ਜਲੰਧਰ ’ਚ ਖ਼ਾਕੀ ਦਾਗਦਾਰ, ASI ਗੈਂਗ ਨਾਲ ਮਿਲ ਕੇ ਚਲਾਉਂਦਾ ਰਿਹਾ ਹਨੀਟ੍ਰੈਪ, ਹੋਇਆ ਖ਼ੁਲਾਸਾ ਤਾਂ ਉੱਡੇ ਹੋਸ਼
Saturday, May 29, 2021 - 10:21 PM (IST)
ਜਲੰਧਰ (ਮਹੇਸ਼, ਸੋਨੂੰ)— ਜਲੰਧਰ ’ਚ ਪੰਜਾਬ ਪੁਲਸ ਦੀ ਖ਼ਾਕੀ ਉਸ ਸਮੇਂ ਦਾਗਦਾਰ ਹੋ ਗਈ ਜਦੋਂ ਇਥੇ ਏ. ਐੱਸ. ਆਈ. ਵੱਲੋਂ ਚਲਾਏ ਜਾ ਰਹੇ ਹਨੀਟ੍ਰੈਪ ਦਾ ਖ਼ੁਲਾਸਾ ਹੋਇਆ। ਕਮਿਸ਼ਨਰੇਟ ਪੁਲਸ ਦਾ ਹੀ ਏ. ਐੱਸ. ਆਈ. ਅਤੇ ਕਾਂਸਟੇਬਲ ਮਿਲ ਕੇ ਹਨੀਟ੍ਰੈਪ ਗੈਂਗ ਚਲਾ ਰਹੇ ਸਨ। ਇਸ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਗੈਂਗ ਦੀ ਇਕ ਕੁੜੀ ਨੂੰ ਮਦਦ ਦੇਣ ਦੇ ਬਹਾਨੇ ਇਕ ਵਿਅਕਤੀ ਦੇ ਕੋਲ ਭੇਜਿਆ ਅਤੇ ਫਿਰ ਫਰਜ਼ੀ ਰੇਡ ਕਰ ਦਿੱਤੀ। ਬਾਅਦ ’ਚ ਉਸ ਨੂੰ ਛੇੜਛਾੜ ਦੇ ਕੇਸ ’ਚ ਫਸਾਉਣ ਦੀ ਧਮਕੀ ਦੇ ਕੇ 10 ਲੱਖ ਰੁਪਏ ਮੰਗੇ। ਉਕਤ ਵਿਅਕਤੀ ਨੂੰ ਸ਼ੱਕ ਹੋਇਆ ਤਾਂ ਥਾਣਾ ਸਦਰ ਵਿਖੇ ਸੀਨੀਅਰ ਅਫ਼ਸਰਾਂ ਨੂੰ ਸ਼ਿਕਾਇਤ ਦਿੱਤੀ ਗਈ।
ਇਹ ਵੀ ਪੜ੍ਹੋ: ਜੰਡਿਆਲਾ-ਫਗਵਾੜਾ ਰੋਡ ’ਤੇ ਵਾਪਰਿਆ ਭਿਆਨਕ ਹਾਦਸਾ, ਦੋ ਸਕੇ ਭਰਾਵਾਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਜਾਂਚ ਤੋਂ ਬਾਅਦ ਪੁਲਸ ਨੇ ਜੰਡਿਆਲਾ ਪੁਲਸ ਚੌਂਕੀ ਦੇ ਏ. ਐੱਸ. ਆਈ. ਕਸ਼ਮੀਰ ਲਾਲ, ਕਾਂਸਟੇਬਲ ਪਰਮਜੀਤ ਸਿੰਘ ਸਣੇ 5 ਲੋਕਾਂ ਖ਼ਿਲਾਫ਼ ਸਾਜਿਸ਼ ਰਚ ਕੇ ਫਿਰੌਤੀ ਮੰਗਣ, ਜਾਨ ਤੋਂ ਮਾਰਨ ਦੀ ਧਮਕੀ ਦੇਣ ਅਤੇ ਸਜਿਸ਼ ਰਚਣ ਦੇ ਦੋਸ਼ ’ਚ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ’ਚ ਕਾਂਸਟੇਬਲ ਪਰਮਜੀਤ ਸਿੰਘ ਨੂੰ ਛੱਡ ਕੇ ਬਾਕੀ ਚਾਰ ਮੁਲਜ਼ਮ ਗਿ੍ਰਫ਼ਤਾਰ ਹੋ ਚੁੱਕੇ ਹਨ। ਇਸ ਦੀ ਪੁਸ਼ਟੀ ਏ. ਐੱਸ. ਆਈ. ਕਸ਼ਮੀਰ ਸਿੰਘ ਨੇ ਕੀਤੀ ਹੈ।
ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ 'ਚ ਲੋੜੀਂਦਾ ਮੁਲਜ਼ਮ ਅਰਸ਼ਦ ਖ਼ਾਨ ਗ੍ਰਿਫ਼ਤਾਰ, ਸਾਹਮਣੇ ਆਈ ਚਿੱਠੀ ਤੇ ਖੁੱਲ੍ਹੀ ਇਹ ਪੋਲ
ਇੰਝ ਚਲਦਾ ਸੀ ਹਨੀਟ੍ਰੈਪ
ਨਕੋਦਰ ਦੇ ਖੇਤੀਬਾੜੀ ਕਰਨ ਵਾਲੇ ਹਰਜਿੰਦਰ ਸਿੰਘ ਨੇ ਦੱਸਿਆ ਕਿ 3 ਮਈ ਨੂੰ ਉਸ ਦੇ ਮੋਬਾਇਲ ’ਤੇ ਇਕ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਕਿਹਾ ਕਿ ਉਸ ਨੂੰ ਲੱਖੀ ਨੇ ਨੰਬਰ ਦਿੱਤਾ ਹੈ। ਲੱਖੀ ਪਹਿਲਾਂ ਹੇਅਰ ਡਰੈਸਰ ਦੀ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਹੁਣ ਉਹ ਵਿਦੇਸ਼ ’ਚ ਹੈ। ਉਸ ਨੇ ਦੱਸਿਆ ਕਿ ਲੱਖੀ ਉਸ ਨੂੰ ਕਹਿ ਕੇ ਗਿਆ ਸੀ ਕਿ ਜੇਕਰ ਕਦੇ ਵੀ ਘਰ ਦੀ ਲੋੜ ਲਈ ਪੈਸੇ ਚਾਹੀਦੇ ਹੋਣ ਤਾਂ ਹਰਜਿੰਦਰ ਤੋਂ ਲੈ ਲੈਣਾ। ਉਸ ਦਿਨ ਉਸ ਨੇ ਕਈ ਵਾਰ ਫੋਨ ਕੀਤਾ ਪਰ ਹਰਜਿੰਦਰ ਟਾਲ-ਮਟੋਲ ਕਰਨ ਲੱਗਾ।
ਫਿਰ ਕੁੜੀ ਤੋਂ ਮੰਗੀ ਮਦਦ
