ਪਾਕਿਸਤਾਨ ਅਤੇ ਰਾਵੀ ਨੇ ਰੋਕ ਲਿਆ ‘ਚੰਡੀਗੜ੍ਹ’ ਦੇ ਵਿਕਾਸ ਦਾ ਰਾਹ

11/24/2019 11:52:12 AM

ਜਲੰਧਰ, ਜੰਮੂ-ਕਸ਼ਮੀਰ (ਜੋਗਿੰਦਰ ਸੰਧੂ) - ਗੁਰਦਾਸਪੁਰ ਜ਼ਿਲੇ ਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਕੁਝ ਪਿੰਡ ਅਜਿਹੇ ਹਨ, ਜਿਨ੍ਹਾਂ ਦੀ ਹੋਂਦ ਸਰਹੱਦ ਦੇ ਆਰ-ਪਾਰ ਦੀਆਂ ਸਮੱਸਿਆਵਾਂ ’ਚ ਉਲਝ ਕੇ ਧੁੰਦਲੀ ਹੋ ਗਈ ਹੈ। ਕੁਝ ਪਿੰਡਾਂ ਦੀ ਭੂਗੋਲਿਕ ਸਥਿਤੀ ਤਾਂ ਅਜਿਹੀ ਹੈ ਕਿ ਉਹ ਭਾਰਤ ਦਾ ਹਿੱਸਾ ਘੱਟ ਅਤੇ ਪਾਕਿਸਤਾਨ ਨਾਲ ਜੁੜੇ ਹੋਏ ਵਧੇਰੇ ਲੱਗਦੇ ਹਨ। ਭਾਰਤ ਵੱਲੋਂ ਇਨ੍ਹਾਂ ਪਿੰਡਾਂ ਤਕ ਪੂਰੀਆਂ ਸਹੂਲਤਾਂ ਪੁੱਜਦੀਆਂ ਨਹੀਂ ਅਤੇ ਪਾਕਿਸਤਾਨ ਵਲੋਂ ਨਿੱਤ-ਦਿਨ ਨਵੀਆਂ ਮੁਸੀਬਤਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਗੋਲੀਬਾਰੀ ਅਤੇ ਅੱਤਵਾਦ ਦਾ ਖਤਰਾ ਹਰ ਵੇਲੇ ਮੰਡਰਾਉਂਦਾ ਰਹਿੰਦਾ ਹੈ। ਪਾਕਿਸਤਾਨ ਵਲੋਂ ਇਸ ਰਸਤੇ ਆਏ ਅੱਤਵਾਦੀਆਂ ਨੇ ਪਿਛਲੇ ਸਾਲਾਂ ’ਚ ਪਠਾਨਕੋਟ ਅਤੇ ਦੀਨਾਨਗਰ ਵਿਖੇ ਖਤਰਨਾਕ ਕਾਂਡ ਕੀਤੇ ਸਨ। ਉਨ੍ਹਾਂ ਭਿਆਨਕ ਕਾਂਡਾਂ ਦੀ ਦਹਿਸ਼ਤ ਦੇ ਪਰਛਾਵੇਂ ਇਨ੍ਹਾਂ ਖੇਤਰਾਂ ’ਚ ਅੱਜ ਵੀ ਝਲਕਦੇ ਹਨ।

ਉਪਰੋਕਤ ਪਿੰਡਾਂ ਵਿਚ ਇਕ ਨਾਂ ‘ਚੰਡੀਗੜ੍ਹ ’ ਦਾ ਵੀ ਹੈ, ਜਿਹੜਾ ਰਾਵੀ ਦੇ ਕੰਢੇ ’ਤੇ ਵੱਸਿਆ ਹੋਇਆ ਹੈ। ਸਾਹਮਣੇ ਵਾਲੇ ਪਾਸੇ ਕੁਝ ਦੂਰੀ ’ਤੇ ਸਰਹੱਦ ਸਥਿਤ ਹੈ ਅਤੇ ਪਿੰਡ ਦੀ ਉੱਤਰੀ-ਬਾਹੀ ਨਾਲੋਂ ਖਹਿ ਕੇ ਦਰਿਆ ਵਹਿੰਦਾ ਹੈ। ਹਕੀਕਤ ਵਿਚ ਇਹ ਪਿੰਡ ਉਨ੍ਹਾਂ ਲੋਕਾਂ ਨੇ ਕੁਝ ਦਹਾਕੇ ਪਹਿਲਾਂ ਵਸਾਇਆ ਸੀ, ਜਿਹੜੇ ਪਾਕਿਸਤਾਨ ਦੀਆਂ ਜੰਗਾਂ ਕਾਰਣ ਜਾਂ ਰਾਵੀ ’ਚ ਵਾਰ-ਵਾਰ ਆਉਣ ਵਾਲੇ ਹੜ੍ਹਾਂ ਕਾਰਣ ਹੋਰ ਪਿੰਡਾਂ ਤੋਂ ਉੱਜੜ ਕੇ ਆਏ ਸਨ। ਕੁਝ ਪਿੰਡਾਂ ਦੀ ਤਾਂ ਹੋਂਦ ਹੀ ਹੜ੍ਹਾਂ ਨੇ ਮਿਟਾ ਦਿੱਤੀ ਸੀ। ਉੱਜੜੇ ਲੋਕਾਂ ਨੇ ਇਥੇ ਜਿਹੜੀ ਬਸਤੀ ਵਸਾਈ ਸੀ, ਆਸ-ਪਾਸ ਦੇ ਲੋਕਾਂ ਨੇ ਮਜ਼ਾਕ ਵਜੋਂ ਉਸ ਨੂੰ ‘ਚੰਡੀਗੜ੍ਹ’ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਇਹੋ ਨਾਂ ਇਸ ਪਿੰਡ ਦਾ ਪੱਕਾ ਹੋ ਕੇ ਸਰਕਾਰੀ ਰਿਕਾਰਡ ਵਿਚ ਦਰਜ ਹੋ ਗਿਆ। ਇਹ ਪਿੰਡ ਜੇਕਰ ਅੱਜ ਪੂਰਾ ਵਿਕਾਸ ਨਹੀਂ ਕਰ ਸਕਿਆ ਤਾਂ ਉਸ ਦਾ ਇਹੋ ਕਾਰਣ ਹੈ ਕਿ ਇਸ ਦੀ ਜਨਮ-ਕੁੰਡਲੀ ’ਚ ਸ਼ੁਰੂ ਤੋਂ ਹੀ ਪਾਕਿਸਤਾਨ ਅਤੇ ਰਾਵੀ ਅੜਿੱਕਾ ਬਣੇ ਹੋਏ ਹਨ। ਪਿਛਲੇ ਦਿਨੀਂ ‘ਪੰਜਾਬ ਕੇਸਰੀ ਪੱਤਰ ਸਮੂਹ’ ਦੀ ਵਿਸ਼ੇਸ਼ ਰਾਹਤ ਮੁਹਿੰਮ ਅਧੀਨ 532ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਇਸ ਪਿੰਡ ’ਚ ਜਾਣ ਦਾ ਸਬੱਬ ਬਣਿਆ।

