ਜਲੰਧਰ ਟ੍ਰੈਫਿਕ ਪੁਲਸ ਕੋਲ ਸਿਰਫ 1065 ਸਕੂਲੀ ਵਾਹਨਾਂ ਦੀ ਐਂਟਰੀ, ਕੰਡਮ ਵਾਹਨਾਂ ਦਾ ਰਿਕਾਰਡ ਨਹੀਂ

02/18/2020 11:16:57 AM

ਜਲੰਧਰ (ਵਰੁਣ)— ਸੰਗਰੂਰ ਵੈਨ ਅਗਨੀ ਕਾਂਡ ਤੋਂ ਬਾਅਦ ਭਾਵੇਂ ਜਲੰਧਰ ਟ੍ਰੈਫਿਕ ਪੁਲਸ ਅਤੇ ਆਰ. ਟੀ. ਏ. ਵਿਭਾਗ ਨੇ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੌਰਾਨ ਵੱਡੀ ਲਾਪ੍ਰਵਾਹੀ ਵੀ ਸਾਹਮਣੇ ਆਈ ਹੈ। ਟ੍ਰੈਫਿਕ ਪੁਲਸ ਦੇ ਐਜੂਕੇਸ਼ਨ ਸੈੱਲ ਦੇ ਅੰਕੜਿਆਂ ਅਨੁਸਾਰ ਸਿਟੀ ਦੇ ਸਾਰੇ ਸਕੂਲਾਂ ਦੇ ਕੁਲ 1065 ਵਾਹਨ ਚੱਲਦੇ ਹਨ ਪਰ ਜਿਨ੍ਹਾਂ ਸਕੂਲਾਂ ਨੇ ਠੇਕੇਦਾਰਾਂ ਦੀਆਂ ਗੱਡੀਆਂ ਬੱਚਿਆਂ ਨੂੰ ਲੈ ਕੇ ਆਉਣ ਅਤੇ ਛੱਡਣ ਲਈ ਰੱਖੀਆਂ ਹਨ, ਉਨ੍ਹਾਂ ਦਾ ਕੋਈ ਰਿਕਾਰਡ ਹੀ ਨਹੀਂ ਹੈ। ਟ੍ਰੈਫਿਕ ਪੁਲਸ ਨੇ ਤਾਂ ਸਕੂਲੀ ਵਾਹਨਾਂ ਦਾ (ਬਿਨਾਂ ਠੇਕੇਦਾਰਾਂ ਦੀਆਂ ਗੱਡੀਆਂ ਦੇ) ਅੰਕੜਾ ਤਿਆਰ ਕੀਤਾ ਹੋਇਆ ਹੈ ਪਰ ਆਰ. ਟੀ. ਏ. ਵਿਭਾਗ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਅ ਸਕਿਆ। ਆਰ. ਟੀ. ਏ. ਆਫਿਸ 'ਚ ਸਿਰਫ ਸਕੂਲਾਂ ਦੀਆਂ ਨਵੀਆਂ ਗੱਡੀਆਂ ਦਾ ਅੰਕੜਾ ਹੈ, ਜਦੋਂਕਿ ਜਿਨ੍ਹਾਂ ਸਕੂਲਾਂ ਵਾਲਿਆਂ ਨੇ ਪੁਰਾਣੀਆਂ ਗੱਡੀਆਂ ਖਰੀਦੀਆਂ ਹੋਈਆਂ ਹਨ, ਉਨ੍ਹਾਂ ਦਾ ਕੋਈ ਰਿਕਾਰਡ ਨਹੀਂ ਅਤੇ ਠੇਕੇਦਾਰਾਂ ਦੀਆਂ ਗੱਡੀਆਂ ਦਾ ਵੀ ਕੋਈ ਰਿਕਾਰਡ ਨਹੀਂ ਹੈ। ਇਹ ਉਹ ਗੱਡੀਆਂ ਹਨ ਜੋ ਕੰਡਮ ਹੋ ਚੁੱਕੀਆਂ ਹਨ ਅਤੇ ਮੌਤ ਦੇ ਸਾਏ ਹੇਠ ਬੱਚਿਆਂ ਨੂੰ ਸਕੂਲ ਲੈ ਕੇ ਜਾਣ ਅਤੇ ਘਰ ਛੱਡਣ ਦਾ ਕੰਮ ਕਰ ਰਹੀਆਂ ਹਨ।

PunjabKesari

ਹੈਰਾਨੀ ਦੀ ਗੱਲ ਹੈ ਕਿ ਕੁਝ ਪੈਸਿਆਂ ਲਈ ਸਕੂਲ ਪ੍ਰਬੰਧਕ ਵੀ ਅਜਿਹੇ ਵਾਹਨਾਂ 'ਤੇ ਪਾਬੰਦੀ ਨਹੀਂ ਲਗਾ ਰਹੇ ਜੋ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦੇ ਹਨ। ਟ੍ਰੈਫਿਕ ਪੁਲਸ ਦੀ ਮੰਨੀਏ ਤਾਂ ਉਨ੍ਹਾਂ ਕੋਲ ਸ਼ਹਿਰ ਦੇ ਸਕੂਲਾਂ ਦੇ ਬੱਚਿਆਂ ਲਈ ਕੁਲ 579 ਬੱਸਾਂ, 77 ਵੱਖ-ਵੱਖ ਗੱਡੀਆਂ ਅਤੇ 409 ਆਟੋ ਰਿਕਸ਼ਿਆਂ ਦਾ ਅੰਕੜਾ ਹੈ, ਜਦੋਂਕਿ ਇਨ੍ਹਾਂ ਅੰਕੜਿਆਂ ਤੋਂ ਦੁੱਗਣੇ ਸਕੂਲੀ ਵਾਹਨ ਸ਼ਹਿਰ ਦੀਆਂ ਸੜਕਾਂ 'ਤੇ ਦੌੜ ਰਹੇ ਹਨ।

ਹਾਦਸੇ ਤੋਂ ਬਾਅਦ ਹੋਈ ਕਾਰਵਾਈ 'ਚ ਸਕੂਲ ਪ੍ਰਬੰਧਕਾਂ ਦੀਆਂ ਦਿਸੀਆਂ ਲਾਪ੍ਰਵਾਹੀਆਂ
ਸੰਗਰੂਰ 'ਚ ਸਕੂਲ ਵੈਨ ਹਾਦਸੇ 'ਚ ਮਾਰੇ ਗਏ 4 ਮਾਸੂਮ ਬੱਚਿਆਂ ਦੀ ਘਟਨਾ ਤੋਂ ਬਾਅਦ ਟ੍ਰੈਫਿਕ ਪੁਲਸ ਅਤੇ ਆਰ. ਟੀ. ਏ. ਵਿਭਾਗ ਦੀ ਟੀਮ ਨੇ ਵੱਖ-ਵੱਖ ਚੌਕਾਂ 'ਤੇ ਚੈਕਿੰਗ ਕੀਤੀ ਤਾਂ ਕਈ ਸਕੂਲੀ ਵਾਹਨਾਂ 'ਚ ਖਾਮੀਆਂ ਮਿਲੀਆਂ। ਸਕੂਲ ਦੇ ਵਾਹਨਾਂ ਦੀ ਸਾਰੀ ਜ਼ਿੰਮੇਵਾਰੀ ਸਕੂਲ ਪ੍ਰਬੰਧਕਾਂ ਦੀ ਹੈ ਪਰ ਕੁਝ ਸਕੂਲਾਂ ਦੇ ਪ੍ਰਬੰਧਕਾਂ ਨੇ ਬੱਚਿਆਂ ਦੀ ਸੁਰੱਖਿਆ ਲਈ ਵਾਹਨਾਂ ਨੂੰ ਚੈੱਕ ਤੱਕ ਨਹੀਂ ਕੀਤਾ। ਟ੍ਰੈਫਿਕ ਪੁਲਸ ਵੱਲੋਂ ਪ੍ਰੈੱਸ ਨੋਟ 'ਚ ਦਾਅਵਾ ਕੀਤਾ ਗਿਆ ਕਿ ਸੋਮਵਾਰ ਸਵੇਰੇ ਵੱਖ-ਵੱਖ ਚੌਕਾਂ 'ਤੇ ਕੁਲ 107 ਚਲਾਨ ਕੱਟੇ ਗਏ, ਜਿਨ੍ਹਾਂ ਵਿਚੋਂ 87 ਚਲਾਨ ਸਕੂਲੀ ਬੱਸਾਂ ਦੇ ਸਨ, 20 ਆਟੋ ਰਿਕਸ਼ਾ ਦੇ ਚਲਾਨ ਕੀਤੇ ਗਏ, ਜਦੋਂਕਿ 4 ਸਕੂਲੀ ਬੱਸਾਂ ਅਤੇ 2 ਸਕੂਲੀ ਆਟੋ ਇੰਪਾਊਂਡ ਕੀਤੇ ਗਏ।

