ਜਲੰਧਰ ਉੱਤਰੀ ਸੀਟ ’ਤੇ ਤ੍ਰਿਕੋਣਾ ਹੋਵੇਗਾ ਇਸ ਵਾਰ ਮੁਕਾਬਲਾ, ਜਾਣੋ ਕੀ ਹੈ ਇਸ ਹਲਕੇ ਦਾ ਇਤਿਹਾਸ
Friday, Feb 18, 2022 - 06:14 PM (IST)
ਜਲੰਧਰ (ਵੈੱਬ ਡੈਸਕ) : ਜਲੰਧਰ ਜ਼ਿਲ੍ਹੇ ’ਚ ਪੈਂਦਾ 36 ਨੰਬਰ ਵਿਧਾਨ ਸਭਾ ਹਲਕਾ ਜਲੰਧਰ ਉੱਤਰੀ, ਜੋ 1997 ਤੋਂ 2007 ਤੱਕ ਚੋਣ ਕਮਿਸ਼ਨ ਦੀ ਸੂਚੀ ਵਿੱਚ 30 ਨੰਬਰ ਹਲਕਾ ਸੀ, ’ਤੇ ਹੋਈਆਂ ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੌਰਾਨ ਤਿੰਨ ਵਾਰ ਕਾਂਗਰਸ ਅਤੇ ਦੋ ਵਾਰ ਭਾਜਪਾ ਨੇ ਜਿੱਤ ਹਾਸਲ ਕੀਤੀ। ਕਾਂਗਰਸ ਵੱਲੋਂ ਹੈਨਰੀ ਪਰਿਵਾਰ ਅਤੇ ਭਾਜਪਾ ਵੱਲੋਂ ਕੇ. ਡੀ. ਭੰਡਾਰੀ ਨੇ ਬਾਜ਼ੀ ਮਾਰੀ।ਇਕ ਵਾਰ ਮੁੜ ਤੋਂ ਇਹ ਦੋਵੇਂ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਪਰ ਇਸ ਵਾਰ ਚੋਣ ਮੈਦਾਨ ਹੋਰ ਭਖਣ ਦੀ ਉਮੀਦ ਹੈ ਕਿਉਂਕਿ ਆਮ ਆਦਮੀ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਸਮੇਤ ਅਕਾਲੀ ਦਲ ਬਸਪਾ ਵੱਲੋਂ ਵੀ ਤਿੱਖੀ ਟੱਕਰ ਦਿੱਤੀ ਜਾਵੇਗੀ।
ਸਾਲ 1997
1997 ’ਚ ਕਾਂਗਰਸ ਦੇ ਅਵਤਾਰ ਹੈਨਰੀ ਨੇ ਭਾਜਪਾ ਦੇ ਨਵਲ ਕਿਸ਼ੋਰ ਨੂੰ 2170 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਅਵਤਾਰ ਹੈਨਰੀ ਨੂੰ 33,893 ਵੋਟਾਂ ਹਾਸਲ ਹੋਈਆਂ ਸਨ ਜਦਕਿ ਨਵਲ ਕਿਸ਼ੋਰ ਨੂੰ 31723 ਵੋਟਾਂ ਮਿਲੀਆਂ ਸਨ।
ਸਾਲ 2002
2002 ਦੀਆਂ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਅਵਤਾਰ ਹੈਨਰੀ ਨੇ 41856 ਵੋਟਾਂ ਹਾਸਲ ਕਰ ਮੁੜ ਜਿੱਤ ਹਾਸਲ ਕੀਤੀ ਸੀ। ਭਾਜਪਾ ਦੇ ਉਮੀਦਵਾਰ ਸੁਰੇਸ਼ ਸਹਿਗਲ ਨੂੰ 19489 ਵੋਟਾਂ ਮਿਲੀਆਂ ਸਨ। ਅਵਤਾਰ ਹੈਨਰੀ 22367 ਦੇ ਵੱਡੇ ਫਰਕ ਨਾਲ ਸੁਰੇਸ਼ ਸਹਿਗਲ ਤੋਂ ਜਿੱਤ ਹਾਸਲ ਕੀਤੀ ਸੀ।
ਸਾਲ 2007
