ਮਾਡਲ ਟਾਊਨ 'ਚ ਗੰਨ ਪੁਆਇੰਟ 'ਤੇ ਕਾਰ ਲੁੱਟਣ ਵਾਲੇ ਗ੍ਰਿਫ਼ਤਾਰ ਮੁਲਜ਼ਮ ਸਬੰਧੀ ਜਲੰਧਰ ਪੁਲਸ ਦਾ ਵੱਡਾ ਖ਼ੁਲਾਸਾ

Thursday, Aug 10, 2023 - 11:51 AM (IST)

ਮਾਡਲ ਟਾਊਨ 'ਚ ਗੰਨ ਪੁਆਇੰਟ 'ਤੇ ਕਾਰ ਲੁੱਟਣ ਵਾਲੇ ਗ੍ਰਿਫ਼ਤਾਰ ਮੁਲਜ਼ਮ ਸਬੰਧੀ ਜਲੰਧਰ ਪੁਲਸ ਦਾ ਵੱਡਾ ਖ਼ੁਲਾਸਾ

ਜਲੰਧਰ (ਸੁਧੀਰ, ਮ੍ਰਿਦੁਲ)–ਮਾਡਲ ਟਾਊਨ ਵਿਚ 11ਵੀਂ ਕਲਾਸ ਦੇ ਵਿਦਿਆਰਥੀ ਤੋਂ ਗੰਨ ਪੁਆਇੰਟ ’ਤੇ ਲੁੱਟੀ ਗਈ ਕਾਰ ਕਮਿਸ਼ਨਰੇਟ ਪੁਲਸ ਨੇ ਸਿਰਫ਼ 24 ਘੰਟਿਆਂ ਵਿਚ ਬਰਾਮਦ ਕਰਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ, ਜਦਕਿ ਪੁਲਸ ਪਾਰਟੀ ਨੂੰ ਵੇਖ ਕੇ ਹੋਰ 3 ਮੁਲਜ਼ਮ ਕਾਰ ਛੱਡ ਕੇ ਭੱਜਣ ਵਿਚ ਕਾਮਯਾਬ ਹੋ ਗਏ। ਉਥੇ ਹੀ, ਪੁਲਸ ਨੇ ਵਾਰਦਾਤ ਵਿਚ ਵਰਤੀ ਗਈ ਹੋਰ ਸਵਿੱਫਟ ਕਾਰ ਵੀ ਬਰਾਮਦ ਕਰ ਲਈ ਹੈ। ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਲਕਸ਼ ਪੁੱਤਰ ਮਹਿੰਦਰਪਾਲ ਵਾਸੀ ਮਕਾਨ ਨੰਬਰ 52-ਏ ਪ੍ਰਤਾਪ ਨਗਰ ਬੂਟਾ ਪਿੰਡ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਪਿਛਲੇ ਦਿਨੀਂ ਆਪਣੀ ਸਵਿੱਫਟ ਕਾਰ ’ਤੇ ਮਾਡਲ ਟਾਊਨ ਵਿਚ ਸਥਿਤ ਕਮਲ ਢਾਬਾ ਵਿਚ ਖਾਣਾ ਲੈਣ ਗਿਆ ਸੀ, ਜਦਕਿ ਉਸ ਨੇ ਆਪਣੀ ਗੱਡੀ ਗੁਰੂ ਅਮਰਦਾਸ ਪਬਲਿਕ ਮਾਡਲ ਸਕੂਲ ਗਲੀ ਵਿਚ ਖੜ੍ਹੀ ਕੀਤੀ ਸੀ। ਕੁਝ ਦੇਰ ਬਾਅਦ ਜਦੋਂ ਉਹ ਆਪਣੀ ਗੱਡੀ ਕੋਲ ਆਇਆ ਤਾਂ ਪਿੱਛਿਓਂ ਆਏ 3 ਲੁਟੇਰਿਆਂ ਨੇ ਉਸ ਨੂੰ ਗੰਨ ਪੁਆਇੰਟ ’ਤੇ ਲੈ ਲਿਆ ਅਤੇ ਉਸ ਤੋਂ ਜਬਰਨ ਗੱਡੀ ਦੀ ਚਾਬੀ ਖੋਹ ਲਈ, ਜਿਸ ਤੋਂ ਬਾਅਦ ਲੁਟੇਰੇ ਉਸ ਦੀ ਗੱਡੀ ਖੋਹ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- ਜਲੰਧਰ ਸ਼ਹਿਰ ਦੀ ਵਾਰਡਬੰਦੀ ’ਤੇ ਚੱਲ ਰਿਹੈ ਹੋਮਵਰਕ, ਬਦਲ ਸਕਦੇ ਨੇ ਕੁਝ ਵਾਰਡ ਤੇ ਰਿਜ਼ਰਵੇਸ਼ਨ ਸਟੇਟਸ