PunjabKesari

ਸਕੂਲੀ ਵਾਹਨਾਂ 'ਚ ਮਿਲੀ ਪੇਂਟ ਦੀ ਬਾਲਟੀ, ਨੰਗੀਆਂ ਤਾਰਾਂ, ਸ਼ਿਕਾਇਤ ਲਈ ਦਿੱਤੇ ਨੰਬਰ ਵੀ ਗਾਇਬ
ਟ੍ਰੈਫਿਕ ਪੁਲਸ ਨੇ ਜਿਨ੍ਹਾਂ ਸਕੂਲੀ ਵਾਹਨਾਂ ਨੂੰ ਇੰਪਾਊਂਡ ਕੀਤਾ, ਉਨ੍ਹਾਂ 'ਚੋਂ ਇਕ ਬੱਸ ਵਿਚ ਪੇਂਟ ਦੀ ਬਾਲਟੀ ਰੱਖੀ ਹੋਈ ਸੀ। ਇਕ ਮੈਟਾਡੋਰ ਦੀ ਹਾਲਤ ਇੰਨੀ ਕੰਡਮ ਸੀ ਕਿ ਉਸ 'ਚੋਂ ਤਾਰਾਂ ਨਿਕਲੀਆਂ ਹੋਈਆਂ ਸਨ ਅਤੇ ਇਕ ਫੀਸਦੀ ਮੈਟਾਡੋਰ ਬੇਹੱਦ ਕੰਡਮ ਹਾਲਤ 'ਚ ਸਨ। ਕੁਝ ਬੱਸਾਂ ਵਿਚ ਸੀਟ ਦੇ ਹੇਠਾਂ ਬੈਟਰੀਆਂ ਰੱਖੀਆਂ ਹੋਈਆਂ ਸਨ, ਜਿਸ ਨਾਲ ਕਿਸੇ ਸਮੇਂ ਵੀ ਬੱਚਿਆਂ ਨੂੰ ਕਰੰਟ ਲੱਗ ਸਕਦਾ ਸੀ। ਇਸ ਤੋਂ ਇਲਾਵਾ ਕਈ ਸਕੂਲੀ ਵਾਹਨਾਂ 'ਚ ਜੋ ਰੈਸ਼ ਡਰਾਈਵਿੰਗ ਕਰਨ 'ਤੇ ਸ਼ਿਕਾਇਤ ਲਈ ਮੋਬਾਇਲ ਨੰਬਰ ਲਿਖਿਆ ਹੁੰਦਾ ਹੈ ਉਹ ਵੀ ਗਾਇਬ ਸੀ। ਕੁਝ ਬੱਸਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਨਹੀਂ ਸਨ, ਫਸਟਏਡ ਕਿੱਟ ਅਤੇ ਅੱਗ ਬੁਝਾਉਣ ਵਾਲੇ ਯੰਤਰ ਵੀ ਗਾਇਬ ਸਨ ਅਤੇ ਕੁਝ ਵਿਚ ਅੱਗ ਬੁਝਾਉਣ ਵਾਲੇ ਯੰਤਰ ਐਕਸਪਾਇਰੀ ਡੇਟ ਦੇ ਸਨ।