2007 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਭਾਜਪਾ ਦੇ ਉਮੀਦਵਾਰ ਕੇ. ਡੀ. ਭੰਡਾਰੀ ਨੂੰ 45,579 ਵੋਟਾਂ ਮਿਲੀਆਂ ਸਨ ਜਦਕਿ ਕਾਂਗਰਸ ਦੇ ਉਮੀਦਵਾਰ ਅਵਤਾਰ ਹੈਨਰੀ ਨੂੰ 40, 650 ਵੋਟਾਂ ਮਿਲੀਆਂ ਸਨ। ਕੇ. ਡੀ. ਭੰਡਾਰੀ ਨੇ 4929 ਵੋਟਾਂ ਦੇ ਫ਼ਰਕ ਨਾਲ ਅਵਤਾਰ ਹੈਨਰੀ ਨੂੰ ਹਰਾਇਆ ਸੀ।
ਸਾਲ 2012
2012 ਦੀਆਂ ਚੋਣਾਂ ਦੌਰਾਨ ਵੀ ਭਾਜਪਾ ਉਮੀਦਵਾਰ ਕੇ. ਡੀ. ਭੰਡਾਰੀ ਨੇ ਅਵਤਾਰ ਹੈਨਰੀ ਨੂੰ ਹਰਾਉਂਦੇ ਹੋਏ ਮੁੜ ਜਿੱਤ ਦਰਜ ਕੀਤੀ ਸੀ। ਕੇ. ਡੀ. ਭੰਡਾਰੀ ਨੂੰ 52198 ਵੋਟਾਂ ਮਿਲਆਂ ਸਨ ਜਦਕਿ ਕਾਂਗਰਸ ਦੇ ਉਮੀਦਵਾਰ ਅਵਤਾਰ ਹੈਨਰੀ ਨੂੰ 50495 ਵੋਟਾਂ ਹਾਸਲ ਹੋਈਆਂ ਸਨ। ਵੋਟਾਂ ਦਾ ਮਾਰਜਨ 1703 ਸੀ।
ਸਾਲ 2017
2017 ’ਚ ਹੋਈਆਂ ਚੋਣਾਂ ਦੌਰਾਨ ਇਹ ਸੀਟ ਕਾਂਗਰਸ ਦੇ ਖ਼ਾਤੇ ’ਚ ਪਈ ਸੀ। ਕਾਂਗਰਸੀ ਉਮੀਦਵਾਰ ਅਵਤਾਰ ਸਿੰਘ ਜੂਨੀਅਰ ਨੇ 69715 ਵੋਟਾਂ ਹਾਸਲ ਕੀਤੀਆਂ ਸਨ ਜਦਕਿ ਭਾਜਪਾ ਦੇ ਉਮੀਦਵਾਰ ਕੇ. ਡੀ. ਭੰਡਾਰੀ ਨੂੰ 37424 ਵੋਟਾਂ ਮਿਲੀਆਂ ਸਨ। ਅਵਤਾਰ ਜੂਨੀਅਰ ਨੇ 32291 ਦੇ ਵੱਡੇ ਫ਼ਰਕ ਨਾਲ ਕੇ. ਡੀ. ਭੰਡਾਰੀ ਨੂੰ ਹਰਾਇਆ ਸੀ। ਪਹਿਲੀ ਵਾਰ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਗੁਲਸ਼ਨ ਸ਼ਰਮਾ ਨੂੰ 13386 ਵੋਟਾਂ ਮਿਲੀਆਂ ਸਨ।
2022 ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵੱਲੋਂ ਮੁੜ ਜੂਨੀਅਰ ਹੈਨਰੀ ਯਾਨੀਕਿ ਅਵਤਾਰ ਹੈਨਰੀ ਅਤੇ ਭਾਜਪਾ ਵੱਲੋਂ ਕ੍ਰਿਸ਼ਨ ਦੇਵ ਭੰਡਾਰੀ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ। ਉਨ੍ਹਾਂ ਦੇ ਮੁਕਾਬਲੇ ਬਸਪਾ ਦੇ ਉਮੀਦਵਾਰ ਕੁਲਦੀਪ ਸਿੰਘ ਲੁਬਾਣਾ, ‘ਆਪ’ ਵੱਲੋਂ ਦਿਨੇਸ਼ ਢਾਲ ਅਤੇ ਸੰਯੁਕਤ ਸਮਾਜ ਮੋਰਚੇ ਵੱਲੋਂ ਦੇਸ ਰਾਜ ਜੱਸਲ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ ਹੈ।
2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ ਉੱਤਰੀ ’ਚ ਕੁੱਲ 192058 ਵੋਟਰ ਹਨ, ਜਿਨ੍ਹਾਂ ’ਚ 91255 ਪੁਰਸ਼ ਅਤੇ 100802 ਔਰਤਾਂ ਵੋਟਰ ਹਨ। ਇਸ ਤੋਂ ਇਲਾਵਾ ਇਕ ਥਰਡ ਜੈਂਟਰ ਵੋਟਰ ਹੈ।