ਜਲੰਧਰ ਦੇ ਸੀਵਰਮੈਨਸ ਨੂੰ ਮਿਲੀ ਪੱਕੀ ਅਪਾਇੰੰਟਮੈਂਟ (ਵੀਡੀਓ)

Tuesday, Jun 13, 2017 - 03:45 PM (IST)

ਜਲੰਧਰ ਜੂਨ (ਖੁਰਾਣਾ)— ਨਗਰ ਨਿਗਮ ਪ੍ਰਸ਼ਾਸਨ ਨੇ ਅੱਜ 96 ਕੱਚੇ ਸੀਵਰਮੈਨਾਂ ਨੂੰ ਪੱਕੀ ਨੌਕਰੀ ਦੇ ਨਿਯੁਕਤੀ ਪੱਤਰ ਵੰਡੇ, ਜਿਸ ਦੌਰਾਨ ਜਲੰਧਰ ਨਾਲ ਸਬੰਧਿਤ ਪੰਜੇ ਕਾਂਗਰਸੀ ਵਿਧਾਇਕ ਤੇ ਮੇਅਰ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਨਗਰ ਨਿਗਮ ਦੇ 180 ਕੱਚੇ ਸੀਵਰਮੈਨਾਂ ਨੂੰ ਪੱਕਿਆਂ ਕਰਨ ਦਾ ਐਲਾਨ ਕੀਤਾ ਸੀ ਪਰ ਉਹ ਪ੍ਰਕਿਰਿਆ ਕਾਫੀ ਲਟਕ ਗਈ। ਉਸ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਈ ਤੇ ਫਿਰ ਵੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ, ਜਿਸ ਕਾਰਨ ਸੀਵਰਮੈਨਾਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਯੂਨੀਅਨ ਦੇ ਪ੍ਰਧਾਨ ਪਵਨ ਬਾਬਾ ਤਾਂ ਮਰਨ ਵਰਤ 'ਤੇ ਬੈਠ ਗਏ। ਨਿਗਮ ਪ੍ਰਸ਼ਾਸਨ ਨੇ ਮਾਮਲੇ ਦੀ ਗੰਭੀਰਤਾਂ ਨੂੰ ਵੇਖਦਿਆਂ ਹੋਇਆਂ 180 ਵਿਚੋਂ 96 ਸੀਵਰਮੈਨਾਂ ਨੂੰ ਨਿਯੁਕਤੀ ਪੱਤਰ ਦੇਣ ਦਾ ਕੰਮ ਪੂਰਾ ਕੀਤਾ। ਬਾਕੀ ਸੀਵਰਮੈਨਾਂ ਦੀ ਡੇਟ ਆਫ ਬਰਥ ਦੀ ਪੁਸ਼ਟੀ ਤੇ ਕੁਝ ਹੋਰ ਰਸਮਾਂ ਬਾਕੀ ਰਹਿੰਦੀਆਂ ਹਨ। ਪਵਨ ਬਾਬਾ ਨੇ ਦੱਸਿਆ ਕਿ ਬਾਕੀ ਸਾਰੇ ਰਹਿੰਦੇ ਸੀਵਰਮੈਨਾਂ ਨੂੰ ਨਿਯੁਕਤੀ ਪੱਤਰ ਇਕੱਠਿਆਂ ਨੂੰ ਦਿਵਾਏ ਜਾਣਗੇ।