ਅੰਦਰੂਨੀ ਇਲਾਕਿਆਂ ਦੇ ਸਕੂਲਾਂ ਦੇ ਵਾਹਨਾਂ ਦੀ ਹਾਲਤ ਜ਼ਿਆਦਾ ਖਸਤਾ
ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ ਖੁੱਲ੍ਹੇ ਸਕੂਲਾਂ ਦੇ ਵਾਹਨਾਂ ਦੀ ਹਾਲਤ ਜ਼ਿਆਦਾ ਖਸਤਾ ਹੈ। ਅਜਿਹੇ ਕੁਝ ਸਕੂਲ ਵਾਲੇ ਕਬਾੜ ਵਿਚੋਂ ਬੱਸਾਂ ਅਤੇ ਮਿੰਨੀ ਵੈਨ ਖਰੀਦ ਕੇ ਟਰਾਂਸਪੋਰਟੇਸ਼ਨ ਦਾ ਕੰਮ ਚਲਾ ਰਹੇ ਹਨ। ਹੋਰ ਸ਼ਹਿਰਾਂ ਦੀਆਂ ਬੱਸਾਂ ਮੈਟਾਡੋਰ, ਮਿੰਨੀ ਬੱਸਾਂ ਤੱਕ ਵਰਤੀਆਂ ਜਾ ਰਹੀਆਂ ਹਨ। ਟ੍ਰੈਫਿਕ ਪੁਲਸ ਜਲਦੀ ਹੀ ਅਜਿਹੇ ਸਕੂਲਾਂ 'ਤੇ ਸਖਤੀ ਕਰਨ ਜਾ ਰਹੀ ਹੈ।

PunjabKesari

ਟ੍ਰੈਫਿਕ ਪੁਲਸ ਨੇ ਸਾਰੇ ਸਕੂਲ ਪ੍ਰਬੰਧਕਾਂ ਨੂੰ ਜਾਰੀ ਕੀਤਾ ਨੋਟਿਸ
ਟ੍ਰੈਫਿਕ ਪੁਲਸ ਨੇ ਸਾਰੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਸੋਮਵਾਰ ਨੂੰ ਨੋਟਿਸ ਜਾਰੀ ਕੀਤਾ ਹੈ। ਟ੍ਰੈਫਿਕ ਪੁਲਸ ਨੇ ਨਿਯਮਾਂ ਨੂੰ ਫਾਲੋ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਰੇ ਸਕੂਲ ਪ੍ਰਬੰਧਕ ਸਕੂਲੀ ਬੱਚਿਆਂ ਦੀ ਸੁਰੱਖਿਆ ਲਈ ਸੇਫ ਸਕੂਲ ਵਾਹਨ ਸਕੀਮ ਦੇ ਤਹਿਤ ਜਾਰੀ ਕੀਤੀਆਂ ਗਈਆਂ ਹਦਾਇਤਾਂ 'ਤੇ ਅਮਲ ਨੂੰ ਯਕੀਨੀ ਬਣਾਉਣ।

ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਸਕੂਲ ਪ੍ਰਬੰਧਕ
ਕੋਈ ਵੀ ਸਕੂਲ/ਕਾਲਜ ਦਾ ਵਾਹਨ ਬਿਨਾਂ ਪਰਮਿਟ, ਫਿਟਨੈੱਸ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ਾਂ 'ਤੇ ਨਹੀਂ ਚਲਾਵੇਗਾ।
ਬੱਚਿਆਂ ਦੀ ਟਰਾਂਸਪੋਰਟੇਸ਼ਨ ਲਈ ਵਰਤੇ ਜਾਣ ਵਾਲੇ ਵਾਹਨ ਵੈਲਿਡ ਪ੍ਰਦੂਸ਼ਣ ਸਰਟੀਫਿਕੇਟ ਰੱਖਣਗੇ।
ਸਕੂਲੀ ਵਾਹਨਾਂ ਦੇ ਡਰਾਈਵਰ ਦਾ 5 ਸਾਲ 'ਚ ਕਿਸੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ 3 ਜਾਂ 3 ਤੋਂ ਵੱਧ ਵਾਰ ਚਲਾਨ ਨਾ ਹੋਇਆ ਹੋਵੇ ਅਤੇ ਨਾ ਹੀ ਰੋਡ ਐਕਸੀਡੈਂਟ ਦਾ ਕੋਈ ਕੇਸ ਹੋਵੇ।
ਸਕੂਲੀ ਵਾਹਨ ਚਾਲਕਾਂ ਅਤੇ ਕੰਡਕਡਰ ਦਾ ਵਰਦੀ ਪਾਉਣਾ ਜ਼ਰੂਰੀ ਹੈ ਅਤੇ ਨੇਮ ਪਲੇਟ ਵੀ ਲਾਉਣੀ ਹੋਵੇਗੀ।
ਡਰਾਈਵਰ ਦੇ ਕੋਲ ਡਿਊਟੀ ਸਮੇਂ ਡਰਾਈਵਿੰਗ ਲਾਇਸੈਂਸ ਜ਼ਰੂਰ ਹੋਵੇ।
ਸਕੂਲੀ ਵਾਹਨਾਂ ਦੇ ਕਰਮਚਾਰੀਆਂ ਦਾ ਸਟੇਟ ਟਰਾਂਸਪੋਰਟ ਵਿਭਾਗ ਵੱਲੋਂ 2 ਸਾਲ 'ਚ ਇਕ ਵਾਰ ਰਿਫਰੈਸ਼ਰ ਕੋਰਸ ਜ਼ਰੂਰੀ ਹੈ।
ਡਰਾਈਵਰਾਂ ਦਾ ਸਾਲ ਬਾਅਦ ਮੈਡੀਕਲ ਕਰਵਾਇਆ ਜਾਵੇ।
ਸਕੂਲੀ ਵਾਹਨਾਂ ਦੇ ਅੱਗੇ-ਪਿੱਛੇ ਬੋਰਡ ਲੱਗਾ ਹੋਵੇ, ਜਿਸ 'ਤੇ ਰੂਟ, ਸਮਾਂ, ਸਕੂਲ ਦਾ ਫੋਨ ਨੰਬਰ ਲਿਖਿਆ ਹੋਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਸਕੂਲੀ ਵਾਹਨਾਂ ਵਿਚ ਸਮਰੱਥਾ ਤੋਂ ਵੱਧ ਬੱਚੇ ਨਾ ਬਿਠਾਏ ਜਾਣ।
ਸਾਰੇ ਸਕੂਲ ਵਾਹਨ 50 ਕਿਲੋਮੀਟਰ ਤੋਂ ਵੱਧ ਸਪੀਡ ਨਾਲ ਵਾਹਨ ਨਾ ਚਲਾਉਣ।
ਸਕੂਲ/ਕਾਲਜਾਂ ਦੇ ਅੱਗੇ ਜ਼ੈਬਰਾ ਕਰਾਸਿੰਗ ਜ਼ਰੂਰੀ ਹੈ।
ਪ੍ਰਬੰਧਕ ਇਹ ਯਕੀਨੀ ਬਣਾਉਣਗੇ ਕਿ ਵਾਹਨ ਚਾਲਕ ਛੁੱਟੀ 'ਤੇ ਜਾਣ ਤੋਂ ਪਹਿਲਾਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਡਰਾਈਵਰਾਂ ਨੂੰ ਹੀ ਭੇਜਣਗੇ।
