ਜਲੰਧਰ ਸਮਾਰਟ ਸਿਟੀ ਬਣਿਆ ਡਿਫ਼ਾਲਟ ਸਿਟੀ, ਇਨ੍ਹਾਂ ਪੁਆਇੰਟਾਂ ''ਤੇ ਲੋਕ ਰੋਜ਼ਾਨਾ ਹੋ ਰਹੇ ਪਰੇਸ਼ਾਨ

Monday, Oct 14, 2024 - 01:18 PM (IST)

ਜਲੰਧਰ ਸਮਾਰਟ ਸਿਟੀ ਬਣਿਆ ਡਿਫ਼ਾਲਟ ਸਿਟੀ, ਇਨ੍ਹਾਂ ਪੁਆਇੰਟਾਂ ''ਤੇ ਲੋਕ ਰੋਜ਼ਾਨਾ ਹੋ ਰਹੇ ਪਰੇਸ਼ਾਨ

ਜਲੰਧਰ (ਖੁਰਾਣਾ)–ਕਹਿਣ ਨੂੰ ਤਾਂ ਜਲੰਧਰ ਸ਼ਹਿਰ 10 ਸਾਲ ਪਹਿਲਾਂ ਹੀ ਦੇਸ਼ ਦੇ ਸਮਾਰਟ ਬਣਨ ਜਾ ਰਹੇ ਸ਼ਹਿਰਾਂ ਦੀ ਸੂਚੀ ’ਚ ਆ ਗਿਆ ਸੀ ਅਤੇ ਜਲੰਧਰ ਨੂੰ ਅੱਜ ਸਮਾਰਟ ਸਿਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਪਰ ਸਮਾਰਟ ਸਿਟੀ ਦੇ ਫੰਡ ਨਾਲ ਕਰੋੜਾਂ-ਅਰਬਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਸ਼ਹਿਰ ਦੀ ਟ੍ਰੈਫਿਕ ਵਿਵਸਥਾ ’ਚ ਕੋਈ ਸੁਧਾਰ ਨਹੀਂ ਆਇਆ ਕਿਉਂਕਿ ਸਮਾਰਟ ਸਿਟੀ ਦਾ ਜ਼ਿਆਦਾਤਰ ਪੈਸਾ ਗਲੀਆਂ, ਨਾਲੀਆਂ, ਸੜਕਾਂ ਆਦਿ ’ਤੇ ਹੀ ਖ਼ਰਚ ਕਰ ਦਿੱਤਾ ਗਿਆ। ਚਾਹੀਦਾ ਤਾਂ ਇਹ ਸੀ ਕਿ ਸ਼ਹਿਰ ਦੀ ਟ੍ਰੈਫਿਕ ਨੂੰ ਸੁਧਾਰਨ ਲਈ ਸਮਾਰਟ ਸਿਟੀ ਦਾ ਕੋਈ ਪ੍ਰਾਜੈਕਟ ਲਿਆਂਦਾ ਜਾਂਦਾ ਪਰ ਕਿਸੇ ਅਧਿਕਾਰੀ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਸ਼ਹਿਰ ਦੇ ਕਿਸੇ ਸਿਆਸੀ ਆਗੂ ਨੇ ਇਸ ਪ੍ਰਾਜੈਕਟ ਦੀ ਲੋੜ ਹੀ ਸਮਝੀ। ਇਸ ਦਾ ਪ੍ਰਭਾਵ ਇਹ ਹੈ ਕਿ ਅੱਜ ਜਲੰਧਰ ਸ਼ਹਿਰ ਟ੍ਰੈਫਿਕ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਸ਼ਹਿਰ ਦੇ ਕਈ ਪੁਆਇੰਟਸ ਅਜਿਹੇ ਹਨ, ਜਿੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਹੈ। ਇਨ੍ਹਾਂ ਪੁਆਇੰਟਸ ’ਤੇ ਰੋਜ਼ਾਨਾ ਹਜ਼ਾਰਾਂ ਲੋਕ ਪ੍ਰੇਸ਼ਾਨ ਹੁੰਦੇ ਹਨ ਅਤੇ ਲੰਬੇ-ਲੰਬੇ ਟ੍ਰੈਫਿਕ ਜਾਮ ਲੱਗਣਾ ਰੋਜ਼-ਰੋਜ਼ ਦੀ ਗੱਲ ਹੈ।

ਇਹ ਵੀ ਪੜ੍ਹੋ- ਜਲੰਧਰ ਦੇ ਇਨ੍ਹਾਂ ਪਿੰਡਾਂ 'ਚ ਭਲਕੇ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ, ਲਿਸਟ ਹੋ ਗਈ ਜਾਰੀ

