੀਆਂ ਚੜ੍ਹਾਉਣ ਤੋਂ ਮਨ੍ਹਾ ਕੀਤਾ ਤਾਂ ਕੰਡਕਟਰ ਅਤੇ ਪੁਲਸ ਮੁਲਾਜ਼ਮ 'ਚ ਬਹਿਸ ਹੋ ਗਈ। ਇਸ ਦੌਰਾਨ ਕੰਡਕਟਰ ਨੇ ਕਿਹਾ, ''ਅਸੀਂ ਤੁਹਾਨੂੰ ਹਰ ਗੇੜੇ ਦੇ ਸੌ ਰੁਪਏ ਦਿੰਦੇ ਹਾਂ। ਤੁਸੀਂ ਸਾਡੇ ਨਾਲ ਆਹ ਕੁਝ ਕਰੋਗੇ।''
ਦੱਸਣਯੋਗ ਹੈ ਕਿ ਟ੍ਰੈਫਿਕ ਪੁਲਸ ਨੇ ਬੱਸ ਸਟੈਂਡ ਫਲਾਈਓਵਰ ਦੇ ਹੇਠਾਂ ਬੱਸ ਡਰਾਈਵਰਾਂ ਵੱਲੋਂ ਗਲਤ ਤਰੀਕੇ ਨਾਲ ਸਵਾਰੀਆਂ ਬੱਸਾਂ 'ਚ ਬਿਠਾਉਣ ਤੋਂ ਰੋਕਣ ਲਈ ਨਾਕਾ ਲਗਾਇਆ ਸੀ। ਐੱਸ. ਆਈ. ਜਗਦੀਸ਼ ਪ੍ਰਸਾਦ ਨੇ ਦੱਸਿਆ ਕਿ ਉਹ ਆਪਣੀ ਟੀਮ ਦੇ ਨਾਲ ਉਕਤ ਸਥਾਨ 'ਤੇ ਜਦੋਂ ਨਾਕੇ 'ਤੇ ਸਨ ਤਾਂ ਉਨ੍ਹਾਂ ਇਕ ਨਿੱਜੀ ਕੰਪਨੀ ਦੀ ਬੱਸ ਦੇ ਕੰਡਕਟਰ ਨੂੰ ਸਵਾਰੀਆਂ ਚੜ੍ਹਾਉਣ ਤੋਂ ਰੋਕਿਆ ਤਾਂ ਉਹ ਟ੍ਰੈਫਿਕ ਪੁਲਸ ਮੁਲਾਜ਼ਮ ਨਾਲ ਉਲਝ ਗਿਆ। ਬੱਸ ਰੁਕਵਾਉਣ ਲਈ ਜਦੋਂ ਪੁਲਸ ਮੁਲਾਜ਼ਮ ਨੇ ਬੱਸ 'ਚ ਚੜ੍ਹ ਕੇ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਬੱਸ ਨੂੰ ਭਜਾਉਂਦੇ ਹੋਏ ਉਸ ਨੂੰ ਖਾਲਸਾ ਕਾਲਜ ਤੱਕ ਲੈ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ 'ਤੇ ਜਾ ਕੇ ਬੱਸ ਡਰਾਈਵਰ ਸੁਖਵਿੰਦਰ ਨੂੰ ਬੱਸ ਦੇ ਪੇਪਰ ਚੈੱਕ ਕਰਵਾਉਣ ਲਈ ਕਿਹਾ ਤਾਂ ਉਸ ਦੇ ਕੋਲ ਨਾ ਤਾਂ ਲਾਇਸੈਂਸ ਸੀ ਅਤੇ ਨਾ ਆਰ. ਸੀ. ਅਤੇ ਨਾ ਹੀ ਰੂਟ ਪਰਮਿਟ। ਇਸ ਦੇ ਕਾਰਨ ਬੱਸ ਨੂੰ ਇੰਪਾਊਂਡ ਕੀਤਾ ਗਿਆ।
