ਡਰੱਗਜ਼ ਖ਼ਿਲਾਫ਼ ਜਲੰਧਰ ਪੁਲਸ ਦਾ ਵੱਡਾ ਐਕਸ਼ਨ, ਪੁਲਸ ਕਮਿਸ਼ਨਰ ਦੀ ਰਣਨੀਤੀ ਲਿਆਈ ਰੰਗ

Sunday, Oct 29, 2023 - 11:29 AM (IST)

ਜਲੰਧਰ (ਅਨਿਲ ਪਾਹਵਾ)–ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਵਿਚ ਡਰੱਗਜ਼ ਅਤੇ ਕਾਨੂੰਨ ਵਿਵਸਥਾ ਸਭ ਤੋਂ ਵੱਡਾ ਸਵਾਲ ਸੀ ਪਰ ਸਰਕਾਰ ਨੇ ਇਨ੍ਹਾਂ ਦੋਵਾਂ ਹੀ ਮੁੱਦਿਆਂ ’ਤੇ ਖ਼ੁਦ ਨੂੰ ਸਾਬਿਤ ਕਰਨ ਵਿਚ ਕੋਈ ਕਮੀ ਨਹੀਂ ਛੱਡੀ। ਗੱਲ ਜਲੰਧਰ ਦੀ ਕਰੀਏ ਤਾਂ ਜਨਵਰੀ 2023 ਵਿਚ ਜਲੰਧਰ ਵਿਚ ਪੁਲਸ ਕਮਿਸ਼ਨਰ ਦੇ ਅਹੁਦੇ ’ਤੇ ਤਾਇਨਾਤ ਹੋਏ ਆਈ. ਪੀ. ਐੱਸ. ਅਧਿਕਾਰੀ ਕੁਲਦੀਪ ਸਿੰਘ ਚਾਹਲ ਨੇ ਸ਼ਹਿਰ ਵਿਚ ਕਾਨੂੰਨ ਵਿਵਸਥਾ ਨੂੰ ਦਰੁਸਤ ਕਰਨ ਲਈ ਹਰ ਸੰਭਵ ਯਤਨ ਕੀਤਾ ਹੈ। ਇਹ ਗੱਲ ਅਸੀਂ ਨਹੀਂ ਕਹਿੰਦੇ, ਸਗੋਂ ਪੁਲਸ ਵਿਭਾਗ ਦੇ ਅੰਕੜੇ ਸਾਬਿਤ ਕਰਦੇ ਹਨ ਕਿ ਕਿਸ ਤਰ੍ਹਾਂ ਨਾਲ ਕਮਿਸ਼ਨਰ ਚਾਹਲ ਦੀ ਅਗਵਾਈ ਵਿਚ ਜ਼ਿਲ੍ਹਾ ਪੁਲਸ ਨੇ ਡਰੱਗਜ਼ ਖ਼ਿਲਾਫ਼ ਵੱਡੀਆਂ ਸਫ਼ਲਤਾਵਾਂ ਹਾਸਲ ਕੀਤੀਆਂ ਹਨ।

