ਜਲੰਧਰ ਸਮਾਰਟ ਸਿਟੀ ’ਚ ਰਹੇ ਸਾਰੇ ਸਾਬਕਾ ਅਫ਼ਸਰ ਵਿਜੀਲੈਂਸ ਤੇ ਭਗਵੰਤ ਮਾਨ ਸਰਕਾਰ ਦੇ ਰਾਡਾਰ ’ਤੇ

Saturday, Aug 20, 2022 - 10:30 AM (IST)

ਜਲੰਧਰ (ਖੁਰਾਣਾ)– ਅੱਜ ਤੋਂ 5 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ 100 ਸ਼ਹਿਰਾਂ ਨੂੰ ਸਮਾਰਟ ਬਣਾਉਣ ਦਾ ਮਿਸ਼ਨ ਸ਼ੁਰੂ ਕੀਤਾ ਗਿਆ ਸੀ ਅਤੇ ਜਦੋਂ ਜਲੰਧਰ ਸ਼ਹਿਰ ਦਾ ਨਾਂ ਸਮਾਰਟ ਸਿਟੀ ਬਣਨ ਜਾ ਰਹੇ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਲ ਹੋਇਆ ਤਾਂ ਸ਼ਹਿਰ ਨਿਵਾਸੀਆਂ ਨੇ ਕਾਫ਼ੀ ਖੁਸ਼ੀਆਂ ਮਨਾਈਆਂ ਸਨ ਕਿ ਹੁਣ ਸ਼ਹਿਰ ਦੀ ਲੁਕ ਹੀ ਬਦਲ ਜਾਵੇਗੀ ਅਤੇ ਉਨ੍ਹਾਂ ਨੂੰ ਵਾਧੂ ਅਤੇ ਅਤਿ-ਆਧੁਨਿਕ ਸਹੂਲਤਾਂ ਮਿਲਣਗੀਆਂ ਪਰ ਹੋਇਆ ਬਿਲਕੁਲ ਇਸ ਦੇ ਉਲਟ। ਪਿਛਲੇ 5 ਸਾਲਾਂ ਦੌਰਾਨ ਜਲੰਧਰ ਸਮਾਰਟ ਸਿਟੀ ਦੇ ਦਰਜਨਾਂ ਪ੍ਰਾਜੈਕਟ ਬਣੇ ਅਤੇ ਉਨ੍ਹਾਂ ਵਿਚੋਂ ਅੱਧੇ ਪੂਰੇ ਵੀ ਕੀਤੇ ਜਾ ਚੁੱਕੇ ਹਨ, ਜਦਕਿ ਡੇਢ-ਦੋ ਦਰਜਨ ਦੇ ਲਗਭਗ ਪ੍ਰਾਜੈਕਟ ਅਜਿਹੇ ਹਨ, ਜਿਹੜੇ ਅਜੇ ਵੀ ਲਟਕ ਰਹੇ ਹਨ ਅਤੇ ਸ਼ਹਿਰ ਨਿਵਾਸੀਆਂ ਦੀ ਪਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ।

ਹੁਣ ਹਾਲਾਤ ਇਹ ਹਨ ਕਿ ਸੈਂਕੜੇ ਕਰੋੜ ਰੁਪਏ ਖ਼ਰਚ ਕਰਨ ਦੇ ਬਾਵਜੂਦ ਸ਼ਹਿਰ ਵਿਚ ਕਿਸੇ ਨਵੀਂ ਸਹੂਲਤ ਦਾ ਇਜ਼ਾਫ਼ਾ ਨਹੀਂ ਹੋਇਆ ਅਤੇ ਸ਼ਹਿਰ ਰੱਤੀ ਭਰ ਵੀ ਸਮਾਰਟ ਨਹੀਂ ਹੋਇਆ। ਅਜਿਹਾ ਲੱਗ ਰਿਹਾ ਹੈ ਕਿ ਸਮਾਰਟ ਸਿਟੀ ਲਈ ਆਇਆ ਸਾਰਾ ਪੈਸਾ ਗਲੀਆਂ-ਨਾਲੀਆਂ ਅਤੇ ਸੀਵਰੇਜ ਨਾਲ ਸਬੰਧਤ ਕੰਮਾਂ ’ਤੇ ਹੀ ਖ਼ਰਚ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: ਫਗਵਾੜਾ ਵਿਖੇ ਕੁੜੀ ਨੂੰ ਪ੍ਰੇਮ ਜਾਲ 'ਚ ਫਸਾ ਕੀਤਾ ਜਬਰ-ਜ਼ਿਨਾਹ, ਫਿਰ ਅਸ਼ਲੀਲ ਤਸਵੀਰਾਂ ਖ਼ਿੱਚ ਭਰਾ ਨੂੰ ਭੇਜੀਆਂ

ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਕੇ ਕਰੋੜਾਂ ਰੁਪਏ ਦੇ ਘਪਲੇ ਦਬਾ ਦਿੱਤੇ

ਪਿਛਲੇ ਤਿੰਨ ਸਾਲਾਂ ਦੌਰਾਨ ਜਲੰਧਰ ਸਮਾਰਟ ਸਿਟੀ ਵੱਲੋਂ 300 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਪਰ ਇਸ ਕਾਰਜਕਾਲ ਦੌਰਾਨ ਸਮਾਰਟ ਸਿਟੀ ’ਤੇ ਕਰੋੜਾਂ ਰੁਪਏ ਦੇ ਘਪਲਿਆਂ ਸਬੰਧੀ ਜਿਹੜੇ ਵੀ ਦੋਸ਼ ਲੱਗੇ ਅਤੇ ਸ਼ਿਕਾਇਤਾਂ ਹੋਈਆਂ, ਉਨ੍ਹਾਂ ਸਾਰੀਆਂ ਨੂੰ ਬੜੀ ਸਫ਼ਾਈ ਨਾਲ ਦਬਾਅ ਦਿੱਤਾ ਗਿਆ। ਇਨ੍ਹਾਂ 3 ਸਾਲਾਂ ਦੌਰਾਨ ਸਮਾਰਟ ਸਿਟੀ ਨੇ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗ ਕੰਮ ਕੀਤਾ, ਹਾਲਾਂਕਿ ਉਸ ਸਮੇਂ ਪੰਜਾਬ ਅਤੇ ਜਲੰਧਰ ਨਿਗਮ ’ਤੇ ਕਾਂਗਰਸ ਦਾ ਰਾਜ ਸੀ। ਸੰਸਦ ਮੈਂਬਰ, 4 ਵਿਧਾਇਕ, 65 ਕੌਂਸਲਰ ਅਤੇ 3 ਮੇਅਰ ਕਾਂਗਰਸ ਦੇ ਹੋਣ ਦੇ ਬਾਵਜੂਦ ਕਿਸੇ ਕਾਂਗਰਸੀ ਨੂੰ ਸਮਾਰਟ ਸਿਟੀ ਦੇ ਦਫ਼ਤਰ ਵਿਚ ਦਾਖ਼ਲ ਤੱਕ ਨਹੀਂ ਹੋਣ ਦਿੱਤਾ ਜਾਂਦਾ ਸੀ ਅਤੇ ਨਾ ਹੀ ਕਿਸੇ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ। ਜਲੰਧਰ ਅਤੇ ਚੰਡੀਗੜ੍ਹ ਬੈਠੇ ਅਫ਼ਸਰ ਹੀ ਆਪਸ ਵਿਚ ਪ੍ਰਾਜੈਕਟ ਬਣਾ ਕੇ ਪਾਸ ਕਰ ਲਿਆ ਕਰਦੇ ਸਨ ਅਤੇ ਮੌਕੇ ’ਤੇ ਕੰਮ ਵੀ ਸ਼ੁਰੂ ਕਰਵਾ ਦਿੱਤੇ ਜਾਂਦੇ ਸਨ। ਸਿਰਫ ਉਦਘਾਟਨ ਲਈ ਕਾਂਗਰਸੀ ਆਗੂਆਂ ਦੀ ਵਰਤੋਂ ਕਰ ਲਈ ਜਾਂਦੀ ਸੀ।

