ਸੰਭਲ ਜਾਓ ਪੰਜਾਬੀਓ, ਬਰਸਾਤਾਂ ਤੋਂ ਬਾਅਦ ਹੁਣ ਫੈਲਣ ਲੱਗੀਆਂ ਖ਼ਤਰਨਾਕ ਬੀਮਾਰੀਆਂ
Friday, Sep 12, 2025 - 01:20 PM (IST)

ਤਰਨਤਾਰਨ (ਰਮਨ ਚਾਵਲਾ)-ਬਰਸਾਤ ਦਾ ਪਾਣੀ ਥਾਂ-ਥਾਂ ਜਮ੍ਹਾਂ ਹੋਣ ਦੇ ਚੱਲਦਿਆਂ ਹੁਣ ਵੱਖ-ਵੱਖ ਭਿਆਨਕ ਬੀਮਾਰੀਆਂ ਦੇ ਫੈਲਣ ਦਾ ਖਦਸ਼ਾ ਬਣ ਚੁੱਕਾ ਹੈ। ਇਸ ਬਰਸਾਤੀ ਮੌਸਮ ਦੇ ਦੌਰਾਨ ਮੱਛਰ ਦਾ ਡੰਗ ਵੀ ਤੇਜ਼ ਹੋ ਚੁੱਕਾ ਹੈ। ਜਿਸ ਵੱਲੋਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਲੋਕ ਤੇਜ਼ ਬੁਖਾਰ ਤੋਂ ਇਲਾਵਾ ਹੋਰ ਬੀਮਾਰੀਆਂ ਦੇ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਹਨ। ਲੋਕਾਂ ਵਿਚ ਡੇਂਗੂ, ਮਲੇਰੀਆ, ਚਿਕਨ ਗੁਨੀਆ ਤੋਂ ਇਲਾਵਾ ਦਸਤ, ਚਮੜੀ ਅਤੇ ਪੇਟ ਰੋਗਾਂ ਦੀਆਂ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਬਣ ਚੁੱਕਾ ਹੈ, ਜਿਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਆਪਣੀ ਕਮਰ ਕਸਦੇ ਹੋਏ ਜਿੱਥੇ ਜਗ੍ਹਾ-ਜਗ੍ਹਾ ਮੁਫਤ ਮੈਡੀਕਲ ਜਾਂਚ ਕੈਂਪ ਲਗਾਏ ਜਾ ਰਹੇ ਹਨ, ਉਥੇ ਹੀ ਉਨ੍ਹਾਂ ਦੇ ਖੂਨ ਦੇ ਨਮੂਨਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਥੇ ਦੱਸਣਾ ਹੋਵੇਗਾ ਕਿ ਜ਼ਿਲ੍ਹੇ ਭਰ ਵਿਚ ਹੁਣ ਤੱਕ ਕੁੱਲ ਡੇਂਗੂ ਦੇ 27 ਅਤੇ ਮਲੇਰੀਏ ਦਾ ਇਕ ਮਰੀਜ਼ ਸਾਹਮਣੇ ਆ ਚੁੱਕਾ ਹੈ।
ਇਹ ਵੀ ਪੜ੍ਹੋ- ਸੰਭਲ ਜਾਓ ਪੰਜਾਬੀਓ, ਬਰਸਾਤਾਂ ਤੋਂ ਬਾਅਦ ਹੁਣ ਫੈਲਣ ਲੱਗੀਆਂ ਖ਼ਤਰਨਾਕ ਬੀਮਾਰੀਆਂ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰਸਾਤੀ ਮੌਸਮ ਦੌਰਾਨ ਮੱਛਰ ਦਾ ਵੀ ਡੰਗ ਤੇਜ਼ ਹੋ ਚੁੱਕਾ ਹੈ, ਜਿਸ ਦੇ ਚੱਲਦਿਆਂ ਲੋਕ ਅਤੇ ਬੱਚਿਆਂ ਨੂੰ ਦਸਤ, ਚਮੜੀ, ਪੇਟ ਰੋਗਾਂ ਤੋਂ ਇਲਾਵਾ ਮਲੇਰੀਆ, ਚਿਕਨ ਗੁਨੀਆ, ਡੇਂਗੂ ਅਤੇ ਟਾਈਫਾਇਡ ਵਰਗੀਆਂ ਭਿਆਨਕ ਬੀਮਾਰੀਆਂ ਨੇ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਲਿਆ ਹੈ। ਜਿਸ ਦੇ ਚੱਲਦਿਆਂ ਲੋਕ ਜਿੱਥੇ ਸਰਕਾਰੀ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾਉਂਦੇ ਵੇਖੇ ਜਾ ਸਕਦੇ ਹਨ, ਉਥੇ ਹੀ ਪ੍ਰਾਈਵੇਟ ਲੈਬਾਟਰੀਆਂ, ਕਲੀਨਿਕਾਂ ਅਤੇ ਹਸਪਤਾਲਾਂ ਵਿਚ ਵੀ ਕਾਫੀ ਭੀੜ ਵੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਵਾਰਦਾਤ: ਭਰਾ ਨਾਲ ਪੇਕੇ ਘਰ ਆ ਰਹੀ ਭੈਣ ਦਾ ਤੇਜ਼ਧਾਰ ਹਥਿਆਰ ਨਾਲ ਕਤਲ
ਕੀ ਹਨ ਡੇਂਗੂ ਅਤੇ ਮਲੇਰੀਆ ਦੇ ਲੱਛਣ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦੇ ਸੇਵਾ ਮੁਕਤ ਡਾਇਰੈਕਟਰ ਡਾਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਠੰਢ ਲੱਗਣੀ, ਤੇਜ਼ ਬੁਖਾਰ ਹੋਣਾ, ਸਿਰ ਦਰਦ ਹੋਣਾ, ਸਰੀਰ ਦੀ ਟੁੱਟ ਭੱਜ ਹੋਣਾ, ਥਕਾਵਟ ਰਹਿਣੀ, ਉਲਟੀ ਆਉਣੀ ਆਦਿ ਦੌਰਾਨ ਵਿਅਕਤੀ ਨੂੰ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਦੇ ਹੋਏ ਆਪਣੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬਰਸਾਤੀ ਮੌਸਮ ਵਿਚ ਲੋਕ ਡੇਂਗੂ, ਮਲੇਰੀਆ ਅਤੇ ਚਿਕਨ ਗੁਨੀਆਂ ਵਰਗੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨ੍ਹਾਂ ਮਾਹਿਰ ਡਾਕਟਰ ਦੀ ਸਲਾਹ ਤੋਂ ਕੋਈ ਵੀ ਦਵਾਈ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਲੋਕ ਤੇਜ਼ ਬੁਖਾਰ ਹੋਣ ਦੌਰਾਨ ਡਾਕਟਰ ਦੀ ਸਲਾਹ ਨਾਲ ਪੈਰਾਸਿਟਾਮੋਲ ਦਵਾਈ ਦੀ ਵਰਤੋਂ ਕਰ ਸਕਦੇ ਹਨ। ਡਾ. ਸ਼ਮਸ਼ੇਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬਰਸਾਤੀ ਮੌਸਮ ਵਿਚ ਆਪਣਾ ਅਤੇ ਆਪਣੇ ਪਰਿਵਾਰ ਦਾ ਖਾਸ ਖਿਆਲ ਜ਼ਰੂਰ ਰੱਖਣ।
ਇਹ ਵੀ ਪੜ੍ਹੋ- ਪੰਜਾਬ ਸ਼ਰਮਸਾਰ: 4 ਸਾਲਾਂ ਤੋਂ ਹੀ ਪਿਓ ਧੀ ਦੀ ਰੋਲਦਾ ਰਿਹਾ ਪੱਤ, ਖ਼ਬਰ ਪੜ੍ਹ ਖੜ੍ਹੇ ਹੋ ਜਾਣਗੇ ਰੌਂਗਟੇ
ਕਿਸ ਤਰ੍ਹਾਂ ਹੋ ਸਕਦਾ ਹੈ ਬਚਾਅ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਤਰਨਤਾਰਨ ਵਿਚ ਤੈਨਾਤ ਡਾਕਟਰ ਨਵਪ੍ਰੀਤ ਸਿੰਘ ਅਤੇ ਰਬਿੰਦਰ ਚੌਧਰੀ ਨੇ ਸਾਂਝੇ ਤੌਰ ਉਪਰ ਦੱਸਿਆ ਕਿ ਇਸ ਬਰਸਾਤੀ ਮੌਸਮ ਵਿਚ ਤੇਜ਼ ਬੁਖਾਰ, ਉਲਟੀ ਅਤੇ ਇਨਫੈਕਸ਼ਨ ਨਾਲ ਸਬੰਧਤ ਮਰੀਜ਼ਾਂ ਦੀ ਗਿਣਤੀ ਹਸਪਤਾਲ ਵਿਚ ਵੱਧ ਰਹੀ ਹੈ, ਜਿਨ੍ਹਾਂ ਦਾ ਮੁਫਤ ਇਲਾਜ ਕਰਦੇ ਹੋਏ, ਉਨ੍ਹਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮੌਸਮ ਵਿਚ ਕੁਝ ਸਾਵਧਾਨੀਆਂ ਦੀ ਵਰਤੋਂ ਕਰਦੇ ਹੋਏ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ, ਮਲੇਰੀਆ ਅਤੇ ਚਿਕਨ ਗੁਨੀਆਂ ਤੋਂ ਬਚਣ ਲਈ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣੇ ਚਾਹੀਦੇ ਹਨ, ਮੱਛਰ ਭਜਾਊ ਕਰੀਮਾਂ ਅਤੇ ਜਾਲੀ ਦੀ ਵਰਤੋਂ ਕਰਨੀ ਚਾਹੀਦੀ ਹੈ, ਆਪਣੇ ਘਰਾਂ ਦੇ ਆਸ-ਪਾਸ ਲਗਾਤਾਰ ਸੱਤ ਦਿਨ ਤੱਕ ਪਾਣੀ ਨੂੰ ਨਾ ਖੜ੍ਹੇ ਹੋਣ ਦਿੱਤਾ ਜਾਵੇ। ਘਰਾਂ ਦੀਆਂ ਛੱਤਾਂ ਅਤੇ ਆਸ-ਪਾਸ ਖੜ੍ਹੇ ਪਾਣੀ ਨੂੰ ਨਸ਼ਟ ਕੀਤਾ ਜਾਵੇ ਜਾਂ ਫਿਰ ਉਸ ਵਿਚ ਕਾਲਾ ਤੇਲ ਪਾਇਆ ਜਾਵੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ, 26 ਲੋਕਾਂ ਨੂੰ ਸੱਪ ਨੇ ਡੰਗਿਆ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐਪੀਡੋਮਾਈਲੋਜਿਸਟ ਅਫਸਰ ਡਾਕਟਰ ਰਾਗਵ ਗੁਪਤਾ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪਾਣੀ ਕਰਕੇ ਲੋਕਾਂ ਨੂੰ ਦਸਤ ਮਲੇਰੀਆ, ਚਿਕਨਗੁਨੀਆ, ਡੇਂਗੂ ਆਦਿ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਦੀਆਂ ਟੀਮਾਂ ਲਗਾਤਾਰ ਲੋਕਾਂ ਨੂੰ ਜਿੱਥੇ ਜਾਗਰੂਕ ਕਰ ਰਹੀਆਂ ਹਨ, ਉਥੇ ਹੀ ਲੋੜ ਪੈਣ ਦੇ ਅਨੁਸਾਰ ਲੋਕਾਂ ਦੇ ਖੂਨ ਦੇ ਨਮੂਨਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਡਾਕਟਰ ਰਾਘਵ ਨੇ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਰੋਡਵੇਜ਼ ਵਰਕਸ਼ਾਪ, ਪੁਲਸ ਲਾਈਨ, ਜੇਲ, ਨਗਰ ਕੌਂਸਲ ਤਰਨਤਾਰਨ ਦਫਤਰ, ਬੱਸ ਅੱਡੇ ਤੋਂ ਇਲਾਵਾ ਹੋਰ ਪਬਲਿਕ ਸਥਾਨਾਂ ਉਪਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਹਰ ਸ਼ੁੱਕਰਵਾਰ ਡੇਂਗੂ ਉਪਰ ਵਾਰ ਮੁਹਿੰਮ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਫੌਗਿੰਗ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਪੈਦਾ ਹੋ ਰਹੇ ਮੱਛਰ ਨੂੰ ਖਤਮ ਕੀਤਾ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਵੱਲੋਂ ਜਾਰੀ ਹੋਏ ਹੁਕਮਾਂ ਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਾਹੁਲ ਵੱਲੋਂ ਮਿਲੇ ਸਖਤ ਨਿਰਦੇਸ਼ਾਂ ਤਹਿਤ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਸਬੰਧੀ ਉਚਿਤ ਪ੍ਰਬੰਧ ਕਰਦੇ ਹੋਏ ਕਮਰ ਕੱਸ ਲਈ ਗਈ ਹੈ। ਹੁਣ ਦੱਸਿਆ ਕਿ ਸਿਹਤ ਕਰਮਚਾਰੀਆਂ ਵੱਲੋਂ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਨੂੰ ਡੇਂਗੂ, ਮਲੇਰੀਆ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਸ-ਪਾਸ ਲਗਾਤਾਰ ਸਾਫ ਪਾਣੀ ਨੂੰ ਸੱਤ ਦਿਨ ਤੱਕ ਲਗਾਤਾਰ ਖੜ੍ਹੇ ਨਾ ਹੋਣ ਦੇਣ। ਉਨ੍ਹਾਂ ਦੱਸਿਆ ਕਿ ਸ਼ੱਕੀ ਇਲਾਕਿਆਂ ਵਿਚ ਟੀਮਾਂ ਵੱਲੋਂ ਸਪਰੇ ਵੀ ਕਰਵਾਈ ਜਾ ਰਹੀ ਹੈ। ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਹੁਣ ਤੱਕ ਸਿਹਤ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੇ ਚੱਲਦਿਆਂ 27 ਡੇਂਗੂ ਦੇ ਮਰੀਜ਼ ਪਾਏ ਗਏ ਹਨ ਜਦਕਿ ਇਕ ਮਲੇਰੀਏ ਦਾ ਮਰੀਜ਼ ਪਾਇਆ ਗਿਆ ਸੀ, ਜਿਨ੍ਹਾਂ ਦਾ ਸਫਲ ਅਤੇ ਮੁਫਤ ਇਲਾਜ ਕੀਤਾ ਜਾ ਚੁੱਕਾ ਹੈ।
ਜਲੰਧਰ 'ਚ 5 ਲੋਕਾਂ ਦੀ ਡੇਂਗੂ ਰਿਪੋਰਟ ਆਈ ਪਾਜ਼ੇਟਿਵ
ਇੱਥੇ ਦੱਸ ਦੇਈਏ ਕਿ ਜਲੰਧਰ 'ਚ ਮਰੀਜ਼ ਸ਼ਹਿਰੀ ਅਤੇ 9 ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ। ਜ਼ਿਲ੍ਹਾ ਐਪੀਡੀਮਾਇਲੋਜਿਸਟ ਡਾ. ਆਦਿੱਤਿਆ ਪਾਲ ਨੇ ਦੱਸਿਆ ਕਿ ਵੀਰਵਾਰ ਨੂੰ ਡੇਂਗੂ ਦੇ ਸ਼ੱਕੀ ਜਿਹੜੇ ਮਰੀਜ਼ਾਂ ਦੇ ਸੈਂਪਲ ਟੈਸਟ ਕੀਤੇ ਗਏ, ਉਨ੍ਹਾਂ ਵਿਚੋਂ 5 ਦੀ ਰਿਪੋਰਟ ਪਾਜ਼ੇਟਿਵ ਆਈ ਅਤੇ ਇਨ੍ਹਾਂ ਵਿਚੋਂ 3 ਮਰੀਜ਼ ਹੋਰਨਾਂ ਜ਼ਿਲਿਆਂ ਨਾਲ ਸਬੰਧਤ ਪਾਏ ਗਏ। ਡਾ. ਆਦਿੱਤਿਆ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਨੇ ਵੀਰਵਾਰ ਨੂੰ 3065 ਘਰਾਂ ਵਿਚ ਸਰਵੇ ਕੀਤਾ ਅਤੇ ਉਨ੍ਹਾਂ ਨੂੰ 15 ਥਾਵਾਂ ’ਤੇ ਡੇਂਗੂ ਬੁਖਾਰ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਮਿਲਿਆ। ਵਿਭਾਗ ਦੀਆਂ ਟੀਮਾਂ ਜ਼ਿਲੇ ਵਿਚ ਹੁਣ ਤਕ 408757 ਘਰਾਂ ਦਾ ਸਰਵੇ ਕਰ ਚੁੱਕੀਆਂ ਹਨ ਅਤੇ ਉਨ੍ਹਾਂ ਨੂੰ ਇਸ ਦੌਰਾਨ 1122 ਘਰਾਂ ਅਤੇ 1258 ਕੰਟੇਨਰਾਂ ਵਿਚੋਂ ਲਾਰਵਾ ਮਿਲਿਆ, ਜਿਸ ਨੂੰ ਉਨ੍ਹਾਂ ਪੂਰੀ ਤਰ੍ਹਾਂ ਨਸ਼ਟ ਕਰਵਾ ਦਿੱਤਾ।
ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਅ ਲਈ ਮੱਛਰਾਂ ਦੀ ਰੋਕਥਾਮ ਜ਼ਰੂਰੀ
ਹੜ੍ਹਾਂ ਅਤੇ ਬਰਸਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡੇਂਗੂ ਅਤੇ ਚਿਕਨਗੁਨੀਆਂ ਤੋਂ ਬਚਾਅ ਅਤੇ ਇਲਾਜ ਅਤੀ ਜ਼ਰੂਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਜੈਤੋ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵਰਿੰਦਰ ਕੁਮਾਰ ਐਮਡੀ (ਮੈਡੀਸਨ), ਡਾ. ਰਾਜਬੀਰ ਕੌਰ ਮੈਡੀਕਲ ਅਫਸਰ ਅਤੇ ਡਾ. ਡੋਲੀ ਅਗਰਵਾਲ ਈ ਐਨ ਟੀ ਸਪੈਸ਼ਲਿਸਟ ਨੇ ਦੱਸਿਆ ਕਿ ਹੜ੍ਹਾਂ ਅਤੇ ਬਰਸਾਤਾਂ ਦਾ ਮੌਸਮ ਹੋਣ ਕਾਰਨ ਡੇਂਗੂ ਅਤੇ ਚਿਕਨਗੁਨੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ।
ਡੇਂਗੂ ਅਤੇ ਚਿਕਨਗੁਨੀਆਂ ਇਲਾਜ ਯੋਗ ਹਨ। ਇਹ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦੇ ਹਨ। ਤੇਜ਼ ਬੁਖ਼ਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚੋਂ ਖੂਨ ਦਾ ਵਗਣਾ ਆਦਿ ਡੇਂਗੂ ਦੇ ਲੱਛਣ ਹੋ ਸਕਦੇ ਹਨ। ਤੇਜ਼ ਬੁਖ਼ਾਰ, ਸਿਰ ਦਰਦ, ਜੋੜਾਂ ਵਿੱਚ, ਦਰਦ ਅਤੇ ਸੋਜ਼, ਚਮੜੀ ਤੇ ਦਾਣੇ ਅਤੇ ਖਾਰਿਸ਼ ਆਦਿ ਚਿਕਨਗੁਨੀਆਂ ਦੇ ਲੱਛਣ ਹੋ ਸਕਦੇ ਹਨ। ਇਹ ਮੱਛਰ ਸਾਫ਼ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਸਿਰਫ ਦਿਨ ਵੇਲੇ ਕੱਟਦਾ ਹੈ। ਡੇਂਗੂ ਅਤੇ ਚਿਕਨਗੁਨੀਆ ਦਾ ਟੈਸਟ ਅਤੇ ਇਲਾਜ਼ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ- SGPC ਨੇ ਹੜ੍ਹ ਪੀੜਤਾਂ ਲਈ ਰੱਖੇ 20 ਕਰੋੜ, ਕਰ'ਤੇ ਵੱਡੇ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8