ਪੁਲਸ ਜਾਂਚ ਵਿਚ ਪਤਾ ਲੱਗਾ ਕਿ ਲੁਟੇਰੇ ਇਕ ਹੋਰ ਸਵਿੱਫਟ ਗੱਡੀ ਵਿਚ ਆਏ ਸਨ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਕਮਿਸ਼ਨਰੇਟ ਪੁਲਸ ਤੁਰੰਤ ਹਰਕਤ ਵਿਚ ਆਈ ਅਤੇ ਪੀੜਤ ਪੱਖ ਦੇ ਬਿਆਨਾਂ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਮੁਕੱਦਮਾ ਨੰਬਰ 159 ਧਾਰਾ 379-ਬੀ, 34 ਆਈ. ਪੀ. ਸੀ. ਅਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਲਈ ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ, ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ ਕੁਮਾਰ ਅਤੇ ਏ. ਸੀ. ਪੀ. ਪਰਮਜੀਤ ਸਿੰਘ ਦੀ ਅਗਵਾਈ ਵਿਚ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਅਤੇ ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਸੀ. ਆਈ. ਏ. ਸਟਾਫ਼ ਅਤੇ ਥਾਣਾ ਨੰਬਰ 6 ਦੀ ਪੁਲਸ ਨੇ ਨਕੋਦਰ ਰੋਡ ਬੂਟਾ ਪਿੰਡ ਬਿਜਲੀ ਘਰ ਕੋਲ ਨਾਕੇਬੰਦੀ ਦੌਰਾਨ 2 ਸਵਿੱਫਟ ਗੱਡੀਆਂ ਵਿਚ ਸਵਾਰ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਪੁਲਸ ਪਾਰਟੀ ਨੂੰ ਵੇਖ ਕੇ ਕਾਰ ਵਿਚ ਸਵਾਰ ਨੌਜਵਾਨ ਕਾਰਾਂ ਛੱਡ ਕੇ ਭੱਜਣ ਲੱਗੇ। ਉਨ੍ਹਾਂ ਦੱਸਿਆ ਕਿ ਪਿੱਛਾ ਕਰਕੇ ਪੁਲਸ ਨੇ ਭੱਜ ਰਹੇ ਨੌਜਵਾਨਾਂ ਵਿਚੋਂ ਇਕ ਨੌਜਵਾਨ ਨੂੰ ਕਾਬੂ ਕਰਕੇ ਦੋਵੇਂ ਕਾਰਾਂ ਨੂੰ ਕਬਜ਼ੇ ਵਿਚ ਲੈ ਲਿਆ। ਪੁਲਸ ਜਾਂਚ ਵਿਚ ਪਤਾ ਲੱਗਾ ਕਿ ਬਰਾਮਦ ਕਾਰਾਂ ਵਿਚ ਇਕ ਸਵਿੱਫਟ ਕਾਰ ਲੁਟੇਰਿਆਂ ਨੇ ਪਿਛਲੇ ਦਿਨੀਂ ਗੰਨ ਪੁਆਇੰਟ ’ਤੇ ਲੁੱਟੀ ਸੀ, ਜਦਕਿ ਦੂਜੀ ਕਾਰ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਪ੍ਰਭਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਆਲੇਵਾਲਾ ਫਿਰੋਜ਼ਪੁਰ ਨੂੰ ਗ੍ਰਿਫ਼ਤਾਰ ਕਰ ਲਿਆ।

