ਚਾਵਾਂ ਨਾਲ ਬਣਾਏ ਆਸ਼ਿਆਨੇ ਮਿੰਟਾਂ ''ਚ ਹੋਏ ਢਹਿ-ਢੇਰੀ, ਸੜਕਾਂ ''ਤੇ ਸਾਮਾਨ ਰੱਖਣ ਨੂੰ ਮਜਬੂਰ ਲੋਕ

Saturday, Dec 10, 2022 - 04:11 PM (IST)

ਚਾਵਾਂ ਨਾਲ ਬਣਾਏ ਆਸ਼ਿਆਨੇ ਮਿੰਟਾਂ ''ਚ ਹੋਏ ਢਹਿ-ਢੇਰੀ, ਸੜਕਾਂ ''ਤੇ ਸਾਮਾਨ ਰੱਖਣ ਨੂੰ ਮਜਬੂਰ ਲੋਕ

ਜਲੰਧਰ (ਚੋਪੜਾ, ਖੁਰਾਣਾ)–ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਦੇ ਨਾਲ ਲੱਗਦੇ ਲਤੀਫਪੁਰਾ ਵਿਚ ਨਾਜਾਇਜ਼ ਕਬਜ਼ਿਆਂ ਨੂੰ ਢਹਿ-ਢੇਰੀ ਕਰਨ ਦੀ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਇੰਪਰੂਵਮੈਂਟ ਟਰੱਸਟ ਨੇ ਸੈਂਕੜੇ ਲੋਕਾਂ ਨੂੰ ਬੇਘਰ ਕਰਕੇ ਪਿਛਲੇ ਕਈ ਸਾਲਾਂ ਤੋਂ ਵਿਵਾਦਿਤ ਚਲੀ ਆ ਰਹੀ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ। ਹੁਣ 12 ਦਸੰਬਰ ਨੂੰ ਮਾਣਯੋਗ ਹਾਈ ਕੋਰਟ ’ਚ ਕੇਸ ਦੀ ਸੁਣਵਾਈ ਦੌਰਾਨ ਟਰੱਸਟ ਅਤੇ ਪੁਲਸ ਪ੍ਰਸ਼ਾਸਨ ਐਕਸ਼ਨ ਟੇਕਨ ਰਿਪੋਰਟ ਦਾਇਰ ਕਰੇਗਾ। ਵੀਰਵਾਰ ਰਾਤ ਤੋਂ ਹੀ ਭਾਰੀ ਗਿਣਤੀ ਵਿਚ ਪੁਲਸ ਫੋਰਸ ਨੂੰ ਲਤੀਫਪੁਰਾ ਵਿਚ ਤਾਇਨਾਤ ਕਰ ਦਿੱਤਾ ਗਿਆ ਸੀ ਅਤੇ ਰਾਤ ਭਰ ਤੋਂ ਹੀ ਪ੍ਰਭਾਵਿਤ ਘਰਾਂ ਦੇ ਨਿਵਾਸੀ ਸੜਕ ’ਤੇ ਖੜ੍ਹੇ ਹੋ ਕੇ ਉਨ੍ਹਾਂ ਦੇ ਘਰਾਂ ਨੂੰ ਤੋੜਨ ਸਬੰਧੀ ਹੋਣ ਵਾਲੀ ਕਾਰਵਾਈ ਦਾ ਵਿਰੋਧ ਕਰ ਰਹੇ ਸਨ। ਸ਼ੁੱਕਰਵਾਰ ਸਵੇਰੇ 5.30 ਵਜੇ ਦੇ ਲਗਭਗ ਡੀ. ਸੀ. ਪੀ. ਜਗਮੋਹਨ ਸਿੰਘ, ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ, ਡੀ. ਸੀ. ਪੀ. ਲਾਅ ਐਂਡ ਆਰਡਰ ਅੰਕੁਰ ਗੁਪਤਾ, ਏ. ਡੀ. ਸੀ. ਪੀ. ਸਿਟੀ-2 ਆਦਿੱਤਿਆ ਕੁਮਾਰ, ਏ. ਸੀ. ਪੀ. ਮਾਡਲ ਟਾਊਨ ਰਣਧੀਰ ਸਿੰਘ ਦੀ ਅਗਵਾਈ ਵਿਚ ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲ੍ਹਿਆਂ ਤੋਂ 600 ਦੇ ਲਗਭਗ ਪੁਲਸ ਕਰਮਚਾਰੀਆਂ ਨੇ ਲਤੀਫਪੁਰਾ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ। ਲਤੀਫਪੁਰਾ ਨੂੰ ਜਾਣ ਵਾਲੀ ਹਰੇਕ ਸੜਕ ਅਤੇ ਗਲੀ ਦੇ ਬਾਹਰ ਬੈਰੀਕੇਡ ਲਾ ਕੇ ਲੋਕਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਥੋਂ ਤੱਕ ਕਿ ਲੋਕਾਂ ਨੂੰ ਪੈਦਲ ਵੀ ਬੈਰੀਕੇਡਜ਼ ਤੋਂ ਲੰਘਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।

