ਜ਼ਿਮਨੀ ਚੋਣ ਜਿੱਤਣ ਮਗਰੋਂ ਬਾਗੋ-ਬਾਗ ਹੋਏ ਸੁਸ਼ੀਲ ਕੁਮਾਰ ਰਿੰਕੂ, ਪਹਿਲਾ ਬਿਆਨ ਆਇਆ ਸਾਹਮਣੇ
Saturday, May 13, 2023 - 05:15 PM (IST)
ਜਲੰਧਰ (ਵੈੱਬ ਡੈਸਕ)- ਜਲੰਧਰ ਲੋਕ ਸਭਾ ਦੀ ਸੀਟ ਜਿੱਤਣ ਮਗਰੋਂ ਸੁਸ਼ੀਲ ਕੁਮਾਰ ਰਿੰਕੂ ਬਾਗੋ-ਬਾਗ ਹੋ ਗਏ ਹਨ। ਜਲੰਧਰ ਲੋਕ ਸਭਾ ਦੀ ਸੀਟ ਜਿੱਤਣ ਮਗਰੋਂ ਸੁਸ਼ੀਲ ਕੁਮਾਰ ਰਿੰਕੂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਇਹ ਜਿੱਤ ਮੇਰੀ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਇਕ ਸਾਲ ਦੇ ਕੰਮਾਂ ਦੀ ਜਿੱਤ ਹੈ। ਉਨ੍ਹਾਂ ਜਨਤਾ ਦਾ ਧੰਨਵਾਦ ਕਰਦੇ ਕਿਹਾ ਕਿ ਜਨਤਾ ਨੇ ਵੱਡੀ ਲੀਡ ਦੇ ਨਾਲ ਜਿੱਤ ਦਰਜ ਕਰਵਾਈ ਹੈ। ਵੱਡੀ ਲੀਡ ਮਿਲਣ ਵਿਚ ਵੋਟਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਵੱਡੀ ਉੱਚ ਸੇਵਾ ਹੈ। ਜੇਕਰ ਸੇਵਾ ਦੇ ਰੂਪ ਵਿਚ ਰਾਜਨੀਤੀ ਨੂੰ ਵੇਖਿਆ ਜਾਵੇ ਤਾਂ ਮੈਂ ਸਮਝਦਾ ਹਾਂ ਕਿ ਤੁਸੀਂ ਇਨਸਾਨੀਅਤ ਲਈ ਬਹੁਤ ਕੁਝ ਕਰ ਸਕਦੇ ਹੋ। ਮੈਨੂੰ ਇਹ ਸੇਵਾ ਮੇਰੇ ਪਿਤਾ ਜੀ ਤੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਅੱਜ ਮੈਂ ਉਸ ਚੰਗੀ ਵਿਚਾਰ ਧਾਰਾ ਨਾਲ ਜੁੜਿਆ ਹਾਂ, ਜਿਨ੍ਹਾਂ ਵਿਚ ਜਾਤ-ਪਾਤ ਤੋਂ ਉੱਪਰ ਉੱਡ ਕੇ ਕੰਮ ਕਰਨ ਦਾ ਜਜ਼ਬਾ ਰੱਖਦੇ ਹਨ।
ਇਹ ਖ਼ਬਰ ਵੀ ਪੜ੍ਹੋ -ਕਾਂਗਰਸ ਦੇ ਗੜ੍ਹ 'ਤੇ 'ਆਪ' ਦਾ ਕਬਜ਼ਾ, ਸੁਸ਼ੀਲ ਕੁਮਾਰ ਰਿੰਕੂ ਨੇ ਵੱਡੀ ਜਿੱਤ ਦਰਜ ਕਰਕੇ ਰਚਿਆ ਇਤਿਹਾਸ
ਸੁਸ਼ੀਲ ਰਿੰਕੂ ਨੇ ਕਿਹਾ ਕਿ 'ਆਪ' ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸੋਚ ਅਤੇ ਮਿਹਨਤ ਸਦਕਾ ਹੀ ਅੱਜ ਵੱਡੀ ਲੀਡ ਸਾਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਸੇਵਾ ਹੈ, ਜੋ ਮੈਂ ਪਹਿਲਾਂ ਕੌਂਸਲਰ ਦੇ ਰੂਪ ਵਿਚ ਕੀਤੀ ਫਿਰ ਵਿਧਾਇਕ ਦੇ ਰੂਪ ਵਿਚ ਕੀਤੀ ਅਤੇ ਹੁਣ ਲੋਕ ਸਭਾ ਵਿਚ ਜਾ ਕੇ ਕਰਾਂਗਾ। ਪਰਮਾਤਮਾ ਕਰੇ ਕਿ ਮੈਂ ਇਸ ਸੇਵਾ ਨੂੰ ਚੰਗੇ ਤਰੀਕੇ ਨਾਲ ਨਿਭਾਅ ਸਕਾਂ ਅਤੇ ਆਪਣੀ ਪਾਰਟੀ ਦਾ ਨਾਂ ਹੋਰ ਉੱਚਾ ਕਰ ਸਕਾਂ। ਜਲੰਧਰ ਦੀ ਸੀਟ ਜਿੱਤ ਕੇ ਅੱਜ ਅਸੀਂ ਲੋਕਾਂ ਨੂੰ ਪਛਾਣ ਸਕਦੇ ਹਾਂ ਕਿ ਲੋਕ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਹਨ। ਇਸ ਖ਼ੁਸ਼ੀ ਦੇ ਮੌਕੇ ਸੁਸ਼ੀਲ ਕੁਮਾਰ ਦੀ ਪਤਨੀ ਸੁਨੀਤਾ ਬੇਹੱਦ ਭਾਵੁਕ ਨਜ਼ਰ ਆਈ। ਖ਼ੁਸ਼ੀ ਦੇ ਹੰਝੂ ਉਨ੍ਹਾਂ ਦੀਆੰ ਅੱਖਾਂ ਵਿਚ ਸਾਫ਼ ਨਜ਼ਰ ਆ ਰਹੀ ਸੀ। ਉਥੇ ਹੀ ਜ਼ਿਮਨੀ ਚੋਣ ਜਿੱਤਣ ਮਗਰੋਂ ਸੁਸ਼ੀਲ ਕੁਮਾਰ ਰਿੰਕੂ ਆਪਣੇ ਸਮਰਥਕਾਂ ਦੇ ਨਾਲ ਜਲੰਧਰ ਵਿਚ ਰੋਡ ਸ਼ੋਅ ਕੱਢ ਰਹੇ ਹਨ। ਸਮਰਥਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਢੋਲ ਦੀ ਥਾਪ 'ਤੇ ਭੰਗੜੇ ਪਾਏ ਜਾ ਰਹੇ ਹਨ। ਇਸ ਦੇ ਨਾਲ ਹੀ ਪਟਾਕੇ ਚਲਾ ਕੇ ਵੀ ਜਿੱਤ ਦੀ ਖ਼ੁਸ਼ੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਜਿੱਤ ਦੇ ਕਰੀਬ ਪਹੁੰਚੀ 'ਆਪ', ਜਲੰਧਰ ਦੀਆਂ ਸੜਕਾਂ 'ਤੇ ਜਸ਼ਨ, ਢੋਲ ਦੀ ਥਾਪ 'ਤੇ ਪੈ ਰਹੇ ਭੰਗੜੇ (ਵੀਡੀਓ)
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।