ਅਭਿਨੰਦਨ ਤੋਂ ਬਾਅਦ ਹੁਣ ਜਲੰਧਰ ਦੇ ਇਸ ਪਰਿਵਾਰ ਦੀਆਂ ਜਾਗੀਆਂ ਉਮੀਦਾਂ

Wednesday, Mar 06, 2019 - 05:21 PM (IST)

ਜਲੰਧਰ (ਸੋਨੂੰ)— ਕੁਝ ਦਿਨ ਪਹਿਲਾਂ ਪਾਕਿਸਤਾਨ ਵੱਲੋਂ ਛੱਡੇ ਗਏ ਭਾਰਤੀ ਪਾਈਲਟ ਅਭਿਨੰਦਨ ਦੇ ਘਰ ਵਾਪਸ ਆਉਣ ਤੋਂ ਬਾਅਦ ਹੁਣ ਹੋਰ ਵੀ ਕਈ ਇਹੋ ਜਿਹੇ ਫੌਜੀਆਂ ਦੇ ਪਰਿਵਾਰਾਂ ਦੀਆਂ ਉਮੀਦਾਂ ਜਾਗੀਆਂ ਹਨ, ਜੋ ਕਈ ਸਮੇਂ ਤੋਂ ਪਾਕਿਸਤਾਨ ਦੀਆਂ ਵੱਖ-ਵੱਖ ਜੇਲਾਂ 'ਚ ਕੈਦ ਹਨ। ਅਜਿਹਾ ਹੀ ਇਕ ਪਰਿਵਾਰ ਜਲੰਧਰ ਦੇ ਰਾਮਾ ਮੰਡੀ 'ਚ ਰਹਿਣ ਵਾਲੇ ਮੰਗਲ ਸਿੰਘ ਦਾ ਹੈ, ਜੋ 1971 ਤੋਂ ਮੰਗਲ ਸਿੰਘ ਦੀ ਉਡੀਕ ਕਰ ਰਿਹਾ ਹੈ। ਮੰਗਲ ਸਿੰਘ ਭਾਰਤੀ ਫੌਜ ਦੀ 14 ਪੰਜਾਬ ਬਟਾਲੀਅਨ 'ਚ ਸਿਪਾਹੀ ਦੇ ਤੌਰ 'ਤੇ ਭਰਤੀ ਹੋਏ ਸਨ ਅਤੇ 1971 'ਚ ਭਾਰਤ ਪਾਕਿਸਤਾਨ ਦੀ ਲੜਾਈ 'ਚ ਬੰਗਲਾਦੇਸ਼ ਦੇ ਇਲਾਕੇ 'ਚੋਂ ਗਾਇਬ ਹੋ ਗਏ ਸਨ । ਉਨ੍ਹਾਂ ਦੇ ਗਾਇਬ ਹੋਣ ਤੋਂ ਬਾਅਦ ਭਾਰਤੀ ਫੌਜ ਵੱਲੋਂ ਉਨ੍ਹਾਂ ਨੂੰ ਸ਼ਹੀਦ ਕਰਾਰ ਦਿੰਦੇ ਹੋਏ ਉਨ੍ਹਾਂ ਦੇ ਪਰਿਵਾਰ ਨੂੰ ਇਸ ਬਾਰੇ ਦੀ ਜਾਣਕਾਰੀ ਦਿੱਤੀ ਗਈ ਪਰ ਥੋੜ੍ਹੇ ਸਮੇਂ ਬਾਅਦ ਪਰਿਵਾਰ ਦੇ ਪੈਰਾਂ ਥੱਲਿਓਂ ਉਸ ਸਮੇਂ ਜ਼ਮੀਨ ਨਿਕਲ ਗਈ ਜਦ ਇਕ ਰੇਡੀਓ 'ਤੇ ਉਨ੍ਹਾਂ ਨੇ ਮੰਗਲ ਸਿੰਘ ਨੂੰ ਬੋਲਦੇ ਹੋਏ ਸੁਣਿਆ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਦਿੰਦੇ ਹੋਏ ਸੁਣਿਆ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਪਰਿਵਾਰ ਮੰਗਲ ਸਿੰਘ ਦੀ ਘਰ ਵਾਪਸੀ ਲਈ ਵੱਖ-ਵੱਖ ਸਰਕਾਰਾਂ ਦੇ ਨੇਤਾਵਾਂ ਕੋਲ ਜਾ ਕੇ ਉਨ੍ਹਾਂ ਨੂੰ ਵਾਪਸ ਬੁਲਾਉਣ ਲਈ ਗੁਹਾਰ ਲਗਾ ਰਿਹਾ ਹੈ। ਪਰਿਵਾਰ ਕੋਲ ਕਈ ਇੰਨੇ ਸਬੂਤ ਹਨ, ਜਿਨ੍ਹਾਂ ਨਾਲ ਇਹ ਸਾਫ ਹੋ ਜਾਂਦਾ ਹੈ ਕਿ ਮੰਗਲ ਸਿੰਘ ਪਾਕਿਸਤਾਨ ਦੀ ਕੋਟ ਲੱਖਪਤ ਜੇਲ 'ਚ ਅੱਜ ਵੀ ਕੈਦ ਹਨ ।
ਇਸ ਪਰਿਵਾਰ 'ਚ ਅੱਜ ਮੰਗਲ ਸਿੰਘ ਦੀ ਪਤਨੀ ਦੇ ਨਾਲ-ਨਾਲ ਉਨ੍ਹਾਂ ਦੇ ਦੋ ਬੇਟੇ-ਨੂੰਹਾਂ ਅਤੇ ਉਨ੍ਹਾਂ ਦੇ ਪੋਤੇ-ਪੋਤੀਆਂ ਸ਼ਾਮਲ ਹਨ। ਅੱਜ ਇਸ ਪਰਿਵਾਰ ਕੋਲ ਜੇਕਰ ਕੁਝ ਹੈ ਤਾਂ ਸਿਰਫ ਮੰਗਲ ਸਿੰਘ ਦੀਆਂ ਯਾਦਾਂ, ਕੁਝ ਤਸਵੀਰਾਂ ਅਤੇ ਕੁਝ ਅਜਿਹੇ ਕਾਗਜ਼ ਜੋ ਇਹ ਦੱਸਦੇ ਹਨ ਕਿ ਮੰਗਲ ਸਿੰਘ ਨੂੰ ਪਾਕਿਸਤਾਨੀ ਜੇਲ ਤੋਂ ਰਿਹਾਅ ਕਰਵਾ ਕੇ ਭਾਰਤ ਵਾਪਸ ਲਿਆਉਣ ਲਈ ਇਹ ਪਰਿਵਾਰ ਕਿੰਨੀ ਜੱਦੋ-ਜਹਿਦ ਕਰ ਰਿਹਾ ਹੈ ।

PunjabKesari
ਪਤਨੀ ਦੀਆਂ ਅੱਖਾਂ 'ਚੋਂ ਝਲਕ ਜਾਂਦੇ ਨੇ ਹੰਝੂ
ਮੰਗਲ ਸਿੰਘ ਬਾਰੇ ਗੱਲ ਕਰਦੇ ਅੱਜ ਵੀ ਉਨ੍ਹਾਂ ਦੀ ਪਤਨੀ ਦੀਆਂ ਅੱਖਾਂ ਚੋਂ ਹੰਝੂ ਨਿਕਲ ਆਉਂਦੇ ਹਨ। ਇਨ੍ਹਾਂ ਹੰਝੂਆਂ ਨਾਲ ਭਰੀਆਂ ਹੋਈਆਂ ਅੱਖਾਂ ਨਾਲ ਮੰਗਲ ਸਿੰਘ ਦੀ ਪਤਨੀ ਸਤਿਆ ਨੇ ਦੱਸਿਆ ਕਿ ਮੰਗਲ ਸਿੰਘ ਭਾਰਤੀ ਫੌਜ 'ਚ 14 ਰੈਜੀਮੈਂਟ 'ਚ ਸਿਪਾਹੀ ਦੇ ਤੌਰ ਤੇ ਤੈਨਾਤ ਸੀ ਅਤੇ ਉਨੀ 1971 ਦੀ ਲੜਾਈ ਲੜਨ ਲਈ ਬੰਗਲਾਦੇਸ਼ ਗਏ ਸਨ। ਇਕ ਦਿਨ ਜਦ ਉਹ ਘਰ ਬੈਠੇ ਕੋਈ ਕੰਮ ਕਰ ਰਹੀ ਸੀ ਅਤੇ ਅਚਾਨਕ ਉਨ੍ਹਾਂ ਨੇ ਰੇਡੀਓ 'ਤੇ ਆਪਣੇ ਪਤੀ ਦੀ ਆਵਾਜ਼ ਸੁਣੀ, ਜਿਨ੍ਹਾਂ ਨੇ ਆਪਣੇ ਪਰਿਵਾਰ ਬਾਰੇ ਵੀ ਦੱਸਿਆ । 
ਟੈਕਸੀ ਚਲਾ ਕੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਮੰਗਲ ਸਿੰਘ ਦੇ ਪੁੱਤ 
ਮੰਗਲ ਸਿੰਘ ਦੇ ਘਰ ਮੰਗਲ ਸਿੰਘ ਦੇ ਦੋ ਬੇਟੇ ਹਨ ਜੋ ਕਿ ਟੈਕਸੀ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ। ਉਨ੍ਹਾਂ ਦੇ ਵੱਡੇ ਬੇਟੇ ਦਲਜੀਤ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਉਨ੍ਹਾਂ ਦੇ ਪਿਤਾ ਸ਼ਹੀਦ ਨਹੀਂ ਹੋਏ ਸਗੋਂ ਪਾਕਿਸਤਾਨ ਦੀ ਕੋਟ ਲੱਖਪਤ ਜੇਲ 'ਚ ਕੈਦ ਹਨ, ਉਦੋਂ ਤੋਂ ਲੈ ਕੇ ਹੁਣ ਤੱਕ ਉਹ ਲਗਾਤਾਰ ਕਈ ਸਰਕਾਰਾਂ ਅਤੇ ਉਨ੍ਹਾਂ ਦੇ ਮੰਤਰੀਆਂ ਕੋਲ ਇਸ ਦੀ ਗੁਹਾਰ ਲਗਾ ਚੁੱਕੇ ਹਨ ਕਿ ਕਿਸੇ ਤਰੀਕੇ ਨਾਲ ਉਨ੍ਹਾਂ ਦੇ ਪਿਤਾ ਨੂੰ ਪਾਕਿਸਤਾਨ ਤੋਂ ਛੁਡਾ ਕੇ ਵਾਪਸ ਆਪਣੇ ਦੇਸ਼ ਲਿਆਂਦਾ ਜਾਵੇ। ਉਨ੍ਹਾਂ ਮੁਤਾਬਕ ਅੱਜ ਤੱਕ ਕਿਸੇ ਵੀ ਨੇਤਾ ਜਾਂ ਸਰਕਾਰ ਨੇ ਉਨ੍ਹਾਂ ਦੀ ਇਸ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਿਸ ਦਾ ਨਤੀਜਾ ਹੈ ਕਿ ਅੱਜ ਇੰਨੇ ਸਾਲਾਂ ਬਾਅਦ ਵੀ ਉਨ੍ਹਾਂ ਦੇ ਬਜ਼ੁਰਗ ਪਿਤਾ ਪਾਕਿਸਤਾਨ ਦੀ ਜੇਲ 'ਚ ਸਜ਼ਾ ਕੱਟ ਰਹੇ ਹਨ। ਉਨ੍ਹਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਜਿਸ ਤਰ੍ਹਾਂ ਹੋਰ ਭਾਰਤੀ ਪਾਕਿਸਤਾਨ ਤੋਂ ਵਾਪਸ ਬੁਲਾਏ ਜਾਂਦੇ ਹਨ ਉਸੇ ਤਰੀਕੇ ਨਾਲ ਉਨ੍ਹਾਂ ਦੇ ਪਿਤਾ ਨੂੰ ਵੀ ਇਥੇ ਵਾਪਸ ਲਿਆਂਦਾ ਜਾਵੇ।


shivani attri

Content Editor

Related News