ਐਕਸ਼ਨ 'ਚ ਜਲੰਧਰ ਦੇ ਪੁਲਸ ਕਮਿਸ਼ਨਰ, ਡਰੱਗ ਮਾਫ਼ੀਆ ’ਤੇ ਸ਼ਿਕੰਜਾ ਕੱਸਣ ਲਈ ਦਿੱਤੇ ਸਖ਼ਤ ਨਿਰਦੇਸ਼
Wednesday, Feb 02, 2022 - 01:42 PM (IST)
ਜਲੰਧਰ (ਸੁਧੀਰ)– ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਵਿਧਾਨ ਸਭਾ ਚੋਣਾਂ ਦੇ ਨਜ਼ਦੀਕ ਆਉਂਦੇ ਹੀ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਕਾਰਨ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਸ਼ਹਿਰ ਵਿਚ ਪੂਰਨ ਰੂਪ ਵਿਚ ਸਖ਼ਤੀ ਵਰਤਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸ਼ਹਿਰ ਵਿਚ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਿਆ ਜਾਵੇਗਾ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਆਨ ਦਿ ਸਪਾਟ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਪੁਲਸ ਕਮਿਸ਼ਨਰ ਦਾ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਕਮਿਸ਼ਨਰੇਟ ਪੁਲਸ ਵਿਚ ਕਾਫ਼ੀ ਬਦਲਾਅ ਕੀਤੇ ਹਨ ਅਤੇ ਉਨ੍ਹਾਂ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿਚ ਸ਼ਹਿਰ ਵਾਸੀਆਂ ਨੂੰ ਖ਼ੁਦ ਕਈ ਵੱਡੇ ਬਦਲਾਅ ਨਜ਼ਰ ਆਉਣਗੇ। ਉਨ੍ਹਾਂ ਸਾਫ਼ ਕਿਹਾ ਕਿ ਵਿਧਾਨ ਸਭਾ ਚੋਣਾਂ ਕਾਰਨ ਸ਼ਰਾਬ ਅਤੇ ਨਸ਼ਾ ਮਾਫ਼ੀਆ ’ਤੇ ਕਮਿਸ਼ਨਰੇਟ ਪੁਲਸ ਨਜ਼ਰ ਰੱਖ ਰਹੀ ਹੈ। ਉਨ੍ਹਾਂ ਨਸ਼ਾ ਅਤੇ ਸ਼ਰਾਬ ਸਮੱਗਲਰਾਂ ਨੂੰ ਸਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ਼ਹਿਰ ਵਿਚ ਕੋਈ ਵੀ ਨਾਜਾਇਜ਼ ਢੰਗ ਨਾਲ ਸ਼ਰਾਬ ਅਤੇ ਨਸ਼ੇ ਦੀ ਖੇਪ ਸਪਲਾਈ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਅਗਵਾ ਦੇ ਮਾਮਲੇ ਦਾ ਪਰਦਾਫ਼ਾਸ਼, ਖ਼ੁਦ ਘਰੇ ਮੁੜੇ ਨਾਬਾਲਗ ਨੇ ਦੱਸੀ ਸੱਚਾਈ ਤਾਂ ਜਾਣ ਮਾਪੇ ਵੀ ਹੋਏ ਹੈਰਾਨ