322 ਮਾਮਲੇ ਅਤੇ 410 ਮੁਲਜ਼ਮ ਕਾਬੂ
ਜਨਵਰੀ 2023 ਤੋਂ ਅਕਤੂਬਰ ਤਕ ਜਲੰਧਰ ਕਮਿਸ਼ਨਰੇਟ ਪੁਲਸ ਨੇ ਡਰੱਗਜ਼ ’ਤੇ ਰੋਕ ਲਾਉਣ ਲਈ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਹੈ, ਜਿਸ ਤੋਂ ਬਾਅਦ ਜ਼ਿਲੇ ਵਿਚ ਡਰੱਗਜ਼ ਨੂੰ ਲੈ ਕੇ ਕੁਝ ਹੱਦ ਤਕ ਲਗਾਮ ਲੱਗਣ ਲੱਗੀ ਹੈ। ਅੰਕੜਿਆਂ ਦੇ ਅਨੁਸਾਰ ਐੱਨ. ਡੀ. ਪੀ. ਐੱਸ. ਐਕਟ ਤਹਿਤ ਕਮਿਸ਼ਨਰ ਪੁਲਸ ਨੇ ਇਨ੍ਹਾਂ 10 ਮਹੀਨਿਆਂ ਵਿਚ 322 ਮਾਮਲੇ ਦਰਜ ਕੀਤੇ ਹਨ ਅਤੇ 410 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿਚੋਂ 40 ਉਹ ਮੁਲਜ਼ਨ ਹਨ, ਜਿਹੜੇ ਡਰੱਗਜ਼ ਦੀ ਸਮੱਗਲਿੰਗ ਵਿਚ ਵੱਡੇ ਪੱਧਰ ’ਤੇ ਸ਼ਾਮਲ ਸਨ। ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲਸ ਨੇ ਵੱਖ-ਵੱਖ ਐੱਨ. ਡੀ. ਪੀ. ਐੱਸ. ਐਕਟ ਦੇ ਮਾਮਲਿਆਂ ਵਿਚ ਭਗੌੜੇ ਹੋਏ 23 ਲੋਕਾਂ ਨੂੰ ਵੀ ਅਰੈਸਟ ਕੀਤਾ ਹੈ।

ਇਹ ਵੀ ਪੜ੍ਹੋ: 'ਫ੍ਰੈਂਡਸ' ਫੇਮ ਅਦਾਕਾਰ ਮੈਥਿਊ ਪੇਰੀ ਦਾ ਦਿਹਾਂਤ, ਬਾਥਰੂਮ 'ਚ ਮਿਲੀ ਲਾਸ਼

10 ਮਹੀਨਿਆਂ ਵਿਚ ਵੱਡੀ ਰਿਕਵਰੀ
ਅੰਕੜਿਆਂ ਦੇ ਅਨੁਸਾਰ ਕਮਿਸ਼ਨਰੇਟ ਪੁਲਸ ਨੇ ਇਨ੍ਹਾਂ 10 ਮਹੀਨਿਆਂ ਵਿਚ ਲਗਭਗ 25 ਕਿਲੋ ਅਫ਼ੀਮ ਜ਼ਬਤ ਕੀਤੀ ਹੈ, ਜੋਕਿ ਇਕ ਵੱਡੀ ਰਿਕਵਰੀ ਹੈ, ਜਦਕਿ ਪੁਲਸ ਵੱਲੋਂ 13 ਕਿਲੋ ਹੈਰੋਇਨ ਵੀ ਬਰਾਮਦ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੂਰਾ-ਪੋਸਤ ਦੀ ਵੱਡੀ ਖੇਪ ਇਨ੍ਹਾਂ 10 ਮਹੀਨਿਆਂ ਵਿਚ ਪੁਲਸ ਨੇ ਜ਼ਬਤ ਕੀਤੀ ਹੈ। ਪੁਲਸ ਨੂੰ ਲਗਭਗ 448 ਕਿਲੋ ਚੂਰਾ-ਪੋਸਤ ਜ਼ਬਤ ਕਰਨ ਵਿਚ ਸਫਲਤਾ ਮਿਲੀ। ਇਸ ਤੋਂ ਇਲਾਵਾ ਪੁਲਸ ਨੇ 31 ਕਿਲੋ ਗਾਂਜਾ, ਲਗਭਗ ਢਾਈ ਕਿਲੋ ਨਸ਼ੇ ਵਾਲਾ ਪਾਊਡਰ, ਇੰਜੈਕਸ਼ਨ ਤੇ ਨਸ਼ੇ ਵਾਲੀਆਂ ਦਵਾਈਆਂ ਜ਼ਬਤ ਕੀਤੀਆਂ ਹਨ।

