ਜਲੰਧਰ ਨਗਰ ਨਿਗਮ ਨੇ ''ਰੰਗਲਾ ਵਿਹੜਾ'' ਪਾਰਕਿੰਗ ਨੂੰ ਕੀਤਾ ਸੀਲ

Thursday, Nov 19, 2020 - 11:43 AM (IST)

ਜਲੰਧਰ ਨਗਰ ਨਿਗਮ ਨੇ ''ਰੰਗਲਾ ਵਿਹੜਾ'' ਪਾਰਕਿੰਗ ਨੂੰ ਕੀਤਾ ਸੀਲ

ਜਲੰਧਰ (ਖੁਰਾਣਾ)— ਤਤਕਾਲੀਨ ਲੋਕਲ ਬਾਡੀਜ਼ ਮੰਤਰੀ ਚੌਧਰੀ ਜਗਜੀਤ ਸਿੰਘ ਦੇ ਨਿਰਦੇਸ਼ਾਂ 'ਤੇ ਭਗਵਾਨ ਵਾਲਮੀਕਿ ਚੌਕ ਨੇੜੇ ਬਣਾਏ ਗਏ 'ਰੰਗਲਾ ਵਿਹੜਾ' ਪ੍ਰਾਜੈਕਟ ਦਾ ਵਿਵਾਦਾਂ ਨਾਲ ਸਦਾ ਹੀ ਨਾਤਾ ਰਿਹਾ ਹੈ। ਮੰਗਲਵਾਰ ਨੂੰ ਕੌਂਸਲਰ ਹਾਊਸ ਦੀ ਮੀਟਿੰਗ ਦੌਰਾਨ ਮੁੱਦਾ ਉੱਠਿਆ ਸੀ ਕਿ ਨਿਗਮ ਦੀ ਇਸ ਪ੍ਰਾਪਰਟੀ 'ਤੇ ਨਿੱਜੀ ਠੇਕੇਦਾਰਾਂ ਨੇ ਕਬਜ਼ਾ ਕਰ ਰੱਖਿਆ ਹੈ ਅਤੇ ਲੱਖਾਂ ਰੁਪਏ ਦੀ ਕਮਾਈ ਨਿਗਮ ਦੇ ਖਜ਼ਾਨੇ ਵਿਚ ਨਾ ਜਾ ਕੇ ਪ੍ਰਾਈਵੇਟ ਜੇਬਾਂ 'ਚ ਜਾ ਰਹੀ ਹੈ।

PunjabKesari

ਭਾਵੇਂ ਇਸ ਨਾਜਾਇਜ਼ ਕਬਜ਼ੇ ਨੂੰ ਸਿਆਸੀ ਸਰਪ੍ਰਸਤੀ ਪ੍ਰਾਪਤ ਸੀ ਪਰ ਕੌਂਸਲਰ ਹਾਊਸ 'ਚ ਮਾਮਲਾ ਉੱਠਣ ਤੋਂ ਬਾਅਦ ਨਿਗਮ ਕਮਿਸ਼ਨਰ ਨੇ 'ਰੰਗਲਾ ਵਿਹੜਾ' ਨੂੰ ਤਤਕਾਲ ਸੀਲ ਕਰਨ ਦੇ ਹੁਕਮ ਦਿੱਤੇ, ਜਿਸ ਕਾਰਨ ਤਹਿਬਾਜ਼ਾਰੀ ਮਹਿਕਮੇ ਦੇ ਕਾਮਿਆਂ ਨੇ ਮੰਗਲਵਾਰ ਰਾਤ 'ਰੰਗਲਾ ਵਿਹੜਾ' ਵਿਖੇ ਜਾ ਕੇ ਅੰਡਰਗਰਾਊਂਡ ਪਾਰਕਿੰਗ ਨੂੰ ਸੀਲ ਲਗਾ ਦਿੱਤੀ। ਹਾਲੇ ਟੀਮ ਨੇ ਸੀਲ ਲਗਾਉਣ ਦਾ ਕੰਮ ਪੂਰਾ ਹੀ ਕੀਤਾ ਸੀ ਅਤੇ ਵਾਪਸ ਗਈ ਹੀ ਸੀ ਕਿ 'ਰੰਗਲਾ ਵਿਹੜਾ' 'ਤੇ ਕਬਜ਼ਾ ਕਰਕੇ ਬੈਠੇ ਪ੍ਰਾਈਵੇਟ ਠੇਕੇਦਾਰ ਨੇ ਇੱਟਾਂ ਮਾਰ-ਮਾਰ ਕੇ ਨਿਗਮ ਵੱਲੋਂ ਲਾਏ ਗਏ ਤਾਲੇ ਨੂੰ ਹੀ ਤੋੜ ਦਿੱਤਾ ਅਤੇ ਉਥੇ ਦੁਬਾਰਾ ਤੋਂ ਪਾਰਕਿੰਗ ਸ਼ੁਰੂ ਕਰ ਦਿੱਤੀ।