ਇਸ ਮੌਕੇ ਸੋਮਵਾਰ ਨੂੰ ਨਗਰ ਨਿਗਮ ਕੰਪਲੈਕਸ ਵਿਚ ਇਕ ਸ਼ਾਨਦਾਰ ਸਮਾਰੋਹ ਦਾ ਆਯੋਜਨ ਪਵਨ ਬਾਬਾ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਦੌਰਾਨ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ, ਸੁਰਿੰਦਰ ਚੌਧਰੀ, ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ ਤੇ ਬਾਵਾ ਹੈਨਰੀ ਤੋਂ ਇਲਾਵਾ ਮੇਅਰ ਸੁਨੀਲ ਜੋਤੀ, ਨਿਗਮ ਕਮਿਸ਼ਨਰ ਡਾ. ਬਸੰਤ ਗਰਗ, ਜੁਆਇੰਟ ਕਮਿਸ਼ਨਰ ਡਾ. ਜੈਇੰਦਰ ਸਿੰਘ ਤੇ ਗੁਰਵਿੰਦਰ ਕੌਰ ਰੰਧਾਵਾ ਹਾਜ਼ਰ ਹੋਏ। ਯੂਨੀਅਨ ਆਗੂਆਂ ਨੇ ਵਿਧਾਇਕਾਂ ਤੇ ਮੇਅਰ ਨੂੰ ਸਨਮਾਨਿਤ ਕੀਤਾ। ਵਿਧਾਇਕ ਪਰਗਟ ਸਿੰਘ ਨੇ ਆਪਣੇ ਸੰਬੋਧਨ ਵਿਚ ਪੱਕੇ ਸੀਵਰਮੈਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੰਮ ਪ੍ਰਤੀ ਈਮਾਨਦਾਰੀ ਵਰਤਣ ਤੇ ਸਰਕਾਰ ਵੀ ਉਨ੍ਹਾਂ ਦੀ ਹਰ ਸਹੂਲਤ ਦਾ ਖਿਆਲ ਰੱਖੇਗੀ।
ਨੋਟਾਂ ਦੇ ਹਾਰ ਦੇਖ ਕੇ ਹੈਰਾਨ ਹੋਏ ਵਿਧਾਇਕ
ਯੂਨੀਅਨ ਆਗੂਆਂ ਨੇ ਪਵਨ ਬਾਬਾ ਦੀ ਅਗਵਾਈ ਵਿਚ ਪੰਜਾਂ ਕਾਂਗਰਸੀ ਵਿਧਾਇਕਾਂ ਤੇ ਮੇਅਰ ਨੂੰ ਨੋਟਾਂ ਦੇ 5-5 ਹਾਰ ਪਾ ਕੇ ਸਨਮਾਨਿਤ ਕੀਤਾ ਪਰ ਕਾਂਗਰਸ ਦੇ 3 ਵਿਧਾਇਕਾਂ ਪਰਗਟ ਸਿੰਘ, ਬਾਵਾ ਹੈਨਰੀ ਤੇ ਰਾਜਿੰਦਰ ਬੇਰੀ ਨੇ ਨੋਟਾਂ ਦੇ ਹਾਰ ਪਾਉਣ ਤੋਂ ਸੰਕੋਚ ਕੀਤਾ। ਸੁਸ਼ੀਲ ਰਿੰਕੂ ਤੇ ਚੌਧਰੀ ਸੁਰਿੰਦਰ ਸਿੰਘ ਨੇ ਯੂਨੀਅਨ ਆਗੂਆਂ ਦੇ ਕਹੇ ਅਨੁਸਾਰ ਉਨ੍ਹਾਂ ਦਾ ਸਨਮਾਨ ਸਵੀਕਾਰ ਕੀਤਾ। ਸਮਾਰੋਹ ਦੌਰਾਨ ਰਾਜਨੀਤਿਕ ਆਗੂ, ਅਧਿਕਾਰੀ ਤੇ ਦਰਜਾ ਚਾਰ ਕਰਮਚਾਰੀ ਪ੍ਰਸੰਨ ਮੂਡ ਵਿਚ ਨਜ਼ਰ ਆਏ। ਇਸ ਦੌਰਾਨ ਕਾਂਗਰਸ ਤੇ ਅਕਾਲੀ-ਭਾਜਪਾ ਦੇ ਕਈ ਕੌਂਸਲਰ ਵੀ ਹਾਜ਼ਰ ਸਨ।


Related News