ਇਹ ਵੀ ਪੜ੍ਹੋ : ਨਕੋਦਰ 'ਚ ਹੋਏ ਕੱਪੜਾ ਵਪਾਰੀ ਦੇ ਕਤਲ ਮਗਰੋਂ ਪੰਜਾਬ 'ਚ 5 ਥਾਵਾਂ 'ਤੇ ਵਾਪਰੀਆਂ ਫਾਇਰਿੰਗ ਦੀਆਂ ਘਟਨਾਵਾਂ, ਸਹਿਮੇ ਲੋਕ

PunjabKesari

ਇਸ ਉਪਰੰਤ ਮੌਕੇ ’ਤੇ ਇੰਪਰੂਵਮੈਂਟ ਟਰੱਸਟ ਵੱਲੋਂ ਈ. ਓ. ਰਾਜੇਸ਼ ਚੌਧਰੀ ਅਤੇ ਐੱਸ. ਈ. ਅਸ਼ਵਨੀ ਗਰਗ ਦੀ ਅਗਵਾਈ ਵਿਚ ਟਰੱਸਟ ਅਧਿਕਾਰੀ ਮੌਕੇ ’ਤੇ ਪੁੱਜੇ ਤਾਂ ਉਥੇ ਖੜ੍ਹੇ ਲਤੀਫਪੁਰਾ ਵਾਸੀਆਂ ਵੱਲੋਂ ਐਡਵੋਕੇਟ ਬਲਕਰਨ ਸਿੰਘ ਔਲਖ ਅਤੇ ਇਲਾਕਾ ਨਿਵਾਸੀਆਂ ਨੇ ਅਧਿਕਾਰੀਆਂ ਨੂੰ ਮਾਣਯੋਗ ਹਾਈ ਕੋਰਟ ਵਿਚ ਦਾਇਰ ਇਕ ਪਟੀਸ਼ਨ ਅਤੇ ਹੋਰ ਕਾਨੂੰਨੀ ਦਸਤਾਵੇਜ਼ ਦਿਖਾਉਂਦਿਆਂ ਕਬਜ਼ਿਆਂ ਨੂੰ ਡੇਗਣ ਦੀ ਕਾਰਵਾਈ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਪਰ ਅਧਿਕਾਰੀ ਕਾਰਵਾਈ ਰੋਕਣ ਸਬੰਧੀ ਹਾਈ ਕੋਰਟ ਤੋਂ ਮਿਲੇ ਕਿਸੇ ਸਟੇਅ ਦੀ ਕਾਪੀ ਦਿਖਾਉਣ ਲਈ ਕਹਿੰਦੇ ਰਹੇ। ਉਥੇ ਹੀ, ਡੀ. ਸੀ. ਪੀ. ਜਗਮੋਹਨ ਸਿੰਘ ਅਤੇ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਦਾ ਕਹਿਣਾ ਸੀ ਕਿ ਪੁਲਸ ਕਬਜ਼ੇ ਤੋੜਨ ਨਹੀਂ ਆਈ, ਉਹ ਤਾਂ ਸਿਰਫ਼ ਸਮੁੱਚੀ ਕਾਰਵਾਈ ਨੂੰ ਲੈ ਕੇ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਈ ਰੱਖਣ ਲਈ ਇਥੇ ਡਿਊਟੀ ’ਤੇ ਤਾਇਨਾਤ ਹੈ। ਕਬਜ਼ਿਆਂ ਨੂੰ ਡੇਗਣ ਦੀ ਕਾਰਵਾਈ ਇੰਪਰੂਵਮੈਂਟ ਟਰੱਸਟ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਰਨੀ ਹੈ।

PunjabKesari

ਇਸ ਸਾਰੀ ਕਸ਼ਮਕਸ਼ ਵਿਚਕਾਰ ਟਰੱਸਟ ਦੇ ਈ. ਓ. ਅਤੇ ਐੱਸ. ਈ. ਨੇ 8 ਵਜੇ ਦੇ ਲਗਭਗ ਜਿਉਂ ਹੀ ਨਗਰ ਨਿਗਮ ਦੀ ਮਸ਼ੀਨਰੀ ਨੂੰ ਨਾਜਾਇਜ਼ ਕਬਜ਼ਿਆਂ ’ਤੇ ਕਾਰਵਾਈ ਸ਼ੁਰੂ ਕਰਨ ਨੂੰ ਕਿਹਾ ਤਾਂ ਉਥੇ ਰੋਹ ਭਰੇ ਲੋਕਾਂ ਨੇ ਜ਼ੋਰਦਾਰ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਉਹ ਪੁਲਸ ਕਰਮਚਾਰੀਆਂ ਨਾਲ ਉਲਝ ਪਏ। ਇਸੇ ਦੌਰਾਨ 2 ਔਰਤਾਂ ਨੇ ਆਪਣੇ ਉੱਪਰ ਮਿੱਟੀ ਦਾ ਤੇਲ ਪਾ ਕੇ ਖ਼ੁਦ ਨੂੰ ਘਰ ਵਿਚ ਬੰਦ ਕਰ ਲਿਆ ਪਰ ਪੁਲਸ ਕਰਮਚਾਰੀਆਂ ਨੇ ਦਰਵਾਜ਼ੇ ਤੋੜ ਕੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਘਰਾਂ ਵਿਚੋਂ ਬਾਹਰ ਕੱਢਿਆ। ਕੁਝ ਲੋਕਾਂ ਨੇ ਜੇ. ਸੀ. ਬੀ. ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਭਾਰੀ ਗਿਣਤੀ ਵਿਚ ਪੁਲਸ ਫੋਰਸ ਸਾਹਮਣੇ ਉਨ੍ਹਾਂ ਦੀ ਇਕ ਨਾ ਚੱਲੀ ਅਤੇ ਪੁਲਸ ਪ੍ਰਦਰਸ਼ਨਕਾਰੀਆਂ ਨੂੰ ਖਦੇੜਦਿਆਂ ਹਿਰਾਸਤ ਵਿਚ ਲੈ ਕੇ ਉਨ੍ਹਾਂ ਨੂੰ ਬੱਸ ਵਿਚ ਬਿਠਾ ਕੇ ਕੈਂਟ ਪੁਲਸ ਥਾਣੇ ਲੈ ਗਈ। ਇਸੇ ਦੌਰਾਨ ਪੁਲਸ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ਨਾਲ ਖੂਬ ਧੱਕਾ-ਮੁੱਕੀ ਵੀ ਕੀਤੀ। ਲਤੀਫਪੁਰਾ ਨਿਵਾਸੀਆਂ ਨੂੰ ਮੌਕੇ ਤੋਂ ਲਿਜਾਣ ਤੋਂ ਬਾਅਦ ਨਿਗਮ ਦੀਆਂ ਡਿੱਚ ਮਸ਼ੀਨਾਂ ਨੇ ਲਤੀਫਪੁਰਾ ਦੇ ਨਾਜਾਇਜ਼ ਕਬਜ਼ਿਆਂ ਨੂੰ ਡੇਗਣ ਦਾ ਕੰਮ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ 'ਚ ਸਹਿਮ ਦਾ ਮਾਹੌਲ! ਵਧ ਰਹੀਆਂ ਫਿਰੌਤੀ ਦੀਆਂ ਘਟਨਾਵਾਂ, ਪੈਸੇ ਨਾ ਦੇਣ 'ਤੇ ਹੋ ਰਹੇ ਕਤਲ

PunjabKesari

ਇਸੇ ਵਿਚਕਾਰ ਇਕ ਮਕਾਨ ਨੂੰ ਤਾਲੇ ਲਾ ਕੇ ਇਕ ਪਰਿਵਾਰ ਛੱਤ ’ਤੇ ਜਾ ਚੜ੍ਹਿਆ ਅਤੇ ਕਾਰਵਾਈ ਦਾ ਵਿਰੋਧ ਕਰਨ ਲੱਗਾ ਪਰ ਪੁਲਸ ਕਰਮਚਾਰੀਆਂ ਨੇ ਉਕਤ ਪਰਿਵਾਰ ਨੂੰ ਹੇਠਾਂ ਲਾਹ ਲਿਆ, ਜਿਸ ਤੋਂ ਬਾਅਦ ਜੇ. ਸੀ. ਬੀ. ਨੇ ਉਸ ਨੂੰ ਵੀ ਡੇਗ ਦਿੱਤਾ। ਸਵੇਰੇ ਸ਼ੁਰੂ ਹੋਈ ਕਾਰਵਾਈ ਦੇਰ ਸ਼ਾਮ ਤੱਕ ਜਾਰੀ ਰਹੀ। ਇਸ ਸਮੁੱਚੀ ਕਾਰਵਾਈ ਦੌਰਾਨ ਅਨੇਕ ਲੋਕ ਖ਼ੁਦ ਨੂੰ ਲਾਚਾਰ ਮਹਿਸੂਸ ਕਰਦਿਆਂ ਆਪਣੇ ਆਸ਼ਿਆਨੇ ਨੂੰ ਟੁੱਟਦਿਆਂ ਦੇਖਣ ਨੂੰ ਮਜਬੂਰ ਹੁੰਦੇ ਦਿਸੇ ਅਤੇ ਕਈ ਲੋਕਾਂ ਨੇ ਕਾਰਵਾਈ ਨਾ ਰੁਕਦੀ ਦੇਖ ਆਪਣੇ ਘਰਾਂ ਵਿਚੋਂ ਖੁਦ ਹੀ ਸਾਮਾਨ ਕੱਢਣਾ ਸ਼ੁਰੂ ਕਰ ਦਿੱਤਾ। ਲੋਕ ਟਰਾਲੀਆਂ ਅਤੇ ਹੋਰ ਵਾਹਨਾਂ ’ਤੇ ਆਪਣਾ ਸਾਮਾਨ ਲਿਜਾਂਦੇ ਰਹੇ, ਉਥੇ ਹੀ ਜਿਹੜੇ ਗਰੀਬ ਲੋਕਾਂ ਕੋਲ ਕੋਈ ਸਾਧਨ ਨਹੀਂ ਸੀ, ਉਨ੍ਹਾਂ ਆਪਣਾ ਸਾਮਾਨ ਸੜਕ ਦੇ ਦੂਜੇ ਪਾਸੇ ਰੱਖ ਲਿਆ। ਇਸ ਦੌਰਾਨ ਲੋਕਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਛੋਟੇ-ਛੋਟੇ ਬੱਚੇ ਸਰਦੀ ਦੇ ਮੌਸਮ ਵਿਚ ਖੁੱਲ੍ਹੇ ਆਸਮਾਨ ਹੇਠਾਂ ਬੈਠੇ ਹੋਏ ਸਨ ਅਤੇ ਸ਼ਾਇਦ ਉਨ੍ਹਾਂ ਨੂੰ ਸਮਝ ਵੀ ਨਹੀਂ ਆ ਰਿਹਾ ਹੋਵੇਗਾ ਕਿ ਆਖਿਰ ਉਨ੍ਹਾਂ ਨਾਲ ਹੋ ਕੀ ਰਿਹਾ ਹੈ।

ਜੋ ਵੀ ਹੋਵੇ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਦੀ ਚੀਕ-ਪੁਕਾਰ ਨਾਲ ਉਥੇ ਮੌਜੂਦ ਹਰੇਕ ਵਿਅਕਤੀ ਦੇ ਦਿਲ ’ਚ ਟੀਸ ਜਿਹੀ ਉੱਠਦੀ ਰਹੀ ਕਿ ਆਖਿਰ 70 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਜ਼ਮੀਨ ’ਤੇ ਰਹਿ ਰਹੇ ਲੋਕਾਂ ਦੀ ਕੀ ਗਲਤੀ ਹੈ, ਜੋ ਸਰਕਾਰ ਉਨ੍ਹਾਂ ਨੂੰ ਬੇਘਰ ਕਰ ਰਹੀ ਹੈ? ਟਰੱਸਟ ਦੀ ਕਬਜ਼ਿਆਂ ਨੂੰ ਡੇਗਣ ਦੀ ਕਾਰਵਾਈ ਸ਼ਾਮ 5 ਵਜੇ ਤੱਕ ਜਾਰੀ ਰਹੀ ਅਤੇ ਲਤੀਫਪੁਰਾ ਦੇ ਲੋਕਾਂ ਨੂੰ ਬੇਘਰ ਕਰਨ ਤੋਂ ਬਾਅਦ ਸਾਰੇ ਅਧਿਕਾਰੀ ਮੌਕੇ ਤੋਂ ਵਾਪਸ ਚਲੇ ਗਏ।

PunjabKesari

ਨਗਰ ਨਿਗਮ ਦੀ ਨਾਲਾਇਕੀ ਕਾਰਨ ਦੇਰ ਨਾਲ ਸ਼ੁਰੂ ਹੋਇਆ ਆਪ੍ਰੇਸ਼ਨ
ਇੰਪਰੂਵਮੈਂਟ ਟਰੱਸਟ ਨੇ ਸ਼ੁੱਕਰਵਾਰ ਲਤੀਫਪੁਰਾ ਵਿਚ ਜਿਹੜਾ ਐਕਸ਼ਨ ਪਲਾਨ ਕੀਤਾ ਸੀ, ਕਬਜ਼ਿਆਂ ਨੂੰ ਡੇਗਣ ਦੀ ਕਾਰਵਾਈ ਨੂੰ ਅੰਜਾਮ ਤੱਕ ਪਹੁੰਚਾਉਣ ਸਬੰਧੀ ਸਾਰੀ ਮਸ਼ੀਨਰੀ ਨਗਰ ਨਿਗਮ ਵੱਲੋਂ ਮੁਹੱਈਆ ਕਰਵਾਈ ਜਾਣੀ ਸੀ। ਇਸ ਬਾਰੇ ਟਰੱਸਟ ਅਧਿਕਾਰੀਆਂ ਨੇ ਨਿਗਮ ਨੂੰ ਕਾਫੀ ਦਿਨ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਵੀਰਵਾਰ ਨੂੰ ਜਦੋਂ ਇਸ ਮੁਹਿੰਮ ਬਾਰੇ ਵੱਖ-ਵੱਖ ਵਿਭਾਗਾਂ ਦੀ ਸਾਂਝੀ ਮੀਟਿੰਗ ਹੋਈ, ਉਸ ਦੌਰਾਨ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਸੀ ਕਿ ਸ਼ੁੱਕਰਵਾਰ ਨੂੰ ਆਪ੍ਰੇਸ਼ਨ ਸਵੇਰੇ-ਸਵੇਰੇ ਸ਼ੁਰੂ ਹੋ ਜਾਵੇਗਾ। ਇਸ ਦੇ ਲਈ ਨਿਗਮ ਆਪਣੀਆਂ ਡਿੱਚ ਮਸ਼ੀਨਾਂ ਆਦਿ ਨੂੰ ਸਵੇਰੇ 5 ਵਜੇ ਦੇ ਲਗਭਗ ਟਰੱਸਟ ਆਫਿਸ ਭੇਜ ਦੇਵੇ। ਸ਼ੁੱਕਰਵਾਰ ਸਵੇਰੇ ਹੋਏ ਆਪ੍ਰੇਸ਼ਨ ਲਈ ਸਾਰੇ ਪੁਲਸ ਤੇ ਟਰੱਸਟ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਤੈਅ ਸਮੇਂ ’ਤੇ ਲਤੀਫਪੁਰਾ ਦੇ ਆਲੇ-ਦੁਆਲੇ ਪਹੁੰਚ ਗਏ ਪਰ ਇਸ ਦੌਰਾਨ ਨਗਰ ਨਿਗਮ ਦਾ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਰਿਹਾ। ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਅਤੇ ਟਰੱਸਟ ਦੇ ਅਧਿਕਾਰੀ ਕਾਫੀ ਦੇਰ ਤੱਕ ਡਿੱਚ ਮਸ਼ੀਨਾਂ ਦੀ ਉਡੀਕ ਕਰਦੇ ਰਹੇ ਅਤੇ ਕਈ ਵਾਰ ਐੱਸ. ਈ. ਰਜਨੀਸ਼ ਡੋਗਰਾ ਅਤੇ ਨਿਗਮ ਦੀ ਜੁਆਇੰਟ ਕਮਿਸ਼ਨਰ ਸ਼ਿਖਾ ਭਗਤ ਨੂੰ ਫੋਨ ਤੱਕ ਕੀਤੇ ਗਏ, ਜਿਸ ਤੋਂ ਬਾਅਦ ਸਵੇਰੇ 8 ਵਜੇ ਡਿੱਚ ਮਸ਼ੀਨਾਂ ਪਹੁੰਚੀਆਂ।
ਇਸ ਕਾਰਨ ਟਰੱਸਟ ਦਾ ਇਹ ਆਪ੍ਰੇਸ਼ਨ ਲਗਭਗ 1-2 ਘੰਟੇ ਦੇਰੀ ਨਾਲ ਸ਼ੁਰੂ ਹੋਇਆ। ਸ਼ੁਰੂਆਤ ਿਵਚ ਨਿਗਮ ਵੱਲੋਂ ਭੇਜੀਆਂ ਸਿਰਫ 2 ਡਿੱਚ ਮਸ਼ੀਨਾਂ ਹੀ ਉਥੇ ਕੰਮ ਕਰਦੀਆਂ ਰਹੀਆਂ, ਜਿਸ ਕਾਰਨ ਵੀ ਕਬਜ਼ੇ ਤੋੜਨ ਦੇ ਕੰਮ ਵਿਚ ਕਾਫੀ ਦੇਰੀ ਹੋਈ। 9 ਵਜੇ ਤੋਂ ਬਾਅਦ ਨਿਗਮ ਵੱਲੋਂ 2 ਹੋਰ ਡਿੱਚ ਮਸ਼ੀਨਾਂ ਆਈਆਂ, ਜਿਸ ਤੋਂ ਬਾਅਦ ਮਸ਼ੀਨਾਂ ਨੇ ਤਾਬੜਤੋੜ ਕਬਜ਼ਿਆਂ ਨੂੰ ਡੇਗਣਾ ਸ਼ੁਰੂ ਕਰ ਦਿੱਤਾ।

PunjabKesari

ਇਹ ਵੀ ਪੜ੍ਹੋ : ਜਲੰਧਰ: ਸਕੂਲ ਗਈ 10ਵੀਂ ਦੀ ਵਿਦਿਆਰਥਣ ਲਾਪਤਾ, ਕਾਪੀ 'ਚੋਂ ਮਿਲੇ ਫੋਨ ਨੰਬਰ 'ਤੇ ਹੋਇਆ ਵੱਡਾ ਖ਼ੁਲਾਸਾ

13 ਘੰਟੇ ਦੇ ਲਗਭਗ ਬੰਦ ਰਹੀ ਪੂਰੇ ਇਲਾਕੇ ਦੀ ਬਿਜਲੀ
ਟਰੱਸਟ ਵੱਲੋਂ ਅੱਜ ਲਤੀਫਪੁਰਾ ਵਿਚ ਚਲਾਏ ਗਏ ਆਪ੍ਰੇਸ਼ਨ ਡਿਮੋਲਿਸ਼ਨ ਦੌਰਾਨ ਪੂਰੇ ਇਲਾਕੇ ਦੀ ਬਿਜਲੀ ਲਗਭਗ 13 ਘੰਟੇ ਬੰਦ ਰਹੀ। ਜ਼ਿਕਰਯੋਗ ਹੈ ਕਿ ਸਵੇਰੇ ਜਦੋਂ ਮੁਹਿੰਮ ਸ਼ੁਰੂ ਹੋਈ ਤਾਂ 6 ਵਜੇ ਦੇ ਲਗਭਗ ਪਾਵਰਕਾਮ ਨੇ ਪੂਰੇ ਇਲਾਕੇ ਦੀ ਬਿਜਲੀ ਨੂੰ ਬੰਦ ਕਰ ਦਿੱਤਾ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਵਾਪਰੇ। ਆਪ੍ਰੇਸ਼ਨ ਦੌਰਾਨ ਚੱਲੀਆਂ ਡਿੱਚ ਮਸ਼ੀਨਾਂ ਨੇ ਲਤੀਫਪੁਰਾ ਦੇ ਕਬਜ਼ੇ ਹਟਾਉਣ ਸਮੇਂ ਬਿਜਲੀ ਦੇ ਨਾਲ-ਨਾਲ ਟੈਲੀਫੋਨ, ਕੇਬਲ ਆਦਿ ਦੀਆਂ ਤਾਰਾਂ ਨੂੰ ਵੀ ਤੋੜ ਦਿੱਤਾ। ਲਤੀਫਪੁਰਾ ਦੇ ਘਰਾਂ ਵਿਚ ਲੱਗੇ ਦਰਜਨਾਂ ਬਿਜਲੀ ਦੇ ਮੀਟਰ ਵੀ ਤੋੜ ਦਿੱਤੇ ਗਏ। ਆਪ੍ਰੇਸ਼ਨ ਖਤਮ ਹੋਣ ਤੋਂ ਬਾਅਦ ਸ਼ਾਮੀਂ ਲਗਭਗ 7 ਵਜੇ ਬਿਜਲੀ ਸਪਲਾਈ ਨੂੰ ਬਹਾਲ ਕੀਤਾ ਗਿਆ। ਇਸ ਕਾਰਨ ਜੀ. ਟੀ. ਬੀ. ਨਗਰ, ਮਾਡਲ ਟਾਊਨ ਅਤੇ ਹਾਊਸਿੰਗ ਬੋਰਡ ਕਾਲੋਨੀ ਦੇ ਲੋਕ ਕਾਫੀ ਪ੍ਰੇਸ਼ਾਨ ਰਹੇ।

PunjabKesari

ਪੁਲਸ ਨੇ ਕੌਂਸਲਰ ਅਰੁਣਾ ਅਰੋੜਾ ਨੂੰ ਕੀਤਾ ‘ਹਾਊਸ ਅਰੈਸਟ’
ਲਤੀਫਪੁਰਾ ਵਿਚ ਟਰੱਸਟ ਦੀ ਕਾਰਵਾਈ ਨੂੰ ਲੈ ਕੇ ਵਿਰੋਧ ਕਰਨ ਲਈ ਜਦੋਂ ਇਲਾਕਾ ਕੌਂਸਲਰ ਅਰੁਣਾ ਅਰੋੜਾ ਸਵੇਰੇ 7 ਵਜੇ ਘਰੋਂ ਨਿਕਲੇ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਪਹਿਲਾਂ ਤੋਂ ਤਾਇਨਾਤ ਪੁਲਸ ਅਧਿਕਾਰੀਆਂ ਅਤੇ ਮਹਿਲਾ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਾਹਰ ਨਿਕਲਣ ਤੋਂ ਰੋਕ ਦਿੱਤਾ। ਪੁਲਸ ਨੇ ਕੌਂਸਲਰ ਅਰੁਣਾ ਨੂੰ ‘ਹਾਊਸ ਅਰੈਸਟ’ ਕਰਦਿਆਂ ਉਨ੍ਹਾਂ ਦੇ ਬਾਹਰ ਨਿਕਲਣ ’ਤੇ ਰੋਕ ਲਾ ਦਿੱਤੀ। ਇਸ ਦੌਰਾਨ ਕੌਂਸਲਰ ਅਰੁਣਾ ਨੇ ਲਤੀਫਪੁਰਾ ਦੇ ਲੋਕਾਂ ਦੀ ਮਦਦ ਲਈ ਬਾਹਰ ਜਾਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਪੁਲਸ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਅਸਫ਼ਲ ਬਣਾ ਦਿੱਤਾ। ਜਿਉਂ ਹੀ ਲਤੀਫਪੁਰਾ ਵਿਚ ਲੋਕਾਂ ਦੇ ਘਰਾਂ ’ਤੇ ਡਿੱਚ ਮਸ਼ੀਨ ਚੱਲਣ ਦੀ ਸੂਚਨਾ ਮਿਲੀ ਤਾਂ ਕੌਂਸਲਰ ਅਰੁਣਾ ਅਰੋੜਾ ਖੂਬ ਰੋਈ। ਉਨ੍ਹਾਂ ਦਾ ਕਹਿਣਾ ਸੀ ਕਿ ਸਰਦੀਆਂ ਦੇ ਮੌਸਮ ਵਿਚ ਔਰਤਾਂ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਕਿੱਥੇ ਜਾਣਗੀਆਂ? ਲੋਕਾਂ ਦੇ ਸਿਰ ’ਤੇ ਕੋਈ ਛੱਤ ਨਹੀਂ ਹੈ। ਟਰੱਸਟ ਨੂੰ ਚਾਹੀਦਾ ਸੀ ਕਿ ਉਹ ਲੋਕਾਂ ਦੇ ਘਰ ਖਾਲੀ ਕਰਵਾਉਣ ਤੋਂ ਪਹਿਲਾਂ ਉਨ੍ਹਾਂ ਦੇ ਕਿਤੇ ਰਹਿਣ ਦਾ ਪ੍ਰਬੰਧ ਕਰਦਾ। ਕੌਂਸਲਰ ਅਰੁਣਾ ਨੇ ਮੰਗ ਕੀਤੀ ਕਿ ਜਿਹੜੇ ਲੋਕਾਂ ਨੂੰ ਟਰੱਸਟ ਨੇ ਬੇਘਰ ਕੀਤਾ ਹੈ, ਉਨ੍ਹਾਂ ਨੂੰ ਬਦਲੇ ਵਿਚ ਟਰੱਸਟ ਬੀਬੀ ਭਾਨੀ ਕੰਪਲੈਕਸ ਵਰਗੀਆਂ ਸਕੀਮਾਂ ਵਿਚ ਖਾਲੀ ਪਏ ਪਲਾਟ ਦੇਵੇ ਤਾਂ ਕਿ ਉਨ੍ਹਾਂ ਲੋਕਾਂ ਨੂੰ ਸਿਰ ਲੁਕਾਉਣ ਲਈ ਛੱਤ ਮਿਲ ਸਕੇ।

ਇਹ ਵੀ ਪੜ੍ਹੋ : ਅਕਾਲੀ ਦਲ 'ਚੋਂ ਫਾਰਗ ਕੀਤੇ ਗਏ ਬੀਬੀ ਜਗੀਰ ਕੌਰ ਨਾਲ ਖ਼ਾਸ ਗੱਲਬਾਤ, ਕਰ ਸਕਦੇ ਨੇ ਵੱਡਾ ਸਿਆਸੀ ਧਮਾਕਾ

PunjabKesari

ਮੀਡੀਆ ਦੇ ਸਵਾਲਾਂ ’ਚ ਘਿਰੇ ਸੁਰਿੰਦਰ ਸੋਢੀ
ਕੈਂਟ ਵਿਧਾਨ ਸਭਾ ਹਲਕੇ ਦੇ ਇੰਚਾਰਜ ਸੁਰਿੰਦਰ ਸਿੰਘ ਸੋਢੀ ਪਿਛਲੇ 3-4 ਦਿਨਾਂ ਤੋਂ ਕਾਫੀ ਜੱਦੋ-ਜਹਿਦ ਕਰ ਰਹੇ ਸਨ ਕਿ ਕਿਸੇ ਤਰ੍ਹਾਂ ਨਾਲ ਲਤੀਫਪੁਰਾ ’ਤੇ ਹੋਣ ਵਾਲੀ ਕਾਰਵਾਈ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਉਨ੍ਹਾਂ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨਾਲ ਵੀ ਮੁਲਾਕਾਤ ਕੀਤੀ ਪਰ ਉਨ੍ਹਾਂ ਦੀ ਇਕ ਨਾ ਚੱਲੀ ਅਤੇ ਆਖਿਰਕਾਰ ਟਰੱਸਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਨੂੰ ਅੰਜਾਮ ਦੇ ਦਿੱਤਾ। ਸ਼ੁੱਕਰਵਾਰ ਸਵੇਰੇ ਜਦੋਂ ਸੁਰਿੰਦਰ ਸੋਢੀ ਲਤੀਫਪੁਰਾ ਦੇ ਲੋਕਾਂ ਦੇ ਸਮਰਥਨ ਵਿਚ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਨੂੰ ਉਥੇ ਮੀਡੀਆ ਨੇ ਘੇਰ ਲਿਆ। ਜਦੋਂ ਉਨ੍ਹਾਂ ਕੋਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਬੇਘਰ ਕਰਨ ਦੀ ਕਾਰਵਾਈ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਾਣਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਹੁਕਮਾਂ ’ਤੇ ਸਮੁੱਚੀ ਕਾਰਵਾਈ ਹੋ ਰਹੀ ਹੈ, ਇਸ ਵਿਚ ਪੰਜਾਬ ਸਰਕਾਰ ਦਾ ਕੋਈ ਹੱਥ ਨਹੀਂ ਹੈ ਅਤੇ ਨਾ ਹੀ ਉਹ ਆਮ ਆਦਮੀ ਪਾਰਟੀ ਵੱਲੋਂ ਮੌਕੇ ’ਤੇ ਆਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਟਰੱਸਟ ਲਤੀਫਪੁਰਾ ਵਿਚ ਲੋਕਾਂ ਦੇ ਜਿਹੜੇ ਘਰ ਡੇਗਣ ਜਾ ਰਿਹਾ ਹੈ, ਉਹ ਸਿਰਫ਼ ਪਿਛਲੀਆਂ ਸਰਕਾਰਾਂ ਵਿਚ ਟਰੱਸਟ ਦੇ ਰਹੇ ਚੇਅਰਮੈਨਾਂ ਦੀਆਂ ਨਾਲਾਇਕੀਆਂ ਕਾਰਨ ਹੋ ਰਿਹਾ ਹੈ। ਉਹ ਕੋਸ਼ਿਸ਼ ਕਰਨਗੇ ਕਿ ਸਰਕਾਰ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਕੋਈ ਪਲਾਟ ਜਾਂ ਆਰਥਿਕ ਸਹਾਇਤਾ ਮਿਲੇ।

PunjabKesari

ਪਾਣੀ ਦੀਆਂ ਬੌਛਾਰਾਂ ਵਾਲੀਆਂ ਗੱਡੀਆਂ, ਐਂਬੂਲੈਂਸ ਤੇ ਫਾਇਰ ਬ੍ਰਿਗੇਡ ਦੇ ਸਨ ਪ੍ਰਬੰਧ
ਕਮਿਸ਼ਨਰੇਟ ਪੁਲਸ ਨੇ ਅੱਜ ਕਾਰਵਾਈ ਨੂੰ ਲੈ ਕੇ ਭਾਰੀ ਗਿਣਤੀ ਵਿਚ ਦਲ-ਬਲ ਤੋਂ ਇਲਾਵਾ ਉਥੇ ਕਿਸੇ ਵੀ ਵਿਰੋਧ ਨੂੰ ਲੈ ਕੇ ਪੈਦਾ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਲੋਕਾਂ ਨੂੰ ਖਦੇੜਨ ਵਾਸਤੇ ਪਾਣੀ ਦੀਆਂ ਬੌਛਾਰਾਂ ਛੱਡਣ ਵਾਲੀਆਂ ਗੱਡੀਆਂ ਅਤੇ ਹੰਝੂ ਗੈਸ ਦਾ ਪ੍ਰਬੰਧ ਕਰਨ ਤੋਂ ਇਲਾਵਾ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਵੀ ਤਾਇਨਾਤ ਕੀਤੀ ਹੋਈ ਸੀ। ਅਜਿਹੇ ਕਈ ਵਾਹਨ ਲਤੀਫਪੁਰਾ ਇਲਾਕੇ ਦੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਵੀ ਸਾਰਾ ਦਿਨ ਤਾਇਨਾਤ ਰਹੇ।

ਇਹ ਵੀ ਪੜ੍ਹੋ :  ਪੰਜਾਬ 'ਚ ਵਿਗੜੀ ਕਾਨੂੰਨ ਵਿਵਸਥਾ 'ਤੇ DGP ਗੌਰਵ ਯਾਦਵ ਦਾ ਵੱਡਾ ਬਿਆਨ, ਨਸ਼ਾ ਸਮੱਗਲਰਾਂ ਸਬੰਧੀ ਆਖੀ ਇਹ ਗੱਲ

PunjabKesari

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News