ਕੰਡਕਟਰ ਨੇ ਪੁਲਸ ਮੁਲਾਜ਼ਮ ਨੂੰ ਸੁਣਾਈਆਂ ਖਰੀਆਂ-ਖਰੀਆਂ
ਟ੍ਰੈਫਿਕ ਪੁਲਸ ਦੀ ਕਾਰਵਾਈ ਨੂੰ ਦੇਖ ਕੇ ਕੰਡਕਟਰ ਖਾਨ ਨੇ ਦੋਸ਼ ਲਗਾਇਆ ਕਿ ਮੁਲਾਜ਼ਮ ਬੱਸ ਵਾਲਿਆਂ ਤੋਂ ਪੈਸੇ ਲੈਂਦੇ ਹਨ। ਕੰਡਕਟਰ ਨੇ ਕਿਹਾ ਕਿ ਬੱਸ ਸਟੈਂਡ ਫਲਾਈਓਵਰ ਅਤੇ ਪੀ. ਏ. ਪੀ. ਫਲਾਈਓਵਰ 'ਤੇ ਜਦੋਂ ਸੌ-ਸੌ ਰੁਪਏ ਲੈਂਦੇ ਹੋ, ਉਦੋਂ ਤੁਹਾਨੂੰ ਚਲਾਨ ਕੱਟਣ ਦਾ ਚੇਤਾ ਨਹੀਂ ਆਉਂਦਾ? ਓਥੇ ਤਾਂ ਤੁਸੀਂ ਆਪਣੇ ਬੰਦੇ ਫਲਾਈਓਵਰ ਦੇ ਹੇਠਾਂ ਖੜ੍ਹੇ ਕੀਤੇ ਹੋਏ ਨੇ। ਤੁਹਾਨੂੰ ਗੇੜੇ ਦਾ 100 ਰੁਪਇਆ ਦੇਈਏ ਤਾਂ ਤੁਸੀਂ ਸਾਡੇ ਨਾਲ ਆਹ ਕੁਝ ਕਰੋਗੇ। ਇਸ 'ਤੇ ਟ੍ਰੈਫਿਕ ਐੱਸ. ਆਈ. ਜਗਦੀਸ਼ ਪ੍ਰਸਾਦ ਨੇ ਕਿਹਾ ਕਿ ਜਿਸ ਬੰਦੇ ਨੇ ਪੈਸੇ ਲਏ ਨੇ ਉਸ ਦਾ ਨਾਂ ਦੱਸ ਮੈਨੂੰ।
ਪੈਸੇ ਲੈਣ ਦੇ ਦੋਸ਼ਾਂ ਦੀ ਹੋਵੇਗੀ ਜਾਂਚ: ਏ. ਸੀ. ਪੀ. ਟ੍ਰੈਫਿਕ ਜਸਪਾਲ
ਏ. ਸੀ. ਪੀ. ਟ੍ਰੈਫਿਕ ਜਸਪਾਲ ਨੇ ਕਿਹਾ ਕਿ ਬੱਸ ਨੂੰ ਇੰਪਾਊਂਡ ਕਰ ਲਿਆ ਗਿਆ ਹੈ। ਪੁਲਸ ਮੁਲਾਜ਼ਮਾਂ 'ਤੇ ਪੈਸੇ ਲੈਣ ਦੇ ਦੋਸ਼ 'ਤੇ ਉਨ੍ਹਾਂ ਕਿਹਾ ਕਿ ਉਹ ਖੁਦ ਮੌਕੇ 'ਤੇ ਜਾਂਚ ਕਰਨਗੇ। ਜੇਕਰ ਕੋਈ ਪੁਲਸ ਮੁਲਾਜ਼ਮ ਜਾਂ ਕੋਈ ਹੋਰ ਬੱਸ ਚਾਲਕਾਂ ਤੋਂ ਪੈਸੇ ਲੈਂਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ।