ਜਲੰਧਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਸ਼ਹਿਰ 'ਚ ਵਧੀ ਸੁਰੱਖਿਆ, ਪੁਲਸ ਕਮਿਸ਼ਨਰ ਨੇ ਜਾਰੀ ਕੀਤੇ ਇਹ ਹੁਕਮ

Sunday, May 07, 2023 - 12:32 PM (IST)

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਸ਼ਹਿਰ 'ਚ ਵਧੀ ਸੁਰੱਖਿਆ, ਪੁਲਸ ਕਮਿਸ਼ਨਰ ਨੇ ਜਾਰੀ ਕੀਤੇ ਇਹ ਹੁਕਮ

ਜਲੰਧਰ (ਸੁਧੀਰ)–ਸ਼ਹਿਰ ਵਿਚ ਅਮਨ-ਸ਼ਾਂਤੀ ਬਣਾਈ ਰੱਖਣ, ਸ਼ਾਂਤਮਈ ਢੰਗ ਨਾਲ ਲੋਕ ਸਭਾ ਦੀ ਜ਼ਿਮਨੀ ਚੋਣ ਕਰਵਾਉਣ ਅਤੇ ਲਾਅ ਐਂਡ ਆਰਡਰ ਨੂੰ ਹੋਰ ਮਜ਼ਬੂਤ ਕਰਨ ਲਈ ਕਮਿਸ਼ਨਰੇਟ ਪੁਲਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿੱਤੇ ਹਨ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਰੋਜ਼ਾਨਾ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਹਨ। ਸ਼ਹਿਰ ਵਿਚ ਪੈਰਾ-ਮਿਲਟਰੀ ਫੋਰਸ ਦੀਆਂ 5 ਕੰਪਨੀਆਂ ਹੋਰ ਮੰਗਵਾਈਆਂ ਗਈਆਂ ਹਨ, ਜਦਕਿ 25 ਕੰਪਨੀਆਂ ਪਹਿਲਾਂ ਤੋਂ ਹੀ ਸ਼ਹਿਰ ਵਿਚ ਹਨ। ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲਸ ਦੇ 2000 ਮੁਲਾਜ਼ਮਾਂ ਨੂੰ ਵੀ ਸ਼ਹਿਰ ਵਿਚ ਸੁਰੱਖਿਆ ਦੇ ਮੱਦੇਨਜ਼ਰ ਤਾਇਨਾਤ ਕੀਤਾ ਜਾ ਰਿਹਾ ਹੈ।

ਸੀ. ਪੀ. ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪੈਰਾ-ਮਿਲਟਰੀ ਫੋਰਸ ਅਤੇ ਕਮਿਸ਼ਨਰੇਟ ਪੁਲਸ ਦੇ ਕੁੱਲ ਮਿਲਾ ਕੇ ਲਗਭਗ 4500 ਮੁਲਾਜ਼ਮਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਵਿਚ ਤਾਇਨਾਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨੂੰ ਖ਼ੁਦ ਫੀਲਡ ਵਿਚ ਨਿਕਲ ਕੇ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ। ਲਗਭਗ ਸਾਰੇ ਅਸਲਾਧਾਰਕਾਂ ਦੇ ਹਥਿਆਰ ਵੀ ਕਮਿਸ਼ਨਰੇਟ ਪੁਲਸ ਵੱਲੋਂ ਥਾਣਿਆਂ ਵਿਚ ਜਮ੍ਹਾ ਕਰਵਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ਼ਹਿਰ ਵਿਚ ਲਗਭਗ 50 ਥਾਵਾਂ ’ਤੇ ਨਾਕਾਬੰਦੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਨਾਕਿਆਂ ਦੀਆਂ ਸ਼ਿਫ਼ਟਾਂ ਨੂੰ ਵੀ 2 ਹਿੱਸਿਆਂ ’ਚ ਵੰਡਿਆ ਗਿਆ ਹੈ, ਜਿਸ ਵਿਚ ਦਿਨ ਦੀ ਸ਼ਿਫਟ ’ਤੇ ਵੱਖ ਅਤੇ ਰਾਤ ਦੀ ਸ਼ਿਫਟ ’ਤੇ ਵੱਖ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ ਤਾਂਕਿ ਸੁਰੱਖਿਆ ਦੇ ਮੱਦੇਨਜ਼ਰ ਮੁਲਾਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ।

ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਜ਼ਿਮਨੀ ਚੋਣ: ਭਲਕੇ ਸ਼ਾਮ 6 ਵਜੇ ਤੋਂ ਚੋਣ ਪ੍ਰਚਾਰ ਹੋਵੇਗਾ ਬੰਦ, ਲੱਗਣਗੀਆਂ ਇਹ ਪਾਬੰਦੀਆਂ

ਚਾਹਲ ਨੇ ਦੱਸਿਆ ਕਿ ਸ਼ਹਿਰ ਵਿਚ ਸਾਰੇ ਮੁਲਾਜ਼ਮਾਂ ਨੂੰ ਲੋਕੇਸ਼ਨ ਬਦਲ-ਬਦਲ ਕੇ ਨਾਕਾਬੰਦੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਰਾਤ ਨੂੰ ਵੀ ਸ਼ਹਿਰ ਵਿਚ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ’ਤੇ ਪੈਰਾ-ਮਿਲਟਰੀ ਫੋਰਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਸਾਰੇ ਮੁਲਾਜ਼ਮਾਂ ਨੂੰ ਰਾਤ ਨੂੰ ਸ਼ਹਿਰ ਵਿਚ ਦਾਖ਼ਲ ਹੋਣ ਵਾਲੇ ਦੂਜੇ ਸੂਬਿਆਂ ਦੇ ਵਾਹਨਾਂ ਨੂੰ ਚੈੱਕ ਕਰਨ ਤੋਂ ਬਾਅਦ ਹੀ ਸ਼ਹਿਰ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਪੀ. ਸੀ. ਆਰ. ਦਸਤੇ ਨੂੰ ਵੀ ਪੈਟਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਨਕੇਲ ਕੱਸਣ ਲਈ ਕਿਹਾ ਗਿਆ ਹੈ।

ਮੈਂ ਖ਼ੁਦ ਫੀਲਡ ਵਿਚ ਨਿਕਲ ਕੇ ਸੁਰੱਖਿਆ ਪ੍ਰਬੰਧਾਂ ਦਾ ਲੈ ਰਿਹਾ ਜਾਇਜ਼ਾ
‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸ਼ਹਿਰ ਵਿਚ ਹਰ ਹਾਲਤ ਵਿਚ ਲਾਅ ਐਂਡ ਆਰਡਰ ਨੂੰ ਕਾਇਮ ਰੱਖਿਆ ਜਾਵੇਗਾ। ਲੋਕ ਸਭਾ ਦੀ ਜ਼ਿਮਨੀ ਚੋਣ ਕਾਰਨ ਉਹ ਰੋਜ਼ਾਨਾ ਰਾਤ ਨੂੰ ਖ਼ੁਦ ਫੀਲਡ ਵਿਚ ਨਿਕਲ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਸਾਫ਼ ਕਿਹਾ ਕਿ ਕਮਿਸ਼ਨਰੇਟ ਪੁਲਸ ਦੇ ਸਾਰੇ ਮੁਲਾਜ਼ਮਾਂ ਨੂੰ ਪੂਰੀ ਮੁਸਤੈਦੀ ਨਾਲ ਡਿਊਟੀ ਕਰਨ ਦੇ ਹੁਕਮ ਦਿੱਤੇ ਹਨ। ਜੇਕਰ ਡਿਊਟੀ ਦੌਰਾਨ ਕੋਈ ਵੀ ਲਾਪ੍ਰਵਾਹੀ ਕਰਦਾ ਫੜਿਆ ਗਿਆ ਤਾਂ ਉਸ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਮੁਲਾਜ਼ਮਾਂ ਨੂੰ ਕਿਹਾ ਕਿ ਕੰਟਰੋਲ ਰੂਮ ਤੋਂ ਕਿਸੇ ਵੀ ਤਰ੍ਹਾਂ ਦਾ ਮੈਸੇਜ ਆਉਣ ’ਤੇ ਪੁਲਸ ਮੁਲਾਜ਼ਮਾਂ ਨੂੰ ਤੁਰੰਤ ਮੌਕੇ ’ਤੇ ਪਹੁੰਚਣ ਦੇ ਹੁਕਮ ਦਿੱਤੇ ਹਨ। ਕਮਿਸ਼ਨਰੇਟ ਪੁਲਸ ਵੱਲੋਂ ਜ਼ਿਮਨੀ ਚੋਣ ਨੂੰ ਪੂਰੇ ਸ਼ਾਂਤਮਈ ਢੰਗ ਨਾਲ ਕਰਵਾਇਆ ਜਾਵੇਗਾ, ਜਦਕਿ ਲਾਅ ਐਂਡ ਆਰਡਰ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਆਨ ਦਿ ਸਪਾਟ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸਿੱਖਾਂ ਨੂੰ ਕੇਂਦਰ ਸਰਕਾਰ ਨਾਲ ਤਕਰਾਰ ਨਹੀਂ, ਵਿਚਾਰ ਕਰਨ ਦੀ ਲੋੜ: ਬੀਬੀ ਜਗੀਰ ਕੌਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ


author

shivani attri

Content Editor

Related News