ਸੀ. ਪੀ. ਨੇ ਦੱਸਿਆ ਕਿ ਨਸ਼ਾ ਅਤੇ ਸ਼ਰਾਬ ਸਮੱਗਲਰਾਂ ਦੀ ਨਕੇਲ ਕੱਸਣ ਲਈ ਡੇਰਾਬੱਸੀ ਤੋਂ 8 ਟ੍ਰੇਂਡ ਕੁੱਤੇ ਸ਼ਹਿਰ ਵਿਚ ਲਿਆਂਦੇ ਗਏ ਹਨ। ਇਹ ਕੁੱਤੇ ਨਸ਼ਾ ਅਤੇ ਸ਼ਰਾਬ ਮਾਫ਼ੀਆ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਉਣ ਵਿਚ ਪੁਲਸ ਦੀ ਮਦਦ ਕਰਨਗੇ। ਇਨ੍ਹਾਂ ਕੁੱਤਿਆਂ ਨੂੰ ਵਿਸ਼ੇਸ਼ ਰੂਪ ਵਿਚ ਨਸ਼ਾ ਸਮੱਗਲਰਾਂ ਤੱਕ ਪਹੁੰਚਣ ਦੀ ਟਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਲੱਗਣ ਵਾਲੇ ਨਾਕਿਆਂ ’ਤੇ ਇਹ 8 ਟ੍ਰੇਂਡ ਕੁੱਤੇ ਰੋਜ਼ਾਨਾ ਲੋਕੇਸ਼ਨ ਬਦਲ-ਬਦਲ ਕੇ ਪੈਰਾ-ਮਿਲਟਰੀ ਫੋਰਸਿਜ਼ ਤੇ ਪੁਲਸ ਦੇ ਮੁਲਾਜ਼ਮਾਂ ਨਾਲ ਤਾਇਨਾਤ ਹੋਣਗੇ ਅਤੇ ਨਾਕਿਆਂ ਤੋਂ ਲੰਘਣ ਵਾਲੇ ਵਾਹਨਾਂ ਅਤੇ ਸ਼ੱਕੀ ਲੋਕਾਂ ਦੀ ਇਨ੍ਹਾਂ ਵੱਲੋਂ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ। ਇਨ੍ਹਾਂ 8 ਟ੍ਰੇਂਡ ਕੁੱਤਿਆਂ ਦੀ ਸੁੰਘਣ ਸ਼ਕਤੀ ਇੰਨੀ ਤੇਜ਼ ਹੈ ਕਿ ਜੇਕਰ ਕਿਸੇ ਵਾਹਨ ਵਿਚ ਕੋਈ ਨਸ਼ਾ ਜਾਂ ਸ਼ਰਾਬ ਦੀ ਨਾਜਾਇਜ਼ ਖੇਪ ਹੋਵੇ ਤਾਂ ਉਹ ਪੁਲਸ ਲਈ ਮਦਦਗਾਰ ਸਾਬਿਤ ਹੋਣਗੇ।
ਨੌਨਿਹਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਲਗਭਗ 10 ਐਂਟਰੀ ਪੁਆਇੰਟਾਂ ਨੂੰ ਸੀਲ ਕਰਕੇ ਵਿਸ਼ੇਸ਼ ਨਾਕਾਬੰਦੀ ਉਪੰਰਤ ਉਥੇ ਸੀ. ਸੀ. ਟੀ. ਵੀ. ਕੈਮਰੇ ਲੁਆ ਦਿੱਤੇ ਗਏ ਹਨ। ਕੈਮਰਿਆਂ ਦੇ ਨਾਲ ਪੁਲਸ ਨੇ ਡੀ. ਵੀ. ਆਰ. ਵੀ ਲੁਆ ਦਿੱਤੇ ਗਏ ਹਨ, ਜਿਨ੍ਹਾਂ ਵਿਚ 24 ਘੰਟੇ ਦੀ ਰਿਕਾਰਡਿੰਗ ਵੀ ਮੁਹੱਈਆ ਹੋਵੇਗੀ। ਉਨ੍ਹਾਂ ਦੱਸਿਆ ਕਿ ਨਾਕਿਆਂ ’ਤੇ ਲੱਗੇ ਕੈਮਰਿਆਂ ਦਾ ਕੰਟਰੋਲ ਨੇੜਲੇ ਥਾਣੇ ਨਾਲ ਜੋੜਿਆ ਗਿਆ ਹੈ ਤਾਂ ਕਿ ਉਥੇ ਬੈਠੇ ਮੁਲਾਜ਼ਮ ਵੀ ਨਾਕਿਆਂ ਤੋਂ ਲੰਘਣ ਵਾਲੇ ਵਾਹਨਾਂ ਤੇ ਵਾਹਨ ਚਾਲਕਾਂ ’ਤੇ ਨਜ਼ਰ ਰੱਖ ਸਕਣ। ਉਨ੍ਹਾਂ ਸਾਫ਼ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਕੋਰੋਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ, ਸਕੂਲ-ਕਾਲਜ ਅਜੇ ਰਹਿਣਗੇ ਬੰਦ
ਪੁਲਸ ਕਮਿਸ਼ਨਰ ਖ਼ੁਦ ਨਿਕਲੇ ਫੀਲਡ ’ਚ, ਮੁਲਾਜ਼ਮਾਂ ਨੂੰ ਇਕੱਠੇ ਕਰਕੇ ਦਿੱਤੇ ਨਿਰਦੇਸ਼, ਕਿਹਾ-ਸ਼ਾਂਤਮਈ ਢੰਗ ਨਾਲ ਹੋਣਗੀਆਂ ਸ਼ਹਿਰ ’ਚ ਚੋਣਾਂ
ਵੈਸਟ ਬੰਗਾਲ ਤੋਂ ਪੁੱਜੇ ਪੁਲਸ ਆਬਜ਼ਰਵਰ ਨੇ ਵੀ ਕੀਤਾ ਸ਼ਹਿਰ ਦਾ ਦੌਰਾ