ਨਿਗਮ ਪ੍ਰਸ਼ਾਸਨ ਨੂੰ ਸਵੇਰੇ ਇਸਦੀ ਸੂਚਨਾ ਮਿਲੀ। ਫਜ਼ੀਹਤ ਹੁੰਦੀ ਵੇਖ ਨਿਗਮ ਕਮਿਸ਼ਨਰ ਨੇ ਦੋਬਾਰਾ ਤਹਿਬਾਜ਼ਾਰੀ ਸੁਪਰਿੰਟੈਂਡੈਂਟ ਮਨਦੀਪ ਸਿੰਘ ਨੂੰ ਉਥੇ ਭੇਜਿਆ, ਜਿਨ੍ਹਾਂ ਨੇ ਆਪਣੀ ਟੀਮ ਨਾਲ ਦੋਬਾਰਾ 'ਰੰਗਲਾ ਵਿਹੜਾ' ਜਾ ਕੇ ਪਾਰਕਿੰਗ ਨੂੰ ਸੀਲ ਕਰ ਦਿੱਤਾ। ਤਹਿਬਾਜ਼ਾਰੀ ਟੀਮ ਉਥੇ ਕਾਫ਼ੀ ਦੇਰ ਖੜ੍ਹੀ ਰਹੀ ਅਤੇ ਆਸ-ਪਾਸ ਲੱਗੇ ਸਟਾਲਾਂ ਨੂੰ ਵੀ ਹਟਾਇਆ ਗਿਆ, ਜਿਸ ਦੇ ਕਾਰਨ ਇਸ ਇਲਾਕੇ 'ਚ ਸਦਾ ਟਰੈਫਿਕ ਜਾਮ ਰਹਿੰਦਾ ਹੈ। ਤਹਿਬਾਜ਼ਾਰੀ ਟੀਮ ਦਾ ਮੰਨਣਾ ਹੈ ਕਿ ਇਸ ਇਲਾਕੇ 'ਚ ਕੁਝ ਲੋਕ ਹਫ਼ਤਾ ਵਸੂਲੀ ਦਾ ਕੰਮ ਵੀ ਕਰਦੇ ਹਨ, ਜਿਸ ਕਾਰਨ ਇਸ ਇਲਾਕੇ 'ਚ ਟਰੈਫਿਕ ਦੀ ਬਹੁਤ ਜ਼ਿਆਦਾ ਸਮੱਸਿਆ ਪੇਸ਼ ਆ ਰਹੀ ਹੈ। ਦੂਜੇ ਪਾਸੇ ਵੇਖਿਆ ਜਾਵੇ ਤਾਂ ਨਿਗਮ ਨੇ ਭਾਵੇਂ 'ਰੰਗਲਾ ਵਿਹੜਾ' ਦੀ ਅੰਡਰਗਰਾਊਂਡ ਪਾਰਕਿੰਗ ਵਾਲੇ ਕਮਰੇ ਨੂੰ ਸੀਲ ਕਰ ਦਿੱਤਾ ਪਰ ਪ੍ਰਾਜੈਕਟ ਦੇ ਬਾਹਰ ਪ੍ਰਾਈਵੇਟ ਠੇਕੇਦਾਰ ਵੱਲੋਂ ਗੱਡੀਆਂ ਪਾਰਕ ਕਰਵਾਉਣ ਤੇ ਪੈਸੇ ਵਸੂਲਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ।

ਮਹੀਨਾ ਪਹਿਲਾਂ ਵੀ ਤੋੜੀ ਗਈ ਸੀ ਸੀਲ, ਪੁਲਸ ਵੀ ਨਹੀਂ ਕਰ ਰਹੀ ਐਕਸ਼ਨ
ਨਿਗਮ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ 'ਰੰਗਲਾ ਵਿਹੜਾ' ਪ੍ਰਾਜੈਕਟ 'ਤੇ ਕਬਜ਼ਾ ਕਰਕੇ ਉਥੇ ਨਾਜਾਇਜ਼ ਪਾਰਕਿੰਗ ਚਲਾ ਰਹੇ ਠੇਕੇਦਾਰ ਵਿਰੁੱਧ ਕਾਰਵਾਈ ਕਰਨ ਲਈ ਪਿਛਲੇ ਮਹੀਨੇ ਪੁਲਸ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਸੀ ਪਰ ਅਜੇ ਤੱਕ ਇਸ ਮਾਮਲੇ 'ਚ ਪੁਲਸ ਨੇ ਕੋਈ ਕੇਸ ਦਰਜ ਨਹੀਂ ਕੀਤਾ। ਇਨ੍ਹਾਂ ਅਧਿਕਾਰੀਆਂ ਨੇ ਦੱਸਿਆ ਕਿ 'ਰੰਗਲਾ ਵਿਹੜਾ' 'ਤੇ ਅੰਡਰਗਰਾਊਂਡ ਪਾਰਕਿੰਗ ਵਿਚ ਪਿਛਲੇ ਮਹੀਨੇ ਵੀ ਤਾਲਾ ਲਗਾਇਆ ਗਿਆ ਸੀ ਪਰ ਠੇਕੇਦਾਰ ਨੇ ਉਸ ਤਾਲੇ ਨੂੰ ਵੀ ਤੋੜ ਦਿੱਤਾ ਸੀ, ਜਿਸ ਤੋਂ ਬਾਅਦ ਨਿਗਮ ਕਮਿਸ਼ਨਰ ਨੇ ਪੁਲਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਕਾਨੂੰਨੀ ਕਾਰਵਾਈ ਕਰਨ ਨੂੰ ਕਿਹਾ ਸੀ। ਜਲੰਧਰ ਪੁਲਸ ਅਤੇ ਟਰੈਫਿਕ ਪੁਲਸ ਵੱਲੋਂ ਇਸ ਇਲਾਕੇ 'ਚ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਲੱਗ ਰਿਹਾ ਹੈ ਕਿ ਇਸ ਸਾਰੀ ਖੇਡ ਵਿਚ ਕਿਸੇ ਉੱਚ ਰਾਜਨੇਤਾ ਦੀ ਸ਼ਮੂਲੀਅਤ ਹੈ, ਜੋ ਇਸ ਨਾਜਾਇਜ਼ ਵਸੂਲੀ ਨੂੰ ਸਰਪ੍ਰਸਤੀ ਦੇ ਰਹੇ ਹਨ।


author

shivani attri

Content Editor

Related News