PunjabKesari

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਪੁਲਸ ਨੂੰ ਫ਼ਰਾਰ ਹੋਰ ਮੁਲਜ਼ਮਾਂ ਬਾਰੇ ਵੀ ਜਾਣਕਾਰੀ ਹਾਸਲ ਹੋਈ ਹੈ। ਫ਼ਰਾਰ ਮੁਲਜ਼ਮਾਂ ਦੀ ਪਛਾਣ ਗਿਆਨ ਉਰਫ ਗੋਰੀ ਉਰਫ ਡੋਡਾ ਪੁੱਤਰ ਗੱਬਰ ਵਾਸੀ ਬਾਗ ਵਾਲੀ ਬਸਤੀ ਅਲੀਕੇ ਰੋਡ ਖਾਲਸਾ ਕਾਲੋਨੀ ਫਿਰੋਜ਼ਪੁਰ, ਅਕਸ਼ੈ ਕੁਮਾਰ ਉਰਫ ਬੱਚਾ ਪੁੱਤਰ ਬਲਬੀਰ ਵਾਸੀ ਬਸਤੀ ਬਾਗ ਵਾਲੀ ਫਿਰੋਜ਼ਪੁਰ ਅਤੇ ਲਵਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਦਾਲੀ ਆਲੋਵਾਲ ਫਿਰੋਜ਼ਪੁਰ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਫੜੇ ਗਏ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸਦੇ ਫ਼ਰਾਰ ਹੋਰ ਸਾਥੀਆਂ ਦੀ ਪੁਲਸ ਵੱਲੋਂ ਭਾਲ ਜਾਰੀ ਹੈ।

ਇਹ ਵੀ ਪੜ੍ਹੋ- ਅਮਰੀਕਾ ਦੀ ਧਰਤੀ 'ਤੇ ਬਲਾਚੌਰ ਦੇ ਨੌਜਵਾਨ ਦੀ ਮੌਤ, 25 ਜੂਨ ਨੂੰ ਛੁੱਟੀ ਕੱਟ ਕੇ ਗਿਆ ਸੀ ਵਿਦੇਸ਼

ਫੜਿਆ ਗਿਆ ਮੁਲਜ਼ਮ ਮਕਸੂਦਾਂ ਮੰਡੀ ’ਚ ਜਰਮਨ ਗੈਸਟ ਹਾਊਸ ’ਚ ਕਰਦਾ ਹੈ ਡਰਾਈਵਰ ਦੀ ਨੌਕਰੀ
ਡੀ. ਸੀ. ਪੀ. ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਅਤੇ ਏ. ਡੀ. ਸੀ. ਪੀ. ਆਦਿੱਤਿਆ ਕੁਮਾਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਫੜਿਆ ਗਿਆ ਮੁਲਜ਼ਮ ਲਗਭਗ 4 ਮਹੀਨੇ ਪਹਿਲਾਂ ਹੀ ਫਿਰੋਜ਼ਪੁਰ ਤੋਂ ਜਲੰਧਰ ਆਇਆ ਸੀ ਅਤੇ ਉਕਤ ਮੁਲਜ਼ਮ ਜਲੰਧਰ ਦੀ ਮਕਸੂਦਾਂ ਮੰਡੀ ਵਿਚ ਸਥਿਤ ਜਰਮਨ ਗੈਸਟ ਹਾਊਸ ਵਿਚ ਡਰਾਈਵਰ ਦੀ ਨੌਕਰੀ ਕਰਦਾ ਸੀ। ਜਾਂਚ ਵਿਚ ਪਤਾ ਲੱਗਾ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸਾਰੇ ਮੁਲਜ਼ਮ ਫਿਰੋਜ਼ਪੁਰ ਤੋਂ ਇਕ ਦਿਨ ਪਹਿਲਾਂ ਜਲੰਧਰ ਆਏ ਸਨ ਅਤੇ ਫੜੇ ਗਏ ਮੁਲਜ਼ਮ ਕੋਲ ਗੈਸਟ ਹਾਊਸ ਵਿਚ ਰੁਕੇ ਸਨ, ਜਦਕਿ ਅਗਲੇ ਦਿਨ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ।