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਖੁਦ ਫੀਲਡ ਵਿਚ ਨਿਕਲੇ। ਇਸਦੇ ਨਾਲ ਹੀ ਉਨ੍ਹਾਂ ਸਭ ਤੋਂ ਪਹਿਲਾਂ ਪੀ. ਏ. ਪੀ. ਗਰਾਊਂਡ ਵਿਚ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਪੂਰੀ ਫੋਰਸ, ਪੀ. ਸੀ. ਆਰ. ਦਸਤੇ, ਡਾਗ ਸਕੁਐਡ ਅਤੇ ਟਰੈਫਿਕ ਪੁਲਸ ਦੇ ਸੈਂਕੜੇ ਮੁਲਾਜ਼ਮਾਂ ਨੂੰ ਇਕੱਠੇ ਕਰਕੇ ਉਨ੍ਹਾਂ ਨੂੰ ਸ਼ਹਿਰ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਇਸਦੇ ਨਾਲ ਹੀ ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਆਪਣੇ ਵਾਇਰਲੈੱਸ ਸੈੱਟ ਅਤੇ ਉਨ੍ਹਾਂ ਦੀਆਂ ਬੈਟਰੀਆਂ ਬਿਲਕੁਲ ਠੀਕ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਅਤੇ ਕੰਟਰੋਲ ਰੂਮ ਤੋਂ ਕਿਸੇ ਵੀ ਤਰ੍ਹਾਂ ਦਾ ਮੈਸੇਜ ਆਉਣ ’ਤੇ ਉਨ੍ਹਾਂ ਨੂੰ ਤੁਰੰਤ ਮੌਕੇ ’ਤੇ ਪੁੱਜਣ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਜਲਦ ਦੂਰ ਕਰਨ ਦਾ ਭਰੋਸਾ ਦਿੱਤਾ। ਸੀ. ਪੀ. ਨੇ ਪੀ. ਸੀ. ਆਰ. ਅਤੇ ਟਰੈਫਿਕ ਪੁਲਸ ਦੇ ਮੁਲਾਜ਼ਮਾਂ ਦੇ ਵਾਹਨਾਂ ਨੂੰ ਚੈੱਕ ਕੀਤਾ ਅਤੇ ਉਨ੍ਹਾਂ ਵਿਚਲੀਆਂ ਖ਼ਾਮੀਆਂ ਨੂੰ ਦੂਰ ਕਰਨ ਲਈ ਐੱਮ. ਟੀ. ਓ. ਬ੍ਰਾਂਚ ਦੇ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਸੈਂਟਰਲ ਆਰਮ ਫੋਰਸ ਅਤੇ ਕਮਿਸ਼ਨਰੇਟ ਪੁਲਸ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸ਼ਹਿਰ ਵਿਚ ਸਖ਼ਤ ਸੁਰੱਖਿਆ ਵਿਚਕਾਰ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ।
ਇਸ ਮੌਕੇ ਵੈਸਟ ਬੰਗਾਲ ਤੋਂ ਆਏ ਪੁਲਸ ਆਬਜ਼ਰਵਰ (ਆਈ. ਪੀ. ਐੱਸ.) ਵਿਕਰਮ ਸਿੰਘ ਮਾਨ ਵੀ ਮੌਜੂਦ ਸਨ। ਪੁਲਸ ਕਮਿਸ਼ਨਰ ਨੇ ਆਬਜ਼ਰਵਰ ਵਿਕਰਮ ਸਿੰਘ ਮਾਨ ਨੂੰ ਸਾਰੇ ਅਧਿਕਾਰੀਆਂ ਅਤੇ ਪੂਰੀ ਫੋਰਸ ਦੇ ਰੂਬਰੂ ਕਰਵਾਇਆ। ਉਨ੍ਹਾਂ ਪੂਰੇ ਸ਼ਹਿਰ ਵਿਚ ਪੈਰਾ-ਮਿਲਟਰੀ ਫੋਰਸ ਨਾਲ ਫਲੈਗ ਮਾਰਚ ਵੀ ਕੱਢਿਆ। ਇਸ ਮੌਕੇ ਏ. ਡੀ. ਸੀ. ਪੀ. ਸਿਟੀ-1 ਸੋਹੇਲ ਮੀਰ ਸਮੇਤ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ: ਨਵਾਂਸ਼ਹਿਰ ਦੀ ਸਿਆਸਤ ’ਚ ਮਚਿਆ ਘਮਸਾਨ, ਇਕੋ ਪਾਰਟੀ ਦੇ ਦੋ ਉਮੀਦਵਾਰਾਂ ਨੇ ਭਰੀ ਨਾਮਜ਼ਦਗੀ