9 ਮਈ ਨੂੰ ਜਦੋਂ ਉਹ ਜਲੰਧਰ ਦੇ ਬੱਸ ਸਟੈਂਡ ’ਤੇ ਸੀ ਤਾਂ ਇਕ ਕੁੜੀ ਦਾ ਫੋਨ ਆਇਆ। ਉਸ ਨੇ ਕਿਹਾ ਕਿ ਉਸ ਦੀ ਮਾਂ ਸਖ਼ਤ ਬੀਮਾਰ ਹੈ। ਰੁਪਏ ਨਾ ਹੋਣ ਕਰਕੇ ਦਵਾਈ ਦਾ ਇੰਤਜ਼ਾਮ ਨਹੀਂ ਕਰ ਪਾ ਰਹੀ ਹੈ। ਜੇਕਰ ਇਸ ਸਮੇਂ ਮੇਰੀ ਮਦਦ ਕੀਤੀ ਜਾਵੇ ਤਾਂ ਬੜੀ ਮਿਹਰਬਾਨੀ ਹੋਵੇਗੀ। ਹਰਜਿੰਦਰ ਨੇ ਕਿਹਾ ਕਿ ਜਲੰਧਰ ਬੱਸ ਸਟੈਂਡ ਤੋਂ ਨਕੋਦਰ ਆ ਰਿਹਾ ਹਾਂ, ਲਾਂਬੜਾ ਪਹੁੰਚ ਕੇ ਬਸ ਸਟੈਂਡ ਪਹੁੰਚ ਕੇ ਮਦਦ ਕਰ ਦੇਵੇਗਾ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ 'ਚ ਚੱਲ ਰਹੇ ਕਾਟੋ-ਕਲੇਸ਼ ਨੂੰ ਸੁਲਝਾਉਣ ਲਈ ਬਣਾਈ 3 ਮੈਂਬਰੀ ਕਮੇਟੀ ਦੀ ਦਿੱਲੀ 'ਚ ਮੀਟਿੰਗ ਅੱਜ
ਕੁੜੀ ਦੇ ਕਾਰ ’ਚੋਂ ਉਤਦੇ ਹੀ ਆਏ ਪੁਲਸ ਮੁਲਾਜ਼ਮ
ਜਦੋਂ ਉਹ ਬੱਸ ਸਟੈਂਡ ਪਹੁੰਚਿਆ ਤਾਂ ਕੁੜੀ ਦੀ ਕਾਲ ਆਉਣ ’ਤੇ ਉਸ ਨੇ ਉਥੇ ਹੀ ਆਪਣੀ ਕਾਰ ਰੋਕ ਦਿੱਤੀ। ਕੁੜੀ ਉਸ ਦੀ ਕਾਰ ਦੀ ਅਗਲੀ ਸੀਟ ’ਤੇ ਬੈਠ ਗਈ। ਉਸ ਨੇ ਕੁੜੀ ਨੂੰ 2 ਹਜ਼ਾਰ ਰੁਪਏ ਦੇ ਦਿੱਤੇ। ਜਿਵੇਂ ਹੀ ਕੁੜੀ ਹੇਠਾਂ ਉਤਰਣ ਲੱਗੀ ਤਾਂ ਅਚਾਨਕ ਇਕ ਕਾਰ (ਪੀ.ਬੀ07ਏ.ਯੂ-2913) ਉਸ ਦੀ ਕਾਰ ਦੇ ਅੱਗੇ ਆ ਕੇ ਰੁਕੀ। ਉਸ ’ਚੋਂ ਦੋ ਪੁਲਸ ਵਾਲੇ ਵਰਦੀ ’ਚ ਅਤੇ ਇਕ ਸਾਦੇ ਕੱਪੜਿਆਂ ’ਚ ਬਾਹਰ ਨਿਕਲਿਆ। ਇੰਨੀ ਦੇਰ ’ਚ ਇਕ ਕਾਲੇ ਰੰਗ ਦੀ ਐਕਟਿਵਾ ’ਤੇ ਕਰੀਬ 28 ਸਾਲ ਦੀ ਔਰਤ ਵੀ ਉਥੇ ਆ ਗਈ। ਫਿਰ ਉਸ ਨੂੰ ਡਰਾਈਵਰ ਵਾਲੀ ਸੀਟ ਤੋਂ ਜਬਰਨ ਉਤਾਰ ਕੇ ਆਪਣੀ ਕਾਰ ’ਚ ਬਿਠਾਇਆ। ਉਸ ਕੋਲੋਂ ਕਾਰ ਦੀ ਚਾਬੀ ਵੀ ਖੋਹ ਲਈ। ਉਸ ਤੋਂ 2 ਹਜ਼ਾਰ ਰੁਪਏ ਲੈਣ ਵਾਲੀ ਔਰਤ ਅਤੇ ਸਾਦੇ ਕੱਪੜਿਆਂ ਵਾਲਾ ਆਦਮੀ ਵੀ ਉਸੇ ਕਾਰ ’ਚ ਬੈਠ ਗਏ। ਸੋਚੀ-ਸਮਝੀ ਸਾਜਿਸ਼ ਤਹਿਤ ਉਹ ਦੋਵੇਂ ਕਾਰਾਂ ਨੂੰ ਇਕ ਕਿਲੋਮੀਟਰ ਦੂਰ ਲੁਹਾਰਾ ਗੇਟ ਤੱਕ ਲੈ ਗਏ। ਉਥੇ ਕਾਰਾਂ ਰੋਕ ਉਸ ਦਾ ਪਰਸ ਅਤੇ ਮੋਬਾਇਲ ਖੋਹ ਲਿਆ। ਪਰਸ ’ਚ ਕਰੀਬ 10 ਹਜ਼ਾਰ ਰੁਪਏ ਸਨ।
ਇਹ ਵੀ ਪੜ੍ਹੋ:ਜਲੰਧਰ ਵਿਖੇ ਸਪਾ ਸੈਂਟਰ 'ਚ ਹੋਏ ਗੈਂਗਰੇਪ ਮਾਮਲੇ ’ਚ ਆਇਆ ਨਵਾਂ ਮੋੜ, ਜਾਂਚ ਕਰ ਰਹੀ SIT 'ਚ ਬਦਲਾਅ
10 ਲੱਖ ਦੀ ਰੱਖੀ ਮੰਗ, ਪਹਿਲਾਂ 2.50 ਲੱਖ ਦੇ ਚੈੱਕ ਲਏ ਤੇ ਫਿਰ ਬੋਲੇ ਨਕਦੀ ਦਿਓ
ਇਸ ਦੇ ਬਾਅਦ ਉਸ ਨੂੰ ਪੁਲਸ ਵਾਲੇ ਵਿਅਕਤੀਆਂ ਨੇ ਧਮਕਾਉਂਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ 10 ਲੱਖ ਰੁਪਏ ਨਾ ਦਿੱਤੇ ਤਾਂ ਉਸ ’ਤੇ ਕੁੜੀ ਨਾਲ ਛੇੜਛਾੜ ਕਰਨ ਦਾ ਝੂਠਾ ਮਾਮਲਾ ਦਰਜ ਕੀਤਾ ਜਾਵੇਗਾ। ਹਰਜਿੰਦਰ ਨੇ ਮਿੰਨਤਾਂ ਕੀਤੀਆਂ ਕਿ ਉਸ ਦੇ ਕੋਲ 10 ਲੱਖ ਰੁਪਏ ਨਹੀਂ ਹਨ। ਕਿਸੇ ਤਰ੍ਹਾਂ ਸੌਦਾ 2.50 ਲੱਖ ’ਚ ਤੈਅ ਹੋਇਆ। ਰੁਪਏ ਦੇ ਬਦਲੇ ਉਨ੍ਹਾਂ ਨੇ ਇਕ ਲੱਖ ਅਤੇ ਡੇਢ ਲੱਖ ਦੇ ਦੋ ਚੈੱਕ ਲਏ। ਇਸ ਦੇ ਬਾਅਦ ਉਸ ਨੂੰ ਉਸ ਦੀ ਕਾਰ ਦੀ ਚਾਬੀ ਅਤੇ ਮੋਬਾਇਲ ਦੇ ਦਿੱਤਾ। ਫਿਰ ਉਸ ਨੂੰ ਧਮਕੀ ਦਿੱਤੀ ਗਈ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਕੁਝ ਦੱਸਿਆ ਤਾਂ ਉਸ ਦੇ ਖ਼ਿਲਾਫ਼ ਝੂਠਾ ਕੇਸ ਦਰਜ ਕਰ ਦੇਣਗੇ। ਇਸ ਦੇ ਕੁਝ ਸਮੇਂ ਬਾਅਦ ਪੁਲਸ ਵਾਲੇ ਫੋਨ ਕਰਨ ਲੱਗੇ ਕਿ ਉਨ੍ਹਾਂ ਨੂੰ ਚੈੱਕ ਨਹੀਂ ਸਗੋਂ ਢਾਈ ਲੱਖ ਰੁਪਏ ਕੈਸ਼ ਚਾਹੀਦੇ ਹਨ।
