ਜਲੰਧਰ ਜ਼ਿਮਨੀ ਚੋਣ: ਪੰਜਾਬ ਨੇ ਆਮ ਆਦਮੀ ਪਾਰਟੀ ਲਈ ਫਿਰ ਖੋਲ੍ਹੇ ਲੋਕ ਸਭਾ ਦੇ ਦਰਵਾਜ਼ੇ

Sunday, May 14, 2023 - 03:58 PM (IST)

ਜਲੰਧਰ (ਪਾਹਵਾ, ਸੋਮਨਾਥ)- ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। 24 ਸਾਲ ਤੋਂ ਜਲੰਧਰ ਦੀ ਲੋਕ ਸਭਾ ਸੀਟ ਕਾਂਗਰਸ ਦਾ ਕਿਲਾ ਰਹੀ ਹੈ, ਜਿਸ ਨੂੰ ‘ਆਪ’ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਢੇਰੀ ਕਰਕੇ ਕਾਂਗਰਸ ਦਾ ਸੂਰਜ ਅਸਤ ਕਰ ਦਿੱਤਾ ਹੈ। ਦੋਆਬਾ ਖੇਤਰ ਵਿਚ ਇਕੋ-ਇਕ ਜਲੰਧਰ ਹੀ ਕਾਂਗਰਸ ਦਾ ਕਿਲਾ ਬਚਿਆ ਸੀ। ਰਿੰਕੂ ਨੇ ਨਾ ਸਿਰਫ਼ ਚੰਗਾ ਮਾਰਜਨ ਹਾਸਲ ਕੀਤਾ, ਸਗੋਂ ਅਕਾਲੀ ਦਲ-ਬਸਪਾ ਅਤੇ ਭਾਜਪਾ ਨੂੰ ਵੀ ਧੂੜ ਚਟਾ ਦਿੱਤੀ। ਜਲੰਧਰ ਦੀ ਇਹ ਆਮ ਆਦਮੀ ਪਾਰਟੀ ਦੀ ਜਿੱਤ ਵੇਖਣ ਵਿਚ ਬੇਸ਼ੱਕ ਆਮ ਲੱਗ ਰਹੀ ਹੋਵੇ ਪਰ ਇਸ ਜਿੱਤ ਦੇ ਪਿੱਛੇ 2024 ਦੀ ਆਮ ਆਦਮੀ ਪਾਰਟੀ ਦੀ ਰਣਨੀਤੀ ਅਤੇ ਰਾਜਨੀਤੀ ਦਾ ਆਗਾਜ਼ ਲੁਕਿਆ ਹੈ।

ਇਸ ਤੋਂ ਪਹਿਲਾਂ ਵੀ ਪੰਜਾਬ ਦੇ ਰਸਤਿਓਂ ਹੀ ਆਮ ਆਦਮੀ ਪਾਰਟੀ ਲੋਕ ਸਭਾ ਵਿਚ ਪਹੁੰਚੀ ਸੀ ਅਤੇ ਹੁਣ ਵੀ ਪੰਜਾਬ ਨੇ ਹੀ ਆਮ ਆਦਮੀ ਪਾਰਟੀ ਲਈ ਲੋਕ ਸਭਾ ਦਾ ਰਸਤਾ ਖੋਲ੍ਹਿਆ ਹੈ। ਲਗਭਗ 8 ਮਹੀਨਿਆਂ ਦੇ ਇਸ ਸਮੇਂ ਵਿਚ ਜਿੱਥੇ ‘ਆਪ’ ਕੋਲ ਖ਼ੁਦ ਨੂੰ ਸਥਾਪਤ ਕਰਨ ਦਾ ਸੁਨਹਿਰੀ ਮੌਕਾ ਹੈ, ਉੱਥੇ ਹੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ-ਬਸਪਾ ਤੇ ਭਾਜਪਾ ਕੋਲ ਯੋਜਨਾ ਬਣਾਉਣ ਦਾ ਮੌਕਾ ਹੈ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਅਰਸ਼ ਤੋਂ ਫਰਸ਼ ਤਕ ਲਿਆਇਆ ਜਾਵੇ ਪਰ ਅੱਜ ਦੀ ਤਰੀਕ ਵਿਚ ਇਹ ਸਭ ਇੰਨਾ ਆਸਾਨ ਨਹੀਂ ਹੈ।

ਇਹ ਵੀ ਪੜ੍ਹੋ - ਜਲੰਧਰ ਜ਼ਿਮਨੀ ਚੋਣ 'ਚ CM ਭਗਵੰਤ ਮਾਨ ਦਾ ਚੱਲਿਆ ਜਾਦੂ, 8 ਦਿਨਾਂ ਤੱਕ ਕੀਤਾ ਪ੍ਰਚਾਰ

ਗਲੀ-ਗਲੀ ਘੁੰਮੇ ਸੀ. ਐੱਮ. ਮਾਨ, ਸਬਕ ਲੈਣ ਵਾਲੀ ਰਹੀ ਉਪ-ਚੋਣ
ਲੋਕ ਸਭਾ ਜ਼ਿਮਨੀ ਚੋਣ ਦਾ ਨਤੀਜਾ ਬੇਹੱਦ ਹੈਰਾਨੀਜਨਕ ਰਿਹਾ। ਕੁਝ ਲੋਕਾਂ ਨੂੰ ਉਮੀਦ ਸੀ ਕਿ ਕਾਂਗਰਸ ਜਿੱਤੇਗੀ ਪਰ ਕੁਝ ਲੋਕ ਆਮ ਆਦਮੀ ਪਾਰਟੀ ਦੇ ਜਿੱਤਣ ਦੀ ਸੰਭਾਵਨਾ ਪ੍ਰਗਟ ਕਰ ਰਹੇ ਸਨ। ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਕਿ ਆਮ ਆਦਮੀ ਪਾਰਟੀ ਇੰਨੇ ਵੱਡੇ ਮਾਰਜਨ ਨਾਲ ਜਿੱਤੇਗੀ। ਪਿਛਲੇ ਲਗਭਗ ਇਕ ਮਹੀਨੇ ਵਿਚ ਜਲੰਧਰ ਦੀ ਇਸ ਜ਼ਿਮਨੀ ਚੋਣ ਦੌਰਾਨ ਜੋ-ਜੋ ਹੋਇਆ, ਉਹ ਆਉਣ ਵਾਲੇ ਸਮੇਂ ਵਿਚ ਸਿਆਸਤਦਾਨਾਂ ਅਤੇ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਚੰਗੇ ਸਬਕ ਦਾ ਕੰਮ ਕਰੇਗਾ। ਜਲੰਧਰ ਦੀ ਲੋਕ ਸਭਾ ਉਪ-ਚੋਣ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਸੀ. ਐੱਮ. ਲੈਵਲ ਦਾ ਨੇਤਾ ਗਲੀ-ਗਲੀ, ਸੜਕ-ਸੜਕ ਘੁੰਮ ਕੇ ਵੋਟ ਮੰਗਦਾ ਵੇਖਿਆ ਗਿਆ ਹੋਵੇ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕੰਮ ਬਾਖੂਬੀ ਕੀਤਾ ਅਤੇ ਸੜਕਾਂ ’ਤੇ ਰੋਡ ਸ਼ੋਅ ਕੱਢ ਕੇ ਲੋਕਾਂ ਵਿਚਕਾਰ ਗਏ, ਗਲੀ-ਮੁਹੱਲਿਆਂ ਵਿਚ ਲੋਕਾਂ ਨਾਲ ਚਰਚਾਵਾਂ ਕੀਤੀਆਂ ਅਤੇ ਇਸ ਦਾ ਨਤੀਜਾ ਇਹ ਹੋਇਆ ਕਿ ਆਮ ਆਦਮੀ ਪਾਰਟੀ ਨੂੰ ਚੰਗਾ ਮਾਰਜਨ ਮਿਲ ਗਿਆ। ਇਸ ਪੂਰੇ ਮਾਮਲੇ ਵਿਚ ਇਹ ਗੱਲ ਸਿੱਖਣ ਲਾਇਕ ਹੈ ਕਿ ਹੁਣ ਉਹ ਦੌਰ ਖ਼ਤਮ ਹੋ ਗਿਆ ਹੈ ਜਦੋਂ ਨੇਤਾ ਸੜਕ ’ਤੇ ਪੋਸਟਰ-ਬੈਨਰ ਲਵਾ ਕੇ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਜਾਂਦੇ ਸਨ। ਹੁਣ ਨਾ ਸਿਰਫ਼ ਲੋਕਾਂ ਵਿਚਕਾਰ ਜਾਣਾ ਪਵੇਗਾ, ਸਗੋਂ ਉਨ੍ਹਾਂ ਨਾਲ ਮਿਲਣਾ-ਜੁਲਨਾ ਅਤੇ ਉਨ੍ਹਾਂ ਦੇ ਕੰਮ ਕਰਨੇ ਵੀ ਜ਼ਰੂਰੀ ਹੋਣਗੇ। ਆਮ ਆਦਮੀ ਪਾਰਟੀ ਨੇ ਪਿਛਲੇ 13 ਮਹੀਨਿਆਂ ਦੇ ਕਾਰਜਕਾਲ ਵਿਚ ਲੋਕਾਂ ਦੇ ਕੰਮ ਕੀਤੇ ਅਤੇ ਫਿਰ ਜਨਤਾ ਵਿਚਕਾਰ ਜਾ ਕੇ ਉਨ੍ਹਾਂ ਕੰਮਾਂ ਦੇ ਬਦਲੇ ’ਚ ਜਦੋਂ ਵੋਟਾਂ ਮੰਗੀਆਂ ਤਾਂ ਲੋਕਾਂ ਨੇ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨੂੰ ਸਵੀਕਾਰ ਕਰ ਲਿਆ।

ਪੈਰਾਸ਼ੂਟ ਉਮੀਦਵਾਰਾਂ ਨੂੰ ਜਲੰਧਰ ਦੀ ਜਨਤਾ ਦਾ ‘ਨੋ’
ਜਲੰਧਰ ਦੀ ਲੋਕ ਸਭਾ ਉਪ-ਚੋਣ ਵਿਚ ਇਕ ਗੱਲ ਸਾਫ਼ ਹੋ ਗਈ ਹੈ ਕਿ ਜਲੰਧਰ ਵਾਸੀ ਪੈਰਾਸ਼ੂਟ ਰਾਹੀਂ ਸਿੱਧਾ ਲੈਂਡ ਕਰਨ ਵਾਲੇ ਲੋਕਾਂ ਨੂੰ ਪਸੰਦ ਨਹੀਂ ਕਰਦੇ। ਅਜਿਹੇ ਲੋਕਾਂ ਲਈ ਜਲੰਧਰ ਵਾਸੀਆਂ ਵੱਲੋਂ ਸਾਫ਼ ‘ਨੋ’ ਹੈ। ਜਲੰਧਰ ਦੀ ਉਪ-ਚੋਣ ਵਿਚ ਬੇਸ਼ੱਕ ਸੁਸ਼ੀਲ ਰਿੰਕੂ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿਚ ਗਏ ਸਨ ਪਰ ਉਹ ਜਲੰਧਰ ਨਾਲ ਹੀ ਸਬੰਧਤ ਹਨ। ਜਿੱਥੋਂ ਤੱਕ ਗੱਲ ਕਾਂਗਰਸ ਦੀ ਹੀ ਹੈ ਤਾਂ ਕਰਮਜੀਤ ਕੌਰ ਵੀ ਜਲੰਧਰ ਨਾਲ ਸਬੰਧ ਰੱਖਦੀ ਹੈ ਪਰ ਇਸ ਮਾਮਲੇ ਵਿਚ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਨੇ ਵੱਡੀ ਗਲਤੀ ਕਰ ਦਿੱਤੀ। ਦੋਵਾਂ ਪਾਰਟੀਆਂ ਨੇ ਆਪਣੇ ਹੋਣਹਾਰ ਵਰਕਰਾਂ ਦੇ ਹੁੰਦੇ ਹੋਏ ਵੀ ਜਲੰਧਰ ਸੀਟ ’ਤੇ ਪੈਰਾਸ਼ੂਟ ਰਾਹੀਂ ਆਪੋ-ਆਪਣੇ ਉਮੀਦਵਾਰ ਉਤਾਰੇ। ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਲੁਧਿਆਣਾ ਨਾਲ ਸਬੰਧਤ ਹਨ ਤਾਂ ਉੱਥੇ ਹੀ ਅਕਾਲੀ ਦਲ-ਬਸਪਾ ਦੇ ਸੁਖਵਿੰਦਰ ਸਿੰਘ ਸੁੱਖੀ ਬੰਗਾ ਨਾਲ ਸਬੰਧਤ ਹਨ। ਇਹ ਗੱਲ ਸ਼ਾਇਦ ਜਲੰਧਰ ਵਾਸੀਆਂ ਅਤੇ ਖੁਦ ਇਨ੍ਹਾਂ ਸਿਆਸੀ ਪਾਰਟੀਆਂ ਦੇ ਵਰਕਰਾਂ ਨੂੰ ਰਾਸ ਨਹੀਂ ਆਈ।