PunjabKesari

23 ਤੋਂ 27 ਸਾਲ ਦੇ ਮੁਲਜ਼ਮਾਂ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ, ਫ਼ਰਾਰ ਮੁਲਜ਼ਮ ਵੀ ਜਲਦ ਹੋਣਗੇ ਗ੍ਰਿਫ਼ਤਾਰ: ਪੁਲਸ ਕਮਿਸ਼ਨਰ
ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ 23 ਤੋਂ 27 ਸਾਲ ਦੇ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਉਮਰ 23 ਸਾਲ ਹੈ, ਜਦਕਿ ਉਹ 10ਵੀਂ ਪਾਸ ਹੈ। ਫ਼ਰਾਰ ਮੁਲਜ਼ਮਾਂ ਦੀ ਉਮਰ ਸਿਰਫ਼ 23 ਤੋਂ 27 ਸਾਲ ਵਿਚਕਾਰ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਕੋਈ ਹਲਵਾਈਆਂ ਨਾਲ ਕੰਮ ਕਰਦਾ ਹੈ, ਜਦਕਿ ਕੋਈ ਪ੍ਰਾਈਵੇਟ ਕੰਮ ਕਰਦਾ ਹੈ। ਫੜੇ ਗਏ ਮੁਲਜ਼ਮਾਂ ਵਿਚੋਂ ਇਕ ਖ਼ਿਲਾਫ਼ ਫਿਰੋਜ਼ਪੁਰ ਵਿਚ ਮਾਮਲਾ ਦਰਜ ਹੈ, ਜਦਕਿ ਹੋਰਨਾਂ ’ਤੇ ਫਿਲਹਾਲ ਕੋਈ ਮਾਮਲਾ ਦਰਜ ਹੋਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ।

ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਪੁਲਸ ਨੂੰ ਮਿਲੀ ਭਾਰੀ ਸਫ਼ਲਤਾ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਮਿਸ਼ਨਰੇਟ ਪੁਲਸ ਨੇ ਘਟਨਾ ਸਥਾਨ ਅਤੇ ਉਸ ਦੇ ਆਸ-ਪਾਸ ਦੇ ਕਈ ਕੈਮਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਖੰਗਾਲੀ, ਜਿਸ ਤੋਂ ਬਾਅਦ ਪੁਲਸ ਨੂੰ ਮੁਲਜ਼ਮਾਂ ਬਾਰੇ ਕਈ ਅਹਿਮ ਸੁਰਾਗ ਮਿਲੇ ਅਤੇ ਪੁਲਸ ਉਨ੍ਹਾਂ ਦੇ ਨਜ਼ਦੀਕ ਪਹੁੰਚੀ।

ਇਹ ਵੀ ਪੜ੍ਹੋ- ਕੁੜੀ ਨੂੰ ਥਾਰ 'ਤੇ ਸਟੰਟਬਾਜ਼ੀ ਪਈ ਮਹਿੰਗੀ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੇ ਕੱਸਿਆ ਸ਼ਿਕੰਜਾ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

shivani attri

Content Editor

Related News