ਇਹ ਵੀ ਪੜ੍ਹੋ: ਕਰਜ਼ੇ ਨੇ ਨਿਗਲਿਆ ਇਕ ਹੋਰ ਕਿਸਾਨ, ਖੇਤਾਂ 'ਚ ਮੋਟਰ 'ਤੇ ਲੱਗੇ ਟਰਾਂਸਫਾਰਮਰ ਨਾਲ ਲਿਆ ਫਾਹਾ
ਇਹ ਹਨ ਹਨੀਟ੍ਰੈਪ ਗੈਂਗ ਦੇ ਮੈਂਬਰ
ਥਾਣਾ ਸਦਰ ਦੇ ਐੱਸ. ਐੱਚ. ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹੋਈ ਤਾਂ ਪਤਾ ਲੱਗਾ ਕਿ ਇਸ ਹਨੀਟ੍ਰੈਪ ਗੈਂਗ ’ਚ ਜੰਡਿਆਲਾ ਪੁਲਸ ਚੌਂਕੀ ਦਾ ਏ. ਐੱਸ. ਆਈ. ਕਸ਼ਮੀਰੀ ਲਾਲ ਅਤੇ ਹੌਲਦਾਰ ਪਰਮਜੀਤ ਸਿੰਘ ਸ਼ਾਮਲ ਹਨ। ਸਾਦੇ ਕੱਪੜੇ ’ਚ ਆਇਆ ਮੁਲਜ਼ਮ ਜੰਡਿਆਲਾ ’ਚ ਮੋਟਰ ਮੈਕੇਨਿਕ ਦਾ ਕੰਮ ਕਰਨ ਵਾਲਾ ਰਵੀ ਨਾਹਰ ਹੈ। ਕਾਰ ’ਚ ਬੈਠਨ ਵਾਲੀ ਕੁੜੀ ਪ੍ਰਭਜੋਤ ਕੌਰ ਹੈ ਜਦਕਿ ਐਕਟਿਵਾ ’ਤੇ ਆਈ ਮਹਿਲਾ ਗੁਰਵਿੰਦਰ ਕੌਰ ਹੈ। ਪੁਲਸ ਨੇ ਮਾਮਲੇ ਦਰਜ ਕਰਕੇ ਏ. ਐੱਸ. ਆਈ. ਸਮੇਤ ਚਾਰ ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਅਤੇ ਇਕ ਪੁਲਸ ਮੁਲਾਜ਼ਮ ਫਰਾਰ ਹੈ, ਜਿਸ ਨੂੰ ਫੜਨ ’ਚ ਲਗਾਤਾਰ ਪੁਲਸ ਦੀਆਂ ਟੀਮਾਂ ਲੱਗੀਆਂ ਹੋਈਆਾਂ ਹਨ।
ਇਹ ਵੀ ਪੜ੍ਹੋ: ਜਲੰਧਰ ’ਚ ਨਾਈਟ ਕਰਫ਼ਿਊ ਦੌਰਾਨ ਰੂਹ ਕੰਬਾਊ ਵਾਰਦਾਤ, ਸਕਿਓਰਿਟੀ ਗਾਰਡ ਦਾ ਬੇਰਹਿਮੀ ਨਾਲ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