ਹੁਣ ਫਾਈਲਾਂ ’ਤੇ ਦਸਤਖ਼ਤ ਕਰਨ ਵਾਲਿਆਂ ਦੀ ਜਵਾਬਦੇਹੀ ਹੋਵੇਗੀ ਫਿਕਸ

ਹੁਣ ਸਮਾਰਟ ਸਿਟੀ ਵੱਲੋਂ ਪੂਰੇ ਕੀਤੇ ਗਏ ਸਾਰੇ ਪ੍ਰਾਜੈਕਟਾਂ ਦੀ ਵਿਜੀਲੈਂਸ ਜਾਂਚ ਭਗਵੰਤ ਮਾਨ ਸਰਕਾਰ ਨੇ ਸ਼ੁਰੂ ਕਰਵਾ ਦਿੱਤੀ ਹੈ। ਇਸੇ ਵਿਚਕਾਰ ਜਲੰਧਰ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟਾਂ ਦੀ ਡਿਟੇਲ ਤਲਬ ਕਰ ਲਈ ਗਈ ਹੈ ਅਤੇ ਉਨ੍ਹਾਂ ਅਫਸਰਾਂ ਦਾ ਵੀ ਰਿਕਾਰਡ ਮੰਗਿਆ ਗਿਆ ਹੈ, ਜਿਨ੍ਹਾਂ ਸਮੇਂ-ਸਮੇਂ ’ਤੇ ਸਮਾਰਟ ਸਿਟੀ ਦੀਆਂ ਫਾਈਲਾਂ ’ਤੇ ਦਸਤਖਤ ਕੀਤੇ। ਜਿਹੜੇ ਅਫ਼ਸਰਾਂ ਨੇ ਠੇਕੇਦਾਰਾਂ ਦੀ ਕੰਮ ਦੀ ਜਾਂਚ ਕੀਤੇ ਬਿਨਾਂ ਹੀ ਉਨ੍ਹਾਂ ਨੂੰ ਕਰੋੜਾਂ ਰੁਪਏ ਦੇ ਚੈੱਕ ਬਣਾ ਕੇ ਦਿੱਤੇ, ਉਨ੍ਹਾਂ ਅਫਸਰਾਂ ਨੂੰ ਵਿਸ਼ੇਸ਼ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਸਰਕਾਰ ਅਤੇ ਵਿਜੀਲੈਂਸ ਦੇ ਰਾਡਾਰ ’ਤੇ ਸਮਾਰਟ ਸਿਟੀ ਦੇ ਸਾਈਟ ਇੰਜੀਨੀਅਰ ਅਤੇ ਕੰਸਲਟੈਂਟ ਤੋਂ ਲੈ ਕੇ ਟੀਮ ਲੀਡਰ, ਪ੍ਰਾਜੈਕਟ ਐਕਸਪਰਟ ਅਤੇ ਸੀ. ਈ. ਓ. ਪੱਧਰ ਦੇ ਅਧਿਕਾਰੀ ਵੀ ਸ਼ਾਮਲ ਹਨ।

ਜਲੰਧਰ ਸਮਾਰਟ ਸਿਟੀ ਦੇ ਸਾਰੇ ਸਟਾਫ਼ ਨੂੰ ਹੀ ਬਦਲ ਦਿੱਤਾ ਗਿਆ, ਨਰੇਸ਼ ਗੁਪਤਾ ਹੋਣਗੇ ਨਵੇਂ ਟੀਮ ਲੀਡਰ