ਇਸ ਵਾਰ ਦੀ ਸਮੱਗਰੀ ਫਿਰੋਜ਼ਪੁਰ ਤੋਂ ਸ਼੍ਰੀ ਅਨੁਰਾਗ ਐਰੀ ਪ੍ਰਧਾਨ ਦੀ ਅਹਿਮ ਭੂਮਿਕਾ ਸਦਕਾ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ (ਹਨੂਮਾਨ ਸਭਾ) ਕਲਿਆਣਕਾਰਣੀ ਸਭਾ (ਰਜਿ.) ਵਲੋਂ ਭਿਜਵਾਈ ਗਈ ਸੀ। ਇਸ ਕਾਰਜ ਲਈ ਪ੍ਰੇਰਨਾ ਸਰੋਤ ਬਣੇ ਸ਼੍ਰੀ ਅਭਿਸ਼ੇਕ ਅਰੋੜਾ ਦੇ ਯਤਨਾਂ ਕਾਰਣ ਪਹਿਲਾਂ ਪੀੜਤ ਪਰਿਵਾਰਾਂ ਲਈ ਸਮੱਗਰੀ ਦੇ ਟਰੱਕ ਭਿਜਵਾਏ ਜਾ ਚੁੱਕੇ ਹਨ। ਚੰਡੀਗੜ੍ਹ ਵਿਚ ਹੋਏ ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਰਾਹਤ ਟੀਮ ਦੇ ਆਗੂ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦੀ ਲੋਕਾਂ ਦੀ ਹਾਲਤ ਅਤੇ ਪਿੰਡਾਂ ਦੀ ਸਥਿਤੀ ਦੇਖ ਕੇ ਇਹ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੱਤਾਧਾਰੀ ਲੋਕਾਂ ਨੂੰ ਕਦੇ ਇਸ ਪਾਸੇ ਗੇੜਾ ਲਾਉਣ ਦੀ ਫੁਰਸਤ ਹੀ ਨਹੀਂ ਮਿਲੀ। ਜਦੋਂ ਤੱਕ ਇਨ੍ਹਾਂ ਖੇਤਰਾਂ ਦੀ ਜ਼ਮੀਨੀ ਹਕੀਕਤ ਨੂੰ ਸਮਝਿਆ ਨਹੀਂ ਜਾਂਦਾ, ਉਦੋਂ ਤੱਕ ਨਾ ਤਾਂ ਇਹ ਪਿੰਡ ਵਿਕਾਸ ਕਰ ਸਕਦੇ ਹਨ ਅਤੇ ਨਾ ਹੀ ਇਥੇ ਬੁਨਿਆਦੀ ਸਹੂਲਤਾਂ ਪੁੱਜ ਸਕਣਗੀਆਂ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਨੀਤੀ ਬਣਾਉਣੀ ਹੀ ਪਵੇਗੀ ਤਾਂ ਹੀ ਇਥੋਂ ਦੀ ਨੁਹਾਰ ਬਦਲੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡ ਸਰਹੱਦ ਤੋਂ ਦੂਰ ਹਨ, ਖਤਰੇ ਦੇ ਘੇਰੇ ਤੋਂ ਬਾਹਰ ਹਨ ਅਤੇ ਦਰਿਆਵਾਂ ਦੇ ਹੜ੍ਹਾਂ ਤੋਂ ਵੀ ਬਚੇ ਹੋਏ ਹਨ, ਉਨ੍ਹਾਂ ਤੱਕ ਤਾਂ ਸਾਰੀਆਂ ਸਹੂਲਤਾਂ ਪੁੱਜ ਰਹੀਆਂ ਹਨ ਪਰ ਸਰਹੱਦੀ ਇਲਾਕੇ ਇਸ ਸਭ ਤੋਂ ਵਾਂਝੇ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਇਸੇ ਦੁਖਾਂਤ ਨੂੰ ਸਮਝਦਿਆਂ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਸਰਹੱਦੀ ਖੇਤਰਾਂ ਲਈ ਸਮੱਗਰੀ ਭਿਜਵਾਉਣ ਦਾ ਸਿਲਸਿਲਾ ਚਲਾਇਆ ਜਾ ਰਿਹਾ ਹੈ। ਇਸ ਅਧੀਨ ਹੁਣ ਤੱਕ ਦਰਜਨਾਂ ਟਰੱਕਾਂ ਦੀ ਸਮੱਗਰੀ ਸਰਹੱਦੀ ਲੋਕਾਂ ਤੱਕ ਪਹੁੰਚਾਈ ਜਾ ਚੁੱਕੀ ਹੈ।\

ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਸਰਹੱਦੀ ਲੋਕ : ਅਭਿਸ਼ੇਕ ਅਰੋੜਾ
ਫਿਰੋਜ਼ਪੁਰ ਤੋਂ ਰਾਹਤ ਸਮੱਗਰੀ ਨਾਲ ਵਿਸ਼ੇਸ਼ ਤੌਰ ’ਤੇ ਪੁੱਜੇ ਸ਼੍ਰੀ ਅਭਿਸ਼ੇਕ ਅਰੋੜਾ ਨੇ ਕਿਹਾ ਕਿ ਸਰਹੱਦੀ ਲੋਕ ਅਣਗਿਣਤ ਅਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਬਾਰੇ ਆਮ ਆਦਮੀ ਕਲਪਨਾ ਵੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਵਿਚ ਸਰਹੱਦੀ ਲੋਕ ਜੀਵਨ ਬਸਰ ਕਰ ਰਹੇ ਹਨ, ਇਨ੍ਹਾਂ ਦੀ ਬਹਾਦਰੀ ਨੂੰ ਸਲਾਮ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਅਤੇ ਗੈਰ-ਕੁਦਰਤੀ ਮੁਸੀਬਤਾਂ ਸਹਿਣ ਕਰ ਰਹੇ ਪਰਿਵਾਰਾਂ ਦੀ ਭਲਾਈ ਲਈ ਸਰਕਾਰਾਂ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਅੱਜ ਸਰਕਾਰ ਵੱਲੋਂ ਇਨ੍ਹਾਂ ਲੋਕਾਂ ਦੀ ਕੀਤੀ ਜਾ ਰਹੀ ਨਜ਼ਰਅੰਦਾਜ਼ਗੀ ਦੀ ਸਥਿਤੀ ਵਿਚ ਪੰਜਾਬ ਕੇਸਰੀ ਪਰਿਵਾਰ ਇਨ੍ਹਾਂ ਦੀ ਸਹਾਇਤਾ ਲਈ ਵੱਡੇ ਉਪਰਾਲੇ ਕਰ ਰਿਹਾ ਹੈ। ਦੇਸ਼ਵਾਸੀਆਂ ਨੂੰ ਵਧ-ਚੜ੍ਹ ਕੇ, ਪ੍ਰਭਾਵਿਤ ਪਰਿਵਾਰਾਂ ਲਈ ਚਲਾਈ ਜਾ ਰਹੀ, ਰਾਹਤ-ਮੁਹਿੰਮ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਸਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਵਿਚ ਅਜਿਹਾ ਏਕਾ ਸਥਾਪਤ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਦੁੱਖ-ਸੁੱਖ ਵੇਲੇ ਇਕ-ਦੂਜੇ ਦੀ ਸਹਾਇਤਾ ਕੀਤੀ ਜਾਵੇ। ਜੇ ਸਮਾਜ ਵਿਚ, ਦੇਸ਼ ਵਿਚ ਏਕੇ ਦੀ ਭਾਵਨਾ ਹੋਵੇਗੀ ਤਾਂ ਹਰ ਮੁਸ਼ਕਲ ਨੂੰ ਆਸਾਨ ਬਣਾਇਆ ਜਾ ਸਕਦਾ ਹੈ। ਸਾਨੂੰ ਹਰ ਵੇਲੇ ਸਾਂਝੀਵਾਲਤਾ ਦੀ ਗੱਲ ਕਰਨੀ ਚਾਹੀਦੀ ਹੈ।

