ਜਲੰਧਰ ਰੇਲਵੇ ਸਟੇਸ਼ਨ ਤੋਂ ਮਿਲੀ ਬੱਚੀ, ਪੁਲਸ ਕਰ ਰਹੀ ਮਾਪਿਆਂ ਦੀ ਭਾਲ

11/12/2019 6:23:31 PM

ਜਲੰਧਰ (ਵੈੱਬ ਡੈਸਕ) : 3 ਦਿਨ ਪਹਿਲਾਂ ਇਕ ਬੱਚੀ ਰੇਲਵੇ ਸਟੇਸ਼ਨ 'ਤੇ ਰੋਂਦੀ ਹੋਈ ਮਿਲੀ ਤਾਂ ਰੇਲਵੇ ਪ੍ਰੋਟੈਕਸ਼ਨ ਪੁਲਸ (ਆਰ.ਪੀ.ਐਫ.) ਬੱਚੀ ਨੂੰ ਨਾਰੀ ਨਿਕੇਤਨ ਲੈ ਆਈ, ਜਿੱਥੇ ਇਸ ਬੱਚੀ ਦਾ ਨਾਂ ਗਰਿਮਾ ਰੱਖਿਆ ਗਿਆ। ਬੋਲਣ-ਸੁਣਨ ਵਿਚ ਅਸਮਰਥ ਇਹ ਬੱਚੀ ਕੁੱਝ ਵੀ ਨਹੀਂ ਦੱਸ ਸਕਦੀ।

ਗਰਿਮਾ ਨੂੰ ਕੋਈ ਸਖ਼ਸ਼ ਰੇਲਵੇ ਸਟੇਸ਼ਨ 'ਤੇ ਛੱਡ ਗਿਆ ਸੀ। ਘਟਨਾ ਦੇ ਚਸ਼ਮਦੀਦ ਗਵਾਹ ਨੇ ਦੱਸਿਆ ਕਿ 9 ਨਵੰਬਰ ਨੂੰ ਦੁਪਹਿਰ ਦੇ ਕਰੀਬ ਸਵਾ 12 ਵਜੇ ਇਕ ਵਿਅਕਤੀ, ਜਿਸ ਨੇ ਸੰਤਰੀ ਰੰਗ ਦੀ ਪੱਗ ਬੰਨ੍ਹੀ ਹੋਈ ਸੀ, ਨੇ ਪਹਿਲਾਂ ਬੱਚੀ ਨੂੰ 5 ਰੁਪਏ ਵਾਲਾ ਕੁਰਕੁਰੇ ਦਾ ਪੈਕੇਟ ਲੈ ਕੇ ਦਿੱਤਾ ਸੀ। ਥੋੜ੍ਹੀ ਦੂਰ ਯਾਤਰੀਆਂ ਵਾਲੇ ਬੈਂਚ 'ਤੇ ਫੌਜੀ ਬੈਠਾ ਸੀ। ਪਗੜੀਧਾਰੀ ਵਿਅਕਤੀ ਉਸ ਕੋਲ ਗਿਆ ਅਤੇ ਥੋੜ੍ਹੀ ਦੇਰ ਧਿਆਨ ਰੱਖਣ ਦੀ ਗੱਲ ਕਹਿ ਕੇ ਪਾਰਸਲ ਦਫਤਰ ਵੱਲ ਚਲਾ ਗਿਆ ਅਤੇ ਵਾਪਸ ਨਹੀਂ ਆਇਆ।

ਬੱਚੀ ਸਟੇਸ਼ਨ 'ਤੇ ਰੋ ਰਹੀ ਸੀ, ਮਹਿਲਾ ਸਿਪਾਹੀ ਨੇ ਦੇਖਿਆ ਤਾਂ ਥਾਣੇ ਲੈ ਆਈ
ਏ.ਐਸ.ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ 9 ਨਵੰਬਰ ਨੂੰ ਪਲੇਟਫਾਰਮ 'ਤੇ ਬੱਚੀ ਰੋ ਰਹੀ ਸੀ। ਮਹਿਲਾ ਸਿਪਾਹੀ ਨੇ ਦੇਖਿਆ ਤਾਂ ਉਸ ਨੂੰ ਥਾਣੇ ਲੈ ਆਈ। ਉਸ ਦੇ ਮਾਤਾ-ਪਿਤਾ ਦੀ ਭਾਲ ਕੀਤੀ ਪਰ ਉਹ ਨਹੀਂ ਮਿਲੇ, ਜਿਸ ਤੋਂ ਬਾਅਦ ਚਾਈਲਡ ਹੈਲਪਲਾਈਨ 1098 'ਤੇ ਫੋਨ ਕੀਤਾ ਅਤੇ ਉਥੋਂ ਟੀਮ ਆਈ ਅਤੇ ਬੱਚੀ ਨੂੰ ਆਪਣੇ ਨਾਲ ਲੈ ਗਈ।। ਦੂਜੇ ਪਾਸੇ ਚਾਈਲਡ ਵੈਲਫੇਅਰ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਆਨੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਤਾਂ ਕਾਗਜ਼ੀ ਕਾਰਵਾਈ ਕਰਕੇ ਬੱਚੀ ਨੂੰ ਥਾਣੇ ਤੋਂ ਲਿਆ ਕੇ ਬਾਅਦ ਵਿਚ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਹੈ। ਨਾਰੀ ਨਿਕੇਤਨ ਵਿਚ ਬੱਚਿਆਂ ਦੀ ਦੇਖਭਾਲ ਕਰਨ ਵਾਲੀ 'ਆਇਆ' ਨੇ ਦੱਸਿਆ ਕਿ ਜਦੋਂ ਬੱਚੀ ਆਈ ਸੀ ਬਹੁਤ ਉਦਾਸ ਸੀ ਪਰ ਹੁਣ ਠੀਕ ਹੈ। ਉਸ ਨੂੰ ਥੋੜ੍ਹਾ ਬੁਖਾਰ ਵੀ ਸੀ। ਦਵਾਈ ਅਤੇ ਖਾਣਾ ਸਮੇਂ 'ਤੇ ਦਿੱਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਬੱਚੀ ਬੋਲਣ ਵਿਚ ਅਸਮਰਥ ਹੈ।


cherry

Content Editor

Related News