ਸਮਾਰਟ ਸਿਟੀ ਜਲੰਧਰ ਦੇ ਟੀਮ ਲੀਡਰ ਕੁਲਵਿੰਦਰ ਸਿੰਘ ਅਤੇ ਇਲੈਕਟ੍ਰੀਕਲ ਐਕਸਪਰਟ ਲਖਵਿੰਦਰ ਸਿੰਘ ਨੂੰ ਭਾਵੇਂ ਪਹਿਲਾਂ ਹੀ ਨੌਕਰੀ ਤੋਂ ਕੱਢਿਆ ਜਾ ਚੁੱਕਾ ਹੈ ਅਤੇ ਸਰਕਾਰ ਵੱਲੋਂ ਉਨ੍ਹਾਂ ਕੋਲੋਂ ਜਬਰੀ ਅਸਤੀਫੇ ਤੱਕ ਲਏ ਗਏ ਹਨ ਪਰ ਹੁਣ ਪਤਾ ਲੱਗਾ ਹੈ ਕਿ ਘਪਲਿਆਂ ਵਿਚ ਘਿਰੀ ਜਲੰਧਰ ਸਮਾਰਟ ਸਿਟੀ ਕੰਪਨੀ ਦੇ ਸਾਰੇ ਸਟਾਫ ਨੂੰ ਹੀ ਬਦਲ ਦਿੱਤਾ ਗਿਆ ਹੈ। ਇਨ੍ਹਾਂ ਵਿਚ ਚਪੜਾਸੀ ਅਤੇ ਕਲਰਕ ਤੋਂ ਲੈ ਕੇ ਹਰ ਤਰ੍ਹਾਂ ਦੇ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਦੀ ਥਾਂ ’ਤੇ ਚੰਡੀਗੜ੍ਹ ਤੋਂ ਨਵਾਂ ਸਟਾਫ ਭਰਤੀ ਕੀਤਾ ਜਾ ਰਿਹਾ ਹੈ। ਟੀਮ ਲੀਡਰ ਅਹੁਦੇ ਤੋਂ ਹਟਾਏ ਜਾ ਚੁੱਕੇ ਕੁਲਵਿੰਦਰ ਸਿੰਘ ਦੀ ਥਾਂ ’ਤੇ ਹੁਸ਼ਿਆਰਪੁਰ ਦੇ ਨਰੇਸ਼ ਗੁਪਤਾ ਨੂੰ ਜਲੰਧਰ ਸਮਾਰਟ ਸਿਟੀ ਦਾ ਨਵਾਂ ਟੀਮ ਲੀਡਰ ਬਣਾਇਆ ਗਿਆ ਹੈ ਅਤੇ ਬਾਕੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਭਰਤੀ ਦੀ ਅਗਲੇ ਹਫ਼ਤੇ ਦੇ ਅੰਦਰ ਕਰ ਲਈ ਜਾਵੇਗੀ।

ਇਹ ਵੀ ਪੜ੍ਹੋ: ਲਿਵ-ਇਨ-ਰਿਲੇਸ਼ਨ ’ਚ ਰਹਿ ਰਹੇ ਪ੍ਰੇਮੀ ਜੋੜੇ ਦਾ ਕਾਰਨਾਮਾ ਕਰੇਗਾ ਹੈਰਾਨ, ਪੁਲਸ ਅੜਿੱਕੇ ਚੜ੍ਹਨ ਮਗਰੋਂ ਖੁੱਲ੍ਹੀ ਪੋਲ

ਸਾਈਟ ਵਿਜ਼ਿਟ ਕਰਨ ਆਉਣਗੇ ਲੋਕਲ ਬਾਡੀਜ਼ ਮਹਿਕਮੇ ਦੇ ਅਧਿਕਾਰੀ

ਜਲੰਧਰ ਸਮਾਰਟ ਸਿਟੀ ਵਿਚ ਪਿਛਲੇ ਸਮੇਂ ਦੌਰਾਨ ਹੋਏ ਕਰੋੜਾਂ ਦੇ ਘਪਲਿਆਂ ਨੂੰ ਲੈ ਕੇ ਚੰਡੀਗੜ੍ਹ ਬੈਠੇ ਪੀ. ਐੱਮ. ਆਈ. ਡੀ. ਸੀ. ਦੇ ਅਧਿਕਾਰੀ ਵੀ ਇਨ੍ਹੀਂ ਦਿਨੀਂ ਕਾਫ਼ੀ ਫਿਕਰਮੰਦ ਹਨ ਅਤੇ ਉਨ੍ਹਾਂ ਲੋਕਲ ਬਾਡੀਜ਼ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਡਿਊਟੀ ਲਾਈ ਹੈ ਕਿ ਉਹ ਸਮਾਰਟ ਸਿਟੀ ਦੇ ਰੁਕੇ ਕੰਮ ਚਾਲੂ ਕਰਵਾਉਣ। ਠੇਕੇਦਾਰਾਂ ਦੇ ਕੰਮਾਂ ਦੀ ਜਾਂਚ ਕਰ ਕੇ ਉਨ੍ਹਾਂ ਦੀ ਪੇਮੈਂਟ ਕਰਨ ਅਤੇ ਕਮੀਆਂ ਨੂੰ ਪੂਰਾ ਕਰਵਾਇਆ ਜਾਵੇ। ਮੰਨਿਆ ਜਾ ਰਿਹਾ ਹੈ ਕਿ ਅਗਲੇ ਹਫਤੇ ਚੰਡੀਗੜ੍ਹ ਤੋਂ ਲੋਕਲ ਬਾਡੀਜ਼ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਟੀਮ ਜਲੰਧਰ ਆ ਕੇ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟਾਂ ਦੀ ਸਾਈਟ ਵਿਜ਼ਿਟ ਕਰ ਸਕਦੀ ਹੈ।