ਸੈਂਟਰਲ ਆਰਮ ਫੋਰਸ ਦੀਆਂ 3 ਹੋਰ ਕੰਪਨੀਆਂ ਪੁੱਜੀਆਂ ਸ਼ਹਿਰ, 20 ਦੇ ਆਉਣ ਦੀ ਸੰਭਾਵਨਾ
ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਅਤੇ ਏ. ਡੀ. ਸੀ. ਪੀ. ਸਿਟੀ-1 ਸੋਹੇਲ ਮੀਰ ਨੇ ਦੱਸਿਆ ਕਿ ਸੈਂਟਰਲ ਆਰਮ ਫੋਰਸ ਦੀਆਂ 3 ਹੋਰ ਕੰਪਨੀਆਂ ਸ਼ਹਿਰ ਵਿਚ ਪਹੁੰਚ ਚੁੱਕੀਆਂ ਹਨ, ਜਦੋਂ ਕਿ 20 ਦੇ ਲਗਭਗ ਕੰਪਨੀਆਂ ਸ਼ਹਿਰ ਵਿਚ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਸ਼ੱਕੀ ਲੋਕਾਂ ਅਤੇ ਮੁਜਰਿਮਾਂ ਦੀ ਨਕੇਲ ਕੱਸਣ ਲਈ ਰੋਜ਼ਾਨਾ ਸਬ-ਡਵੀਜ਼ਨ ਵਾਈਜ਼ ਸ਼ਹਿਰ ਵਿਚ ਪੈਰਾ-ਮਿਲਟਰੀ ਫੋਰਸ ਨਾਲ ਫਲੈਗ ਮਾਰਚ ਕੱਢੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਰਾਬ ਤੇ ਨਸ਼ਾ ਸਮੱਗਲਰਾਂ ਦਾ ਪੁਰਾਣਾ ਰਿਕਾਰਡ ਕਢਵਾ ਕੇ ਉਨ੍ਹਾਂ ਦੇ ਘਰਾਂ ਵਿਚ ਸਰਪ੍ਰਾਈਜ਼ ਸਰਚ ਮੁਹਿੰਮ ਵੀ ਚਲਾਈ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਵਿਚ ਕਮਿਸ਼ਨਰੇਟ ਪੁਲਸ ਨੇ ਨਸ਼ਾ ਤੇ ਸ਼ਰਾਬ ਸਮੱਗਲਰਾਂ ’ਤੇ 150 ਤੋਂ ਵੱਧ ਮਾਮਲੇ ਦਰਜ ਕਰਕੇ 187 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ਿਆਂ ਦੀ ਖੇਪ ਬਰਾਮਦ ਕੀਤੀ ਹੈ।
ਹੋਟਲ ਤੇ ਗੈਸਟ ਹਾਊਸ ਮਾਲਕਾਂ ਨੂੰ ਦਿੱਤੇ ਨਿਰਦੇਸ਼
ਨੌਨਿਹਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਹੋਟਲ ਅਤੇ ਗੈਸਟ ਹਾਊਸ ਮਾਲਕਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਥੇ ਰੁਕਣ ਵਾਲੇ ਹਰੇਕ ਵਿਅਕਤੀ ਦਾ ਪਛਾਣ ਪੱਤਰ ਲੈਣ ਤੋਂ ਬਾਅਦ ਹੀ ਉਨ੍ਹਾਂ ਨੂੰ ਕਮਰਾ ਦਿੱਤਾ ਜਾਵੇ। ਇਸ ਦੇ ਨਾਲ ਹੀ ਹੋਟਲ ਅਤੇ ਗੈਸਟ ਹਾਊਸਾਂ ਦੇ ਮਾਲਕ ਉਥੇ ਰੁਕਣ ਵਾਲੇ ਹਰੇਕ ਵਿਅਕਤੀ ਦਾ ਸਾਰਾ ਰਿਕਾਰਡ ਵੀ ਰੱਖਣਗੇ। ਲੋੜ ਪੈਣ ’ਤੇ ਪੁਲਸ ਉਕਤ ਰਿਕਾਰਡ ਚੈੱਕ ਕਰ ਸਕਦੀ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹੋਟਲ ਅਤੇ ਗੈਸਟ ਹਾਊਸ ਮਾਲਕਾਂ ਨੂੰ ਐਂਟਰੀ ਪੁਆਇੰਟ, ਰਿਸੈਪਸ਼ਨ ਏਰੀਆ ਅਤੇ ਹੋਰ ਭਾਗਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਲੁਆਉਣ ਅਤੇ ਉਨ੍ਹਾਂ ਦਾ ਨਾਈਟ ਵਿਜ਼ਨ ਬਿਲਕੁਲ ਸਹੀ ਰੱਖਣ ਦੇ ਹੁਕਮ ਦਿੱਤੇ ਗਏ ਹਨ। ਹਰੇਕ ਹੋਟਲ ਅਤੇ ਗੈਸਟ ਹਾਊਸ ਵਿਚ ਡੀ. ਵੀ. ਆਰ. ਵੀ ਬਿਲਕੁਲ ਸਹੀ ਹੋਣਾ ਚਾਹੀਦਾ ਹੈ ਤਾਂ ਕਿ ਲੋੜ ਪੈਣ ’ਤੇ ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਵੀ ਸੀ. ਸੀ. ਟੀ. ਵੀ. ਕੈਮਰੇ ਲੁਆਉਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ: ਰੰਧਾਵਾ ਦਾ ਕੇਂਦਰ 'ਤੇ ਵੱਡਾ ਹਮਲਾ, ਕਿਹਾ-ਮੋਦੀ ਸਰਕਾਰ ਪੰਜਾਬ ਵਿਰੋਧੀ, ਗ਼ੈਰ-ਭਾਜਪਾਈ ਸਰਕਾਰਾਂ ਨੂੰ ਕੀਤਾ ਤੰਗ
ਜ਼ਮਾਨਤ ’ਤੇ ਆਏ ਮੁਜਰਿਮਾਂ ’ਤੇ ਰੱਖੀ ਜਾ ਰਹੀ ਹੈ ਵਿਸ਼ੇਸ਼ ਨਜ਼ਰ
ਸੀ. ਪੀ. ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਜ਼ਮਾਨਤ ’ਤੇ ਆਏ ਮੁਜਰਿਮਾਂ ਅਤੇ ਮਾਣਯੋਗ ਅਦਾਲਤ ਤੋਂ ਬੇਲ ਜੰਪ ਕਰ ਚੁੱਕੇ ਮੁਲਜ਼ਮਾਂ ਅਤੇ ਭਗੌੜਿਆਂ ਨੂੰ ਕਾਬੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਥਾਣਾ ਵਾਈਜ਼ ਸਾਰੇ ਅਧਿਕਾਰੀਆਂ ਨੂੰ ਸਾਰਾ ਡਾਟਾ ਤਿਆਰ ਕਰਕੇ ਉਕਤ ਲੋਕਾਂ ਨੂੰ ਕਾਬੂ ਕਰਨ ਲਈ ਕਿਹਾ ਗਿਆ ਹੈ।
ਪੀ. ਸੀ. ਆਰ. ਦਸਤਾ ਕਰੇਗਾ ਪੈਟਰੋਲਿੰਗ
ਸੀ. ਪੀ. ਨੇ ਦੱਸਿਆ ਕਿ ਏ. ਡੀ. ਸੀ. ਪੀ. ਸਿਟੀ-1 ਸੋਹੇਲ ਮੀਰ ਦੀ ਅਗਵਾਈ ਵਿਚ ਪੀ. ਸੀ. ਆਰ. ਦਸਤੇ ਨੂੰ ਵੀ ਚੋਣ ਸੀਜ਼ਨ ਵਿਚ ਅਲਰਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਤੇ ਮੁਹੱਲਿਆਂ ਵਿਚ ਪੀ. ਸੀ. ਆਰ. ਮੁਲਾਜ਼ਮਾਂ ਨੂੰ ਪੈਟਰੋਲਿੰਗ ਕਰਨ ਅਤੇ ਸ਼ੱਕੀ ਲੋਕਾਂ ਦੀ ਨਕੇਲ ਕੱਸਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਮਨੀਚੇਂਜਰਾਂ, ਬੈਂਕਾਂ ਅਤੇ ਜਿਊਲਰਾਂ ਦੀਆਂ ਦੁਕਾਨਾਂ ਦੇ ਬਾਹਰ ਵੀ ਸ਼ੱਕੀ ਲੋਕਾਂ ’ਤੇ ਨਜ਼ਰ ਰੱਖ ਕੇ ਉਨ੍ਹਾਂ ਦੀ ਨਕੇਲ ਕੱਸਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਚੱਬੇਵਾਲ 'ਚ ਸ਼ਰਮਨਾਕ ਘਟਨਾ, ਕੁੜੀ ਨੂੰ ਨਸ਼ੇ ਵਾਲੀ ਚੀਜ਼ ਪਿਲਾ ਕੇ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤੀ ਵਾਇਰਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