ਰਾਵੀ ’ਤੇ ਪੱਕਾ ਬੰਨ੍ਹ ਬਣਾਇਆ ਜਾਵੇ : ਸੁਲਿੰਦਰ ਕੰਡੀ
ਸੀ.ਆਰ.ਪੀ.ਐੱਫ. ਦੇ ਰਿਟਾਇਰਡ ਕਰਮਚਾਰੀਆਂ ਦੀ ਜਥੇਬੰਦੀ ਦੇ ਪੰਜਾਬ ਪ੍ਰਧਾਨ ਸ਼੍ਰੀ ਸੁਲਿੰਦਰ ਸਿੰਘ ਕੰਡੀ ਨੇ ਕਿਹਾ ਕਿ ਕੋਈ ਸਾਲ ਅਜਿਹਾ ਨਹੀਂ ਗੁਜ਼ਰਦਾ ਜਦੋਂ ਰਾਵੀ ਦਾ ਹੜ੍ਹ ਸਬੰਧਤ ਖੇਤਰਾਂ ’ਚ ਤਬਾਹੀ ਨਾ ਮਚਾਉਂਦਾ ਹੋਵੇ। ਪਾਣੀ ਦੇ ਵਹਿਣ ਵਿਚ ਹਰ ਵਾਰ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਜਾਂਦੀ ਹੈ, ਜਿਸ ਲਈ ਸਰਕਾਰ ਨੂੰ ਕਰੋੜਾਂ ਰੁਪਏ ਦਾ ਮੁਆਵਜ਼ਾ ਦੇਣਾ ਪੈਂਦਾ ਹੈ। ਇਸਦੇ ਨਾਲ ਹੀ ਕਈ ਵਾਰ ਲੋਕਾਂ ਦਾ ਜਾਨੀ ਨੁਕਸਾਨ ਵੀ ਹੁੰਦਾ ਹੈ ਅਤੇ ਉਨ੍ਹਾਂ ਦੇ ਘਰ-ਮਕਾਨ ਵੀ ਢਹਿ ਜਾਂਦੇ ਹਨ। ਸ਼੍ਰੀ ਕੰਡੀ ਨੇ ਕਿਹਾ ਕਿ ਹੜ੍ਹਾਂ ਦੇ ਨੁਕਸਾਨ ਅਤੇ ਤ੍ਰਾਸਦੀ ਤੋਂ ਬਚਾਅ ਲਈ ਦਰਿਆ ਦੇ ਦੋਹਾਂ ਕਿਨਾਰਿਆਂ ’ਤੇ ਪੱਕੇ ਬੰਨ੍ਹ ਬਣਾਏ ਜਾਣੇ ਚਾਹੀਦੇ ਹਨ। ਇਸ ਨਾਲ ਦਰਿਆ ਹੇਠ ਆਏ ਬਹੁਤ ਸਾਰੇ ਗੈਰ-ਆਬਾਦ ਰਕਬੇ ’ਤੇ ਖੇਤੀ ਕੀਤੀ ਜਾ ਸਕੇਗੀ ਅਤੇ ਫਸਲਾਂ ਜਾਂ ਪਿੰਡਾਂ ਦੇ ਡੁੱਬਣ ਦਾ ਡਰ ਵੀ ਨਹੀਂ ਰਹੇਗਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਦਰਿਆ ਦੇ ਆਰ-ਪਾਰ ਜਾਣ ਲਈ ਪੱਕਾ ਪੁਲ ਵੀ ਬਣਾਇਆ ਜਾਵੇ।

ਪਿੰਡ ਦੇ ਸਾਬਕਾ ਸਰਪੰਚ ਸ਼੍ਰੀ ਫੌਜਾ ਸਿੰਘ ਨੇ ਰਾਹਤ ਸਮੱਗਰੀ ਭਿਜਵਾਉਣ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ, ਇਸ ਇਲਾਕੇ ਵਿਚ ਤਾਂ ਕੋਈ ਹਾਲ-ਪੁੱਛਣ ਵੀ ਨਹੀਂ ਆਉਂਦਾ ਪਰ ਪੰਜਾਬ ਕੇਸਰੀ ਦੀ ਟੀਮ ਦੁੱਖ ਵੰਡਾਉਣ ਲਈ ਆਈ ਹੈ। ਇਸ ਨਾਲ ਲੋਕਾਂ ਨੂੰ ਵੱਡਾ ਹੌਸਲਾ ਮਿਲੇਗਾ। ਰਾਹਤ ਵੰਡੇ ਜਾਣ ਦੇ ਮੌਕੇ ’ਤੇ ਫਿਰੋਜ਼ਪੁਰ ਦੇ ਪ੍ਰੋ. ਲਕਸ਼ਮਿੰਦਰ ਭੋਰੀਵਾਲ, ਲੁਧਿਆਣਾ ਦੇ ਸ਼੍ਰੀ ਵਿਪਿਨ ਜੈਨ, ਰਾਕੇਸ਼ ਜੈਨ, ਸ਼੍ਰੀਮਤੀ ਰਮਾ ਜੈਨ, ਰਾਜਨ ਚੋਪੜਾ, ਸੀ.ਆਰ.ਪੀ.ਐੱਫ. ਦੇ ਰਿਟਾਇਰਡ ਇੰਸਪੈਕਟਰ ਰਾਜ ਸਿੰਘ, ਪੂਰਨ ਚੰਦ ਸੈਣੀ, ਗੁਲਜ਼ਾਰ ਸਿੰਘ, ਪਰਮਜੀਤ ਸਾਹਬੀ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।


rajwinder kaur

Content Editor

Related News