ਠੇਕੇਦਾਰਾਂ ਤੇ ਨਿਗਮ ਅਧਿਕਾਰੀਆਂ ਤੋਂ ਵੀ ਹੋਵੇਗੀ ਵਿਜੀਲੈਂਸ ਦੀ ਪੁੱਛਗਿੱਛ

ਭਗਵੰਤ ਮਾਨ ਸਰਕਾਰ ਦੇ ਨਿਰਦੇਸ਼ ਆਉਣ ਤੋਂ ਬਾਅਦ ਜਲੰਧਰ ਸਥਿਤ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਜਲੰਧਰ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟਾਂ ਦੀ ਜਾਂਚ ਦਾ ਕੰਮ ਤੇਜ਼ ਕਰ ਦਿੱਤਾ ਹੈ। ਆਉਣ ਵਾਲੇ ਦਿਨਾਂ ਵਿਚ ਵਿਜੀਲੈਂਸ ਦੇ ਮਾਹਿਰ ਅਧਿਕਾਰੀ ਸਾਰੇ ਪ੍ਰਾਜੈਕਟਾਂ ਦੀ ਸਾਈਟ ਵਿਜ਼ਿਟ ਕਰ ਕੇ ਰਿਪੋਰਟ ਤਿਆਰ ਕਰਨਗੇ। ਇਸ ਦੌਰਾਨ ਠੇਕੇਦਾਰਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਮੌਜੂਦਾ ਸੀ. ਈ. ਓ. ਦਵਿੰਦਰ ਸਿੰਘ ਅਤੇ ਉਨ੍ਹਾਂ ਤੋਂ ਪਹਿਲਾਂ ਸੀ. ਈ. ਓ. ਰਹੀ ਦੀਪਸ਼ਿਖਾ ਸ਼ਰਮਾ ਨੇ ਸਮਾਰਟ ਸਿਟੀ ਦੀ ਕਿਸੇ ਫਾਈਲ ’ਤੇ ਦਸਤਖਤ ਨਹੀਂ ਕੀਤੇ। ਇਸ ਲਈ ਸਮਾਰਟ ਸਿਟੀ ਦੇ ਵਧੇਰੇ ਪ੍ਰਾਜੈਕਟਾਂ ਦੀ ਜਾਂਚ ਦੌਰਾਨ ਸਾਬਕਾ ਸੀ. ਈ. ਓ. ਅਤੇ ਨਿਗਮ ਕਮਿਸ਼ਨਰ ਰਹੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਕਰਣੇਸ਼ ਸ਼ਰਮਾ ਨੂੰ ਪੁੱਛਗਿੱਛ ਲਈ ਵਿਜੀਲੈਂਸ ਵੱਲੋਂ ਤਲਬ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਕਰਣੇਸ਼ ਸ਼ਰਮਾ ਇਨ੍ਹੀਂ ਦਿਨੀਂ ਰਿਟਾਇਰਮੈਂਟ ਦੇ ਨੇੜੇ ਹਨ ਅਤੇ ਚੰਡੀਗੜ੍ਹ ਵਿਚ ਉੱਚ ਅਹੁਦੇ ’ਤੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ 98 ਡਾਕਖ਼ਾਨੇ ਕੀਤੇ ਗਏ ਮਰਜ਼, ਪਿਨ ਕੋਡ ਵੀ ਬਦਲੇ, ਆਧਾਰ ਕਾਰਡ 'ਤੇ ਕਰਵਾਉਣਾ ਪਵੇਗਾ ਅਪਡੇਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News