ਮਾਪੇ ਹਰ ਤਰ੍ਹਾਂ ਦੇ ਪ੍ਰਾਈਵੇਟ ਆਟੋ ਰਿਕਸ਼ਾ/ਰਿਕਸ਼ਾ 'ਤੇ ਆਉਣ-ਜਾਣ ਵਾਲੇ ਬੱਚਿਆਂ ਅਤੇ ਆਟੋ ਚਾਲਕਾਂ ਦਾ ਸਾਰਾ ਰਿਕਾਰਡ ਵੱਖਰੇ ਤੌਰ 'ਤੇ ਰੱਖਣਗੇ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਵੇਖਦਿਆਂ ਬੱਚਿਆਂ ਦੇ ਮਾਤਾ-ਪਿਤਾ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਸਾਰੇ ਆਟੋ ਰਿਕਸ਼ਾ ਵਾਲਿਆਂ ਦਾ ਡਰਾਈਵਿੰਗ ਲਾਇਸੈਂਸ, ਫਿਟਨੈੱਸ ਸਰਟੀਫਿਕੇਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਆਪਣੇ ਕੋਲ ਰੱਖਣ।
ਸਕੂਲ ਦੀ ਮੈਨੇਜਮੈਂਟ ਇਕ ਰਜਿਸਟਰ ਤਿਆਰ ਕਰੇ, ਜਿਸ ਵਿਚ ਸਾਰੇ ਡਰਾਈਵਰਾਂ/ਕੰਡਕਟਰਾਂ ਕੋਲੋਂ ਵਾਹਨਾਂ ਸਬੰਧੀ ਸਾਰੀ ਜਾਣਕਾਰੀ ਦਰਜ ਕੀਤੀ ਜਾਵੇ ਅਤੇ ਇਨ੍ਹਾਂ ਵਾਹਨਾਂ ਦੀ ਹਰ ਹਫਤੇ ਚੈਕਿੰਗ ਕੀਤੀ ਜਾਵੇ।
ਬੱਚਿਆਂ ਦੀ ਸੁਰੱਖਿਆ ਨੂੰ ਵੇਖਦਿਆਂ ਕੰਡਮ ਵਾਹਨਾਂ ਦੀ ਵਰਤੋਂ ਨਾ ਕੀਤੀ ਜਾਵੇ।
ਸਮੂਹ ਸਕੂਲ ਪ੍ਰਬੰਧਕ, ਬੱਸ-ਵੈਨ ਦੇ ਡਰਾਈਵਰਾਂ, ਕੰਡਕਟਰਾਂ ਨਾਲ ਹਰ ਮਹੀਨੇ ਮੀਟਿੰਗ ਕਰ ਕੇ ਸਾਰੀਆਂ ਹਦਾਇਤਾਂ 'ਤੇ ਅਮਲ ਨੂੰ ਯਕੀਨੀ ਬਣਾਉਣਗੇ ਅਤੇ ਸਾਰੀਆਂ ਸ਼ਰਤਾਂ ਲਈ ਸਕੂਲ ਪ੍ਰਬੰਧਕ ਹੀ ਜ਼ਿੰਮੇਵਾਰ ਹੋਣਗੇ।
ਟ੍ਰੈਫਿਕ ਪੁਲਸ ਰੋਜ਼ਾਨਾ ਵੱਖ-ਵੱਖ ਸਮੇਂ 'ਤੇ ਨਾਕਾਬੰਦੀ ਕਰ ਕੇ ਕੰਡਮ ਸਕੂਲੀ ਵਾਹਨਾਂ ਨੂੰ ਇੰਪਾਊਂਡ ਕਰੇਗੀ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਕੰਡਮ ਵਾਹਨ ਨੂੰ ਕਿਸੇ ਵੀ ਹਾਲਤ ਵਿਚ ਰਿਲੀਜ਼ ਨਾ ਕੀਤਾ ਜਾਵੇ। ਮਾਰੂਤੀ ਵੈਨ ਨੂੰ ਹਰ ਹਾਲਤ ਵਿਚ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਸਾਰੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਜੇਕਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਸਕੂਲ ਦੇ ਵਾਹਨ ਵਿਚ ਕੋਈ ਤਰੁੱਟੀ ਪਾਈ ਗਈ ਤਾਂ ਵਾਹਨ ਨੂੰ ਇੰਪਾਊਂਡ ਕੀਤਾ ਜਾਵੇਗਾ ਅਤੇ ਗਲਤੀ ਦੁਹਰਾਏ ਜਾਣ 'ਤੇ ਸਕੂਲ ਪ੍ਰਬੰਧਕਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।-ਏ. ਡੀ. ਸੀ. ਪੀ.ਟ੍ਰੈਫਿਕ ਗਗਨੇਸ਼ ਕੁਮਾਰ


shivani attri

Content Editor

Related News