ਇਨ੍ਹਾਂ ਪੁਆਇੰਟਸ ’ਤੇ ਧਿਆਨ ਦੇਣ ਦੀ ਜ਼ਿਆਦਾ ਲੋੜ
-ਗੁਲਾਬ ਦੇਵੀ ਰੋਡ ’ਤੇ ਪੈਂਦੀ ਨਹਿਰ ਦੀ ਪੁਲੀ : ਇਸ ਸਮੇਂ ਗੁਲਾਬ ਦੇਵੀ ਰੋਡ ਤੋਂ ਸ਼ਹੀਦ ਬਾਬੂ ਲਾਭ ਸਿੰਘ ਨਗਰ ਵੱਲ ਜਾਣ ਵਾਲੀ ਸੜਕ ਟ੍ਰੈਫਿਕ ਦੇ ਮਾਮਲੇ ’ਚ ਸਭ ਤੋਂ ਵੱਧ ਦਿੱਕਤ ਦੇਣ ਵਾਲੀ ਸਾਬਿਤ ਹੋ ਰਹੀ ਹੈ। ਮਹਾਵੀਰ ਮਾਰਗ, ਬਰਲਟਨ ਪਾਰਕ ਜਾਂ ਕਬੀਰ ਨਗਰ ਵੱਲੋਂ ਆਉਣ ਵਾਲਾ ਟ੍ਰੈਫਿਕ ਸਭ ਤੋਂ ਪਹਿਲਾਂ ਵਿੰਡਸਰ ਪਾਰਕ ਕਾਲੋਨੀ ਦੇ ਨੇੜੇ ਹੀ ਫਸ ਜਾਂਦਾ ਹੈ, ਜਿਥੇ ਇਕ ਦਰਜਨ ਦੇ ਲੱਗਭਗ ਦੁਕਾਨਾਂ ਦੇ ਬਾਹਰ ਵਾਹਨ ਖੜ੍ਹੇ ਰਹਿੰਦੇ ਹਨ ਅਤੇ ਇਥੇ ਸੜਕ ਵੀ ਤੰਗ ਹੈ। ਦੂਜੀ ਦਿੱਕਤ ਨਹਿਰ ਦੀ ਪੁਲੀ ’ਤੇ ਆਉਂਦੀ ਹੈ, ਜਿਥੋਂ ਟਰੈਫਿਕ ਕਈ ਪਾਸੇ ਮੁੜਦਾ ਹੈ। ਪਿਛਲੇ ਕੁਝ ਸਮੇਂ ਤੋਂ ਇਸ ਇਲਾਕੇ ’ਚ ਟਾਈਲਾਂ ਦੇ ਵੱਡੇ-ਵੱਡੇ ਗੋਦਾਮ ਬਣ ਗਏ ਹਨ, ਜਿਸ ਕਾਰਨ ਅਕਸਰ ਹੈਵੀ ਟ੍ਰੈਫਿਕ ਵੀ ਇਧਰ ਆਉਂਦਾ ਹੈ। ਨਗਰ ਨਿਗਮ ਦੇ ਆਪਣੇ ਵਾਹਨ ਵਰਿਆਣਾ ਡੰਪ ਤਕ ਪਹੁੰਚਣ ਲਈ ਇਸ ਰਸਤੇ ਦੀ ਵਰਤੋਂ ਕਰਦੇ ਹਨ। ਇਸ ਕਾਰਨ ਗੁਲਾਬ ਦੇਵੀ ਰੋਡ ’ਤੇ ਪੈਂਦੀ ਨਹਿਰ ਦੀ ਪੁਲੀ ’ਤੇ ਹਮੇਸ਼ਾ ਟ੍ਰੈਫਿਕ ਜਾਮ ਹੀ ਰਹਿੰਦੀ ਹੈ। ਕਈ ਵਾਰ ਤਾਂ ਇਹ ਟ੍ਰੈਫਿਕ ਜਾਮ ਘੰਟਿਆਂਬੱਧੀ ਨਹੀਂ ਖੁੱਲ੍ਹਦਾ, ਜਿਸ ਕਾਰਨ ਲੋਕ ਰੋਜ਼ਾਨਾ ਪ੍ਰੇਸ਼ਾਨ ਹੁੰਦੇ ਹਨ।

-ਜੇਲ੍ਹ ਚੌਂਕ ਦੇ ਨੇੜੇ : ਸ਼ਹਿਰ ਦੇ ਅੰਦਰੂਨੀ ਇਲਾਕੇ ’ਚ ਸਥਿਤ ਜੇਲ ਚੌਕ, ਜਿਥੋਂ ਇਕ ਸੜਕ ਬਾਂਸਾਂ ਵਾਲਾ ਬਾਜ਼ਾਰ, ਦੂਜੀ ਸੜਕ ਹੋਟਲ ਡਾਲਫਿਨ ਅਤੇ ਤੀਜੀ ਸੜਕ ਮਹਾਲਕਸ਼ਮੀ ਮੰਦਿਰ ਵੱਲ ਆਉਂਦੀ ਹੈ, ਉਥੇ ਵੀ ਅਕਸਰ ਟ੍ਰੈਫਿਕ ਜਾਮ ਹੀ ਰਹਿੰਦਾ ਹੈ, ਭਾਵੇਂ ਟ੍ਰੈਫਿਕ ਪੁਲਸ ਨੇ ਹੋਟਲ ਡਾਲਫਿਨ ਦੇ ਸਾਹਮਣੇ ਵਾਲੀ ਸੜਕ ਨੂੰ ਵਨ-ਵੇ ਐਲਾਨਿਆ ਹੋਇਆ ਹੈ ਪਰ ਫਿਰ ਵੀ ਇਸ ਇਲਾਕੇ ਦੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਟ੍ਰੈਫਿਕ ਨੂੰ ਦਿੱਕਤ ਆਉਂਦੀ ਹੈ ਅਤੇ ਲੋਕ ਪ੍ਰੇਸ਼ਾਨ ਹੁੰਦੇ ਹਨ।

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੇ ਹੱਕ 'ਚ ਆਈ ਸਾਧਵੀ ਠਾਕੁਰ, ਪੱਗੜੀ ਪਹਿਨਣ ਨੂੰ ਲੈ ਕੇ ਛਿੜੇ ਵਿਵਾਦ 'ਤੇ ਕਹੀਆਂ ਵੱਡੀਆਂ ਗੱਲਾਂ

–ਫਗਵਾੜਾ ਗੇਟ ਦੇ ਟੀ-ਪੁਆਇੰਟ ’ਤੇ : ਸ਼ਹਿਰ ਦੇ ਅੰਦਰੂਨੀ ਇਲਾਕੇ ’ਚ ਸਥਿਤ ਫਗਵਾੜਾ ਗੇਟ ਬਿਜਲੀ ਦੇ ਸਾਮਾਨ ਦੀ ਰਿਟੇਲ ਅਤੇ ਹੋਲਸੇਲ ਮਾਰਕੀਟ ਹੈ। ਇਸ ਇਲਾਕੇ ’ਚ ਵੀ ਟ੍ਰੈਫਿਕ ਨੂੰ ਬਹੁਤ ਦਿੱਕਤ ਪੇਸ਼ ਆਉਂਦੀ ਹੈ। ਯੂਨਾਈਟਿਡ ਇਲੈਕਟ੍ਰੀਕਲ ਅਤੇ ਬੇਦੀ ਇਲੈਕਟ੍ਰੀਕਲ ਦੇ ਨੇੜੇ ਤਾਂ ਟ੍ਰੈਫਿਕ ਕਾਫੀ ਦੇਰ ਤਕ ਫਸਿਆ ਰਹਿੰਦਾ ਹੈ।

–ਚਿਕਚਿਕ ਚੌਂਕ ਦੇ ਨੇੜੇ : ਉਂਝ ਤਾਂ ਪੂਰੇ ਮਹਾਵੀਰ ਮਾਰਗ ’ਤੇ ਬਣੇ ਚੌਰਾਹੇ ਟ੍ਰੈਫਿਕ ਦੀ ਦਿੱਕਤ ਦਾ ਕਾਰਨ ਬਣਦੇ ਹਨ ਪਰ ਸਭ ਤੋਂ ਵੱਧ ਪ੍ਰੇਸ਼ਾਨੀ ਚਿਕਚਿਕ ਚੌਂਕ ਨੇੜੇ ਆਉਂਦੀ ਹੈ। ਇਥੇ ਟ੍ਰੈਫਿਕ ਲਾਈਟਾਂ ਦਾ ਸਮਾਂ ਇੰਨਾ ਗੜਬੜ ਵਾਲਾ ਹੈ ਕਿ ਚੌਕ ’ਤੇ ਹਮੇਸ਼ਾ ਟ੍ਰੈਫਿਕ ਖੜ੍ਹਾ ਹੀ ਮਿਲਦਾ ਹੈ। ਜੇ. ਪੀ. ਨਗਰ ਵੱਲੋਂ ਆਉਣ ਵਾਲਾ ਟ੍ਰੈਫਿਕ ਅੱਧੀ ਸੜਕ ਤਕ ਆ ਜਾਂਦਾ ਹੈ ਅਤੇ ਮਹਾਲਕਸ਼ਮੀ ਮੰਦਰ ਵੱਲੋਂ ਆਉਣ ਵਾਲੇ ਟ੍ਰੈਫਿਕ ਦਾ ਵੀ ਇਹੀ ਹਾਲ ਹੁੰਦਾ ਹੈ, ਜਿਸ ਕਾਰਨ ਕਪੂਰਥਲਾ ਚੌਕ ਅਤੇ ਫੁੱਟਬਾਲ ਚੌਕ ਵੱਲ ਜਾਣ ਵਾਲੇ ਵਾਹਨਾਂ ਨੂੰ ਪ੍ਰੇਸ਼ਾਨੀ ਆਉਂਦੀ ਹੈ।