ਡਰੱਗਜ਼ ਫੈਲਾਉਣ ਵਾਲਿਆਂ ਦੀ ਪ੍ਰਾਪਰਟੀ ਜ਼ਬਤ
ਇਨ੍ਹਾਂ 10 ਮਹੀਨਿਆਂ ਦੇ ਸਮੇਂ ਵਿਚ ਪੁਲਸ ਨੇ ਡਰੱਗਜ਼ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਤੇਜ਼ ਕੀਤੀ ਅਤੇ ਇਨ੍ਹਾਂ ਲੋਕਾਂ ’ਤੇ ਸਖ਼ਤੀ ਵਰਤਦਿਆਂ ਸੂਬਾ ਸਰਕਾਰ ਦੇ ਹੁਕਮਾਂ ਅਨੁਸਾਰ ਇਨ੍ਹਾਂ ਦੀ ਪ੍ਰਾਪਰਟੀ ਦਾ ਵੀ ਕਬਜ਼ਾ ਲਿਆ ਹੈ। ਕਮਿਸ਼ਨਰੇਟ ਪੁਲਸ ਨੇ ਡਰੱਗਜ਼ ਦੇ ਕੇਸ ਵਿਚ ਸਬੰਧਤ 5 ਲੋਕਾਂ ਦੀ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 68-ਐੱਫ਼ ਤਹਿਤ 1 ਕਰੋੜ 32 ਲੱਖ ਰੁਪਏ ਦੇ ਲਗਭਗ ਦੀ ਪ੍ਰਾਪਰਟੀ ਜ਼ਬਤ ਕੀਤੀ ਹੈ। ਪ੍ਰਸ਼ਾਸਨ ਦੀ ਇਸ ਕਾਰਵਾਈ ਨਾਲ ਡਰੱਗਜ਼ ਦੇ ਧੰਦੇ ਵਿਚ ਸ਼ਾਮਲ ਲੋਕਾਂ ਨੂੰ ਇਕ ਸਬਕ ਮਿਲਿਆ ਹੈ ਕਿ ਸਿਰਫ਼ ਕੁਝ ਮਹੀਨੇ ਜੇਲ ਵਿਚ ਰਹਿ ਕੇ ਹੀ ਮਾਮਲਾ ਖ਼ਤਮ ਨਹੀਂ ਹੋ ਜਾਵੇਗਾ, ਸਗੋਂ ਪ੍ਰਾਪਰਟੀ ਤੋਂ ਵੀ ਹੱਥ ਧੋਣਾ ਪਵੇਗਾ।
ਪਿਛਲੇ ਸਮੇਂ ਵਿਚ ਡਰੱਗਜ਼ ਨੇ ਬਹੁਤ ਸਾਰੇ ਘਰ ਉਜਾੜ ਦਿੱਤੇ ਹਨ ਅਤੇ ਕਿੰਨੇ ਹੀ ਪਰਿਵਾਰਾਂ ਤੋਂ ਉਨ੍ਹਾਂ ਦੇ ਬੱਚੇ ਖੋਹ ਲਏ ਹਨ ਪਰ ਹੁਣ ਇਹ ਬਰਦਾਸ਼ਤ ਨਹੀਂ ਹੈ। ਕੋਈ ਵੀ ਵਿਅਕਤੀ ਜੇਕਰ ਡਰੱਗਜ਼ ਨੂੰ ਫੈਲਾਉਣ ਦਾ ਗੈਰ-ਕਾਨੂੰਨੀ ਕੰਮ ਕਰੇਗਾ ਤਾਂ ਉਸਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ। ਜਲੰਧਰ ਕਮਿਸ਼ਨਰੇਟ ਪੁਲਸ ਦੀ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ। -ਕੁਲਦੀਪ ਚਾਹਲ, ਕਮਿਸ਼ਨਰੇਟ ਜਲੰਧਰ ਪੁਲਸ

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਜਗਰਾਤਾ ਕਰਨ ਜਾ ਰਹੇ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News