ਇਹ ਵੀ ਪੜ੍ਹੋ - ਵਿਸ਼ੇਸ਼ ਇੰਟਰਵਿਊ 'ਚ ਬੋਲੇ ਸੁਸ਼ੀਲ ਰਿੰਕੂ, 8-9 ਮਹੀਨਿਆਂ ਦਾ ਨਹੀਂ, 6 ਸਾਲ ਦਾ ਰੋਡਮੈਪ 'ਤੇ ਵਿਜ਼ਨ ਲੈ ਕੇ ਆਇਆ ਹਾਂ

8 ਮਹੀਨਿਆਂ ’ਚ ਜਲੰਧਰ ਨੂੰ ‘ਸ਼ੀਸ਼ੇ ਵਰਗਾ’ ਬਣਾਉਣ ਦਾ ਕੇਜਰੀਵਾਲ ਕੋਲ ਸੁਨਹਿਰੀ ਮੌਕਾ
ਜਲੰਧਰ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਨੂੰ ਲੈ ਕੇ ਜੋ ਵੱਡਾ ਦਾਅਵਾ ਕੀਤਾ ਸੀ, ਜਿਸ ਨੂੰ ਹੁਣ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਕੇਜਰੀਵਾਲ ਨੇ ਕਿਹਾ ਸੀ ਕਿ ਜੇਕਰ ਜਲੰਧਰ ਦੇ ਲੋਕ ਸੁਸ਼ੀਲ ਰਿੰਕੂ ਨੂੰ ਸੰਸਦ ਮੈਂਬਰ ਚੁਣਦੇ ਹਨ ਤਾਂ ਜਲੰਧਰ ਨੂੰ ਸ਼ੀਸ਼ੇ ਵਰਗਾ ਬਣਾ ਦਿੱਤਾ ਜਾਵੇਗਾ। ਹੁਣ ਰਿੰਕੂ ਸਫ਼ਲ ਹੋ ਚੁੱਕੇ ਹਨ, ਜਲੰਧਰ ਦੇ ਲੋਕਾਂ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ ਅਤੇ ਹੁਣ ਗੇਂਦ ਕੇਜਰੀਵਾਲ ਦੇ ਪਾਲੇ ’ਚ ਹੈ। ਹੁਣ ਦਿੱਲੀ ਦੇ ਮੁੱਖ ਮੰਤਰੀ ਕੋਲ ਆਪਣਾ ਵਾਅਦਾ ਪੂਰਾ ਕਰਨ ਲਈ ਸਿਰਫ਼ 8-9 ਮਹੀਨੇ ਬਚੇ ਹਨ, ਜਿਸ ’ਚ ਸਫਲ ਹੋਣਾ ਬਹੁਤ ਜ਼ਰੂਰੀ ਹੈ। ਜਲੰਧਰ ਦੇ ਲੋਕਾਂ ਨੂੰ ਜੇਕਰ ਤਾਂ ਵਾਕ ’ਚ ਹੀ ਆਪਣਾ ਸ਼ਹਿਰ ਸ਼ੀਸ਼ੇ ਵਾਂਗ ਦਿਖਾਇਆ ਤਾਂ 8 ਮਹੀਨਿਆਂ ਬਾਅਦ ਮੁੜ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਜਿੱਤਣ ਤੋਂ ਕੋਈ ਰੋਕ ਨਹੀਂ ਸਕਦਾ ਪਰ ਜੇਕਰ ਅਜਿਹਾ ਨਾ ਹੋਇਆ ਤਾਂ ਲੋਕ ਸਭਾ ਚੋਣਾਂ ’ਚ ਜਲੰਧਰ ਦੀ ਸੀਟ ਜਿੱਤਣਾ ਬੇਹਦ ਮੁਸ਼ਕਿਲ ਹੋ ਜਾਵੇਗਾ।

ਇਹ ਵੀ ਪੜ੍ਹੋ - ਡੇਰਾਬੱਸੀ ਵਿਖੇ ਵਿਦਿਆਰਥਣ ਨੇ ਕਾਲਜ ਦੇ ਹੋਸਟਲ 'ਚ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


shivani attri

Content Editor

Related News