–ਇਸ ਤੋਂ ਇਲਾਵਾ ਬਾਬੂ ਜਗਜੀਵਨ ਰਾਮ ਚੌਂਕ ਦੇ ਨੇੜੇ ਲੱਗਦੀ ਮੰਡੀ ਕਾਰਨ ਟ੍ਰੈਫਿਕ ਨੂੰ ਬਹੁਤ ਮੁਸ਼ਕਲ ਪੇਸ਼ ਆਉਂਦੀ ਹੈ। ਬਸਤੀ ਦਾਨਿਸ਼ਮੰਦਾਂ ਦੀ ਐਂਟਰੀ ਵੀ ਟ੍ਰੈਫਿਕ ਦੇ ਲਿਹਾਜ਼ ਨਾਲ ਸਹੀ ਨਹੀਂ। ਆਦਰਸ਼ ਨਗਰ ਗੁਰਦੁਆਰੇ ਦੇ ਨੇੜੇ ਚੌਕ ’ਚ ਵੀ ਟ੍ਰੈਫਿਕ ਜਾਮ ਹੀ ਰਹਿੰਦਾ ਹੈ। ਸਭ ਤੋਂ ਵੱਧ ਦਿੱਕਤ ਬਸਤੀ ਬਾਵਾ ਖੇਲ ਨਹਿਰ ਦੀ ਪੁਲੀ ’ਤੇ ਆਉਂਦੀ ਹੈ, ਜਿਥੇ ਸੜਕ ਦੇ ਵਿਚਕਾਰ ਹੀ ਰੇਹੜੀਆਂ ਲੱਗ ਜਾਂਦੀਆਂ ਹਨ। ਇਥੇ ਨਹਿਰ ਕੰਢੇ ਲੱਗਦੀ ਮੰਡੀ ਕਾਰਨ ਵੀ ਟ੍ਰੈਫਿਕ ਜਾਮ ਰਹਿੰਦਾ ਹੈ।

ਟ੍ਰੈਫਿਕ ਪੁਲਸ ਨੂੰ ਤਿਉਹਾਰੀ ਸੀਜ਼ਨ ’ਚ ਵਿਸ਼ੇਸ਼ ਇੰਤਜ਼ਾਮ ਕਰਨੇ ਹੋਣਗੇ
ਉਂਝ ਤਾਂ ਸ਼ਹਿਰ ਦੇ ਟ੍ਰੈਫਿਕ ਨੂੰ ਸਮੂਥ ਬਣਾਉਣ ਲਈ ਸ਼ਹਿਰ ’ਚ ਟ੍ਰੈਫਿਕ ਪੁਲਸ ਦੀ ਵਿਵਸਥਾ ਹੈ ਪਰ ਜ਼ਿਆਦਾਤਰ ਥਾਵਾਂ ’ਤੇ ਖੜ੍ਹੇ ਪੁਲਸ ਕਰਮਚਾਰੀ ਚਲਾਨ ਕੱਟਣ ’ਚ ਬਿਜ਼ੀ ਦਿਸਦੇ ਹਨ ਅਤੇ ਉਨ੍ਹਾਂ ਦਾ ਧਿਆਨ ਟ੍ਰੈਫਿਕ ਨੂੰ ਕੰਟਰੋਲ ਕਰਨ ਵੱਲ ਘੱਟ ਹੀ ਰਹਿੰਦਾ ਹੈ। ਇਨ੍ਹੀਂ ਦਿਨੀਂ ਤਿਉਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਜੇਕਰ ਟ੍ਰੈਫਿਕ ਪੁਲਸ ਦੇ ਵੱਡੇ ਅਧਿਕਾਰੀ ਦਿੱਕਤ ਨਾਲ ਭਰੇ ਇਲਾਕਿਆਂ ’ਚ ਟ੍ਰੈਫਿਕ ਪੁਲਸ ਦੀ ਤਾਇਨਾਤੀ ਕਰ ਦੇਣ ਤਾਂ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ, ਇਸ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਕਸ ’ਚ ਵੀ ਸੁਧਾਰ ਹੋਵੇਗਾ।

ਇਹ ਵੀ ਪੜ੍ਹੋ- ਮੁੜ ਵਿਵਾਦਾਂ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਲਾਈਵ ਹੋ ਕੇ ਨਿਹੰਗ ਸਿੰਘ ਨੇ ਫਿਰ ਦਿੱਤੀ ਧਮਕੀ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News